ਸਵਾਲਾਂ ਦੀ ਦਹਿਲੀਜ਼.......... ਗੱਲਬਾਤ / ਕੇਹਰ ਸ਼ਰੀਫ਼



ਮੁਨਸ਼ੀ ਪ੍ਰੇਮ ਚੰਦ ਦੇ ਜਨਮ ਮਹੀਨੇ 'ਤੇ ਵਿਸ਼ੇਸ਼ । ਮੁਨਸ਼ੀ ਜੀ ਦਾ ਜਨਮ ਦਿਨ 31 ਜੁਲਾਈ ਹੈ । ਮੁਨਸ਼ੀ ਪ੍ਰੇਮ ਚੰਦ ਦੀ ਸ਼ਖਸੀਅਤ ਅਤੇ ਲਿਖਤਾਂ 'ਤੇ ਅਮ੍ਰਿਤ ਰਾਏ ਅਤੇ ਕਮਲ ਗੁਪਤ ਵਿਚਕਾਰ ਹੋਈ ਬਹੁਪੱਖੀ ਗੱਲਬਾਤ ਦਾ ਅਨੁਵਾਦ ਜਰਮਨੀ ਦੇ ਉੱਘੇ ਲੇਖਕ ਕੇਹਰ ਸ਼ਰੀਫ਼ ਜੀ ਵੱਲੋਂ ਕੀਤਾ ਗਿਆ ਹੈ । ਅਸੀਂ ਉਨ੍ਹਾਂ ਦੇ ਇਸ ਉੱਦਮ ਲਈ ਧੰਨਵਾਦ ਕਰਦੇ ਹਾਂ ।

- ਸੰਪਾਦਕ

ਪ੍ਰੇਮ ਚੰਦ ਦੇ ਵੱਖੋ-ਵੱਖਰੇ ਪੱਖਾਂ ਨਾਲ ਜੁੜੀਆਂ ਗੱਲਾਂ ਦਾ ਮਹੱਤਵ ਉਭਰਦਾ ਜਾ ਰਿਹਾ ਸੀ। ਮੈਂ ਅਮ੍ਰਿਤ ਰਾਏ ਦੀ ਨਜ਼ਰ ’ਚ ਮੁਨਸ਼ੀ ਪ੍ਰੇਮ ਚੰਦ ਦੀ ਸ਼ਖਸੀਅਤ ਤੇ ਲਿਖਤਾਂ ਅਤੇ ਉਨ੍ਹਾਂ ਦੀਆਂ ਪ੍ਰੇਰਨਾਵਾਂ ਬਾਰੇ ਜਾਨਣ ਦੀ ਖਾਹਿਸ਼ ਨਾਲ ਪੁੱਛਿਆ :-

? ਅੱਛਾ ਇਹ ਦੱਸੋ ਕਿ ਪ੍ਰੇਮ ਚੰਦ ਦੀ ਸ਼ਖਸੀਅਤ ਅਤੇ ਲਿਖਤਾਂ ਵਿਚੋਂ ਤੁਸੀਂ ਕਿਸ ਤੋਂ ਵੱਧ ਪ੍ਰਭਾਵਿਤ ਹੋ? ਕਿਸਦਾ ਪ੍ਰਭਾਵ ਤੁਹਾਡੇ ਮਨ ’ਤੇ ਗਹਿਰਾ ਹੈ? ਖੁਸ਼ਕਿਸਮਤੀ ਨਾਲ ਤੁਸੀਂ ਇਕ ਦੂਜੇ ਦੇ ਬਹੁਤ ਹੀ ਨੇੜੇ ਰਹੇ ਹੋ?


- ਮੈਂ ਦੋਹਾਂ ਨੂੰ ਵੱਖਰਾ ਕਰਕੇ ਦੇਖ ਹੀ ਨਹੀਂ ਸਕਦਾ। ਇਸ ਕਰਕੇ ਇਸ ਤਰ੍ਹਾਂ ਆਖ ਸਕਣਾ ਮੇਰੇ ਲਈ ਬਹੁਤ ਮੁਸ਼ਕਲ ਹੈ। ਬਹੁਤ ਲੋਕਾਂ ’ਚ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਦੀ ਸ਼ਖਸੀਅਤ ਅਤੇ ਲਿਖਤਾਂ ਵਿਚ ਫਰਕ ਹੁੰਦਾ ਹੈ ਪਰ ਇੱਥੇ ਅਜਿਹਾ ਨਹੀਂ ਹੈ। ਇੱਥੇ ਤਾਂ ਦੋਵੇਂ ਮਿਲ ਕੇ ਇਕ ਇਕਾਈ ਬਣਦੇ ਹਨ। ਇਸ ਕਰਕੇ ਮੈਂ ਇੱਥੇ ਇਹ ਨਹੀਂ ਕਹਿ ਸਕਦਾ ਕਿਹੜਾ ਮੇਰੇ ਬਹੁਤ ਨੇੜੇ ਰਿਹਾ ਹੈ।


? ਤੁਸੀਂ ਠੀਕ ਕਹਿੰਦੇ ਹੋ ਉਸ ਆਦਮੀ ਦੀ ਸ਼ਖਸੀਅਤ ਵੀ ਰਚਨਾਵਾਂ ਵਾਂਗ ਹੀ ਪਾਰਦਰਸ਼ੀ ਹੈ। ਅੰਦਰੋਂ ਬਾਹਰੋਂ ਇੱਕੋ ਜਿਹਾ। ਜੇ ਲਿਖਤਾਂ ਵਿਚ ਆਦਰਸ਼ਵਾਦੀ ਹੈ ਤਾਂ ਜੀਵਨ ਵਿਚ ਵੀ ਅਜਿਹਾ ਹੀ ਹੈ। ਰਚਨਾਵਾਂ ’ਚ ਜੇ ਗਾਂਧੀਵਾਦ ਦਾ ਪ੍ਰਭਾਵ ਹੈ ਤਾਂ ਜੀਵਨ ਵੀ ਉਸ ਤੋਂ ਵੱਖਰਾ ਨਹੀਂ ਰਿਹਾ।

- ਬਿਲਕੁੱਲ ਅਜਿਹਾ ਹੀ। ਜਦੋਂ ਸਮਾਜਵਾਦੀ ਵਿਚਾਰਧਾਰਾ ਵੱਲ ਤਬਦੀਲੀ ਹੋਈ ਤਾਂ ਜੀਵਨ ਵਿਚ ਵੀ ਅਜਿਹਾ ਹੀ ਹੋਇਆ। ਉਸ ਆਦਮੀ ਕੋਲ ਕੋਈ ਬਨਾਵਟ ਨਹੀਂ। ਉਹ ਹੀ ਸਾਦਗੀ, ਨਿਸਚਿੰਤਤਾ। ਇਸ ਕਰਕੇ ਹੀ ਇਹ ਕਹਿਣਾ ਮੁਸ਼ਕਲ ਹੈ ਕਿ ਦੋਹਾਂ ਵਿਚੋਂ ਕਿਹੜਾ ਪੱਖ ਬਹੁਤਾ ਮਹੱਤਵਪੂਰਨ ਹੈ।

? ਹੁਣ ਇਕ ਹੋਰ ਗੱਲ ਜੋ ਪ੍ਰੇਮ ਚੰਦ ਦੇ ਪੂਰੇ ਸਾਹਿਤ ਤੇ ਜੀਵਨ ਯਾਤਰਾ ਨੂੰ ਦੇਖਦੇ ਹੋਏ ਸਵਾਲ ਵਜੋਂ ਉੱਭਰਦੀ ਹੈ ਕਿ ਉਹ ਕਿਹੜੇ ਹਾਲਾਤ ਹਾਂ ਪ੍ਰੇਰਕ ਸ਼ਕਤੀਆਂ ਸਨ ਜਿਨ੍ਹਾਂ ਨੇ ਪ੍ਰੇਮ ਚੰਦ ਨੂੰ ਇਹ ਰਸਤਾ ਅਪਨਾਉਣ ਲਈ ਮਜ਼ਬੂਰ ਕਰ ਦਿੱਤਾ।

- ਕਿਹੜਾ ਰਸਤਾ?

? ਲਿਖਣ ਦਾ ਰਸਤਾ। ਦੇਸ਼ ਦੀ ਅਜਾਦੀ ਦੀ ਲੜਾਈ ਨੂੰ ਇਕ ਵਿਚਾਰਧਾਰਕ ਸ਼ਕਲ-ਸੂਰਤ ਦੇਣ ਲਈ ਉਨ੍ਹਾਂ ਨੇ ਕਲਮ ਹੀ ਫੜ ਲਈ। ਆਖਰ ਇਸ ਦੇ ਪਿੱਛੇ ਕਿਹੜੀ ਪ੍ਰੇਰਨਾ ਸੀ।

- ਮੈਂ ਨਹੀਂ ਸਮਝਦਾ ਕਿ ਇਸਦੇ ਪਿੱਛੇ ਕੋਈ ਬਾਹਰਲੀ ਪ੍ਰੇਰਨਾ ਸੀ। ਹਰ ਆਦਮੀ ਦਾ ਵਿਕਾਸ ਆਪਣੇ ਢੰਗ ਨਾਲ ਹੁੰਦਾ ਹੈ, ਉਨ੍ਹਾਂ ਦਾ ਵਿਕਾਸ ਇਸ ਢੰਗ ਦਾ ਸੀ ਜਿਸ ਕਰਕੇ ਇਸ ਪਾਸੇ ਵਲ ਉਨ੍ਹਾਂ ਦੇ ਲਿਖਣ ਦੀ ਅੰਦਰਲੀ ਪ੍ਰੇਰਨਾ ਜਾਗੀ ਹੋਵੇਗੀ। 

? ਜਾਂ ਫੇਰ ਇਹ ਗੱਲ ਹੋਈ ਕਿ ਆਲੇ-ਦੁਆਲੇ ਦੇ ਕਿਸਾਨਾਂ ਦੀ ਦੁੱਖਾਂ ਭਰਪੂਰ ਜਿ਼ੰਦਗੀ, ਉਨ੍ਹਾਂ ’ਤੇ ਹੋ ਰਹੇ ਜੁ਼ਲਮ ਅਤੇ ਸੋਸ਼ਣ ਨੂੰ ਉਨ੍ਹਾਂ ਨੇ ਦੇਖਿਆ। ਧਾਰਮਕ ਅੰਧ-ਵਿਸ਼ਵਾਸ ਤੇ ਸਮਾਜਿਕ ਕੁਰੀਤੀਆਂ ਨੇ ਉਨ੍ਹਾਂ ਨੂੰ ਦੁਖੀ ਕੀਤਾ ਤੇ ਝੰਜੋੜਿਆ ਅਤੇ ਉਨ੍ਹਾਂ ਨੇ ਇਸ ਸਭ ਕਾਸੇ ਦੇ ਖਿਲਾਫ ਕਲਮ ਚੁੱਕ ਲਈ।

- ਨਹੀਂ, ਅਜਿਹੀ ਗੱਲ ਨਹੀਂ। ਇਹ ਸਭ ਕੁੱਝ ਤਾਂ ਦੁਨੀਆਂ ਵਿਚ ਕਰੋੜਾਂ ਲੋਕ ਦੇਖਦੇ ਹਨ ਪਰ ਫੇਰ ਵੀ ਨਹੀਂ ਲਿਖਦੇ। ਇਸਦਾ ਭਾਵ ਇਹ ਕਿ ਲਿਖਣ ਸ਼ਕਤੀ ਜਾਂ ਲਿਖਣ ਚੇਤਨਾ ਉਸਦੇ ਅੰਦਰ ਜਦੋਂ ਤੱਕ ਨਾ ਹੋਵੇ ਉਦੋਂ ਤੱਕ ਉਸਦੀ ਪ੍ਰਤੀਕਿਰਿਆ ਦਾ ਇਹ ਰੂਪ ਨਹੀਂ ਹੋ ਸਕਦਾ। ਇਹ ਰੂਪ ਤਾਂ ਇਸ ਕਰਕੇ ਬਣਿਆਂ ਕਿ ਉਸ ਆਦਮੀ ਦੇ ਅੰਦਰ ਇਕ ਤੜਪ ਸੀ, ਜਿਸ ਸਮਾਜ ਵਿਚ ਉਹ ਜੀਵਿਆ, ਜਿਸਨੂੰ ਉਹਨੇ ਦੇਖਿਆ, ਸਮਝਿਆ ਅਤੇ ਆਪਣੇ ਢੰਗ ਨਾਲ ਪਰਖਿਆ ਫੇਰ ਆਪਣੀ ਲਿਖਤ ਵਿਚ ਉਸਨੂੰ ਉਤਾਰ ਦਿੱਤਾ। ਇਹ ਹੀ ਗੱਲ ਹੈ। ਰਹੀ ਕਿਸੇ ਹੋਰ ਦੀ ਗੱਲ, ਤੁਸੀਂ ਕਿਸੇ ਨੂੰ ਲੱਖ ਪ੍ਰੇਰਨਾਵਾਂ ਦਿੰਦੇ ਰਹੋ ਉਹ ਹੰਝੂ ਬਹਾ ਛੱਡੇਗਾ ਲਿਖ ਥੋੜੇ ਸਕਦੈ।

? ਮੁਨਸ਼ੀ ਜੀ ਨੇ ਹੰਝੂ ਤਾਂ ਨਹੀਂ ਬਹਾਏ ਨਹੀ ਤਾਂ ਉਹ ਵੀ ‘ਵਿਯੋਗੀ ਹੋਗਾ ਪਹਿਲਾ ਕਵੀ’ ਦੀ ਤਰਜ਼ ਵਾਲੇ ਕਵੀ ਹੀ ਬਣੇ ਰਹਿੰਦੇ।

- ਇਹ ਤਾਂ ਉਨ੍ਹਾਂ ਪਹਿਲਾਂ ਹੀ ਮਨ੍ਹਾਂ ਕਰ ਦਿੱਤਾ ਸੀ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਬੰਗਾਲੀ ਸਾਹਿਤ ਦੇ ਸੰਦਰਭ ’ਚ ਸ਼ਰਤ ਚੰਦਰ ਬਾਰੇ ਤੁਸੀਂ ਕੀ ਸੋਚਦੇ ਹੋ, ਉਦੋਂ ਉਨ੍ਹਾਂ ਨੇ ਸਾਫ ਆਖ ਦਿੱਤਾ ਸੀ ਕਿ ਉਹ ਰਸਤਾ ਤਾਂ ਮੇਰੇ ਲਈ ਨਹੀਂ ਹੈ ਉਹ ਤਾਂ ਬਹੁਤ ਹੀ ਸਮ੍ਰਿਤੀਜੀਵੀ ਅਤੇ ਨੈਸਟੈਲਜਿਕ ਕਿਸਮ ਦੀ ਲਿਖਤ ਹੈ। ਇਸ ਕਰਕੇ ਉਸ ਵਿਚ ਤਰਲਤਾ ਆ ਜਾਂਦੀ ਹੈ। ਪਰ ਉਹ ਰਸਤਾ ਮੇਰਾ ਰਸਤਾ ਨਹੀਂ। ਮੇਰੀ ਲਿਖਤ ਤਾਂ ਹਾਰਡ ਕਿਸਮ ਦੀ ਲਿਖਤ ਹੈ।

? ਪਰ ਇਹ ਗੱਲ ਤਾਂ ਨਹੀਂ। ਪ੍ਰੇਮ ਚੰਦ ਦੀ ਲਿਖਤ ਤਾਂ ਸਾਫਟ ਕਿਸਮ ਦੀ ਲਿਖਤ ਹੈ। ਇੱਥੋਂ ਤੱਕ ਕਿ ਜਦੋਂ ਗਾਂਧੀਵਾਦ ਵਲੋਂ ਉਨ੍ਹਾਂ ਦਾ ਮੋਹ ਟੁੱਟਦਾ ਹੈ ਅਤੇ ਉਹ ਸਮਾਜਵਾਦੀ ਵਿਚਾਰਧਾਰਾ ਦੀ ਪ੍ਰਤੀਕ੍ਰਿਆ ਤੋਂ ਪ੍ਰਭਾਵਿਤ ਹੁੰਦੇ ਹਨ ਤਾਂ ਉਦੋਂ ਵੀ ਉਨ੍ਹਾਂ ਦੀ ਲਿਖਤ ਬਾਰੂਦੀ ਕਿਸਮ ਦੀ ਹਾਰਡਨੈੱਸ ਤੋਂ ਪਰ੍ਹਾਂ ਰਹਿੰਦੀ ਹੈ

- ਹਾਰਡ ਉਸ ਭਾਵ ’ਚ ਨਹੀਂ, ਹਾਰਡ ਤੋਂ ਭਾਵ ਕਿ ਸਚਾਈ ਤੇ ਉਸ ਨਾਲ ਇਕ ਸੁਚੇਤ ਆਦਮੀ ਦਾ ਟਕਰਾਉ। ਇਹ ਹੈ ਉਨ੍ਹਾਂ ਦੀ ਕਹਾਣੀ ਦੀ ਜਿੰਦ-ਜਾਨ, ਪ੍ਰੇਮ ਚੰਦ ਦੀਆਂ ਕਹਾਣੀਆਂ ’ਤੇ ਉਨ੍ਹਾਂ ਦੀ ਤੋਰ ਅਤੇ ਹੋਰ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਤੋਂ ਉਹ ਪਰ੍ਹੇ ਹੀ ਰਹੇ।

? ਇਹ ਤਾਂ ਸਾਫ ਹੀ ਹੈ ਕਿ ਉਨ੍ਹਾਂ ਨੂੰ ਨਾ ਇਸ ਗੱਲ ਦੀ ਲਾਲਸਾ ਸੀ ਨਾ ਹੀ ਤਮੰਨਾ।

- ਉਹ ਚਾਹੁੰਦੇ ਵੀ ਤਾਂ ਵੀ ਨਹੀਂ ਲਿਖ ਸਕਦੇ ਸਨ।

? ਬਿਲਕੁੱਲ! ਕਿਉਂਕਿ ਉਹ ਇਸ਼ਕ ਦੇ ਦਰਦ ਨਾਲ ਨਹੀਂ ਸਗੋਂ ਇਨਸਾਨ ਦੇ ਦੁੱਖੜਿਆਂ ਤੋਂ ਪੀੜਤ ਸਨ। ਉਹ ਦਿਲ ’ਤੇ ਸੱਟ ਖਾਣ ਵਾਲਿਆਂ ਵਿਚੋਂ ਨਹੀਂ ਸਗੋਂ ਸੋਸ਼ਣ-ਤੰਤਰ ਦੇ ਸਤਾਏ ਹੋਏ ਸਨ। ਇਸ ਕਰਕੇ ਉਨ੍ਹਾ ਦੀ ਸਾਰੀ ਲਿਖਤ ਇਕ ਖਾਸ ਦ੍ਰਿਸ਼ਟੀ ਦਾ ਸਬੂਤ ਹੈ।

- ਤਾਂ ਹੀ ਤਾਂ ਉਨ੍ਹਾਂ ਦੀ ਲਿਖਤ ਵੀ ਦੂਸਰੇ ਢੰਗ ਦੀ ਹੈ।

ਗੱਲਾਂ ਦੇ ਨਾਲ ਨਾਲ ਚਾਹ ਦੀਆਂ ਘੁੱਟਾਂ ਵੀ ਭਰੀਆਂ ਜਾ ਰਹੀਆਂ ਸਨ। ਭਾਵਕ ਜਹੀਆਂ ਗੱਲਾਂ ਦੇ ਦੌਰ ਵਿਚ ਕਦੇ ਚਾਹ ਠੰਢੀ ਹੋ ਜਾਂਦੀ ਫੇਰ ਗਰਮ ਚਾਹ ਆਉਂਦੀ ਅਤੇ ਗੱਲਾਂ ਫੇਰ ਨਵੇਂ ਸੰਦਰਭ ਵਿਚ ਜੁੜਨ ਲਗਦੀਆਂ। ਗੱਲ-ਬਾਤ ਨੂੰ ਅੱਗੇ ਤੋਰਦਿਆਂ ਮੈ ਪੁੱਛਿਆ-

? ਅਜਾਦੀ ਦੀ ਲੜਾਈ ਦੇ ਨਾਲ ਨਾਲ ਪ੍ਰੇਮ ਚੰਦ ਪੇਂਡੂ ਸੋਸ਼ਣ ਦੇ ਖਿਲਾਫ ਵੀ ਸੰਘਰਸ਼ ਕਰਦੇ ਰਹੇ। ਉਹ ਸੰਘਰਸ਼ ਅੱਜ ਵੀ ਜਾਰੀ ਰੱਖਣ ਦੀ ਲੋੜ ਹੈ ਕਿਉਂਕਿ ਇਹ ਤਾਂ ਗੱਲ ਨਹੀਂ ਕਿ ਪਰੇਮ ਚੰਦ ਨੇ ਇਹ ਲੜਾਈ ਪੂਰੀ ਤਰ੍ਹਾਂ ਲੜ ਲਈ ਹੈ। ਪਰ ਅਫਸੋਸ ਇਸ ਗੱਲ ਦਾ ਕਿ ਉਹ ਲੜਾਈ ਅੱਜ ਪੂਰੀ ਤਰ੍ਹਾਂ ਛੱਡ ਦਿੱਤੀ ਗਈ ਹੈ। ਤੁਸੀਂ ਇਸ ਦੇ ਪਿੱਛੇ ਕੀ ਕਾਰਨ ਸਮਝਦੇ ਹੋ, ਕਿਉਂਕਿ ਸਮੱਸਿਆਵਾਂ ਤਾਂ ਖਤਮ ਹੋਈਆਂ ਨਹੀਂ ਫੇਰ ਛੱਡ ਕਿਉਂ ਦਿੱਤੀ ਗਈ ਇਹ ਲੜਾਈ?

- ਕਿਸਨੇ ਛੱਡ ਦਿੱਤੀ?

? ਅੱਜ ਦੇ ਲੇਖਕਾਂ ਨੇ।

- ਉਹ ਜੋ ਲੇਖਕਾਂ ਤੋਂ ਨਿੱਖੜਿਆ ਹੋਇਆ ਹੈ ਉਹਨੂੰ ਤੁਸੀਂ ਵੱਖਰਾ ਕਿਉਂ ਦੇਖਦੇ ਹੋ। ਉਂਜ ਵੱਖਰਿਆ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਪਰ ਇਹਦੇ ਲਈ ਜ਼ਰੂਰੀ ਹੈ ਕਿ ਪੂਰਾ ਪਿਛੋਕੜ ਪਰਖਿਆ ਜਾਵੇ ਤਾਂ ਤੁਸੀਂ ਦੇਖੋਗੇ ਕਿ ਚਾਰੇ ਪਾਸੇ.......

? ਪਹਿਲਾਂ ਤੋਂ ਵੀ ਭਿਆਨਕ ਸਥਿਤੀਆਂ ਹਨ।

- ਭਿਆਨਕ ਸਥਿਤੀਆਂ ਤਾਂ ਆਪਣੇ ਥਾਵੇਂ ਇਸ ਤੋਂ ਵੀ ਅੱਗੇ ਜੋ ਮੈਂ ਦੇਖ ਰਿਹਾਂ ਕਿ ਕਿਸੇ ਪਾਸੇ ਕੋਈ ਸੰਗਠਿਤ, ਸੁਚੇਤ ਤੇ ਜੁਝਾਰੂ ਅੰਦੋਲਨ ਇਨ੍ਹਾਂ ਸਭ ਸਥਿਤੀਆਂ ਦੇ ਖਿਲਾਫ ਹੁੰਦਾ ਤੁਸੀਂ ਨਹੀਂ ਦੇਖ ਰਹੇ। ਅਜਿਹੇ ਸਮੇਂ ਨਿਘਾਰ ਦੀਆਂ ਹਾਲਤਾਂ ਹੋ ਵੀ ਤੇਜ਼ ਹੋ ਗਈਆਂ ਹਨ।

? ਹਾਂ, ਸਮੱਸਿਆਵਾਂ ਜਿ਼ਆਦਾ ’ਤੇ ਹੱਲ ਲਟਕਿਆ ਹੋਇਆ।

- ਬਿਲਕੁੱਲ ਠੀਕ, ਇਸ ਕਰਕੇ ਲੇਖਕ ਵੀ ਉਨ੍ਹਾਂ ਹਾਲਤਾਂ ਦਾ ਹਿੱਸਾ ਬਣ ਗਿਆ ਹੈ ਤੇ ਉਸ ਦਾ ਸਿ਼ਕਾਰ ਹੋ ਗਿਆ। ਇਹ ਹੀ ਤਾਂ ਇਖ਼ਲਾਕੀ ਨਿਘਾਰ ਹੈ, ਗਿਰਾਵਟ ਹੈ। ਇਸ ਦਾ ਸਿ਼ਕਾਰ ਉਹ ਵੀ ਹੈ। ਉਸ ਨੂੰ ਇਸ ਤਰ੍ਹਾਂ ਸਿ਼ਕਾਰ ਬਨਾਉਣ ਵਿਚ ਉਸਦੀ ਇਸ ਮਨੋਭਾਵਨਾ ਨੇ ਮੱਦਦ ਕੀਤੀ ਕਿ ਸਾਹਿਤ ਨੇ ਅਸਲ ’ਚ ਸਮਾਜ ਤੋਂ ਕੁੱਝ ਨਹੀਂ ਲੈਣਾ-ਦੇਣਾ। ਸਿਰਫ ਇਹ ਹੀ ਨਹੀਂ ਸਗੋਂ ਇਹ ਵੀ ਮੰਨਿਆ ਜਾਣ ਲੱਗਾ ਕਿ ਜਿਹੜੀ ਤਰਕ ਪੂਰਨ ਰਚਨਾ ਹੁੰਦੀ ਹੈ, ਉਦੇਸ਼ ਨਾਲ ਬੱਝੀ ਰਚਨਾ ਹੁੰਦੀ ਹੈ ਉਹ ਘਟੀਆਂ ਲਿਖਤ ਹੁੰਦੀ ਹੈ। ਉਹ ਸਾਹਿਤ ਸੁਧਾਰਵਾਦੀ ਹੋ ਜਾਂਦਾ ਹੈ- ਵਿਚਾਰ ਪੰਥੀ ਹੋ ਜਾਂਦਾ ਹੈ।

? ਇਹ ਤਾਂ ਪ੍ਰੇਮ ਚੰਦ ਦੇ ਰਸਤੇ ਤੋਂ ਬਿਲਕੁੱਲ ਦੂਰ ਹੋ ਜਾਣ ਵਾਲੀ ਗੱਲ ਹੋ ਗਈ। ਪ੍ਰੇਮ ਚੰਦ ਦਾ ਰਸਤਾ ਤਾਂ ਸਿੱਧਾ ਸਪਸ਼ਟ ਸੀ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੀ ਨਹੀਂ, ਸੇਧ ਵੀ ਹੈ। ਇਸ ਦਾ ਭਾਵ ਤਾਂ ਇਹ ਹੈ ਕਿ ਪ੍ਰਤੀਬੱਧਤਾ ਵਾਲਾ ਸਾਹਿਤ ਹੀ ਸਾਹਿਤ ਹੈ ਅਤੇ ਦੱਕਿਆਨੂਸੀ ਸਾਹਿਤ, ਸਾਹਿਤ ਰਹਿ ਹੀ ਕਦੋਂ ਜਾਂਦਾ ਹੈ? ਇਸ ਸੰਦਰਭ ’ਚ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਅੱਜ ਦਾ ਸਾਹਿਤ, ਸਾਹਿਤ ਹੈ ਹੀ ਨਹੀਂ ਕਿਉਂਕਿ ਇਹ ਸੇਧਹੀਣ ਹੈ?

- ਇਹ ਤਾਂ ਹੈ ਹੀ। ਸੇਧ-ਰਹਿਤ ਹੋਣ ਕਰਕੇ ਅੱਜ ਦਾ ਸਾਹਿਤ , ਸਾਹਿਤ ਰਹਿ ਹੀ ਕਦੋਂ ਗਿਐ। ਉਸ ਸਾਹਿਤ ਦਾ ਸਮਾਜ ਨਾਲ ਭਲਾਂ ਕੀ ਲੈਣ ਦੇਣ?

? ਅਤੇ ਅਸੀਂ ਵੀ ਕੀ ਕੱਢਣਾਂ-ਪੌਣਾਂ ਅਜਿਹੇ ਸਾਹਿਤ ’ਚੋਂ? ਪਰ ਸੋਚੋ ਤਾਂ ਸਹੀ ਕਿੰਨੀ ਦੁੱਖ ਭਰੀ ਸਥਿਤੀ ਹੈ।

- ਬਹੁਤ ਹੀ ਦੁੱਖ ਭਰੀ ਹਾਲਤ ਹੈ।


? ਦੇਖੋ, ਅਸਲ ਵਿਚ ਇਹ ਸਾਰੀਆਂ ਗੱਲਾਂ ਬੁਨਿਆਦੀ ਤੌਰ ’ਤੇ ਇਸ ਨੁਕਤੇ ਤੋਂ ਪੈਦਾ ਹੁੰਦੀਆਂ ਹਨ ਕਿ ਜਿਹੜੇ ਪ੍ਰੇਮ ਚੰਦ ਦੀ ਦਲੀਲ ਭਰਪੂਰ ਲਿਖਤ ਦੇ ਸਾਹਮਣੇ ਆਪਣੀ ਲਿਖਤ ਨੂੰ ਜਸਟੀਫਾਈ ਨਹੀਂ ਕਰ ਸਕੇ ਉਹ ਪ੍ਰੇਮ ਚੰਦ ਨੂੰ ਨਕਾਰਨ ਦੀ ਮੋਰਚਾਬੰਦੀ ਕਰਨ ਲੱਗ ਪਏ। ਇਹ ਆਪਣੀ ਕਮਜ਼ੋਰੀ ਨੂੰ ਲੁਕਾਉਣ ਦਾ ਇਕ ਢੰਗ ਵੀ ਹੋਇਆ।

- ਮੈਨੂੰ ਵੀ ਅਜਿਹਾ ਹੀ ਮਹਿਸੂਸ ਹੁੰਦਾ ਹੈ। ਹੁਣ ਜੇ ਤੁਸੀਂ ਵੀ ਇਹ ਹੀ ਗੱਲ ਕਹਿ ਰਹੇ ਹੋ ਤਾਂ ਬਹੁਤ ਚੰਗੀ ਗੱਲ ਹੈ।

? ਤੁਸੀਂ ਕੀ ਸਮਝਦੇ ਹੋ ਕਿ ਉਦੇਸ਼ ਰਹਿਤ ਲਿਖਤ ਦਾ ਦੌਰ ਖਤਮ ਹੋ ਗਿਆ ਹੈ ਜਾਂ ਫੇਰ ਅਜੇ ਚੱਲ ਰਿਹਾ ਹੈ?

- ਇਹ ਕਹਿਣਾ ਤਾਂ ਬਹੁਤ ਮੁਸ਼ਕਲ ਹੈ ਕਿ ਕੋਈ ਦੌਰ ਕਦੋਂ ਸ਼ੁਰੂ ਹੁੰਦਾ ਹੈ, ਕਦੋਂ ਤੇ ਕਿੱਥੇ ਖਤਮ ਹੁੰਦਾ ਹੈ। ਅਜਿਹੇ ਦੌਰ ਤਾਂ ਆਉਂਦੇ ਹੀ ਰਹਿੰਦੇ ਹਨ, ਨਵੀਂ ਕਹਾਣੀ ਦੇ ਸਮੇਂ ਵੀ ਆਏ ਤੇ ਉਸ ਤੋਂ ਬਾਅਦ ਵੀ।

? ਤੁਸੀਂ ਜਦੋਂ ਸੁਭਾਵਕ ਹੀ ਕਹਾਣੀ ਦੀ ਗੱਲ ਕਹੀ ਸੀ ਤਾਂ ਕੀ ਇਸ ਦੇ ਪਿੱਛੇ ਪ੍ਰਤੀਬੱਧਤਾ ਵਾਲੀ ਗੱਲ ਵੀ ਸੀ?

- ਨਹੀਂ ਉਸਦੇ ਪਿੱਛੇ ਕੋਈ ਦੂਜੀ ਗੱਲ ਸੀ ਅਤੇ ਉਹ ਸੀ.........

? ਕੀ ਅ-ਕਹਾਣੀ ਦੇ ਵਿਰੁੱਧ?

- ਹਾਂ, ਇਹ ਹੀ ਅ-ਕਹਾਣੀ ਦੇ ਖਿਲਾਫ ਉਸ ਤੋਂ ਮੇਰਾ ਭਾਵ ਇਹ ਸੀ ਕਿ ਕਹਾਣੀ ’ਚ ਕਥਾ-ਰਸ ਹੋਣਾ ਚਾਹੀਦਾ, ਕਹਾਣੀ ਭਾਵੇਂ ਨਾ ਵੀ ਹੋਵੇ। ਕਿਉਂਕਿ ਜਦੋਂ ਕਥਾ-ਰਸ ਨਹੀਂ ਹੋਵੇਗਾ ਤਾਂ ਕੋਈ ਪੜ੍ਹੇਗਾ ਹੀ ਨਹੀਂ। ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਗੀਤ ਤਾਂ ਇਕੱਲਿਆਂ ਵੀ ਗੁਣਗੁਣਾਇਆ ਜਾ ਸਕਦਾ ਹੈ ਤੇ ਅਕਸਰ ਗਾਇਆ ਜਾਂਦਾ ਹੈ ਪਰ ਕਹਾਣੀ ’ਚ ਸੁਣਨ ਤੇ ਸੁਨਾਉਣ ਵਾਲਾ ਵੀ ਹੁੰਦਾ ਹੈ। ਇਸ ਕਰਕੇ ਸੁਣਨ ਵਾਲੇ ਨੂੰ ਕੀਲਣ ਵਾਸਤੇ ਕਥਾ ਰੌਚਿਕਤਾ ਵਾਲੀ ਸ਼ਕਤੀ ਤਾਂ ਹੋਣੀ ਹੀ ਚਾਹੀਦੀ ਹੈ। ਸਹਿਜ ਕਹਾਣੀ ਤੋਂ ਮੇਰਾ ਇਸ਼ਾਰਾ ਇੱਧਰ ਹੀ ਸੀ ਅਤੇ ਉਹ ਜੋ ਦੰਗਾ-ਗ੍ਰਸਤ, ਇਕੈਹਰੀਆਂ, ਨੀਰਸ ਅਤੇ ਅਕਾਉਣ ਵਾਲੀਆਂ ਕਹਾਣੀਆਂ ਹਨ – ਉਨ੍ਹਾਂ ਦੇ ਖਿਲਾਫ ਇਹ ਗੱਲ ਸੀ।

? ਇਹ ਸਭ ਤਾਂ ਵਿਅਕਤੀਵਾਦੀ ਕਹਾਣੀਆਂ ਸਨ?

- ਹਾਂ, ਇਨ੍ਹਾਂ ਹੀ ਕਹਾਣੀਆਂ ਦੇ ਖਿਲਾਫ ਮੈਂ ਸਹਿਜ ਕਹਾਣੀ ਦੀ ਗੱਲ ਕੀਤੀ ਸੀ ਕਿਉਂਕਿ ਜਦੋਂ ਤੁਸੀਂ ਕਥਾ-ਰਸ ਵਾਲੀ ਵਾਲੀ ਕਹਾਣੀ ਨੂੰ ਲੈ ਕੇ ਚੱਲੋਗੇ ਤਾਂ ਸਮਾਨ-ਅੰਤਰ ਪੱਖ ਤੋਂ ਸਮੇਂ-ਸਥਾਨ ਨਾਲ ਤੁਸੀਂ ਜੁੜੋਗੇ ਵੀ ਉਸ ਕਹਾਣੀ ਨਾਲ ਜੋ ਕਿ ਤੁਹਾਡੇ ਆਂਢ-ਗੁਆਂਢ ਦੀ, ਘਰ-ਪਰਿਵਾਰ ਦੀ ਹੀ ਗੱਲ ਹੋਵੇ। ਉਹੋ ਜਹੇ ਪ੍ਰਸੰਗ ’ਚ ਹੀ ਸਾਰੀਆਂ ਗੱਲਾਂ ਹਨ ਇਸ ਤਰ੍ਹਾਂ ਸਮਾਜਕਤਾ ਦਾ ਕਰੀਬੀ ਬੋਧ ਕਹਾਣੀ ਨਾਲ ਜੁੜੇਗਾ।

? ਪ੍ਰੇਮ ਚੰਦ ਦੀਆਂ ਕਹਾਣੀਆਂ ਦੀ ਇਹ ਹੀ ਵਿਸ਼ੇਸ਼ਤਾ ਤਾਂ ਉਨ੍ਹਾਂ ਨੂੰ ਇੰਨਾਂ ਹਰਮਨ ਪਿਆਰਾ ਬਣਾਉਂਦੀ ਹੈ। ਕਿਉਂਕਿ ਉਨ੍ਹਾਂ ’ਚ ਕਥਾ-ਰਸ ਦੇ ਨਾਲ ਕਥਾਨਕ ਦੀ ਰੌਚਕਤਾ ਵੀ ਨਾਲ ਨਾਲ ਚੱਲਦੀ ਹੈ।

- ਬਿਨਾ ਸ਼ੱਕ ਇਹ ਹੀ ਗੱਲ ਸੀ।

? ਅੱਛਾ ਤੁਸੀਂ ਇਹ ਦੱਸੋ ਕਿ ਪ੍ਰੇਮ ਚੰਦ ਨੇ ਭਾਰਤੀ ਅਤੇ ਬਦੇਸ਼ੀ ਸਾਹਿਤ ਦਾ ਡੂੰਘਾ ਅਧਿਅਨ ਕੀਤਾ ਸੀ। ਜਿੰਨਾ ਲਿਖਿਆ ਉਸ ਤੋਂ ਬਹੁਤ ਜਿ਼ਆਦਾ ਪੜ੍ਹਿਆ ਵੀ, ਇਸ ਕਰਕੇ ਇਹ ਪੁੱਛਣਾਂ ਚਾਹਾਗਾਂ ਕਿ ਤੁਸੀ ਕਿਸ-ਕਿਸ ਲੇਖਕ ਦਾ ਉਨ੍ਹਾਂ ’ਤੇ ਪ੍ਰਭਾਵ ਸਮਝਦੇ ਹੋ?

- ਇਹ ਦੱਸਣਾ ਤਾਂ ਬਹੁਤ ਮੁਸ਼ਕਲ ਹੈ।

? ਮੇਰਾ ਮਤਲਬ ਜਿੱਥੋਂ ਉਨ੍ਹਾਂ ਨੇ ਕੁੱਝ ਸਿੱਖਿਆ ਹੋਵੇ। ਗੱਲ ਗ੍ਰਹਿਣ ਕੀਤੀ ਹੋਵੇ। ਜ਼ਮੀਨ ਆਪਣੀ ਹੀ ਰੱਖੀ ਹੋਵੇ ਸ਼ੈਲੀ ਲਈ ਹੋਵੇ ਜਾਂ ਫੇਰ ਕਹਿਣ ਢੰਗ ਹੀ ਲਿਆ ਹੋਵੇ।

- ਕਹਿਣ ਢੰਗ ਤਾਂ ਸਿੱਧਾ ਉਰਦੂ ਤੋਂ ਆਇਆ ਅਤੇ ਉਸ ਕਹਿਣ ਢੰਗ ਤੋਂ ਮੈਂ ਸਮਝਦਾ ਹਾਂ ‘ਤਿਲਸਮੇਂ ਹੋਸ਼ਰੁਬਾ’ ਦਾ ਵੀ ਆਪਣਾ ਯੋਗਦਾਨ ਹੈ। ਭਾਵੇਂ ਉਨ੍ਹਾਂ ਨੇ ਤਲਿਸਮ ਦੀ ਗਲੀ ਛੱਡ ਦਿੱਤੀ ਹੋਵੇ ਅਤੇ ਉਹਨੂੰ ਲੈ ਆਏ ਸਮਾਜਕਤਾ ਦੇ ਰਸਤੇ ਵਲ, ਪਰ ਇਹ ਤਾਂ ਬੜੀ ਚੰਗੀ ਲਿਖੀ ਤੇ ਗੁੰਦੀ ਹੋਈ ਕਹਾਣੀ ਹੈ। ਗੱਲ ’ਚੋਂ ਗੱਲ ਨਿਕਲ ਰਹੀ ਹੈ, ਘਟਨਾ ’ਚੋਂ ਘਟਨਾ ਨਿਕਲ ਰਹੀ ਹੈ ਅਤੇ ਬੇਹੱਦ ਰੌਚਕਤਾ ਨਾਲ ਕਹਾਣੀ ਅੱਗੇ ਵਧ ਰਹੀ ਹੈ। ਇਹ ਹੀ ਢੰਗ ਤਾਂ ‘ਚੰਦਰ ਕਾਂਤਾ’ ’ਚ ਸੀ ਅਤੇ ਉਨ੍ਹਾਂ ਨੇ ਉੱਥੋਂ ਇਹ ਢੰਗ ਲਿਆ, ਫੇਰ ‘ਮਿਸਟ੍ਰੀਜ਼ ਆਫ ਦੀ ਕੋਰਟ ਆਫ ਲੰਡਨ’ ਵਰਗੀਆਂ ਜਾਸੂਸੀ ਕਿਸਮ ਦੀਆਂ ਚੀਜ਼ਾਂ ਉਨ੍ਹਾਂ ਨੇ ਉਸ ਜ਼ਮਾਨੇ ’ਚ ਹੀ ਪੜ੍ਹੀਆਂ ਸਨ। ਪਰ ਇਹ ਸਾਰੇ ਤੱਥ ਉਨ੍ਹਾਂ ਨੇ ਛੱਡ ਦਿੱਤੇ ਕਿ ਉਹ ਕੀ ਪੜ੍ਹਿਆ ਕਰਦੇ ਸਨ। ਕਹਾਣੀ ਦਾ ਰੂਪਕ ਪੱਖ ਤਾਂ ਉਨ੍ਹਾਂ ਨੇ ਉੱਥੋਂ ਫੜਿਆ ਪਰ ਕਹਾਣੀ ਦੀ ਆਤਮਾ ਨੂੰ ਉਨ੍ਹਾਂ ਨੇ ਉੱਥੋਂ ਨਹੀਂ ਫੜਿਆ। ਕਹਾਣੀ ਦਾ ਢਾਂਚਾ ਤਾਂ ਉਨ੍ਹਾਂ ਨੇ ਉੱਥੋਂ ਲਿਆ ਪਰ ਗੱਲ ਆਪਣੀ ਪਾਈ। ਹੋਰ ਉਨ੍ਹਾਂ ’ਤੇ ਪ੍ਰਭਾਵ ਪਿਆ ਰਤਨ ਲਾਲ ਸਰਸ਼ਾਰ ਦਾ। ਬਦੇਸ਼ੀ ਲੇਖਕਾਂ ਵਿਚੋਂ ਦਾਸਤੋਵਸਕੀ, ਚੈਖੋਵ ਅਤੇ ਟਾਲਸਟਾਏ ਦਾ ਪ੍ਰਭਾਵ ਵੀ ਉਨ੍ਹਾਂ ’ਤੇ ਸੀ ।

? ਅੱਛਾ! ਇਹ ਉਰਦੂ ਵਿਚੋਂ ਹਿੰਦੀ ’ਚ ਆਉਣ ਦਾ ਵਿਚਾਰ ਕਿਉਂ ਤੇ ਕਿਵੇਂ ਪੈਦਾ ਹੋ ਗਿਆ? ਆਪਣੇ ਤੌਰ ਤੇ ਹੀ ਜਾਂ ਕਿਸੇ ਦੇ ਕਹਿਣ ਤੇ?

- ਪਤਾ ਨਹੀਂ ਕਿਵੇਂ ਪੈਦਾ ਹੋਇਆ। ਕੋਈ ਨਾ ਕੋਈ ਗੱਲ ਤਾਂ ਹੋਈ ਹੋਣੀ ਐਂ, ਤਦ ਉਨ੍ਹਾਂ ਨੇ ਮਹਿਸੂਸ ਕੀਤਾ ਹੋਵੇਗਾ ਕਿ ਹਿੰਦੀ ’ਚ ਜਾਣਾ ਚੰਗਾ ਰਹੇਗਾ।

? ਹਾਂ ਜੋ ਉਨ੍ਹਾਂ ਦਾ ਮਕਸਦ ਸੀ ਸਮਾਜ ਅੰਦਰ ਵਿਚਾਰਧਾਰਕ ਤਬਦੀਲੀ ਅਤੇ ਵਿਵਹਾਰਕ ਸੁਧਾਰ ਲਿਆਉਣ ਦਾ, ਦੇਸ਼ ਦੀ ਅਜਾਦੀ ਦਾ ਉਸਦੇ ਵਾਸਤੇ ਉਨ੍ਹਾਂ ਨੂੰ ਹਿੰਦੀ ਦਾ ਖੇਤਰ ਜਿ਼ਆਦਾ ਵੱਡਾ ਲੱਗਾ ਹੋਵੇਗਾ ਕਿਉਂਕਿ ਉਸਦੇ ਪਾਠਕ ਵੱਧ ਸਨ, ਇਹ ਹੀ ਸਮਝ ਕੇ ਉਹ ਹਿੰਦੀ ਵਿਚ ਆ ਗਏ ਹੋਣਗੇ। ਕਹਿੰਦੇ ਹਨ ਕਿ ਇਸ ਮਾਮਲੇ ’ਚ ਦਯਾਨਾਰਾਇਣ ਨੇ ਵੀ ਕੋਈ ਖਾਸ ਪਹਿਲ ਕੀਤੀ ਸੀ।

- ਨਹੀਂ ਅਜਿਹੀ ਕੋਈ ਗੱਲ ਨਹੀਂ ਸੀ ਮੈਂ ਤਾਂ ਸਮਝਦਾ ਸੰਭਵ ਹੈ ਕਿ ਉਹ ਵੀ ਫਿਰਾਕ ਵਾਂਗ ਉਨ੍ਹਾਂ ਲੋਕਾਂ ’ਚੋਂ ਹੋਣ ਜਿਹੜੇ ਇਹ ਕਹਿੰਦੇ ਹਨ ਕਿ ਉਨ੍ਹਾਂ (ਪ੍ਰੇਮ ਚੰਦ) ਨੇ ਜਿ਼ੰਦਗੀ ਵਿਚ ਇਕ ਹੀ ਗਲਤੀ ਕੀਤੀ ਕਿ ਉਹ ਉਰਦੂ ਤੋਂ ਹਿੰਦੀ ਵਲ ਚਲੇ ਆਏ।

? ਇਹ ਅਜੀਬ ਜਹੀ ਗੱਲ ਐ। ਲਗਦਾ ਹੈ ਉਨ੍ਹਾਂ ਦਾ ਉਰਦੂ ’ਚੋਂ ਹਿੰਦੀ ’ਚ ਆਉਣਾ ਬਹੁਤ ਸਾਰੇ ਉਰਦੂ ਵਾਲਿਆਂ ਨੂੰ ਜ਼ਖ਼ਮ ਵਾਂਗ ਦੁੱਖ ਦੇ ਰਿਹਾ ਹੈ ਤੇ ਸੈਲੇਸ਼ ਜ਼ੈਦੀ ਦਾ ਤਮਾਸ਼ਾ ਤਾਂ ਤੁਸੀਂ ਦੇਖਿਆ ਹੀ ਹੋਵੇਗਾ?

- ਹਾਂ ਦੇਖਿਆ ਸੀ ਪਰ ਹਿੰਦੀ ਵਾਲੇ ਇਹ ਵੀ ਤਾਂ ਨਹੀਂ ਕਰਦੇ ਕਿ ਜ਼ਰਾ ਢੰਗ ਨਾਲ ਉਹਦਾ ਜਵਾਬ ਦੇਣ।

? ਜਵਾਬ ਤਾਂ ਉਹਨੂੰ ਦਿੱਤਾ ਹੀ ਜਾ ਰਿਹਾ ਪਰ ਮੈਂ ਜਾਣਨਾ ਚਾਹਾਂਗਾ ਕਿ ਤੁਹਾਡੇ ਜਿ਼ਹਨ ’ਚ ਇਹਦੇ ਜਵਾਬ ਵਿਚ ਕੀ ਖਿਆਲ ਐ?

- ਮੈਂ ਤਾਂ ਉਸਦੀ ਪੂਰੀ ਕਿਤਾਬ ਵੀ ਪੜ੍ਹਨੀ ਪਸੰਦ ਨਹੀਂ ਕੀਤੀ

? ਕਿਉਂ! ਅਜਿਹਾ ਕਿਉਂ। ਇਤਰਾਜ਼ਯੋਗ ਗੱਲ ਤਾਂ ਉਸ ਵਿਚ ਸ਼ਖਸੀਅਤ ਨੂੰ ਸਾਹਮਣੇ ਰੱਖ ਕੇ ਲਿਖੀ ਗਈ ਹੈ ਬਾਕੀ ਜਿੱਥੋਂ ਤੱਕ ਲਿਖਣ ਪੱਖ ਦਾ ਮੁਲਾਂਕਣ ਹੈ ਉਹ ਤਾਂ ਠੀਕ ਐ- ਢੰਗ ਨਾਲ ਲਿਖਿਆ ਗਿਆ ਹੈ ਫੇਰ ਪਤੇ ਦੀ ਗੱਲ ਤਾਂ ਇਹ ਹੈ ਕਿ ਉਹਨੇ ਸਾਰੀਆਂ ਗੱਲਾਂ ‘ਕਲਮ ਕਾ ਸਿਪਾਹੀ’ ਤੋਂ ‘ਪ੍ਰੇਮ ਚੰਦ ਚਿੱਠੀ-ਪੱਤਰ’ ਜਾਂ ‘ਪ੍ਰੇਮ ਚੰਦ ਘਰ ਮੇਂ’ ਵਰਗੀਆਂ ਕਿਤਾਬਾਂ ਤੋਂ ਹੀ ਨੋਟ ਕੀਤੀਆਂ ਤੇ ਉਨ੍ਹਾਂ ਦਾ ਹਵਾਲਾ ਦਿੱਤਾ ਹੈ। ਹਾਂ, ਪਰ ਉਸ ਦੀ ਪੇਸ਼ਕਾਰੀ ਬਹੁਤ ਹੀ ਇਤਰਾਜ਼ਯੋਗ ਅਤੇ ਅਪਮਾਨਜਨਕ ਹੈ ਜਿਸਨੂੰ ਪੜ੍ਹਕੇ ਕੋਈ ਵੀ ਆਦਮੀ ਇਹ ਕਹਿ ਸਕਦਾ ਹੈ ਕਿ ਇਹ ਸਾਰੇ ਦਾ ਸਾਰਾ ਦੋਸ਼ ਪਹਿਲਾਂ ਤੋਂ ਹੀ ਮਿੱਥਿਆ ਹੋਇਆ ਸੀ।

- ਹਾਂ ਦੁਨੀਆਂ ’ਚ ਕੋਈ ਚੀਜ਼ ਅਜਿਹੀ ਨਹੀਂ ਜਿਸਨੂੰ ਉਸ ਦੇ ਸੰਦਰਭ ਤੋਂ ਕੱਟਕੇ ਉਸ ਦਾ ਕੁੱਝ ਤੋਂ ਕੁੱਝ ਨਾ ਬਣਾ ਦਿੱਤਾ ਜਾਵੇ।

? ਹੁਣ ਫੇਰ ਉਸਦਾ ਮੈਂ ਤੁਹਾਨੂੰ ਇਕ ਵਾਕ ਸੁਣਾਵਾਂ ਉਹ ਲਿਖਦਾ ਹੈ ‘ਉਂਜ ਤਾਂ ਪ੍ਰੇਮ ਚੰਦ ਝੂਠ ਬੋਲਣ ਦੇ ਮਾਹਿਰ ਸਨ- ਪਰ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਹ ਇੱਥੇ ਝੂਠ ਨਹੀਂ ਬੋਲ ਰਹੇ’

- ਇੱਥੇ ਮੈਂ ਤੁਹਾਨੂੰ ਇਕ ਸਮੀਖਿਆ ਦਾ ਹਵਾਲਾ ਦੇਣਾ ਚਾਹਾਂਗਾ ਇਕ ਸੱਜਣ ਹਨ ਗੋਪਾਲ ਨਾਂ ਦੇ...........

? ਮਦਨ ਗੋਪਾਲ ਤਾਂ ਨਹੀਂ?

- ਨਹੀਂ, ਉਹ ਗੋਪਾਲ ਹਨ- ਗੋਪਾਲ ਰਾਏ, ਜਿਨ੍ਹਾਂ ਨੇ ਸ਼ੈਲੇਸ਼ ਜੈਦੀ ਦੀ ਕਿਤਾਬ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਦੇ ਕੁੱਝ ਗੱਲਾਂ ਦਾ ਤਾਂ ਖੈਰ ਵਿਰੋਧ ਵੀ ਕੀਤਾ ਹੈ ਪਰ ਇਹ ਗੱਲ ਕਹਿਣੀ ਵੀ ਨਹੀਂ ਭੁੱਲੇ ਕਿ ਜ਼ੈਦੀ ਨੇ ਬਹੁਤ ਵਧੀਆ ਸੰਗ੍ਰਹਿ ਦਿੱਤਾ ਹੈ ਅੱਗੇ ਲਿਖਿਆ ਹੈ ਅਮਕ ਕੀਤਾ, ਢਮਕ ਕੀਤਾ....

? ਦੇਖੋ ਹੋਰ ਜਿਹੜੀ ਪਹਿਲੇ ਮੁਲਾਂਕਣ ਦੀ ਗੱਲ ਉਹਦੇ ਵਿਚ ਲਿਖੀ ਗਈ ਹੈ ਉਹ ਤਾਂ ਠੀਕ ਹੈ।

- ਕੀ ਲਿਖਿਆ ਹੈ- ਜਿੱਥੋਂ ਤੱਕ ਮੈਂ ਪੜ੍ਹਿਆ/ਦੇਖਿਆ , ਉਸ ਤੋਂ ਬਾਅਦ ਮੇਰੀ ਪਤਨੀ ਨੇ ਮੈਨੂੰ ਪੜ੍ਹਨ ਹੀ ਨਹੀਂ ਦਿੱਤਾ ਸੀ। ਉਸ ਭਰਾ ਨੇ ਤਾਂ ਚਾਹਿਆ ਸੀ ਕਿ ਉਹ ਕਿਤਾਬ ਮੇਰੇ ਹੱਥੋਂ ਰਲੀਜ਼ ਹੋਵੇ ਇਸ ਬਾਰੇ ਉਹਨੇ ਘੱਟੋ ਘੱਟ ਮੈਨੂੰ ਤਿੰਨ ਚਿੱਠੀਆਂ ਲਿਖੀਆਂ। ਪਰ, ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਂ ਉਹਦੀਆਂ ਚਿੱਠੀਆਂ ਦਾ ਜਵਾਬ ਹੀ ਨਹੀਂ ਦਿੱਤਾ। ਫੇਰ ਮੇਰੇ ਕੋਲ ਵਿਹਲ ਵੀ ਨਹੀਂ ਸੀ। ਮੈਂ ਆਪਣਾ ਕੰਮ ਕਰ ਰਿਹਾ ਸੀ- ਸੋਚਿਆ, ਛੱਡੋ ਪਰੇ......

? ਪਰ ਅਜਿਹਾ ਕਰਨਾ ਤਾਂ ਉਹਦਾ ਠੀਕ ਜਵਾਬ ਨਾ ਹੋਇਆ? ਤੁਹਾਨੂੰ ਥੋੜ੍ਹਾ ਜਿਹਾ ਅੱਗੇ ਵਧਕੇ ਜਵਾਬ ਦੇਣਾ ਹੀ ਚਾਹੀਦਾ ਸੀ।

- ਦੇਖੋ, ਇੱਥੇ ਮੇਰੀ ਹਾਲਤ ਥੋੜੀ ਡੈਲੀਕੇਟ (ਪਤਲੀ) ਹੋ ਜਾਂਦੀ ਹੈ ਇੱਥੇ ਮੇਰੇ ਕਰਨ ਦਾ ਕੋਈ ਕੰਮ ਨਹੀਂ।

? ਠੀਕ ਐ- ਪਰ ਤੁਹਾਨੂੰ ਇੱਥੇ ਤਾਂ ਕੁੱਝ ਨਾ ਕੁੱਝ ਕਹਿਣਾ ਹੀ ਪਵੇਗਾ ਇੱਥੇ ਜੋ ਕੁੱਝ ਤੁਹਾਡੇ ਹਵਾਲੇ ਨਾਲ ਉਸ ਨੇ ਕਿਹਾ ਹੈ ਜੇਕਰ ਇਹ ਸੱਚ ਹੈ ਕਿ ਜੋ ਕੁੱਝ ਤੁਸੀਂ ਲਿਖਿਆ ਹੈ ਉਹ ਇਕ ਬਾਇਉਗਰਾਫਰ ( ਜੀਵਨੀ ਲਿਖਣ ਵਾਲਾ) ਦੀ ਈਮਾਨਦਾਰੀ ਤੇ ਸਪਸ਼ਟਤਾ ਦੇ ਕਰਕੇ ਹੀ ਲਿਖਿਆ ਹੈ ਪਰ ਜਿਸ ਤਰ੍ਹਾਂ ਉਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਉਸ ਬਾਰੇ ਤਾਂ ਤੁਹਾਨੂੰ ਕੁੱਝ ਕਹਿਣਾ ਚਾਹੀਦਾ- ਦੇਖਣਾ ਚਾਹੀਦਾ।

- ਉਹ ਤਾਂ ਤੁਹਾਡੇ ਦੇਖਣ ਦੀ ਗੱਲ ਹੈ ਕਿ ਮੈਂ ਕੀ ਕਿਹਾ ਤੇ ਸ਼ੈਲੇਸ਼ ਜ਼ੈਦੀ ਨੇ ਇੱਥੇ ਕਿਵੇਂ ਅੱਗੜ-ਦੁੱਗੜ ਕਰ ਦਿੱਤਾ ਹੈ....ਉਹਦੇ ਬਾਰੇ ਮੈਂ ਕੀ ਕਹਾਂਗਾ....... ਮੈਂ ਤਾਂ ਜੋ ਕਹਿਣਾ ਸੀ ਉਹ ਪਹਿਲਾਂ ਹੀ ਕਿਤਾਬ ਵਿਚ ਕਹਿ ਦਿੱਤਾ ਹੈ।

? ਉਸ ਸਮੇਂ ਤੁਹਾਡੀ ਪਹਿਲੀ ਪ੍ਰਤੀਕ੍ਰਿਆ ਕਿਹੋ ਜਹੀ ਹੋਈ?

- ਜੋ ਤੁਹਾਡੀ ਹੋਈ ਉਹ ਹੀ ਮੇਰੀ ਹੋਈ

****