ਪੰਜ
ਦਰਿਆਵਾਂ ਦੀ ਧਰਤੀ-‘ਪੰਜਾਬ‘। ਅੱਜ ਤੋਂ ਕੁਝ ਦਹਾਕੇ ਪਹਿਲਾਂ ਮੇਰੇ ਪੰਜਾਬ ਦਾ ਖੇਤਰ
ਬੜਾ ਹੀ ਵਿਸ਼ਾਲ ਸੀ। ਉਹ ਖੇਤ, ਉਹ ਖੂਹ, ਉਹ ਆਬ ਸਭ ਵੰਡੀਆਂ ਨਾਲ ਵੰਡੇ ਗਏ ਅਤੇ ਇਸ ਦਾ
ਖੇਤਰ ਕਿਤੇ ਪਿਛਾਂਹ ਜਾ ਪਿਆ। ਸਮਝ ਨਹੀਂ ਆਉਂਦੀ ਕਿ ਇਸ ਦਾ ਜਿੰਮੇਵਾਰ ਕੌਣ ਹੈ। ਜੇਕਰ
ਮਨੁੱਖ ਸਿਰਫ ਕਟਪੁਤਲੀ ਹੈ, ਜਿਸ ਨੂੰ ਨਚਾਉਣ ਵਾਲਾ ਉਹ ਰੱਬ ਹੈ ਤਾਂ ਇਸ ਦਾ ਜਿ਼ੰਮੇਵਾਰ
ਉਹੀ ਹੈ। ਇਸ ਲਈ ਮੇਰਾ ਗਿਲਾ ਹੈ; ਉਸ ਰੱਬ ਨੂੰ।
ਕਿੰਨਾ
ਖੁਸ਼ਹਾਲ ਸੀ ਉਹ ਪੰਜਾਬ ਜਿਸ ਵਿਚ ਹਿੰਦੂ ਅਤੇ ਮੁਸਲਮਾਨ ਰਲ਼-ਮਿਲ਼ ਕੇ ਰਹਿੰਦੇ ਸਨ।
ਅਜਿਹੀ ਵਾਅ ਵੱਗੀ ਕਿ ਇਕ ਹੀ ਥਾਲੀ ਵਿਚ ਖਾਣ ਵਾਲੇ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ
ਬੈਠੇ। ਪੰਥ ਖਤਰੇ ਵਿਚ ਹੈ, ਹਿੰਦੂ ਧਰਮ ਨੂੰ ਬਚਾਓ, ਇਸਲਾਮ ਨੂੰ ਢਾਹ ਪੁੱਜ ਰਹੀ ਹੈ ;
ਅਜਿਹੇ ਨਾਹਰੇ ਨਿੱਤ ਕੰਨਾ ਵਿਚ ਗੂੰਜਣ ਲੱਗੇ। ਮੈਂ ਪੱਛਣਾ ਚਾਹੁੰਦੀ ਹਾਂ ਧਰਮ ਦੇ ਇਹਨਾਂ
ਮੁਦੱਈਆਂ ਤੋਂ ਕਿ ਜੇਕਰ ਜਨਮ ਸਮੇਂ ਹੀ ਇਕ ਹਿੰਦੂ, ਇਕ ਮੁਸਲਮਾਨ ਅਤੇ ਇਕ ਇਸਾਈ ਨੂੰ ਇਕ
ਹੀ ਥਾਂ ਤੇ ਇਕੱਠਿਆਂ ਕਰ ਦਿੱਤਾ ਜਾਵੇ ਤਾਂ ਕੀ ਕੋਈ ਪਹਿਚਾਨ ਲਵੇਗਾ ਕਿ ਕਿਹੜਾ ਹਿੰਦੂ
ਹੈ ? ਕਿਹੜਾ ਮੁਸਲਮਾਨ? ਕਿਹੜਾ ਸਿੱਖ ਅਤੇ ਕਿਹੜਾ ਇਸਾਈ? ਨਹੀਂ ਬਿਲਕੁਲ ਵੀ ਨਹੀਂ। ਜੇ
ਨਹੀਂ, ਤਾਂ ਵੱਡੇ ਹੋਣ ‘ਤੇ ਅਸੀਂ ਉਹਨਾਂ ਨੂੰ ਰਾਮ ਸਿੰਘ, ਰਾਮੂ ਜਾਂ ਰਮੱਈਆ ਵਿਚ ਕਿਉਂ
ਬਦਲ ਦਿੰਦੇ ਹਾਂ । ਕੀ ਇਹ ਸਾਡੀ ਨਾਸਮਝੀ ਹੈ? ਜਾਂ ਫਿਰ ਇਹ ਕਿਹਾ ਜਾਵੇ ਕਿ ਉਸ ਰੱਬ ਦਾ
ਕਸੂਰ ਜਿਸ ਦੇ ਸਿਰ ਮਨੁੱਖ ਨੂੰ ਸਮਝ ਦੇਣ ਦਾ ਸਿਹਰਾ ਬੰਨ੍ਹਿਆ ਜਾਂਦਾ ਹੈ।
ਪੰਜਾਬ
ਦੀ ਧਰਤੀ ਤੇ ਖੂਨ ਦੀਆਂ ਨਦੀਆਂ ਵਹਾਈਆਂ ਗਈਆਂ, ਇਸ ਨੂੰ ਕਈ ਵਾਰ ਲੱਟਿਆ ਘਸੁੱਟਿਆ
ਗਿਆ,ਅੰਮ੍ਰਿਤਸਰ ਜਿਹੇ ਪਵਿੱਤਰ ਅਸਥਾਨ ਦੀ ਬੇਅਦਬੀ ਹੋਈ ਸਿਰਫ ਇਹ ਹੀ ਨਹੀ ਜਿਵੇਂ-ਜਿਵੇਂ
ਸਮਾਂ ਬੀਤਿਆ ਕਈ ਕੁਰੀਤੀਆਂ ਪੈਦਾ ਹੁੰਦੀਆਂ ਗਈਆਂ । ਕੁੱਖ ਵਿਚ ਧੀਆਂ ਦੇ ਕਤਲ ਹੋਣ
ਲੱਗੇ, ਥਾਂ-ਥਾਂ ਰਾਵਣ ਪੈਦਾ ਹੋ ਗਏ, ਖੁਨ ਸਫੈਦ ਹੋ ਗਏ,ਵਾੜ ਖੇਤ ਨੂੰ ਖਾਣ ਲੱਗੀ,ਪਾਪ
ਵਧਦਾ-ਵਧਦਾ ਭਿਆਨਕ ਰੂਪ ਲੈ ਬੈਠਾ;ਇਸ ਦਾ ਜਿੰਮੇਵਾਰ ਕੌਣ ਹੈ? ਮਨੁੱਖ ਜਾਂ ਮਨੁੱਖ ਨੂੰ
ਬਣਾਉਣ ਵਾਲਾ ਰੱਬ। ਜਦ ਕਦੀ ਵੀ ਇਸ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਤਾਂ ਵਿਦਵਾਨਾਂ
ਇਹੀ ਕਿਹਾ ਕਿ ਪਰਮਾਤਮਾਂ ਨੇਂ ਮਨੁੱਖ ਨੂੰ ਧਰਤੀ ਤੇ ਭੇਜਿਆ ਪਰ ਮਨੁੱਖ ਨੇਂ ਆਪਣੇਂ ਬੁਰੇ
ਕਰਮਾਂ ਅਤੇ ਭੈੜੀ ਸੋਚ ਕਾਰਨ ਇਹ ਹਾਲ ਕਰ ਲਿਆ। ਚਲੋ ਕੁਝ ਸਮੇਂ ਲਈ ਇਹ ਮੰਨ ਵੀ ਲਿਆ
ਜਾਵੇ ਕਿ ਇਹ ਬੰਦੇ ਦੇ ਬੁਰੇ ਕਰਮਾਂ ਦਾ ਨਤੀਜਾ ਹੈ। ਫਿਰ ਜੋ ਚੰਗਾ ਹੋ ਰਿਹਾ ਹੁੰਦਾ ਹੈ,
ਉਸ ਦਾ ਸਿਹਰਾ ਰੱਬ ਸਿਰ ਕਿਉਂ ਬੰਨ ਦਿੱਤਾ ਜਾਂਦਾ ਹੈ?
ਬੜੀ
ਦੂਰ ਬੈਠ ਕੇ ਉਹ ਇਸ ਤਮਾਸ਼ੇ ਨੂੰ ਦੇਖ ਰਿਹਾ ਹੈ। ਮੈਂ ਗਿਲਾ ਕਰਦਿਆਂ ਉਸ ਨੂੰ ਤਾਕੀਦ
ਕਰਨਾ ਚਾਹੁੰਦੀ ਹਾਂ ਕਿ ਇਕ ਵਾਰ ਧਰਤੀ ‘ਤੇ ਆ ਕਾ ਦੇਖੇ ਕਿ ਇਸ ਥਾਂ ਕੀ ਭਾਣਾ ਵਰਤ ਰਿਹਾ
ਹੈ? ਅੱਜ ਅਦਾਲਤ ਵਿਚ ਉਹ ਖੜ੍ਹਾ ਹੈ ਅਤੇ ਉਸ ਤੋਂ ਜਵਾਬ ਮੰਗਿਆ ਜਾ ਰਿਹਾ ਹੈ।
****
****