ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ……… ਅਭੁੱਲ ਯਾਦਾਂ / ਮਿੰਟੂ ਬਰਾੜ


ਸਾਡੀ ਜ਼ਿੰਦਗੀ 'ਚ ਕੁਝ ਇਕ ਵਰਤਾਰੇ ਇਹੋ ਜਿਹੇ ਹੁੰਦੇ ਹਨ, ਜੋ ਵਾਪਰਨ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਵਰਤਾਰਾ ਇਹ ਹੈ ਕਿ ਸਾਨੂੰ ਜਦੋਂ ਕੋਈ ਛੱਡ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲਗਦਾ ਕਿ ਅਸੀਂ ਕਿਸ ਹੱਦ ਤੱਕ ਉਸ ਇਨਸਾਨ ਨੂੰ ਚਾਹੁੰਦੇ ਸੀ। ਬੱਸ ਇਹੋ ਕੁਝ ਜਸਪਾਲ ਭੱਟੀ ਹੋਰਾਂ ਨੂੰ ਚਾਹੁਣ ਵਾਲਿਆਂ ਨਾਲ ਵਾਪਰਿਆ। ਉਨ੍ਹਾਂ ਦੇ ਚਲੇ ਜਾਣ ਨਾਲ ਦੁਨੀਆਂ ਭਰ 'ਚ ਉਨ੍ਹਾਂ ਨੂੰ ਚਾਹੁਣ ਵਾਲੇ ਠੱਗੇ-ਠੱਗੇ ਜਿਹੇ ਮਹਿਸੂਸ ਕਰ ਰਹੇ ਹਨ।

ਗੱਲ ਜਸਪਾਲ ਭੱਟੀ ਹੋਰਾਂ ਨਾਲ ਆਪਣੀ ਸਾਂਝ ਤੋਂ ਸ਼ੁਰੂ ਕਰਨੀ ਚਾਹਾਂਗਾ। ਉਨ੍ਹਾਂ ਨੂੰ ਮੈਂ ਤਕਰੀਬਨ ਅੱਸੀ ਦੇ ਦਹਾਕੇ ਤੋਂ ਜਾਣਦਾ ਤੇ ਪ੍ਰਸੰਸਕ ਹਾਂ, ਜਦੋਂ ਹਾਲੇ ਬਲੈਕ ਐਂਡ ਵਾਈਟ ਟੀ.ਵੀ. ਦਾ ਜ਼ਮਾਨਾ ਸੀ। ਪਰ ਅਫ਼ਸੋਸ ਕਦੇ ਉਨ੍ਹਾਂ ਨੂੰ ਮਿਲ ਨਹੀਂ ਸਕਿਆ। ਉਨ੍ਹਾਂ ਨਾਲ ਮੇਰੀ ਗੱਲਬਾਤ ਦੀ ਜੋ ਸਾਂਝ ਪਈ, ਉਸ ਦੀ ਉਮਰ ਸਿਰਫ਼ ਤਿੰਨ ਦਿਨ ਹੀ ਰਹੀ। ਨਾ ਕਦੇ ਸੋਚਿਆ ਸੀ, ਨਾ ਕਦੇ ਉਮੀਦ ਹੀ ਸੀ ਕਿ ਉਨ੍ਹਾਂ ਨਾਲ ਇੰਝ ਸਾਂਝ ਪਵੇਗੀ। ਜਿਸ ਵਕਤ ਉਨ੍ਹਾਂ ਨਾਲ ਗੱਲ ਹੋਈ, ਮੈਂ ਆਪਣੇ ਆਪ ਨੂੰ ਬੜਾ ਖ਼ੁਸ਼ਨਸੀਬ ਸਮਝਿਆ । ਮੈਂ ਉਨ੍ਹਾਂ ਦੇ ਇਕ ਹਾਸਰਸ ਕਲਾਕਾਰ ਹੋਣ ਕਰ ਕੇ ਮੁਰੀਦ ਘੱਟ ਤੇ ਉਨ੍ਹਾਂ ਦੀ ਉਸਾਰੂ ਸੋਚ ਅਤੇ ਬੇਬਾਕਪੁਣੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਮੇਰੀ ਖ਼ੁਸ਼ੀ ਸਿਰਫ਼ ਤਿੰਨ ਦਿਨ ਰਹੀ ਤੇ ਉਹ ਇਸ ਫ਼ਾਨੀ ਜਹਾਨ ਨੂੰ ਹਸਾਉਂਦੇ ਹਸਾਉਂਦੇ ਅਚਾਨਕ ਰੁਆ ਕੇ ਰੁਖ਼ਸਤ ਹੋ ਗਏ। ਹੁਣ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿਰਫ਼ ਤਿੰਨ ਦਿਨਾਂ ਦੀ ਇਹ ਸਾਂਝ ਮੇਰੇ ਦੁੱਖ ਨੂੰ ਹੋਰ ਵਧਾਉਣ ਲਈ ਸੀ।

ਗੱਲ 21 ਅਕਤੂਬਰ ਦੀ ਹੈ, ਬੀ.ਐੱਮ.ਜੀ. ਫਿਲਮਜ਼ ਦੇ ਕਰਤਾ ਧਰਤਾ ਮਨਪ੍ਰੀਤ ਗਿੱਲ ਹੋਰਾਂ ਦਾ ‘ਹਰਮਨ ਰੇਡੀਓ’ ਲਈ ਫ਼ਿਲਮ ਦੇ ਕਲਾਕਾਰਾਂ ਨਾਲ ਗੱਲ ਕਰਨ ਸੁਨੇਹਾ ਆਇਆ, ਜੋ ਕਿ ਭੱਟੀ ਸਾਹਿਬ ਦੀ ਫ਼ਿਲਮ ‘ਪਾਵਰ ਕੱਟ’ ਆਸਟ੍ਰੇਲੀਆ ਭਰ 'ਚ ਰਿਲੀਜ਼ ਕਰ ਰਹੇ ਹਨ । ਜਦੋਂ ਮੈਂ ਸ਼ਾਮ ਨੂੰ ਚਾਰ ਕੁ ਵਜੇ ਭੱਟੀ ਸਾਹਿਬ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹੋ ਨਾ ਸਕਿਆ। ਉਨ੍ਹਾਂ ਦੀ ਮਸਰੂਫੀਅਤ ਦੇ ਮੱਦੇ-ਨਜ਼ਰ ਮੈਂ ਇਹ ਗੱਲ ਕਿਸੇ ਹੋਰ ਵਕਤ ‘ਤੇ ਛੱਡ ਦਿੱਤੀ । ਰਾਤ ਨੂੰ ਮੈਂ ਹਾਲੇ ਸੁੱਤਾ ਹੀ ਸੀ ਕਿ ਦੱਸ ਵਜ ਕੇ ਉੱਨੀ ਕੁ ਮਿੰਟ ‘ਤੇ ਮੇਰਾ ਫ਼ੋਨ ਵੱਜਿਆ ਤੇ ਅੱਧ-ਸੁੱਤੇ ਜਿਹੇ ਨੇ ਦੇਖਿਆ ਤਾਂ ਭੱਟੀ ਸਾਹਿਬ ਦਾ ਫ਼ੋਨ ਸੀ;

“ਬਹੁਤ ਬਿਜ਼ੀ ਹੋਣ ਕਾਰਨ ਕਾਲ ਮਿਸ ਕਰ ਗਿਆ ਸੀ, ਇਸ ਲਈ ਮਾਫ਼ੀ ਚਾਹੁੰਦਾ ਹਾਂ”, ਭੱਟੀ ਸਾਹਿਬ ਨੇ ਕਿਹਾ ।

ਦੁਆ ਸਲਾਮ ਤੋਂ ਬਾਅਦ ਮੈਂ ਉਨ੍ਹਾਂ ਨੂੰ ਦੱਸਿਆ ਕਿ “ਹਰਮਨ ਰੇਡੀਓ ਲਈ “ਪਾਵਰ ਕੱਟ” ਦੇ ਸਬੰਧ ‘ਚ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ, ਪਰ ਸਮੱਸਿਆ ਇਹ ਹੈ ਕਿ ਮੇਰੇ ਟਾਕ ਸ਼ੋਅ ‘ਲਹਿਰਾਂ’ ਦੇ ਸਮੇਂ ਪੰਜਾਬ ‘ਚ ਅੱਧੀ ਰਾਤ ਹੁੰਦੀ ਹੈ । ਸੋ ਜੇ ਤੁਸੀਂ ਉਠ ਸਕੋ ਤਾਂ ਮੈਂ ਤੁਹਾਡੇ ਨਾਲ ਲਾਈਵ ਗੱਲ ਕਰਨੀ ਚਾਹਾਂਗਾ” ।

“ਜੇ ਮੇਰੇ ਤੋਂ ਉਸ ਵੇਲੇ ਉਠਿਆ ਨਾ ਗਿਆ ਤਾਂ ਸਰੋਤਿਆਂ ਲਈ ਗ਼ਲਤ ਹੋਵੇਗਾ। ਸੋ ਤੁਸੀਂ ਹੁਣੇ ਰਿਕਾਰਡ ਕਰ ਲਵੋ”, ਉਨ੍ਹਾਂ ਦਾ ਜੁਆਬ ਸੀ ।

“ਸਾਡੇ ਰਿਕਾਡਿਸਟ ਤਾਂ ਹੁਣ ਸੌਂ ਗਏ ਨੇ, ਪਰ ਮੈਂ ਰਿਸ਼ੀ ਗੁਲਾਟੀ ਹੋਰਾਂ ਨੂੰ ਫ਼ੋਨ ਲਾ ਕੇ ਦੇਖਦਾ ਹਾਂ, ਜੇ ਉਹ ਉਠ ਖੜ੍ਹਨ ਤਾਂ…”

“ਚਲੋ ਫੇਰ ਰਹਿਣ ਦਿਓ, ਮੈਂ ਹੀ ਉਠ ਖੜਾਂਗਾ”, ਨਿਮਰਤਾ ਸਹਿਤ ਭੱਟੀ ਸਾਹਿਬ ਨੇ ਕਿਹਾ ।


“ਮੈਨੂੰ ਪੰਜ ਮਿੰਟ ਦਿਓ ਮੈਂ ਕੋਸ਼ਿਸ਼ ਕਰਦਾ ਹਾਂ, ਨਹੀਂ ਤਾਂ ਫੇਰ ਤੁਹਾਨੂੰ ਕਸ਼ਟ ਦੇਣਾ ਹੀ ਪੈਣਾ ਹੈ ਕਿਉਂਕਿ ਮੈਂ ਪਹਿਲਾਂ ਹੀ ਅਨਾਊਂਸ ਕਰ ਚੁੱਕਿਆ ਹਾਂ ਕਿ ਅਸੀਂ ‘ਲਹਿਰਾਂ’ 'ਚ ਭੱਟੀ ਸਾਹਿਬ ਨਾਲ ਮਿਲਾਵਾਂਗੇ”।

ਚਲੋ ਜੀ ! ਮੈਂ ਰਿਸ਼ੀ ਨੂੰ ਉਠਾਇਆ, ਉਹ ਅਬੜਵਾਹੇ ਜਿਹੇ ਕੁਝ ਹੋਰ ਹੀ ਬੋਲੀ ਜਾਵੇ। ਮੈਂ ਉਨ੍ਹਾਂ ਨੂੰ ਕਿਹਾ ਕਿ ਪਾਣੀ ਦੇ ਛਿੱਟੇ ਮਾਰੋ ਪਹਿਲਾਂ ਅੱਖਾਂ 'ਤੇ ਫੇਰ ਆਪਾਂ ਰਿਕਾਰਡਿੰਗ ਕਰਨੀ ਹੈ। ਉਹ ਕਹਿੰਦੇ ਭਾਜੀ ਇਹ ਕਿਹੜਾ ਟਾਈਮ ਆ? ਮੈਂ ਜਦੋਂ ਭੱਟੀ ਸਾਹਿਬ ਬਾਰੇ ਦੱਸਿਆ ਤਾਂ ਉਹ ਮਿੰਟੋ-ਮਿੰਟੀ ਤਿਆਰ ਹੋ ਗਏ।

ਅਸੀਂ ਸਟੂਡੀਓ ਤੋਂ ਭੱਟੀ ਸਾਹਿਬ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਦੱਸਿਆ ਕਿ ਸਾਡੇ ਅੱਜ ਦੇ ਟਾਕ ਸ਼ੋਅ ਦਾ ਵਿਸ਼ਾ ਵੀ ਪਾਵਰ ਕੱਟ ਹੈ ਤਾਂ ਉਹ ਬਹੁਤ ਖ਼ੁਸ਼ ਹੋਏ। ਉਨ੍ਹਾਂ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ ਜੋ ਕਿ ਹੁਣ ਵੀ ਹਰਮਨ ਰੇਡੀਓ ਦੇ ਪੌਡਕਾਸਟ ਵਿੱਚ ਜਾ ਕੇ ਸੁਣੀਆਂ ਜਾ ਸਕਦੀਆਂ ਹਨ । ਜਿਹੜੀ ਗੱਲ ਮੈਨੂੰ ਵਧੀਆ ਲੱਗੀ ਉਹ ਇਹ ਸੀ ਕਿ ਜਦੋਂ ਮੈਂ ਉਨ੍ਹਾਂ ਨੂੰ ਫ਼ਿਲਮ 'ਚ ਨੰਗੇਜਵਾਦ ਅਤੇ ਪਰਿਵਾਰਿਕ ਫ਼ਿਲਮ ਹੋਣ ਦੇ ਬਾਰੇ ਸਵਾਲ ਕੀਤਾ ਤਾਂ ਉਹ ਕਹਿੰਦੇ;

“ਹਾਂ ਜੀ ! ਸਾਡੀ ਫ਼ਿਲਮ 'ਚ ਬੱਸ ਇਕੋ ਚੀਜ਼ ਨੰਗੀ ਹੈ ਪਰ ਉਸ ਦਾ ਵੀ ਕੋਈ ਡਰ ਨਹੀਂ” ।

“ਮੈਂ ਸਮਝਿਆ ਨਹੀਂ”, ਮੈਂ ਕਿਹਾ ।

“ਫ਼ਿਲਮ 'ਚ ਬਿਜਲੀ ਦੀ ਤਾਰ ਨੰਗੀ ਹੈ ਪਰ ਉਸ ਵਿਚ ਕਰੰਟ ਨਹੀਂ ਹੈ, ਉਸ ਦਾ ਕਾਹਦਾ ਡਰ ? ਉਹ ਤਾਂ ਕੱਪੜੇ ਸੁਕਾਉਣ ਦੇ ਕੰਮ ਆਉਂਦੀ ਹੈ”

ਪਰਿਵਾਰ ਨਾਲ ਫ਼ਿਲਮ ਦੇਖਣ ਦੇ ਬਾਰੇ 'ਚ ਉਹ ਕਹਿੰਦੇ ਕਿ ਪਰਿਵਾਰ ਨਾਲ ਤਾਂ ਜਦੋਂ ਮਰਜ਼ੀ ਫ਼ਿਲਮ ਦੇਖ ਲਿਓ ਪਰ ਕਿਸੇ ਬਿਜਲੀ ਦੇ ਮੁਲਾਜ਼ਮ ਨਾਲ ਨਾ ਦੇਖਿਓ। ਕਿਉਂਕਿ ਜਦੋਂ ਤੁਸੀਂ ਹੱਸੋਗੇ ਤਾਂ ਉਨ੍ਹਾਂ ਤੁਹਾਡਾ ਸਿਰ ਪਾੜ ਦੇਣਾ ਹੈ। ਤਕਰੀਬਨ ਅੱਧਾ ਘੰਟਾ ਸਾਡੀ ਰਿਕਾਰਡਿੰਗ ਹੋਈ। ਰਿਕਾਰਡਿੰਗ ਤੋਂ ਬਾਅਦ ਕਾਫ਼ੀ ਵਕਤ ਉਹ ਮੇਰੇ ਨਾਲ ਗੱਲਬਾਤ ਕਰਦੇ ਰਹੇ।ਮੈਂ ਉਨ੍ਹਾਂ ਨੂੰ ਕਿਹਾ ਕਿ ਪਾਇਰੇਸੀ ਰੋਕਣ ਲਈ ਕਿ ਕਰੋਗੇ? ਤਾਂ ਉਹ ਕਹਿੰਦੇ ਕਿ ਫ਼ਿਲਮ ਰਿਲੀਜ਼ ਤੋਂ ਇਕ ਦਿਨ ਪਹਿਲਾਂ ਉਹ ਖ਼ੁਦ ਜਲੰਧਰ ਵਿਚ ਇਸ ਦੀ ਪਾਇਰੇਟਡ ਡੀ.ਵੀ.ਡੀ. ਰਿਲੀਜ਼ ਕਰਨਗੇ। ਮੈਨੂੰ ਉਨ੍ਹਾਂ ਦੇ ਇਸ ਕੰਸੈਪਟ ਤੇ ਵੱਡੀ ਹੈਰਾਨੀ ਹੋਈ ਸੀ। ਕਿ ਕਿਹੋ ਜਿਹਾ ਇਨਸਾਨ ਹੈ ਇਹ ਹਰ ਗੱਲ ਹੀ ਉਲਟੀ ਕਰਦਾ! ਪਰ ਰੱਬ ਨੂੰ ਸ਼ਾਇਦ ਇਹ ਗੱਲ ਮਨਜ਼ੂਰ ਨਹੀਂ ਸੀ ਤਾਂ ਹੀ ਉਹ ਜਲੰਧਰ ਪਹੁੰਚ ਨਾ ਸਕੇ।

ਉਨ੍ਹਾਂ ਮੈਨੂੰ ਕਿਹਾ ਸੀ ਕਿ ਫ਼ਿਲਮ ਦਾ ਰੀਵਿਊ ਜ਼ਰੂਰ ਲਿਖਿਓ, ਭਾਵੇਂ ਤੁਹਾਡੇ ਲੇਖ ਨਾਲ ਮੇਰੀ ਪਾਵਰ ਕੱਟੀ ਜਾਵੇ ਭਾਵੇਂ ਹੋਰ ਵਧੇ ਪਰ ਜੋ ਦੇਖੋ ਉਹ ਲਿਖਿਓ, ਅਸੀਂ ਖੁੱਲ੍ਹੇ ਦਿਲੋਂ ਸਵੀਕਾਰ ਕਰਾਂਗੇ। ਉਨ੍ਹਾਂ ਅਖੀਰ 'ਚ ਮੇਰੀ ਈਮੇਲ ਆਈ.ਡੀ. ਮੰਗੀ ਤੇ ਕਹਿੰਦੇ ਸੰਪਰਕ ਬਣਾਈ ਰੱਖਿਓ ਤੇ ਮੈਂ ਛੇਤੀ ਆਸਟ੍ਰੇਲੀਆ ਆ ਕੇ ਤੁਹਾਨੂੰ ਮਿਲਾਂਗਾ। ਪਰ ਮੈਂ ਉਦੋਂ ਸੋਚਿਆ ਵੀ ਨਹੀਂ ਸੀ ਕਿ ਏਨਾ ਸੱਚ ਬੋਲਣ ਵਾਲਾ ਬੰਦਾ ਏਨਾ ਵੱਡਾ ਝੂਠ ਬੋਲੇਗਾ ਮੇਰੇ ਨਾਲ! ਮਿਲਣ ਦਾ ਵਾਅਦਾ ਕਰ ਕੇ ਇਸ ਜਹਾਨ ਨੂੰ ਅਲਵਿਦਾ ਕਹਿ ਦੇਵੇਗਾ! ਹਾਲੇ ਤੱਕ ਦਿਲ ਮੰਨਣ ਨੂੰ ਤਿਆਰ ਨਹੀਂ। ਭਾਵੇਂ ਮੇਰੀ ਸਾਂਝ ਉਨ੍ਹਾਂ ਨਾਲ ਬਹੁਤ ਥੋੜ੍ਹੀ ਰਹੀ ਪਰ ਮੈਂ ਜੋ ਵਾਅਦਾ ਇਸ ਦੌਰਾਨ ਕੀਤਾ ਉਨ੍ਹਾਂ ਦੀ ਇਸ ਆਖਰੀ ਫ਼ਿਲਮ ਤੇ ਰੀਵਿਊ ਲਿਖਣ ਦਾ, ਉਸ ਲਈ ਕੱਲ੍ਹ “ਪਾਵਰ ਕੱਟ” ਦੇਖੀ ਤੇ ਜਿਵੇਂ ਦੀ ਮੈਨੂੰ ਲੱਗੀ ਉਹ ਲਿਖ ਲਿਖ ਰਿਹਾ ਹਾਂ ।

ਜ਼ਿੰਦਗੀ 'ਚ ਪਹਿਲੀ ਵਾਰ ਇਹੋ ਜਿਹਾ ਵਕਤ ਦੇਖਣ ਨੂੰ ਮਿਲਿਆ, ਜਦੋਂ ਇਕ ਕਲਾਕਾਰ ਦਾ ਸਿਵਾ ਬਲ ਰਿਹਾ ਹੋਵੇ ਤੇ ਦੂਜੇ ਪਾਸੇ ਉਸ ਦੀ ਫ਼ਿਲਮ ਦੁਨੀਆਂ ਦਾ ਮਨੋਰੰਜਨ ਕਰ ਰਹੀ ਹੋਵੇ। ਬੜੀ ਅਜੀਬ ਸਥਿਤੀ ਸੀ ਕਿ ਕਿਸੇ ਇਨਸਾਨ ਨੂੰ ਸ਼ਰਧਾਂਜਲੀ, ਉਸ ਦੀ ਫ਼ਿਲਮ ਦੇਖ ਕੇ ਹੱਸ ਹੱਸ ਕੇ ਦੇ ਰਹੇ ਹੋਈਏ। ਫ਼ਿਲਮ ਦੇਖਣ ਦਾ ਨਜ਼ਰੀਆ ਬਦਲਿਆ ਹੋਇਆ ਸੀ। ਜਿਸ ਪੱਖ ਤੋਂ ਫ਼ਿਲਮ ਨੂੰ ਪਰਖਣਾ ਚਾਹੁੰਦਾ ਸੀ ਉਸ ਪਾਸੇ ਧਿਆਨ ਹੀ ਨਹੀਂ ਜਾ ਰਿਹਾ ਸੀ। ਏਨੇ ਅੱਲ੍ਹੇ ਜ਼ਖ਼ਮਾਂ ਨੂੰ ਲੈ ਕੇ ਹੱਸਣਾ ਬਹੁਤ ਔਖਾ ਹੁੰਦਾ ਹੈ। ਦਿਮਾਗ਼ 'ਚ ਰਹਿ-ਰਹਿ ਕੇ ਇਹ ਗੱਲ ਆ ਰਹੀ ਸੀ ਕਿ ਇਸ ਬੰਦੇ ਦਾ ਹਰ ਕੰਮ ਨੂੰ ਕਰਨ ਦਾ ਇਕ ਵੱਖਰਾ ਅੰਦਾਜ਼ ਸੀ, ਸੋ ਇਸ ਜਹਾਨ ਤੋਂ ਰੁਖ਼ਸਤ ਹੋਣ ਦਾ ਰਾਹ ਵੀ ਉਸ ਨੇ ਵੱਖਰਾ ਹੀ ਚੁਣਿਆ। ਜਿਸ ਵਿਚ ਅਫ਼ਸੋਸ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਕਿ ਜੇ ਤੂੰ ਦਿਲੋਂ ਅਫ਼ਸੋਸ ਕਰਨਾ ਚਾਹੁੰਦਾ ਹੈ ਤਾਂ ਫ਼ਿਲਮ ਦੇਖੋ। ਕਿਆ ਅਜੀਬ ਹਾਲਾਤ ਨੇ!!!

ਜਸਪਾਲ ਭੱਟੀ ਦੀਆਂ ਫ਼ਿਲਮਾਂ ਦੀ ਨੰਬਰਿੰਗ ਹੀ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੀ ਹੈ। ਇਸ ਵਿਚ ਵੀ ਰਵਾਇਤੀ ਗੱਲਾਂ ਦੇ ਨਾਲ ਨਾਲ ਫ਼ਿਲਮ ਦੇ ਨਿਰਮਾਤਾ ਦਾ ਨਾਂ ਆਉਂਦਾ ਤਾਂ ਉਸ ਮੂਹਰੇ ਲਿਖਿਆ ਹੁੰਦਾ “ਐਟ ਫੁੱਲ ਆਫ਼ ਰਿਸਕ”। ਫ਼ਿਲਮ ਦੇ ਨਾਂ ਤੇ ਪ੍ਰਮੋਸ਼ਨ ਤੋਂ ਲੱਗਦਾ ਸੀ ਕਿ ਸਾਰੀ ਫ਼ਿਲਮ ਸਿਰਫ਼ ਬਿਜਲੀ ਮਹਿਕਮੇ ‘ਤੇ ਹੀ ਆਧਾਰਿਤ ਹੋਵੇਗੀ। ਪਰ ਨਹੀਂ ਇਸ ਫ਼ਿਲਮ ਨੂੰ ਹੋਰ ਮਨੋਰੰਜਕ ਬਣਾਉਣ ਲਈ ਇਸ ਵਿਚ ਇਕ ਲਵ ਸਟੋਰੀ ਵੀ ਨਾਲ-ਨਾਲ ਚਲਦੀ ਰਹਿੰਦੀ ਹੈ। ਜਸਪਾਲ ਭੱਟੀ ਹੋਰਾਂ ਨੇ ਆਪਣੀ ਬਣ ਚੁੱਕੀ ਇਕ ਖ਼ਾਸ ਇਮੇਜ ਨੂੰ ਭੰਡ ਦੇ ਰੂਪ 'ਚ ਤੋੜਿਆ ਹੈ। ਉਨ੍ਹਾਂ ਦੇ ਬੋਲਣ ਦਾ ਤਰੀਕਾ ਬਹੁਤ ਵੱਖਰਾ ਹੈ। ਕਈ ਵਾਰ ਤਾਂ ਸ਼ੱਕ ਪੈਂਦਾ ਹੈ ਕਿ ਇਹ ਉਹੀ ਜਸਪਾਲ ਭੱਟੀ ਹੈ ਜੋ ਪਿਛਲੇ ਪੱਚੀ-ਤੀਹ ਵਰ੍ਹਿਆਂ ਤੋਂ ਇਕੋ ਅੰਦਾਜ਼ 'ਚ ਲੋਕਾਂ ਨੂੰ ਹਸਾ ਰਿਹਾ ਹੈ! ਉਨ੍ਹਾਂ ਨੇ ਪਹਿਰਾਵਾ ਵੀ ਬਦਲਿਆ ਤੇ ਖੁੱਲ੍ਹੀ ਦਾੜ੍ਹੀ ਵੀ ਪਹਿਲੀ ਵਾਰ ਛੱਡੀ ਹੈ। ਫ਼ਿਲਮ ਵਿਚ ਜਸਵਿੰਦਰ ਭੱਲੇ ਨੇ ਵੀ ਆਪਣੀ ਰੀਤ ਤੋੜੀ ਹੈ। ਨਹੀਂ ਤਾਂ ਇਕੋ ਸਟਾਈਲ ਤੋਂ ਲੋਕ ਬੋਰ ਹੁੰਦੇ ਜਾ ਰਹੇ ਸਨ। ਫ਼ਿਲਮ ਵਿਚ ਉਨ੍ਹਾਂ ਦੇ ਪੰਚ ਫ਼ਿਲਮ ਦੀ ਜਾਨ ਹਨ। ਉਨ੍ਹਾਂ ਦੇ ਕੰਮ ਦੀ ਤਾਰੀਫ਼ ਲਿਖੇ ਤੋਂ ਨਹੀਂ ਸਮੇਟੀ ਜਾ ਸਕਦੀ। ਹੁਣ ਤੱਕ ਦੀਆਂ ਉਨ੍ਹਾਂ ਦੀਆਂ ਫ਼ਿਲਮਾਂ ਨਾਲੋਂ ਕਈ ਦਰਜੇ ਚੰਗੀ ਕਹਾਂਗਾ। ਬੀ.ਐਨ. ਸ਼ਰਮਾ ਬਾਰੇ ਤਾਂ ਇਹੀ ਕਹਾਂਗਾ ਕਿ ਭੱਟੀ ਸਾਹਿਬ ਨਾਲ ਅੱਜ ਤੱਕ ਜਿਨ੍ਹਾਂ ਕੰਮ ਵੀ ਸ਼ਰਮਾ ਜੀ ਨੇ ਕੀਤਾ ਉਸ ਵਿਚ ਹਰ ਵਾਰ ਕੁਝ ਨਵਾਂ ਹੀ ਹੁੰਦਾ ਹੈ। ਇਸ ਫ਼ਿਲਮ ਦਾ ਕਿਰਦਾਰ ਵੀ ਬਹੁਤ ਦੇਰ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦਾ ਇਕ ਸੰਵਾਦ “ਮੈਂ ਤਾਂ ਫੇਰ ਵੜ ਗਿਆ ਨਾ ਭਾਂਡੇ 'ਚ”, ਹਰ ਇਕ ਦੀ ਜ਼ੁਬਾਨ ਤੇ ਚੜ੍ਹਨ ਦੀ ਸਮਰੱਥਾ ਰੱਖਦਾ। ਫ਼ਿਲਮ ਦੀ ਪਿਆਰ ਕਹਾਣੀ ਤਿੰਨ ਨਵੇਂ ਚਿਹਰਿਆਂ ਦੁਆਲੇ ਘੁੰਮਦੀ ਹੈ। ਜਿਸ ਵਿਚ ਉਹ ਖ਼ੂਬ ਜਚੇ ਹਨ। ਜਸਰਾਜ ਭੱਟੀ ਵਿੱਚ ਸਟਾਰਡਮ ਝਲਕਦਾ ਹੈ ਪਰ ਹਾਲੇ ਵਕਤ ਲੱਗੇਗਾ ਨਿਖਾਰ ਆਉਣ 'ਚ।  ਇਕ ਹੋਰ ਆਸ ਦੀ ਕਿਰਨ ਦਿਖਾਈ ਦਿੰਦੀ ਹੈ ਕਿ ਉਹ ਆਪਣੇ ਪਿਤਾ ਜੀ ਵਾਂਗ ਪੱਗ ਦੀ ਮਹਿਮਾ ਨੂੰ ਹੋਰ ਵਧਾਏਗਾ। ਫ਼ਿਲਮ ਦੀ ਹੀਰੋਇਨ ਸੁਰੀਲੀ ਗੌਤਮ 'ਚ ਵੀ ਕਾਫ਼ੀ ਸੰਭਾਵਨਾ ਦਿਖਾਈ ਦਿੰਦੀਆਂ ਹਨ। ਪ੍ਰੇਮ ਚੋਪੜਾ, ਗੁਰਚੇਤ ਚਿੱਤਰਕਾਰ, ਜਾਫ਼ਰ, ਰਾਜੇਸ਼ ਪੂਰੀ ਅਤੇ ਹਰਪਾਲ ਨੇ ਵੀ ਆਪਣੇ ਆਪਣੇ ਰੋਲ 'ਚ ਪ੍ਰਭਾਵਿਤ ਕੀਤਾ ਹੈ । ਗੁਰਤੇਜ ਕਿਤੇ ਕਿਤੇ ਓਵਰ ਐਕਟ ਕਰਦਾ ਦਿਖਾਈ ਦਿੱਤਾ।  ਸਵਿਤਾ ਭੱਟੀ ਨੇ ਮਰਾਸਣ ਦੇ ਰੂਪ 'ਚ ਚੰਗੇ ਸੰਵਾਦ ਬੋਲੇ ਹਨ, ਭਾਵੇਂ ਕਿਤੇ ਕਿਤੇ ਉਨ੍ਹਾਂ ਦੀ ਦਿੱਖ ਮਰਾਸਣਾਂ ਜਿਹੀ ਨਹੀਂ ਦਿਖਾਈ ਦਿੱਤੀ। ਫ਼ਿਲਮ ਦਾ ਸੰਗੀਤ ਇਸ ਦਾ ਇਕ ਮਜ਼ਬੂਤ ਪੱਖ ਹੈ। ਡਇਰੈਕਸ਼ਨ 'ਚ ਉਂਝ ਤਾਂ ਕੋਈ ਕਮੀ ਨਹੀਂ ਦਿਖਾਈ ਦਿੱਤੀ ਪਰ ਇਕ ਗੱਲ ਨੇ ਮੈਨੂੰ ਬੜਾ ਹੈਰਾਨ ਕੀਤਾ ਕਿ ਬਿਜਲੀ ਮਹਿਕਮੇ 'ਚ ਐਕਸੀਅਨ ਤਕ ਰਹਿ ਚੁੱਕੇ ਭੱਟੀ ਸਾਹਿਬ ਇਹ ਕਿਵੇਂ ਭੁੱਲ ਗਏ ਕਿ ਬਿਜਲੀ ਦੀਆਂ ਦੋਹੇ ਤਾਰਾਂ ਇਕੋ ਬਾਰ 'ਚ ਪਲਾਸ ਨਾਲ ਨਹੀਂ ਕੱਟੀਆਂ ਜਾਂਦੀਆਂ। ਕਿਉਂਕਿ ਨੈਗੇਟਿਵ ਅਤੇ ਪੋਜ਼ੀਟਿਵ ਦਾ ਮੇਲ ਬਹੁਤ ਖ਼ਤਰਨਾਕ ਹੁੰਦਾ ਹੈ। ਖੈਰ ! ਮੇਰਾ ਇਹ ਸਵਾਲ ਹਨ ਅਣਸੁਲਝਿਆ ਹੀ ਰਹੇਗਾ।

ਜਿਸ ਕੰਮ ਲਈ ਜਸਪਾਲ ਭੱਟੀ ਮਸ਼ਹੂਰ ਰਹੇ ਹਨ ਉਹ ਹੈ ‘ਤਿੱਖੇ ਵਿਅੰਗ’ ਜੋ ਬੋਲਣ ਲੱਗੇ ਉਹ ਕਦੇ ਨਹੀਂ ਸਨ ਘਬਰਾਉਂਦੇ। ਇਸ ਫ਼ਿਲਮ 'ਚ ਵੀ ਇਹੋ ਜਿਹੇ ਸ਼ਬਦਾਂ ਦੇ ਤਿੱਖੇ ਤੀਰ ਉਨ੍ਹਾਂ ਚਲਾਏ ਹਨ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੇ ਉਹ ਅੱਜ ਸਾਡੇ ਵਿਚਕਾਰ ਸਹੀ ਸਲਾਮਤ ਹੁੰਦੇ ਤਾਂ ਉਹ ਸਰਕਾਰੀ ਸ਼ਿਕੰਜੇ 'ਚ ਜ਼ਰੂਰ ਫਸੇ ਹੋਣੇ ਸੀ। ਕਿਉਂਕਿ ਉਨ੍ਹਾਂ ਦੇ ਸੰਵਾਦ ਜਿਵੇਂ ਕਿ “ਜਦੋਂ ਚਾਰ ਪੜ੍ਹਿਆ ਮੰਤਰੀ ਲੱਗ ਸਕਦਾ ਤਾਂ ਨੌਕਰੀ ਕਿਉਂ ਨਹੀਂ ਕਰ ਸਕਦਾ”, “ਰਾਜ ਗਾਇਕ ਨਈ ਬਣਾਉਣਾ ਅਸੀਂ ਮੁੰਡੇ ਨੂੰ, ਫੇਰ ਤਾਂ ਉਹ ਗਾਉਣ ਤੋਂ ਵੀ ਜਾਉ", “ਬਾਲਾ ਕਿਥੇ ਆ? ਉਹ ਤਾਂ ਪਹਾੜਾਂ 'ਚ ਗਿਆ ਪਾਕਿਸਤਾਨ ਤੋਂ ਆਈ ਆਪਣੀ ਮਰਾਸਣ ਸਹੇਲੀ ਨਾਲ”।

ਦੋਸਤੋ! ਫ਼ਿਲਮ ਤੁਹਾਡੇ ਪੈਸੇ ਦਾ ਮੁੱਲ ਮੋੜਨ ਦੀ ਸਮਰੱਥਾ ਰੱਖਦੀ ਹੈ। ਉਮੀਦ ਹੈ ਭੱਟੀ ਸਾਹਿਬ ਨੂੰ ਦਿਲੋਂ ਚਾਹੁਣ ਵਾਲੇ ਜ਼ਰੂਰ ਇਸ ਫ਼ਿਲਮ ਨੂੰ ਦੇਖਣ ਜਾਣਗੇ। ਤੇ ਮੈਂ… ਮੈਂ ਇਸ ਦੁਚਿੱਤੀ 'ਚ ਹਾਂ ਕਿ ਭੱਟੀ ਸਾਹਿਬ ਨੂੰ ਸਭ ਤੋਂ ਵੱਧ ਲੋਕਾਂ ਨੂੰ ਹਸਾਉਣ ਵਾਲਾ ਬੰਦਾ ਕਹਾਂ ਕਿ ਸਭ ਤੋਂ ਵੱਧ ਲੋਕਾਂ ਨੂੰ ਰੁਆਉਣ ਵਾਲਾ… ?

****