ਅਲਵਿਦਾ ਰਾਜੇਸ਼ ਖੰਨਾ........... ਸ਼ਰਧਾਂਜਲੀ / ਤਰਸੇਮ ਬਸ਼ਰ

ਹਿੰਦੁਸਤਾਨ ਦਾ ਪਹਿਲਾ ਸੁਪਰਸਟਾਰ ਦੁਨੀਆਂ ਤੋਂ ਚਲਾ ਗਿਆ ਹੈ । ਜਦੋਂ ਹਰਮਨਪਿਆਰਤਾ ਸਾਰੇ ਮਾਪਦੰਡਾਂ ਤੋਂ ਉਪਰ ਚਲੀ ਗਈ ਤਾਂ ਰਾਜੇਸ਼ ਖੰਨਾ ਨੂੰ ਸ਼ਰਫ ਹਾਸਲ ਹੋਇਆ ਕਿ ਉਹਨਾਂ ਨੂੰ ਹਿੰਦੁਸਤਾਨ ਦੇ ਪਹਿਲੇ ਸੁਪਰਸਟਾਰ ਦੇ ਤੌਰ ਤੇ ਨਵਾਜਿ਼ਆ ਗਿਆ । 29 ਦਿਸੰਬਰ 1942 ਨੂੰ ਅੰਮ੍ਰਿਤਸਰ ਵਿੱਚ ਪੈਦਾ ਹੋਏ ਔਲਾਦ ਤੋਂ ਮਹਿਰੂਮ ਇੱਕ ਪਰਿਵਾਰ ਨੇ ਪਾਲਿਆ ਤੇ ਪੜ੍ਹਾਇਆ । ਕਲਾ ਅਤੇ ਥਿਏਟਰ ਵਿੱਚ ਉਹਨਾਂ ਦੀ ਬਚਪਨ ਤੋਂ ਹੀ ਦਿਲਚਸਪੀ ਸੀ ਤੇ ਇਸੇ ਦਿਲਚਸਪੀ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੀ ਉਸ ਪ੍ਰਤਿਭਾ ਖੋਜ ਮੁਕਾਬਲੇ ਦਾ ਹਿੱਸਾ ਬਣਨ ਜੋ ਸੰਨ 1965 ਵਿੱਚ ਫਿਲਮ ਫੇਅਰ ਵੱਲੋਂ ਕਰਵਾਇਆ ਗਿਆ ਸੀ । ਲੱਗਭੱਗ ਦਸ ਹਜ਼ਾਰ ਲੋਕਾਂ ਵਿੱਚੋਂ ਉਹਨਾਂ ਨੇ ਆਪਣੇ ਹੁਨਰ ਨੂੰ ਸਾਬਤ ਕੀਤਾ ਤੇ ਉਹਨਾਂ ਨੂੰ ਪਹਿਲੀਆਂ ਦੋ ਫਿਲਮਾਂ ਮਿਲੀਆਂ ‘ਆਖਿਰੀ ਖ਼ਤ’, ਜਿਸ ਦੇ ਨਿਰਦੇਸ਼ਕ ਸਨ ਚੇਤਨ ਆਨੰਦ ਤੇ ‘ਰਾਜ਼’, ਜਿਸ ਦੇ ਨਿਰਦੇਸ਼ਕ ਸਨ ਰਵਿੰਦਰ ਦਵੇ । ਦੋਵੇਂ ਫਿਲਮਾਂ ਵਪਾਰਿਕ ਤੌਰ ‘ਤੇ ਭਾਵੇਂ ਜਿ਼ਆਦਾ ਸਫਲ ਨਾ ਰਹੀਆਂ ਪਰ ਰਾਜੇਸ਼ ਖੰਨਾ ਆਪਣੀ ਛਾਪ ਛੱਡਣ ਵਿੱਚ ਸਫ਼ਲ ਰਹੇ ।

ਇਹ ਉਹਨਾਂ ਦੀ ਪ੍ਰਤਿਭਾ ਦਾ ਹੀ ਦਮ ਸੀ ਕਿ ਦੋਹਰੀ ਭੂਮਿਕਾ ਵਿੱਚ ਜਦੋਂ ਉਹ 1967 ਵਿੱਚ ਦਰਸ਼ਕਾਂ ਸਾਹਮਣੇ ਆਏ ਤਾਂ ਲੋਕਪ੍ਰ੍ਰਿਅਤਾ ਦੀਆਂ ਸਾਰੀਆਂ ਹੱਦਾਂ ਟੁੱਟ ਗਈਆਂ ਤੇ ਸ਼ੁਰੂ ਹੋਇਆ ਇੱਕ ਅਜਿਹਾ ਦੌਰ ਜਿਸਨੂੰ ਭਾਰਤੀ ਫਿਲਮ ਉਦਯੋਗ ਦੇ ਸੁਨਿਹਰੀ ਯੁੱਗ ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਹੈ । ਆਨੰਦ, ਬਾਵਰਚੀ,  ਆਪ ਕੀ ਕਸਮ, ਅਮਰ ਪ੍ਰੇਮ, ਰੋਟੀ, ਦੋ ਰਾਸਤੇ, ਕਟੀ ਪਤੰਗ, ਇਤਫ਼ਾਕ, ਹਮ ਦੋਨੋ, ਕਰਮ, ਨਮਕ ਹਰਾਮ ਆਦਿ ਫਿਲਮਾਂ ਸਮੇਤ ਉਹਨਾਂ ਨੇ ਦਰਸ਼ਕਾਂ ਦੀ ਝੋਲੀ ਵਿੱਚ ਦਰਜਨਾਂ ਯਾਦਗਾਰ ਫਿਲਮਾਂ ਪਾਈਆਂ । ਸੈਂਕੜੇ ਅਜਿਹੇ ਗੀਤ ਉਹਨਾਂ ‘ਤੇ ਹੀ ਫਿਲਮਾਏ ਗਏ ਜੋ ਸਦਾਬਹਾਰ ਹਨ । ਉਹਨਾਂ ਨੂੰ ਪੰਜ ਫਿਲਮਾਂ ਵਿੱਚ ਨਿਭਾਈਆਂ ਗਈਆਂ ਭੂਮਿਕਾਵਾਂ ਲਈ ਫਿਲਮ ਫੇਅਰ ਐਵਾਰਡ ਪ੍ਰਦਾਨ ਕੀਤਾ ਗਿਆ । 2005 ਵਿੱਚ ਫਿਲਮ ਫੇਅਰ ਵੱਲੋਂ ਉਹਨਾਂ ਨੂੰ ਜੀਵਨ ਵਿੱਚ ਪ੍ਰਾਪਤੀਆਂ ਬਦਲੇ ਵੀ ਸਨਮਾਨਿਤ ਕੀਤਾ ਗਿਆ ਸੀ । ਲੱਗਭੱਗ 25 ਸਾਲ ਆਪਣੀ ਅਭਿਨੈ ਕਲਾ ਦੁਆਰਾ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਬਾਅਦ ਢਲਦੀ ਉਮਰ ਮੁਤਾਬਿਕ ਕੁਝ ਵੱਖਰਾ ਕਰਨ ਬਾਰੇ ਸੋਚਿਆ ਭਾਵੇਂ ਕਿ ਉਹਨਾਂ ਨੇ ਇਸੇ ਦੌਰਾਨ ਕੁਝ ਚੁਣੌਤੀ ਭਰਪੂਰ ਚਰਿੱਤਰ ਕਿਰਦਾਰ ਵੀ ਨਿਭਾਏ, ਜਿੰਨ੍ਹਾਂ ਵਿੱਚ ਫਿਲਮ ਅਵਤਾਰ ਤੇ ਆਜ ਕਾ ਐਮ ਐਲ ਏ ਵਿੱਚ ਨਿਭਾਈਆਂ ਭੂਮਿਕਾਵਾਂ ਆਪਣੀ ਅਮਿੱਟ ਛਾਪ ਛੱਡਣ ਵਿੱਚ ਸਫਲ ਰਹੀਆਂ । ਫਿਰ 1991 ਵਿੱਚ ਉਹ ਫਿਲਮਾਂ ਤੋਂ ਸੰਨਿਆਸ ਲੈ ਕੇ ਰਾਜਨੀਤੀ ਵਿੱਚ ਚਲੇ ਗਏ । ਉਹ ਕਾਂਗਰਸ ਪਾਰਟੀ ਵੱਲੋਂ ਐਮ ਪੀ ਬਣੇ ਤੇ ਸਰਗਰਮ ਹੋ ਕੇ ਲੋਕ ਸੇਵਾ ਵਿੱਚ ਲੱਗੇ ਰਹੇ । ਉਹਨਾਂ ਦਾ ਵਿਆਹ 1973 ਵਿੱਚ ਮਸ਼ਹੂਰ ਅਭਿਨੇਤਰੀ ਡਿੰਪਲ ਕਾਪਡੀਆ ਨਾਲ ਹੋਇਆ ਸੀ । ਉਹ ਦੋ ਬੇਟੀਆਂ ਟਵਿੰਕਲ ਖੰਨਾ ਅਤੇ ਰਿੰਕਲ ਖੰਨਾ ਦੇ ਪਿਤਾ ਬਣੇ । ਅਭਿਨੇਤਾ ਅਕਸ਼ੈ ਕੁਮਾਰ ਉਹਨਾਂ ਦੀ ਬੇਟੀ ਟਵਿੰਕਲ ਖੰਨਾ ਦੇ ਪਤੀ ਹੈ । 18 ਜੁਲਾਈ 2012 ਨੂੰ ਰਾਜੇਸ਼ ਖੰਨਾ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਪਰ ਉਹ ਆਪਣੀਆਂ ਯਾਦਗਾਰ ਭੂਮਿਕਾਵਾਂ ਰਾਹੀਂ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਿੰਦਾ ਰਹਿਣਗੇ । ਉਹਨਾਂ ਦੇ ਜਾਣ ਨਾਲ ਹਰਮਨ ਪਿਆਰਤਾ ਦਾ ਇੱਕ ਅਜਿਹਾ ਅਧਿਆਏ ਬੰਦ ਹੋ ਗਿਆ ਹੈ ਜੋ ਸ਼ਾਇਦ ਹੀ ਦੁਬਾਰਾ ਦੇਖਣ ਨੂੰ ਮਿਲੇ । 

****