ਬੀਜੀ ਦਾ ਭਾਰ......... ਅਭੁੱਲ ਯਾਦਾਂ / ਰਾਜਪਾਲ ਸੰਧੂ

ਕਲ ਦੁਪਹਿਰੇ ਤੇਰੀ ਯਾਦ, ਕਰੇਲਾ ਗੁੱਤਾਂ ਤੇ ਖੱਟੇ ਰਿਬਨ ਪਾਈ ਸਾਡੀ ਕੰਧ ਦੇ ਪਰਛਾਂਵੇ ਹੇਠ ਖੇਡਦੀ ਰਹੀ।

ਛੁੱਟੀਆਂ ਫ਼ਿਰ ਮੁਕ ਗਈਆਂ ਸਨ। ਅੱਜ ਇਕ ਵਾਰੀ ਫ਼ਿਰ ਵਕਤ ਨੇ ਮੈਨੂੰ ਜਹਾਜੀ ਪਿੰਜਰੇ ਵਿਚ ਬੰਦ ਕਰ ਕਾਲੇ ਪਾਣੀ ਨੂੰ ਤੋਰ ਦੇਣਾ ਸੀ ।ਬਚੇ ਖੁਚੇ ਲਪ ਕੁ ਪਲਾਂ ਨੂੰ ਗਲਵਕੜੀਆਂ ਪਾਉਣ ਮੈਂ ਉਪਰ ਆ ਗਿਆ ਸੀ ।
ਮੈਂ ਚੁਬਾਰੇ ਤੇ ਖੜੇ ਵੇਖ ਰਿਹਾ ਹਾਂ ਕਿ, ਹੇਠਾਂ ਬੀਜੀ ਗੇਟ ਦੀਆਂ ਪਾਉੜੀਆਂ ਚੜ ਰਹੇ ਨੇ।

ਇਕ ਇਕ ਪਾਉੜੀ ਉਹਨਾਂ ਦੇ ਕਦਮਾਂ ਨੂੰ ਜਿਵੇਂ ਕਿ ਛੱਡਣਾ ਨਹੀਂ ਚਾਹੁੰਦੀ ਸੀ। 72 ਕੁ ਸਾਲ ਦੀ ਉਮਰ, ਗਹਿਰੀਆਂ ਅੱਖਾਂ, ਸਰੀਰ ਵਿਚ ਤਾਕਤ ਹੈ ਸੀ ਅਜੇ । ਨਾ ਐਣਕਾਂ, ਨਾ ਸੋਟੀ ਕਿਸੇ ਕਿਸਮ ਦਾ ਸਹਾਰਾ ਨਹੀਂ ਲਿਆ ਸੀ ਉਹਨਾਂ ਨੇ।

ਐਪਰ ਮੈਨੂੰ ਇਹ ਗਲ ਕਤਈ ਚੰਗੀ ਨਹੀਂ ਲਗਦੀ। ਬਈ ਬੰਦੇ ਕੋਲ ਆਪਣਾ ਸਮਾਨ ਵੀ ਹੂੰਦਾ ਹੈ ।ਮੈਨੂੰ ਤਾਂ ਸਮਾਨ ਲੈ ਕੇ ਜਾਣ ਅਤੇ ਲਿਆਉਣ, ਦੋਹਵਾਂ ਵਿਚ ਦਿੱਕਤ ਹੈ । ਮੈਂ ਫ਼ਕੀਰਾਂ ਵਾਂਗ ਇਕ ਝੋਲ਼ੇ ਨਾਲ ਹੀ ਦੁਨੀਆਂ ਵੇਖ ਕੇ ਖੁਸ਼ ਹਾਂ। ਅੱਜ ਫ਼ਿਰ ਉਹੀ ਹੋ ਰਿਹਾ ਸੀ ।

ਅਜ ਰਾਤ ਨੂੰ ਮੇਰੀ ਫ਼ਲਾਈਟ ਸੀ ਅਤੇ ਮੇਰੇ ਆਲੇ ਦੁਆਲੇ ਦੇ ਗੁਆਂਢੀ, ਦੋਸਤ, ਰਿਸ਼ਤੇਦਾਰ, ਹੋਰ ਸੱਜਣ ਮਿੱਤਰ ਸਵੇਰ ਤੋਂ ਲੈ ਕੇ ਹੁਣ ਤਕ ਮੇਰੇ ਆਪਣੇ ਸਮਾਨ ਨਾਲੋਂ ਵਧ ਸਮਾਨ ਅੰਮੀ ਨੂੰ ਦੇ ਗਏ ਸਨ। ਅੰਮੀ ਵੀ ਕਿਸੇ ਨੂੰ ਨਾਂਹ ਨਹੀਂ ਕਹਿੰਦੇ। ਹਾਲਾਂਕਿ ਮੈਂ ਰਾਤ ਕਿਹਾ ਸੀ ਕਿ ਮੈਂ ਕਿਸੇ ਦਾ ਸਮਾਨ ਨਹੀਂ ਲੈ ਕੇ ਜਾਣਾ।

ਅਤੇ ਉਹਨਾਂ ਵੀ ਹਮੇਸ਼ਾ ਵਾਂਗ ਕਿਹਾ ਸੀ "ਸਮਾਨ ਤੂੰ ਕਿਹੜਾ ਮੋਢੇ ਤੇ ਚੁੱਕ ਕੇ ਲਿਜਾਣਾ ਹੁੰਦਾ, ਘਰ ਮੂਹਰੇ ਕਾਰ, ਅਗੋਂ ਜਹਾਜ਼ ਵਿਚ, ਦੂਜੇ ਪਾਸੇ ਫਿਰ ਉਹੀ ਕੰਮ। ਇਸ ਵਿਚ ਪਰੇਸ਼ਾਨੀ ਕੀ ਹੈ ਰਾਜੇ” ?

"ਦਿਕਤ ਹੈ, ਬਸ ਮੈਨੂੰ ਨਹੀਂ ਪਤਾ”, ਮੈਂ ਅੰਮੀ ਨੂੰ ਟੁੱਟ ਕੇ ਪੈ ਜਾਂਦਾ "ਬਸ ਮੈਂ ਨਹੀਂ ਲੈ ।।"

ਅੰਮੀ ਸਹਿਮ ਜਾਂਦੀ… ਉਠ ਕੇ ਦੂਰ ਹੁੰਦੀ ਕਹਿੰਦੀ "ਚਲ ਕੋਈ ਨਾ ਉਹ ਜਾਣੇ, ਤੂੰ ਨਾ ਲਿਜਾਵੀਂ ਬਸ, ਆਪਾਂ ਕਿਸੇ ਹੋਰ ਦੇ ਹੱਥ ਭੇਜ ਦਿਆਂਗੇ" । ਅੰਮੀ ਹਰ ਵਾਰੀ 'ਇਸ ਦਿਨ' ਮੈਨੂੰ ਵੰਨ ਸੁਵੰਨੀਆਂ ਸੌਗਾਤਾਂ ਬਣਾ ਕੇ ਖ਼ਵਾਉਂਦੀ ਇਹੀ ਕਹਿ ਛੱਡਦੀ । ਅੰਤ ਫਿਰ ਮੇਰੇ ਇਕ ਨਿਕਚੂ ਜਿਹੇ ਬੈਗ ਦੇ ਨਾਲ ਇਕ 40 ਕਿਲੋ ਦਾ ਅਟੈਚੀ ਤਿਆਰ ਹੁੰਦਾ ।

ਮੈਂ ਗੱਡੀ ਵਿਚ ਬਹਿਣ ਲਗਾ ਅੰਮੀ ਨੂੰ ਕਹਿੰਦਾ, "ਬਸ ਅੰਮੀ।। ਅਗਲੀ ਵਾਰੀ ਮੈਂ ਨਹੀਂ…" ਅੰਮੀ ਆਪਣੀਆਂ ਉਦਾਸ ਅੱਖਾਂ ਨਾਲ ਮੈਨੂੰ ਵੇਖਦੀ, ਪਿਆਰਦੀ ਅਤੇ ਗੱਡੀ ਤੁਰਨ ਤੋਂ ਪਹਿਲਾਂ ਹੀ ਅੰਦਰ ਨੂੰ ਮੁੜ ਜਾਂਦੀ । ਮਾਂ ਬਾਰੇ ਮੈਂ ਨਾਨਕ ਦੀ ਇਕ ਪੰਕਤੀ ਕਹਿੰਦਾ ਹਾਂ , "ਲੇਖਾਂ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ"…। ਮਾਂ ਬਾਰੇ ਕੌਣ ਲਿਖ ਸਕਦਾ ਹੈ। ਗੱਡੀ ਦੇ ਸ਼ੀਸ਼ੇ ਮੈਨੂੰ ਕਈ ਦੇਰ ਤਕ ਧੁੰਧਲੇ ਨਜ਼ਰ ਆਉਂਦੇ ਨੇ।

ਅਜ ਤਾਂ ਮੈਂ ਪੱਕਾ ਧਾਰ ਲਿਆ ਸੀ । ਬੀਜੀ ਦਾ ਸਮਾਨ ਤਾਂ ਬਿਲਕੁਲ ਨਹੀਂ ,ਸਾਫ਼ ਨਾਂਹ ਕਰ ਦੇਣੀ ਹੈ ।

ਬੀਜੀ ਹੇਠਾਂ ਬੈਠਕ ਵਲ ਤੁਰ ਗਈ ਤੇ ਮੈਂ ਚੁਬਾਰਾ ਉਤਰ ਕੇ ਨਹਾਉਣ ਚਲਾ ਗਿਆ । ਮੇਰੇ ਦਿੱਲੀ ਜਾਣ ਦਾ ਵਿਚ 2 ਘੰਟੇ ਪਏ ਸਨ ।  ਅੰਮੀ ਨੇ ਸਮਾਨ ਸਾਰਾ ਮੇਰੇ ਬੈਡ ਕੋਲ ਕੱਠਾ ਕਰ ਦਿਤਾ ਸੀ ।

"ਰਾਜੇ, ਆਹ ਬੀਜੀ ਆਪਣੇ, ਇਹਨਾਂ ਦਾ ਪੋਤਰਾ" ਅੰਮੀ ਦੀ ਗਲ ਵਿਚੇ ਸੀ, ਮੈਂ ਫਿੱਕੀ ਜੀ ਸਸਰੀਕਾਲ ਬੁਲਾਈ ਤੇ ਆਪਣੇ ਕਮਰੇ ਵਿਚ ਵੜ ਗਿਆ । ਮੈਨੂੰ ਸੁਣ ਰਿਹਾ ਸੀ ਅੰਮੀ ਕਹਿ ਰਹਿ ਸਨ "ਬੜਾ ਥੱਕ ਗਿਆ, ਪਹਿਲਾਂ ਕੋਈ  ਵਿਹਾਹ ਸੀ, ਫ਼ਿਰ ਕਿਸੇ ਦੋਸਤ ਨਾਲ ਚਲਾ ਗਿਆ…। ਇਹ ਤੇ ਜਦੋਂ ਵੀ ਆਉਂਦਾ ਬਸ ਆਪਣੀ ਕਿਤਾਬਾਂ ਹੀ ਲੈ ਕੇ ਜਾਂਦਾ …। ਆਪਦੀ ਵੀ ਛਪਾਈ ਸੁ ਇਸ ਵਾਰੀ, ਉਹੀ ਲੈ ਕੇ ਚਲਿਆ ਭਾਰ।।", ਅੰਮੀ ਬੋਲੀ ਜਾ ਰਹੇ ਸਨ ।

ਮੈਂ ਬੂਹੇ ਦੀ ਝੀਤ ਵਿਚੋਂ ਦੇਖਿਆ, ਬੀਜੀ ਮਿੱਠੀ ਜਿਹੀ ਮੁਸਕਾਨ ਨਾਲ ਸ਼ਾਲ ਦੀ ਬੁੱਕਲ ਮਾਰੀ ਕਦੀ ਅੰਮੀ ਵਲ ਤੇ ਕਦੇ ਮੇਰੀ ਕੰਧ ਤੇ ਲਗੀ ਫ਼ੋਟੋ ਵਲ ਵੇਖ ਰਹੇ ਸਨ । ਮੈਂ ਬੂਹਾ ਘੁੱਟ ਕੇ ਬੰਦ ਕੀਤਾ ਤੇ ਆਪਣੀਆਂ ਕਿਤਾਬਾਂ ਨੂੰ ਬੈਗ ਵਿਚ ਸੈਟ ਕਰਨ ਲੱਗ ਪਿਆ। ਮੈਨੂੰ ਵਾਪਿਸ ਜਾਣਾ ਚੰਗਾ ਨਹੀਂ ਲਗਦਾ। ਹਰ ਵਾਰ ਛੁੱਟੀ ਵਧਾਉਨਾ ਹਾਂ। ਬਹਾਨੇ ਲਾਉਂਦਾ ਹਾਂ। ਪਹਿਲਾਂ ਉਧਰ ਜਾਣ ਦੀ ਜਿੱਦ ਸੀ, ਹੁਣ ਇਧਰ ਰਹਿਣ ਦੀ ਜਿੱਦ ਕਰਦਾ ਹਾਂ। ਮੇਰਾ ਕੁਝ ਨਹੀਂ ਹੋ ਸਕਦਾ। ਸੋਚ ਰਿਹਾ ਸੀ ਕਿ 2012 ਵਿਚ ਕੁੰਭ ਦਾ ਮੇਲਾ ਵੇਖਣ ਆਵਾਂਗਾ ਅਤੇ ਉਥੇ ਕਿਸੇ ਸਾਧਾਂ ਨਾਲ ਰਲ ਜਾਣਾ ਬਸ।

ਅਜੇ ਮੈਂ ਕਿਤਾਬਾਂ ਪੂਰੀਆਂ ਸੈਟ ਨਹੀਂ ਕੀਤੀਆ ਸਨ ਕਿ ਮੇਰਾ ਬੂਹਾ ਹੌਲੀ ਜਿਹੀ ਖੁਲ ਗਿਆ। ਬੂਹੇ ਵਿਚ ਬੀਜੀ ਨੂੰ ਵੇਖ ਕੇ ਮੈਨੂੰ ਚੰਗਾ ਨਾ ਲਗਿਆ । ਕੁਝ ਆਦਤਾਂ ਬਾਹਰ ਜਾ ਕੇ ਵਿਗੜ ਜਾਂਦੀਆਂ ਨੇ ਜਾਂ ਸੁਧਰ ਜਾਂਦੀਆਂ ਨੇ?  ਬਜੁਰਗਾਂ ਨੂੰ ਤਹਜ਼ੀਬ ਸਿਖਾਉਣਾ ਬੱਚਿਆ ਤਾਂ ਕੰਮ ਨਹੀਂ ਹੁੰਦਾ? ਮਗਰ ਤਹਜ਼ੀਬ ਹੁੰਦੀ ਕੀ ਹੈ ?

ਜਦ ਦੇ ਬੀਜੀ ਆਏ ਸਨ, ਮੈਂ ਉਹਨਾਂ ਦੇ ਮੂੰਹੋਂ ਇਕ ਵੀ ਲਫ਼ਜ਼ ਨਹੀਂ ਸੁਣਿਆ ਸੀ। ਮੈਨੂੰ ਪਤਾ ਉਹ ਆਪਣੇ ਪੋਤਰੇ ਲਈ ਸਮਾਨ ਲੈ ਆਏ ਹੋਣੇ ਨੇ ਪਰ ਮੈਨੂੰ ਹੁਣ ਤਕ ਸਮਾਨ ਵਾਲਾ ਝੋਲਾ ਜਾਂ ਲਿਫ਼ਾਫ਼ਾ ਨਹੀਂ ਦਿਸਿਆ ਸੀ। ਬਾਹਰ ਬੈਠਕ ਵਿਚ ਸਸਰੀਕਾਲ ਬੁਲਾਉਣ ਲਗਾ ਮੈਂ ਨਿਗਾਹ ਮਾਰ ਲਈ ਸੀ। ਸ਼ਾਇਦ ਬੀਜੀ ਦੀ ਪੋਤਰੀ ਲੈ ਕੇ ਆਉਂਦੀ ਹੋਣੀ । ਮੈਂ ਲਗਭਗ ਸੋਚ ਹੀ ਲਿਆ ਸੀ ਮੈਂ ਨਾਂਹ ਕਰ ਦੇਣੀ ਹੈ ।

ਬੀਜੀ ਮੇਰੇ ਬੈਡ ਦੇ ਕੋਲ ਤਕ ਹੀ ਆ ਗਏ ਅਤੇ ਹੌਲੀ ਜਿਹੀ ਕੁਰਸੀ ਦਾ ਸਹਾਰਾ ਲੈ ਕੇ ਬੈਠ ਗਏ। ਉਹਨਾਂ ਸ਼ਾਲ ਦੀ ਬੁੱਕਲ ਦੁਬਾਰਾ ਮਾਰੀ ਤੇ ਮੁਸਕਾਉਂਦੇ ਹੋਏ ਮੈਨੂੰ ਵੇਖਦੇ ਰਹੇ । ਮੈਂ ਵੀ ਸੋਚ ਲਿਆ ਸੀ ਜਦੋਂ ਇਹ ਸਮਾਨ ਬਾਰੇ ਕਹਿਣਗੇ ਤਾਂ ਹੀ ਜਵਾਬ ਦੇਵਾਂਗਾ।

ਉਤਨੀ ਦੇਰ ਵਿਚ ਮੇਰਾ ਇਕ ਫੋਨ ਆ ਗਿਆ। ਮੈਨੂੰ ਫਿਰ ਬੜਾ ਅਜੀਬ ਲੱਗਾ ਕਿ ਬੀਜੀ ਸਾਹਮਣੇ ਬੈਠੇ ਨੇ, ਹੁਣ ਦੋਸਤ ਨਾਲ ਗੱਲ ਵੀ ਖੁੱਲ੍ਹ ਕੇ ਨਹੀਂ ਕਰ ਸਕਦਾ। ਉਹ ਬੈਠੇ ਰਹੇ ਮੈਂ ਗੱਲਾਂ ਕਰਦਾ ਰਿਹਾ । ਗੱਲਾਂ ਗੱਲਾਂ ਵਿਚ ਮੈਂ ਦੋਸਤ ਨੂੰ ਵੀ ਕਿਹਾ ਕਿ ਸਮਾਨ ਬੁਹਤ ਜਿਆਦਾ ਹੋ ਗਿਆ ਤੇ ਮੈਨੂੰ ਲਗਦਾ ਹੈ ਇਕ ਅੱਧਾ ਬੈਗ ਛੱਡ ਕੇ ਹੀ ਜਾਣਾ ਪੈਣਾ। ਕੋਈ ਦਸ ਮਿੰਟ ਬੀਤ ਗਏ ਸਨ। ਹਾਰ ਮੈਂ ਫੋਨ ਕਟ ਕੇ ਕਿਹਾ, "ਬੀਜੀ ਸਮਾਨ ਬਹੁਤ ਹੋ ਗਿਆ, ਆਹ ਵੇਖੋ ਮੇਰੀਆਂ ਕਿਤਾਬਾਂ ਵੀ ਨਹੀਂ ਆ ਰਹੀਆਂ ਕਿਤੇ ।"

"ਪੁੱਤ ਪ੍ਰਸ਼ਾਦ ਵੀ ਨਹੀਂ ਲਿਜਾਣ ਦਿੰਦੇ ਹੁਣ, ਮੈਂ ਸੁਣਿਆ?" ਮੈਂ ਬੀਜੀ ਦੀ ਮਿੱਠੀ ਪਰ ਭਰਵੀਂ ਅਵਾਜ ਸੁਣ ਕੇ ਰੁਕ ਗਿਆ

 "ਨਾਂ ਬੀਜੀ, ਕੁਝ ਨਹੀਂ, ਨਾ ਮਿਠਾਈ,  ਨਾ ਪੰਜੀਰੀ ... ਬਹੁਤ ਸਖਤੀ ਕੀਤੀ ਅੱਜਕੱਲ । ਜੁਰਮਾਨਾ ਵੀ ਕਰ ਦਿੰਦੇ ਆ, ਕੁੱਤੇ ਰੱਖੇ ਉਹਨਾਂ ਨੇ। ।ਸੁੰਘ ਲੈਂਦੇ ਆ”, ਮੈਨੂੰ ਪਤਾ ਸੀ ਬੀਜੀ ਨੇ ਪੰਜੀਰੀ ਬਣਾ ਕੇ ਲਿਆਂਦੀ ਹੋਣੀ ।

ਅਗਲੇ ਕੁਝ ਮਿੰਟਾਂ ਤੱਕ ਸਾਡੀ ਕੋਈ ਹੋਰ ਗਲ ਨਾ ਹੋਈ । ਮੈਂ ਹੁਣ ਇਹ ਚਾਹੁੰਦਾ ਸੀ ਕਿ ਬੀਜੀ ਸਮਾਨ ਕੱਢਣ, ਮੈਂ ਨਾਂਹ ਕਹਾਂ ਤੇ ਉਹ ਮੇਰੇ ਕਮਰੇ ਵਿਚੋਂ ਬਾਹਰ ਨਿਕਲਣ। ਮੈਂ ਕਾਹਲਾ ਪਿਆ ਹੋਇਆ ਸੀ।

"ਕੀ ਯਾਰ, ਆਹ ਸਮਾਨ ਫ਼ਿਰ ਨਹੀਂ ਪੂਰਾ ਆ ਰਿਹਾ ।  ਡਰੈਵਰ ਪਤਾ ਨਹੀਂ ਕਿਥੇ ਚਲਾ ਗਿਆ", ਮੈਂ ਬਾਹਰ ਅੰਮੀ ਨੂੰ ਸੁਣਾ ਕੇ ਉੱਚੀ ਉੱਚੀ ਬੋਲਣ ਲੱਗਾ।

"ਉਰੇ ਹੋ ਜ਼ਰਾ ਕੁ ਪੁੱਤ", ਅਚਾਨਕ ਬੀਜੀ ਨੇ ਕੁਰਸੀ ਦਾ ਸਹਾਰਾ ਲੈ ਕੇ ਉਠਦੇ ਹੋਏ ਕਿਹਾ ।

ਮੈਂ ਬੈਗ ਤੇ ਝੁਕਿਆ ਹੋਇਆ ਥੋਹੜਾ ਨੇੜੇ ਹੋ ਗਿਆ, ਮੈਨੂੰ ਪਤਾ ਸੀ ਹੁਣ ਉਹਨਾਂ ਸਮਾਨ ਫੜਾਉਣਾ ਹੈ ।

"ਆਹ ਲੈ ਭੋਰਾ ਕੁ ਪਰਸ਼ਾਦ ਹੈ ਮੁੰਹ ਖੋਹਲ", ਬੀਜੀ ਦੇ ਹੱਥ ਮੇਰਾ ਮੂੰਹ ਟੋਹ ਟੋਹ ਕੇ ਬੁਲ੍ਹਾਂ ਕੋਲ ਆ ਕੇ ਰੁਕ ਗਏ

"ਲੈ... ਮੈਂ ਅੱਜ ਬਸ ‘ਤੇ ਜਾ ਕੇ ਪਿੰਡ ਵਾਲੇ ਗੁਰੂਦੁਆਰੇ ਤੋਂ ਲੈ ਕੇ ਆਈਂ ਹਾਂ । ਉਹਦੇ ਤੱਕ ਉਹਨਾਂ ਜਾਣ ਨਹੀਂ ਦੇਣਾ । ਤੂੰ ਹੀ ਖਾ ਲਾ । ਜਿਹੋ ਜਿਹਾ ਤੂੰ ਖਾਧਾ, ਉਹੋ ਜਿਹਾ ਉਹਨੇ", ਬਜੁਰਗ ਉਂਗਲਾਂ ਦੇ ਨਾਲ ਲੱਗਾ ਭੋਰਾ ਕੁ ਪਰਸ਼ਾਦ ਮੈਂ ਬੁਲ੍ਹਾਂ ਨਾਲ ਚੁੱਕਿਆ ਤੇ ਅੱਗੇ ਲੰਘਾ ਗਿਆ।

"ਜਿਉਂਦਾ ਰਹਿ ਪੁਤਰ, ਮੇਰੇ ਪੁੱਤ ਨੂੰ ਗਲ ਨਾਲ ਲਾਵੀਂ ਘੁੱਟ ਕੇ, ਮੇਰੇ ਕਾਲਜੇ ਠੰਡ ਪੈ ਜਾਊ । ਬਸ ਇਹੀ ਮੇਰਾ ਸਮਾਨ ਲੈ ਜਾਵੀਂ ਮੇਰਾ ਬੀਬਾ ਪੁੱਤ", ਬੀਜੀ ਨੇ ਮੇਰਾ ਸਿਰ ਪਲੋਸਿਆ, ਚੁੰਮਿਆ, ਮੈਨੂੰ ਘੁੱਟ ਕੇ ਗਲ ਲਾਇਆ ਤੇ ਫਿਰ ਇਕਦਮ ਹੀ ਛੱਡ ਕੇ ਮੂੰਹ ਤੇ ਸ਼ਾਲ ਲੇ ਬਾਹਰ ਨੂੰ ਨਿਕਲ ਗਏ ।

ਅਜ ਕਈ ਸਾਲ ਬੀਤ ਗਏ ਅਾਸਟ੍ਰੇਲੀਆ ਵਿਚ, ਬੀਜੀ ਦਾ ਸਮਾਨ ਸੀਨੇ ਤੇ ਚੁੱਕੀ ਫਿਰਦਾ ਹਾਂ। ਨਾ ਉਸਦਾ ਪੋਤਰਾ ਮਿਲਦਾ, ਨਾ ਮੈਂ ਇਹ ਭਾਰ ਭੁੰਜੇ ਹੀ ਰੱਖ ਸਕਦਾਂ।

ਇਤਨਾ ਭਾਰ ਕਿਉਂ ਚੁਕਾਇਆ ਬੀਜੀ ਨੇ, ਪੁੱਛ ਨਹੀਂ ਸਕਦਾ, ਉਹ ਹੁਣ ਇਸ ਜਹਾਨ ਵਿਚ ਨਹੀਂ ਹਨ।

****