ਪਾਪਾ ਕਿਤੇ ਨੇੜੇ-ਤੇੜੇ ਹੀ ਹੈ...........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਸੱਚੀ ਗੱਲ ਹੈ,ਜਿੱਦਣ ਦਾ ਪਾਪਾ ਚਲਾ ਗਿਐ, ਲਗਦਾ ਨਹੀਂ ਕਿ ਕਿਧਰੇ ਦੂਰ ਤੁਰ ਗਿਆ ਹੈ, ਲਗਦੈ ਕਿ ਹੁਣੇ ਹੀ ਕਿਧਰੋਂ ਆ ਆਏਗਾ ਤੇ ਕਹੇਗਾ ਕਿ ਮੱਝਾਂ ਨੂੰ ਪੱਠੇ ਪਾਏ ਆ ਕਿ ਨਹੀ? ਪਾਣੀ ਪਿਲਾਇਆ ਐ ਕੇ ਨਹੀਂ? ਫਿਰ ਆਪੇ ਈ ਮੱਝਾਂ ਵਾਲੇ ਵਾੜੇ ਵੱਲ ਨੂੰ ਜਾਏਗਾ ਤੇ ਪੱਠਿਆਂ ਵਾਲੀਆਂ ਖੁਰਲੀਆਂ ਵਿੱਚ ਹੱਥ ਮਾਰੇਗਾ। ਕੁਤਰੇ ਵਾਲੀ ਮਸ਼ੀਨ ਅੱਗਿਓਂ ਟੋਕਰੇ ਭਰ ਕੇ ਮੱਝਾਂ ਅੱਗੇ ਸੁੱਟ੍ਹੇਗਾ। ਪੱਠੇ ਸੁੱਟ੍ਹਣ ਮਗਰੋਂ ਮੱਝਾਂ ਨੂੰ ਥਾਪੀਆਂ ਦੇਵੇਗਾ ਤੇ “ਸਾਬਾਸ਼ੇ ਥੋਡੇ ਜਿਊਣ ਜੋਗੀਓ...” ਜਿਹੀਆਂ ਅਸੀਸਾਂ ਦੇ ਕੇ ਘਰ ਆ ਜਾਏਗਾ। ਘਰ ਦੇ ਕਿਸੇ ਜੀਅ ਨੂੰ ਕਹੇਗਾ, “ਲਿਆਓ ਠੰਢੇ ਪਾਣੀ ਦਾ ਗਲਾਸ ਦਿਓ...ਅੱਜ ਤੇਹ ਬੜੀ ਲੱਗੀ ਆ।” ਵਿਹੜੇ ਵਿੱਚ ਪਏ ਵਾਣ ਦੇ ਮੰਜੇ ‘ਤੇ ਲੇਟ ਜਾਏਗਾ। ਮਾਂ ਨੂੰ ਉਲਾਂਭ੍ਹਾ ਦੇਵੇਗਾ, “ਕਦੇ ਦੌਣ ਵੀ ਕੱਸ ਲਿਆ ਕਰੋ ਮੰਜਿਆਂ ਦੀ? ਭੋਰਾ ਵੀ ਕੰਮ ਕਰਕੇ ਰਾਜ਼ੀ ਨਹੀ ਤੁਸੀਂ...!”
ਹੁਣ ਜਦੋਂ ਪਾਪਾ ਦੇ ਭੋਗ ਮੌਕੇ ਮੇਰੇ ਗਲ ਵਿੱਚ ਮੁਹਤਵਰਾਂ ਸੱਜਣਾ ਨੇ ਜਿ਼ੰਮੇਵਾਰੀ ਦਾ ਪਰਨਾ ਪਾਇਆ ਤਾਂ ਮੈਨੂੰ ਵੀ ਆਪਣੇ ਸਿਰ ਪੈ ਗਈ ਜਿ਼ੰਮੇਵਾਰੀ ਦਾ ‘ਕੁਝ-ਕੁਝ’ ਅਹਿਸਾਸ ‘ਅੰਦਰੋਂ-ਅੰਦਰੋਂ’ ਜਾਗਿਆ। ਪਹਿਲਾਂ ਅਜਿਹੇ ਅਨੇਕਾਂ ਮੌਕਿਆਂ ਉਤੇ ਜਿ਼ੰਮੇਵਾਰੀ ਦੇ ਪਰਨੇ ਤੇ ਪੱਗਾਂ ਦਿੰਦੇ-ਲੈਂਦੇ ਬਹੁਤ ਲੋਕਾਂ ਨੂੰ ਦੇਖਿਆ ਹੋਇਆ ਸੀ ਪਰ ਅੰਦਰਲਾ ‘ਉਹ’ ਅਨੁਭਵ ਨਹੀਂ ਸੀ, ਜੁ ਉਸ ਦਿਨ ਹਜ਼ਾਰਾਂ ਲੋਕਾਂ ਦੀ ਗਿਣਤੀ ਵਿਚ ਹੋ ਰਿਹਾ ਸੀ। ਸਾਡਾ ਗਾਇਕ ਮਿੱਤਰ ਹਰਿੰਦਰ ਸੰਧੂ ਫਰੀਦਕੋਟੀਆ ਇੱਕ ਗੀਤ ਗਾਉਂਦਾ ਹੁੰਦਾ ਬੜੇ ਵਾਰੀ ਸੁਣਿਆ, ਜਿਸ ਦੇ ਬੋਲ ਹਨ:
            ਹਸਦੀ-ਵਸਦੀ ਦੁਨੀਆਂ ਲੋਕੋ ਲਗਦੀ ਵਾਂਗ ਉਜਾੜਾਂ
            ਬਾਬਲ ਮਰਿਆਂ ਮਰਦੀਆਂ ਸਭ ਐਸ਼ ਬਹਾਰਾਂ...
ਇਸ ਗੀਤ ਦੀ ਅੰਤਰ-ਆਤਮਾ ਵਿੱਚ ਛੁਪੇ ਦਰਦ ਦਾ ਅਹਿਸਾਸ ਵੀ ਉਦੋਂ ਹੀ ਹੋਇਆ, ਜਦ ਉਹ ਪਾਪਾ ਨੂੰ ਭੋਗ ਮੌਕੇ ਗਾ ਕੇ ਸ਼ਰਧਾਂਜਲੀ ਭੇਟ ਕਰ ਰਿਹਾ ਸੀ। ਸੱਚੀ ਗੱਲ ਹੈ, ਬਾਪ ਦੇ ਸਿਰ ਉਤੇ ਹੁਣ ਤੀਕ ਢੋਲੇ ਦੀਆਂ ਲਾਈਆਂ ਸਨ। ਕਿਸੇ ਚੀਜ਼ ਦਾ ਡੱਕੇ ਜਿੰਨਾ ਫਿ਼ਕਰ ਨਹੀਂ ਸੀ। ਨਾ ਲੂਣ-ਪਾਣੀ ਦਾ। ਨਾ ਆਟੇ-ਕੋਟੇ ਦਾ। ਨਾ ਖੇਤ ਜਾਣ ਦਾ। ਨਾ ਮੱਝ ਚੋਣ ਦਾ। ਨਾ ਕਿਸੇ ਰਿਸ਼ਤੇਦਾਰੀ ਦੀ ਰਸਮ-ਰੀਤ ਦਾ। ਬਾਪ ਦੇ ਹੁੰਦਿਆਂ ਦੇਸ਼-ਦੁਨੀਆਂ ਵੀ ਘੁੰਮ ਲਈ। ਬਾਈ ਹਰਭਜਨ ਮਾਨ ਵੀ ਗਾਉਂਦਾ ਹੁੰਦੈ:
                ਬਾਬਲ ਹੁੰਦਿਆਂ ਬੇਪਰਵਾਹੀਆਂ ਸਾਰਾ ਆਲਮ ਕਹਿੰਦਾ
                 ਮਾਪੇ ਠੰਢੀਆਂ ਛਾਵਾਂ ਹੁੰਦੇ ਰੱਬ ਯਾਦ ਨਾ ਰਹਿੰਦਾ....
 ਯਾਦ ਆ ਰਿਹੈ ਕਿ ਜਦ ਵੀ ਘਰੋਂ ਬਦੇਸ਼ ਨੂੰ ਤੁਰਨ ਲਗਦਾ ਸਾਂ ਤਾਂ ਮਾਂ ਭਾਵੇਂ ਮੇਰੇ ਸਾਹਮਣੇ ਮਨ ਹੌਲਾ ਨਾ ਕਰਦੀ (ਬਾਅਦ ਵਿੱਚ ਕਰ ਲੈਂਦੀ) ਪਰ ਪਾਪਾ ਅੱਖਾਂ ‘ਚ ਅੱਥਰੂ ਭਰ ਲੈਂਦਾ ਤੇ ਕਹਿੰਦਾ ਹੁੰਦਾ,“ਪੁੱਤ ਸਾਡਾ ਫਿ਼ਕਰ ਨਾ ਕਰੀਂ...ਉਥੇ ਚਿੱਤ ਲਾ ਕੇ ਰਹੀਂ...ਨਾਲੇ ਛੇਤੀ ਮੁੜ ਆਵੀਂ...ਫੂਨ ਵੀ ਕਰਿਆਂ ਕਰੀਂ...।” ਏਨੇ ਕੁ ਬੋਲਾਂ ਮਗਰੋਂ ਉਹਦੇ ਤੋਂ ਹੋਰ ਬੋਲ ਨਾ ਹੁੰਦਾ ਤੇ ਮੈਂ ਉਹਦੇ ਵੱਲ ਦੇਖੇ ਬਿਨਾਂ ਈ ਝਟ ਗੱਡੀ ‘ਚ ਬਹਿ ਤੁਰ ਜਾਂਦਾ ਸਾਂ ਸਮੁੰਦਰਾਂ ਦੀ ਸੈਰ ‘ਤੇ...। ਜਦ ਮੈਂ ਵਾਪਸ ਪਰਤਦਾ ਤਾਂ ਉਹ ਆਖਦਾ,“ਮੇਰਾ ਪੁੱਤ ਗੋਰਾ ਹੋ ਕੇ ਆ ਗਿਐ...ਲੈ ਦੇਖੋ ਬੱਗਾ-ਬੱਗਾ ਰੰਗ ਕੱਢ ਆਇਐ...।” ਸਾਰੇ ਹੱਸਣ ਲਗਦੇ। ਇੱਕ ਹੋਰ ਗੱਲ, ਸਵੇਰੇ ਜਦ ਮੈਂ ਜਾਣ ਲਗਦਾ ਤਾਂ ਉਸ ਪੁੱਛਣਾ “ਚੱਲਿਐਂ?” ਮੈਂ ਕਹਿਣਾ “ਹਾਂਜੀ।” ਆਥਣੇ ਆਉਣ ‘ਤੇ ਆਖਣਾ, “ਆ ਗਿਆ ਮੇਰਾ ਪੁੱਤ?” ਮੈਂ ‘ਹਾਂਜੀ’ ਕਹਿ ਕੇ ਚੁਬਾਰੇ ਵਿੱਚ ਚੜ੍ਹ ਜਾਣਾ। ਕਦੇ-ਕਦਾਈ ਉਹਦਾ ਦਿਲ ਚਿੱਤ ਕਰਾਰਾ ਕਰਨ ਨੂੰ ਕਰਨਾ ਤਾਂ ਉਸ ਚੁਬਾਰੇ ਦੀਆਂ ਪੌੜੀਆਂ ਚੜ ਆਉਣੀਆਂ। ਮੈਨੂੰ ਅੰਦਰੋਂ-ਅੰਦਰੋਂ ਬੜੀ ਖੁਸ਼ੀ ਹੋਣੀ ਕਿ ਪਿਓ-ਪੁੱਤ ਇਕੱਠੇ ਬਹਿ ਕੇ ਗੱਲਾਂ ਮਾਰਾਂਗੇ।
ਮੇਰਾ ਪਿਓ ਵੀ ਦੁਨੀਆਂ ਦੇ ਪਿਓਆਂ ਵਰਗਾ ਹੀ ਸੀ। ਕੁਝ ਵੀ ਵੱਖਰਾ ਨਹੀਂ ਸੀ ਉਸ ਵਿੱਚ। ਪਰ ਕੁਝ ਗੱਲਾਂ ਫਿਰ ਵੀ ਵਿਸੇਸ਼ ਹਨ। ਪਹਿਲੀ ਗੱਲ:ਇਹ ਤਾਂ ਉਹਦਾ ਰਿਣ ਚੁਕਾਇਆ ਜਾ ਹੀ ਨਹੀਂ ਸਕਦਾ ਕਿ ਉਸਨੇ ਮੈਨੂੰ ਪੈਦਾ ਕੀਤਾ ਸੀ ਤੇ ਸੰਸਾਰ ਦਿਖਾਇਆ ਸੀ, ਸਗੋ ਉਹਦਾ ਸਭ ਤੋਂ ਵੱਡਾ ਮੇਰੇ ਸਿਰ ਰਿਣ ਇਹ ਹੈ ਕਿ ਜਦ ਮੈਂ ਨੌ-ਦਸ ਸਾਲਾਂ ਦਾ ਹੀ ਸੀ, ਉਦੋਂ ਕੁ ਜਿਹੇ ਹੀ ਉਸਨੇ ਮੈਨੂੰ ਘਰੋਂ ਕੱਢ ਦਿੱਤਾ ਸੀ ਕਿ ਜਾਹ ਪੁੱਤ ਕਮਾਈ ਕਰ...ਆਪਣੇ ਪੈਰਾਂ ਸਿਰ ਖੜ੍ਹਾ ਹੋ...ਤੈਨੂੰ ਮਹਿੰਗੀ ਪੜ੍ਹਾਈ ਕਰਾਉਣੀ ਮੇਰੇ ਵੱਸ ਦੀ ਗੱਲ ਨਹੀਂ...ਆਪਣੀ ਆਪ ਨਿਬੇੜ...!” ਮਾੜੇ ਭਾਗਾਂ ਨੂੰ, (ਜੇਕਰ ਉਹ ਇੰਝ ਨਾ ਕਰਦੇ) ਕਿਤੇ ਮੈਨੂੰ ਆਪਣੇ ਨਾਲ ਪਿੰਡ ਸਾਧਾਰਨ ਜਿਹੀ ਲੂਣ-ਤੇਲ ਵਾਲੀ ਹੱਟੀ ‘ਤੇ ਬਿਠਾ ਲੈਂਦੇ ਜਾਂ (ਡੇਢ ਕਿੱਲੇ ਦੀ ਵਾਹੀ) ਖੇਤ ਦੇ ਕੰਮ ਨਾਲ ਜੋੜ ਲੈਂਦੇ ਤਾਂ ਮੈਂ ਸਿਰਫ ਤਾਂ ਸਿਰਫ਼ ‘ਨਰਿੰਦਰ ਕੁਮਾਰ’ ਹੀ ਰਹਿ ਜਾਣਾ ਸੀ ਤੇ ‘ਨਿੰਦਰ ਘੁਗਿਆਣਵੀ’ ਨਹੀਂ ਬਣਨਾ ਸੀ! ਜੇਕਰ ਮੈਂ ਘਰੋਂ ਬਾਹਰ ਨਾ ਰਹਿੰਦਾ ਤਾਂ ਏਨੇ–ਏਨੇ ਮਹਾਨ ਲੋਕਾਂ ਉਤੇ ਖੋਜਾਂ ਕਰ-ਕਰ ਕੇ ਕਿਤਾਬਾਂ ਕਿੰਝ ਲਿਖ ਲੈਂਦਾ? ਪਿਤਾ ਦੀ ਹੱਟੀ ਤੋਂ ਕਿਰਾਇਆ-ਭਾੜਾ ਲੈ ਕੇ ਪੰਜਾਬ ਦੇ ਪਿੰਡ-ਪਿੰਡ ਤੇ ਗਲੀ-ਗਲੀ ਮਹਾਨ ਸ਼ਖਸੀਅਤਾਂ ਦੇ ਮਗਰ-ਮਗਰ ਉਹਨਾਂ ਦਾ ਇਤਿਹਾਸ ਲਿਖਣ ਲਈ ਤੁਰਦਾ ਰਿਹਾ। ਆਪਣੇ-ਆਪਣੇ ਖੇਤਰ ਵਿੱਚ ਸਿਖ਼ਰ ਤੀਕ ਪਹੁੰਚੇ ਹੋਏ ਬਹੁਤ ਵੱਡੇ-ਵੱਡੇ ਲੋਕਾਂ ਦੀ ਸੰਗਤ ਮਾਣੀ। ਜਦ ਕੋਈ ਵੱਡੀ ਹਸਤੀ ਘਰ ਵੀ ਆਉਂਦੀ ਤਾਂ ਪਾਪਾ ਦੀ ਖੁਸ਼ੀ ਨੂੰ ਚਾਰ ਚੰਨ ਲੱਗ ਜਾਂਦੇ। ਜੇ ਕੋਈ ਛਕਣ ਛਕਾਉਣ ਵਾਲਾ ਹੁੰਦਾ ਤਾਂ ਉਹ ਪਹਿਲਾਂ ਈ ਪੁੱਛ ਲੈਂਦੇ,“ਕੜਛੀ ਫੇਰਾਂ...ਲਾਉਨਾ ਐਂ ਕਰਾਰਾ ਜਿਹਾ ਤੜਕਾ?” ਤੇ ਉਹ ਬੜੇ ਚਾਅ ਨਾਲ ਚੁੱਲ੍ਹੇ ਅੱਗੇ ਬਹਿ ਜਾਂਦੇ। ਪਿੱਛੇ ਜਿਹੇ ਦੀ ਗੱਲ ਹੈ, ਟੋਰਾਂਟੋ ਤੋਂ ਬਲਬੀਰ ਸਿਕੰਦ ਆਇਆ ਮੇਰੇ ਪਿੰਡ। ਇਹ ਸਖ਼ਸ਼ ਧਰਮਿੰਦਰ ਪਰਿਵਾਰ ਵਿੱਚ ਬੰਬਈ ਤੀਹ-ਬੱਤੀ ਸਾਲ ਰਿਹਾ ਸੀ। ਬਹੁਤ ਸਾਰੀਆਂ ਫਿਲਮਾਂ ਇਹਨੇ ਬਣਾਈਆਂ ਤੇ ਬੜਾ ਕੁਝ ਕੀਤਾ। ਮੇਰੀਆਂ ਲਿਖਤਾਂ ਦਾ ਦੀਵਾਨਾ ਹੋ ਕੇ ਮਿਲਣ ਨੂੰ ਤੁਰਿਆ। ਪਿੰਡ ਆਣ ਕੇ ਆਖਣ ਲੱਗਾ ਕਿ ਤੇਰੇ ਬਾਰੇ ਪੌਣੇ ਘੰਟੇ ਦੀ ਡਾਕੂਮੈਂਟਰੀ ਫਿ਼ਲਮ ਬਣਾਉਣੀ ਏਂ। ਉਹ ਕੈਮਰਾ ਵਗੈਰਾ ਨਾਲ ਹੀ ਲੈ ਆਇਆ ਸੀ। ਮੈਂ ਕਿਹਾ,“ਕਿਸੇ ਵੱਡੇ ਬੰਦੇ ‘ਤੇ ਬਣਾਓ ਮੈਂ ਤਾਂ ਹਾਲੇ ਨਿੱਕਾ ਆਂ।” ਸਿਕੰਦ ਨੇ ਇੱਕੋ ਫਿ਼ਕਰੇ ‘ਚ ਹੀ ਗੱਲ ਨਿਬੇੜ ਦਿੱਤੀ, “ਉਮਰ ਵਿੱਚ ਨਿੱਕਾ ਏਂ...ਜੁ ਕੰਮ ਕਰ ਦਿੱਤਾ ਏ ਏਨੇ ਲੋਕਾਂ ਉਤੇ, ਉਹਦਾ ਹਿਸਾਬ-ਕਿਤਾਬ ਮੇਰੇ ਕੋਲ ਏ...ਕੰਮ ਵਿੱਚ ਵੱਡਾ ਏਂ।” ਕੋਲ ਬੈਠਾ ਪਾਪਾ ਸਿਕੰਦ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਸੀ। ਸਿਕੰਦ ਨੇ ਪਾਪਾ ਨੂੰ ਕਿਹਾ ਕਿ ਆਪਣੇ ਪੁੱਤਰ ਬਾਰੇ ਕੈਮਰੇ ਅੱਗੇ ਕੁਝ ਬੋਲੋ। ਪਾਪਾ ਦਾ ਕੈਮਰੇ ਮੂਹਰੇ ਬੋਲਣ ਦਾ ਪਹਿਲਾ ਮੌਕਾ ਸੀ। ਉਹ ਇਹ ਸ਼ਬਦ ਬੋਲੇ ਸਨ, “ਏਹ (ਨਿੰਦਰ) ਨਿੱਕਾ ਜਿਅ੍ਹਾ...ਕਹਿੰਦਾ ਅਖੇ ਮੈਂ ਯਮਲੇ ਜੱਟ ਕੋਲ ਜਾਣੈ...ਜਿ਼ੱਦ ਕੀਤੀ ਤੇ ਮੈਂ ਏਹਨੂੰ ਲੈ ਤੁਰਿਆ...ਅਸੀਂ ਪੁਛਦੇ ਫਿਰਦੇ ਸੀ ਲੁਧਿਆਣੇ ਬੱਸ ਅੱਡੇ ਉਤੇ ਬਈ ਯਮਲੇ ਜੱਟ ਦਾ ਡੇਰਾ ਕਿੱਧਰ ਆ...ਇੱਕ ਰੇਹੜੀ ਵਾਲੇ ਨੇ ਸਾਨੂੰ ਰਾਹ ਦੱਸਤਾ...ਮੈਂ ਲੈ ਗਿਆ ਯਮਲਾ ਜੀ ਕੋਲ...ਉਥੋਂ ਨੇੜੇ ਇੱਕ ਦੁਕਾਨ ਤੋਂ ਅਸੀਂ ਪੱਗ ਲਈ ਤੇ ਉਤੇ ਇੱਕੀ ਰੁਪਈਏ ਰੱਖੇ...ਪਤਾਸੇ ਲਏ ਤੇ ਯਮਲੇ ਜੱਟ ਨੇ ਇਹਨੂੰ ਲੂਣ ਦੀ ਚੂੰਢੀ ਚਟਾਈ ਤੇ ਉਹਨਾਂ ਦਾ ਚੇਲਾ ਬਣ ਗਿਆ, ਮੈਂ ਏਹਨੂੰ ਉਥੇ ਛੱਡ ਆਇਆ।” ਇਸ ਡਾਕੂਮੈਂਟਰੀ ਫਿਲਮ ਵਿੱਚ ਪਾਪਾ ਨੇ ਬੜਾ ਨੈਚੁਰਲ ਜਿਹਾ ਬੋਲਿਆ ਸੀ, ਸਭ ਨੇ ਬੜਾ ਪਸੰਦ ਕੀਤਾ। ਪਾਪਾ ਟੀ.ਵੀ ਸਕਰੀਨ ‘ਤੇ ਆਪਣੇ ਆਪ ਨੂੰ ਬੋਲਦਾ ਦੇਖ ਬੜੇ ਦਿਨ ਖੁਸ਼ ਹੁੰਦਾ ਰਿਹਾ ਸੀ।
ਹਰਜੀਤ ਹਰਮਨ ਪੁਰਾਣਾ ਦੋਸਤ ਹੋਣ ਕਾਰਨ ਅਕਸਰ ਮੇਰੇ ਕੋਲ ਪਿੰਡ ਆਉਂਦਾ। ਅਸੀਂ ਚੁਬਾਰੇ ਵਿੱਚ ਬਹਿ ਕੇ ਗਾਉਂਦੇ। ਪਾਪਾ ਉਹਦੇ ਗੀਤ ਸੁਣ ਕੇ ਬਾਗ-ਬਾਗ ਹੋ ਜਾਂਦਾ। ਹਰਮਨ ਦਾ ਇੱਕ ਗੀਤ ਤਾਂ ਪਾਪਾ ਦੇ ਦਿਲ ਵਿੱਚ ਵੱਸ ਗਿਆ। ਆਪਣੀ ਬੀਮਾਰੀ ਦੇ ਦਿਨਾਂ ਵਿੱਚ ਉਹ ਜਦ ਆਪਣੇ ਆਪ ਨੂੰ ਕੁਝ ‘ਠੀਕ-ਠੀਕ’ ਜਿਹਾ ਮਹਿਸੂਸ ਕਰਦੇ ਤਾਂ ਕਹਿੰਦੇ, “ਉਹ ਨਾਭੇ ਵਾਲੇ ਮੁੰਡੇ ਦਾ ਗੀਤ ਸੁਣਾ ਦਿਓ ਯਾਰ।” ਮੇਰਾ ਭਰਾ ਆਪਣੇ ਮੋਬਾਈਲ ਫੋਨ ‘ਤੇ ਗੀਤ ਪਲੇਅ ਕਰਦਾ ਤੇ ਫੋਨ ਪਾਪਾ ਦੇ ਕੰਨ ਨੂੰ ਲਾ ਦਿੰਦਾ। ਬੋਲ ਗੂੰਜਦੇ:
                   ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ,
                   ਤੋਰੀਏ ਨੂੰ ਪੈਂਦੇ ਉਦੋਂ ਪੀਲੇ-ਪੀਲੇ ਫੁੱਲ ਵੇ
                   ਓਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ
                   ਸਾਰੀ ਹੀ ਉਮਰ ਤੇਰਾ ਤਾਰੀਂ ਜਾਊਂ ਮੁੱਲ ਵੇ...
ਗੀਤ ਮੁਕਦਾ ਤਾਂ ਪਾਪਾ ਕਹਿੰਦਾ, “ ਮੈਂ ਚਾਲੀ ਸਾਲ ਖੇਤੀ ਦਾ ਕੰਮ ਕੀਤਾ ਐ... ਤੋਰੀਏ ਨੂੰ ਫੁੱਲ ਪੈਣ ਵਾਲੇ ਦਿਨ ਯਾਦ ਆ ਗਏ...ਬਹੁਤ ਸੋਹਣਾ ਗਾਇਆ...।” ਮੇਰੇ ਦੋਸਤ ਵਰੁਣ ਰੂਜ਼ਮ ਨੂੰ ਘਰ ਆਇਆਂ ਦੇਖ ਪਾਪਾ ਆਖਦਾ,“ਲੈ ਦੇਖੋ ਰੱਬ ਦੀ ਕਿਰਪਾ ਐ...ਨਿੱਕਾ ਜਿਆ੍ਹ ਮੁੰਡਾ ਐ ਤੇ ਡੀ.ਸੀ.ਲੱਗਿਆ ਹੋਇਆ ਐ...ਮਿਹਨਤ ਨੂੰ ਫਲ ਲਗਦੇ ਐ...ਜਦੋਂ ਅਸੀਂ ਏਹਦੀ ਉਮਰ ਦੇ ਹੁੰਦੇ ਸਾਂ ਅਸੀਂ ਡੀ.ਸੀ ਤਾਂ ਕੀ ਵੇਖਣਾ...ਕਦੇ ਥਾਣੇਦਾਰ ਨਹੀਂ ਸੀ ਵੇਖਿਆ।” ਵਰੁਣ ਹੈਰਾਨ ਹੋ ਕੇ ਮੁਸਕ੍ਰਾਉਂਦਾ ਪਾਪਾ ਦੀਆਂ ਅਜਿਹੀਆਂ ਸਿੱਧੀਆਂ-ਸਾਦੀਆਂ ਗੱਲਾਂ ਸੁਣ ਕੇ ਕਿ ਪੰਜਾਬ ਵਿੱਚ ਕਦੀ ਅਜਿਹੇ ਜ਼ਮਾਨੇ ਵੀ ਹੁੰਦੇ ਸਨ?

(ਚਲਦਾ...)