ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੀਮਾ ਆਜ਼ਾਦ ਨੂੰ ਉਮਰ ਕੈਦ ਦੀ ਸਜ਼ਾ……… ਵਿਸ਼ੇਸ਼ ਰਿਪੋਰਟ / ਲੋਕ ਸਾਂਝ

ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੀਮਾ ਆਜ਼ਾਦ ਨੂੰ ਇਲਾਹਾਬਾਦ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਸੀਮਾ ਆਜ਼ਾਦ ਦੇ ਨਾਲ-ਨਾਲ ਉਸ ਦੇ ਪਤੀ ਵਿਸ਼ਵ ਵਿਜੇ ਨੂੰ ਵੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀਮਾ ਆਜ਼ਾਦ ਅਤੇ ਵਿਸ਼ਵ ਵਿਜੇ ਉਪਰ ਸਰਕਾਰ ਖਿਲਾਫ ਸਾਜਿਸ਼ ਘੜਨ ਅਤੇ ਯੂ.ਏ.ਪੀ. ਦੀਆਂ ਹੋਰ ਕਈ ਧਾਰਾਵਾਂ ਲਗਾਈਆਂ ਗਈਆਂ ਨੇ।

ਸੀਮਾ ਆਜ਼ਾਦ ਇੱਕ ਦਲੇਰ ਅਤੇ ਨਿਡਰ ਪੱਤਰਕਾਰ ਹੈ, ਜੋ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਖੁੱਲ ਕੇ ਲਿਖਦੀ ਹੈ। ਸੀਮਾ ਆਜ਼ਾਦ 'ਦਸਤਕ' ਨਾਂ ਦਾ ਇੱਕ ਹਿੰਦੀ ਮੈਗਜ਼ੀਨ ਵੀ ਕੱਢਦੀ ਹੈ, ਜਿਸ ਦੀ ਉਹ ਸੰਪਾਦਕ ਹੈ। 'ਦਸਤਕ' ਮੈਗਜ਼ੀਨ 'ਰਜਿਸਟਰਾਰ ਆਫ ਨਿਊਜ਼ ਪੇਪਰ ਫਾਰ ਇੰਡੀਆ' ਤੋਂ ਰਜਿਸਟਰਡ ਹੈ। ਸੀਮਾ ਆਜ਼ਾਦ ਆਪਣੇ ਇਸ ਮੈਗਜ਼ੀਨ ਵਿਚ ਸਮਾਜਿਕ, ਰਾਜਨੀਤਿਕ ਮਸਲਿਆਂ ਉਪਰ ਖੁੱਲ ਕੇ ਲਿਖਦੀ ਹੈ। ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਹੋ ਰਹੀ ਰਾਜਨੀਤੀ ਉਪਰ ਚੰਗੀ ਪਕੜ ਰੱਖਦੀ ਸੀਮਾ ਕਈ–ਕਈ ਕਿਲੋਮੀਟਰ ਤੱਕ ਸਾਇਕਲ ਉਪਰ ਜਾ ਕੇ ਇਸ ਮੈਗਜ਼ੀਨ ਨੂੰ ਲੋਕਾਂ ਤੱਕ ਪਹੁੰਚਾਉਂਦੀ ਸੀ।



ਉੱਤਰ ਪ੍ਰਦੇਸ਼ ਦੀ ਇਲਾਹਾਬਾਦ ਯੂਨੀਵਰਸਿਟੀ ਵਿਚੋਂ ਐੱਮ.ਏ. ਮਨੋਵਿਗਿਆਨ ਕਰਨ ਤੋਂ ਬਾਅਦ ਸੀਮਾ ਨੇ ਇਹ ਮੈਗਜ਼ੀਨ ਚਲਾਉਣ ਦਾ ਫੈਸਲਾ ਕੀਤਾ। ਜਿਸ ਵਿਚ ਉਸ ਦੇ ਪਤੀ ਵਿਸ਼ਵ ਵਿਜੇ ਵੀ ਸ਼ਾਮਿਲ ਸੀ। ਵਿਸ਼ਵ ਵਿਜੇ ਆਪਣੇ ਵਿਦਿਆਰਥੀ ਜੀਵਨ ਵਿਚ ਵਿਦਿਆਰਥੀ ਨੇਤਾ ਰਹੇ ਨੇ। ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਜਥੇਬੰਦੀ ਪੀ.ਯੂ.ਸੀ.ਐਲ. ਦੀ ਸੀਮਾ ਯੂ.ਪੀ. ਵਿਚ ਜਨਰਲ ਸਕੱਤਰ ਹੈ। ਪੁਲਿਸ ਨੇ 6 ਫਰਵਰੀ 2010 ਨੂੰ ਸੀਮਾ ਆਜ਼ਾਦ ਅਤੇ ਉਸ ਦੇ ਪਤੀ ਵਿਸ਼ਵ ਵਿਜੇ ਨੂੰ ਇੱਕ ਹੋਰ ਸਾਥੀ ਆਸ਼ਾ ਸਮੇਤ ਇਲਾਹਾਬਾਦ ਰੇਲਵੇ ਜੰਕਸ਼ਨ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਦਿੱਲੀ ਦੇ 'ਵਰਲਡ ਬੁੱਕ ਫੇਅਰ' ਤੋਂ ਵਾਪਿਸ ਪਰਤ ਰਹੇ ਸੀ। ਪੁਲਿਸ ਨੇ ਇਹਨਾਂ ਤਿੰਨਾਂ ਨੂੰ ਮਾਓਵਾਦੀਆਂ ਨਾਲ ਸੰਬੰਧ ਹੋਰ ਦਾ ਦੋਸ਼ ਲਾ ਕੇ ਗ੍ਰਿਫਤਾਰ ਕੀਤਾ ਸੀ । ਹੁਣ ਅਦਾਲਤ ਵੱਲੋਂ ਸੀਮਾ ਆਜ਼ਾਦ ਅਤੇ ਵਿਸ਼ਵ ਵਿਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਜੋ ਕਿ ਸ਼ਰੇਆਮ ਭਾਰਤੀ ਲੋਤਤੰਤਰ ਵਿਚ ਬੋਲਣ ਦੇ ਅਧਿਕਾਰਾਂ ਦਾ ਘਾਣ ਹੈ। ਸੀਮਾ ਆਜ਼ਾਦ ਨੇ ਉੱਤਰੀ ਯੂ.ਪੀ. ਵਿਚ ਮਨੁੱਖੀ ਅਧਿਕਾਰਾਂ, ਮਜ਼ਦੂਰ ਲਹਿਰਾਂ, ਸਪੈਸ਼ਲ ਇਕਨੌਮਿਕ ਜੋਨ ਅਤੇ ਹੋਰ ਬਹੁਤ ਸਾਰੇ ਮੁੱਦਿਆਂ 'ਤੇ ਸ਼ਾਨਦਾਰ ਰਿਪੋਰਟਾਂ ਛਾਪੀਆਂ।

http://www.loksanjh.blogspot.in

****