ਇੱਕ ਸਫਲ ਨਿਰਦੇਸ਼ਕ ‘ਜਗਮੀਤ ਸਿੰਘ ਸਮੁੰਦਰੀ’……… ਸ਼ਬਦ ਚਿਤਰ / ਖੁਸ਼ਪ੍ਰੀਤ ਸਿੰਘ ਸੁਨਾਮ (ਮੈਲਬੋਰਨ)

ਫਿਲਮ ਸ਼ਹੀਦ ਨੂੰ ਲੈ ਕੇ ਚਰਚਾ ਦੇ  ਵਿੱਚ ਹੈ ‘ਜਗਮੀਤ ਸਿੰਘ ਸਮੁੰਦਰੀ’

ਫਿਲਮਾਂ ਅਤੇ ਸਿਨੇਮਾ ਸੰਚਾਰ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹਨ। ਭਾਰਤੀ ਸਿਨੇਮਾ ਸੰਸਾਰ ਵਿੱਚ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ, ਪਰ ਗੱਲ ਜਦੋਂ ਪੰਜਾਬੀ ਸਿਨੇਮੇ ਦੀ ਖਾਸ ਕਰ ਧਾਰਮਿਕ ਫਿਲਮਾਂ ਦੀ ਹੋਵੇ ਤਾਂ ਸਥਿਤੀ ਬਹੁਤ ਚਿੰਤਾਜਨਕ ਹੋ ਜਾਂਦੀ ਹੈ। ਪੰਜਾਬੀ ਧਾਰਮਿਕ ਫਿਲਮਾਂ ਜਾ ਸਾਡੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਦੀਆਂ ਫਿਲਮਾਂ ਦੀ ਗਿਣਤੀ ਤਾਂ ਉਂਗਲੀਆਂ ਦੇ ਪੋਟਿਆਂ ‘ਤੇ ਕੀਤੀ ਜਾ ਸਕਦੀ ਹੈ। ਪਹਿਲਾਂ ਬਣੀਆਂ ਜ਼ਿਆਦਾਤਰ ਫਿਲਮਾਂ ਵੀ ਤਕਨੀਕੀ ਤੌਰ ‘ਤੇ ਕਾਫੀ ਕਮਜ਼ੋਰ ਹਨ। ਪੰਜਾਬੀ ਧਾਰਮਿਕ ਫਿਲਮਾਂ ਬਨਾਉਣਾ ਤਾਂ ਅੱਜ ਦੇ ਸਮੇਂ ਵਿੱਚ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ। ਕਿਉਂਕਿ ਸਾਡੀ ਨਵੀਂ ਪੀੜ੍ਹੀ ਤਾਂ ਇਸ ਪਾਸਿਉਂ ਬਿਲਕੁਲ ਹੀ ਮੁਨਕਰ ਹੁੰਦੀ ਜਾ ਰਹੀ ਹੈ। ਪਰੰਤੂ ਸੰਤੋਖ ਦੀ ਗੱਲ ਇਹ ਹੈ ਕਿ ਕੁਝ ਇਨਸਾਨ ਅਜਿਹੇ ਵੀ ਹਨ, ਜੋ ਆਪਣੇ ਨਿੱਜੀ ਮੁਫ਼ਾਦਾਂ ਤੋਂ ਉਪਰ ਉਠ ਕੇ ਆਪਣੇ ਧਰਮ ਅਤੇ ਇਤਿਹਾਸ ਦੀ ਪਛਾਣ ਸੰਸਾਰ ਪੱਧਰ ਤੇ ਸਥਾਪਿਤ ਕਰਨ ਲਈ ਸਿਰਤੋੜ ਯਤਨ ਕਰ ਰਹੇ ਹਨ। ਅਜਿਹਾ ਹੀ ਇੱਕ ਇਨਸਾਨ ਹੈ ਜਗਮੀਤ ਸਿੰਘ ਸੁਮੰਦਰੀ, ਜਿਸਨੇ ਸਿੱਖ ਇਤਿਹਾਸ ਨਾਲ ਸਬੰਧਤ ਫਿਲਮਾਂ ਬਨਾਉਣ ਦਾ ਬੀੜਾ ਚੁੱਕਿਆ ਹੈ। ਅੱਜ ਕੱਲ੍ਹ ਜਗਮੀਤ ਸਮੁੰਦਰੀ ਦੁਆਰਾ ਨਿਰਦੇਸ਼ਤ ਬਣਾਈ ਫਿਲਮ ‘ਸ਼ਹੀਦ’ ਦੀ ਚੁਫੇਰਿਉਂ ਚਰਚਾ ਛਿੜੀ ਹੋਈ ਹੈ। ਸਿੱਖ ਇਤਿਹਾਸ ਤੇ ਹੁਣ ਤੱਕ ਬਣੀ ਸਭ ਤੋਂ ਵੱਡੀ ਅਤੇ  ਮਹਿੰਗੀ ਫਿਲਮ ਇਸ ਸਮੇਂ ਨਿਰਦੇਸ਼ਕ ਜਗਮੀਤ ਸਮੁੰਦਰੀ ਵਲੋਂ ਅਮੇਰਿਕਾ ਦੇ ਵੱਖ-ਵੱਖ ਸ਼ਹਿਰਾਂ ਦੇ ਗੁਰੂ ਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ । ਅਮਰੀਕਾ ਤੋਂ ਮਗਰੋਂ ਇਹ ਫਿਲਮ ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਨਿਊਜੀਲੈਂਡ, ਬ੍ਰਾਜ਼ੀਲ ਆਦਿ ਦੇਸ਼ਾਂ ਵਿੱਚ ਵੀ ਜਲਦ ਹੀ ਪ੍ਰਦਰਸ਼ਿਤ ਕੀਤੀ ਜਾਵੇਗੀ। ਇਹ ਫਿਲਮ ਤਕਨੀਕ ਪੱਖੋਂ ਹਾਲੀਵੁੱਡ ਦੀਆਂ ਫਿਲਮਾਂ ਦੀ ਬਰਾਬਰੀ ਕਰਦੀ ਹੈ ਅਤੇ ਇਹ ਫਿਲਮ ਹਾਈ ਡੈਫੀਨੇਸ਼ਨ ਤਕਨੀਕ ਨਾਲ ਬਣਾਈ ਗਈ ਹੈ ਅਤੇ ਗ੍ਰਾਫਿਕਸ ਦਾ ਕੰਮ ਵੀ ਦੇਖਣਯੋਗ ਹੈ। ਇਸ ਫਿਲਮ ਨੂੰ ਤਿਆਰ ਹੋਣ ਵਿੱਚ ਕਰੀਬ ਤਿੰਨ ਤੋਂ ਚਾਰ ਸਾਲ ਦਾ ਸਮਾਂ ਲੱਗਾ ਹੈ ਅਤੇ ਫਿਲਮ ਵਿੱਚ ਸਿੱਖ ਰਹਿਤ ਮਰਿਯਾਦਾ ਦਾ ਵੀ ਪੂਰਾ-ਪੂਰਾ ਧਿਆਨ ਰੱਖਿਆ ਗਿਆ ਹੈ। ਇਹ ਫਿਲਮ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ, ਸਪੈਨਿਸ਼ ਤੇ ਹੋਰਨਾਂ ਭਾਸ਼ਾਵਾਂ ਵਿੱਚ ਵੀ ਡੱਬ ਕੀਤੀ ਜਾ ਰਹੀ ਹੈ ਤਾਂ ਜੋ ਵਿਸ਼ਵ ਪੱਧਰ ਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖਾਂ ਦੇ ਕੁਰਬਾਨੀ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਫਿਲਮ ਵਿੱਚ ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਫਿਲਮ ਅਜੇ ਸਿਰਫ ਅਮਰੀਕਾ ਵਿੱਚ ਹੀ ਪ੍ਰਦਰਸ਼ਿਤ ਕੀਤੀ ਗਈ ਹੈ, ਜਿਥੇ ਕਿ ਸੰਗਤਾਂ ਦਾ ਇਸ ਫਿਲਮ ਨੂੰ ਦੇਖਣ ਲਈ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 
 
ਪਾਇਰੇਸੀ ਦੇ ਵੱਧ ਰਹੇ ਰੁਝਾਨ ਕਰਕੇ ਫਿਲਹਾਲ ਜਗਮੀਤ ਸਮੁੰਦਰੀ ਨੇ ਇਸ ਫਿਲਮ ਦੀ ਅਜੇ ਸੀ.ਡੀ. ਨਾ ਬਨਾਉਣ ਦਾ ਫੈਸਲਾ ਕੀਤਾ ਹੈ। ਵਿਦੇਸ਼ਾਂ ਵਿੱਚ ਵਸਦੀ ਨਵੀਂ-ਪੀੜ੍ਹੀ ਲਈ ਇਸ ਫਿਲਮ ਦੇ ਕੁਝ ਸ਼ੋਅ ਅੰਗਰੇਜ਼ੀ ਵਿੱਚ ਵੀ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ ਜੋ ਬੱਚਿਆਂ ਲਈ ਕਾਫੀ ਲਾਭਕਾਰੀ ਸਿੱਧ ਹੋਏ ਹਨ ਅਤੇ ਨਵੀਂ ਪੀੜ੍ਹੀ ਆਪਣੇ ਆਪਣੇ ਇਤਿਹਾਸ ਨੂੰ ਵੱਡੇ ਪਰਦੇ ਦੇ ਵੇਖ ਕੇ ਕਾਫੀ ਉਤਸ਼ਾਹਿਤ ਹੋ ਰਹੀ ਹੈ। ਸ਼ਹੀਦ ਫਿਲਮ ਤੋਂ ਪਹਿਲਾਂ ਵੀ ਨਿਰਦੇਸ਼ਕ ਜਗਮੀਤ ਸਮੁੰਦਰੀ ਸਿੱਖ ਧਰਮ ਨਾਲ ਸਬੰਧਤ ਦਸਤਾਵੇਜ਼ੀ ਫਿਲਮ ‘ਦਾ ਰਾਇਜ਼ ਆਫ ਖਾਲਸਾ’ ਦਾ ਨਿਰਮਾਣ ਕਰ ਚੁੱਕੇ ਹਨ। ਰੋਸ਼ਨੀ ਅਤੇ ਆਵਾਜ਼ ਦੇ ਸ਼ੋਅ ਰਾਹੀਂ ਸਿੱਖ ਇਤਿਹਾਸ ਨੂੰ ਵਿਸ਼ਵ ਵਿੱਚ ਰੂਪਮਾਨ ਕਰ ਚੁੱਕੇ ਹਨ। ਇਹ ਇਸ ਸਖਸ਼ ਦੀ ਅਣਥਕ ਮਿਹਨਤ ਦਾ ਹੀ ਸਿੱਟਾ ਸੀ ਕਿ ਇਸ ਦਸਤਾਵੇਜ਼ੀ ਫਿਲਮ ਲਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ, ਜੋ ਕਿ ਲਾਸ ਏਂਜਲਸ ਵਿੱਚ ਹੋਇਆ ਸੀ, ਵਿੱਚ ਬੈਸਟ ਡਾਇਰੈਕਟਰ ਦਾ ਐਵਾਰਡ ਵੀ ਮਿਲ ਚੁੱਕਾ ਹੈ।

ਜੇਕਰ ਜਗਮੀਤ ਸਮੁੰਦਰੀ ਦੇ ਜੀਵਨ ਬਾਰੇ ਸੰਖੇਪ ਵਿੱਚ ਚਰਚਾ ਕੀਤੀ ਜਾਵੇ ਤਾਂ ਮੁਕੇਰਿਆਂ (ਹੁਸ਼ਿਆਰਪੁਰ) ਦੇ ਜੰਮਪਲ ਇਸ ਸਖਸ਼ ਨੇ ਮੁੱਢਲੀ ਸਿੱਖਿਆ ਆਰਮੀ ਸਕੂਲ ਤੇ ਉਚੇਰੀ ਸਿੱਖਿਆ ਚੰਡੀਗੜ੍ਹ ਵਿੱਚ ਹਾਸਲ ਕੀਤੀ। ਸ਼ੁਰੂ ਤੋਂ ਹੀ ਰੰਗਮੰਚ ਨਾਲ ਲਗਾਅ ਸੀ ਅਤੇ ਨਾਟਕਾਂ ਵਿੱਚ ਭਾਗ ਲੈਣਾ ਅਤੇ ਉਨ੍ਹਾਂ ਨੂੰ ਨਿਰਦੇਸ਼ਤ ਕਰਨਾ ਉਸਦੀ ਰੁਚੀ ਸੀ। ਪਰੰਤੂ ਇਹ ਕਦੀ ਨਹੀਂ ਸੀ ਸੋਚਿਆ ਕਿ ਭਵਿੱਖ ਵਿੱਚ ਇੱਕ ਸਥਾਪਿਤ ਨਿਰਦੇਸ਼ਕ ਬਣੇਗਾ। ਕਾਲਜ, ਯੂਨੀਵਰਸਿਟੀ ਦੀਆਂ ਸਟੇਜਾਂ ਤੇ ਵੱਖਰੇ-ਵੱਖਰੇ ਰੋਲ ਕਰਦਿਆਂ ਜਗਮੀਤ ਦੇ ਮਨ ਵਿੱਚ ਵੀ ਐਕਟਰ ਬਨਣ ਦਾ ਖਿਆਲ ਆਇਆ ਤੇ ਇਸੇ ਉਦੇਸ਼ ਦੀ ਪੂਰਤੀ ਲਈ ਆਪਣਾ ਮੂੰਹ ਮਾਇਆ ਨਗਰੀ ਮੁੰਬਈ ਵੱਲ ਕਰ ਲਿਆ। ਥੋੜੇ ਬਹੁਤੇ ਰੋਲ ਕੀਤੇ ਪਰ ਗੱਲ ਨਾ ਬਣੀ। ਫੇਰ ਡਾਇਰੈਕਸ਼ਨ ਵਾਲੇ ਪਾਸੇ ਕਿਸਮਤ ਅਜ਼ਮਾਈ ਕੀਤੀ। ਜਿਸ ਵਿੱਚ ਉਸਨੂੰ ਸਫਲਤਾ ਮਿਲਦੀ ਗਈ ਤੇ ਉਸਦੇ ਕੰਮ ਨੂੰ ਪਸੰਦ ਕੀਤਾ ਜਾਣ ਲੱਗਾ। ਜਗਮੀਤ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਕਈ ਵੱਡੇ-ਵੱਡੇ ਨਿਰਦੇਸ਼ਕਾਂ ਦੀ ਸੰਗਤ ਵੀ ਕੀਤੀ, ਜਿੰਨ੍ਹਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ। ਉਸ ਤੋਂ ਬਾਅਦ ਜਗਮੀਤ ਨੇ ਆਪਣੇ ਪੱਧਰ ‘ਤੇ ਕਈ ਇਸ਼ਤਿਹਾਰ, ਸੀਰਿਅਲ ਤੇ ਫਿਲਮਾਂ ਦਾ ਵੀ ਨਿਰਦੇਸ਼ਨ ਕੀਤਾ। “ਹਿੰਦੂਸਤਾਨ ਕੀ ਕਸਮ” ਫਿਲਮ ਵੀ ਜਗਮੀਤ ਸਮੁੰਦਰੀ ਵਲੋਂ ਨਿਰਦੇਸ਼ਤ ਕੀਤੀ ਗਈ ਸੀ। ਪ੍ਰਸਿੱਧ ਅਦਾਕਾਰ ਅਜੇ ਦੇਵਗਨ ਦੇ ਪਿਤਾ ਤੇ ਪ੍ਰਸਿੱਧ ਨਿਰਦੇਸ਼ਕ ਵੀਰੂ ਦੇਵਗਨ ਦੇ ਨਾਲ ਕਾਫੀ ਲੰਮਾ ਸਮਾਂ ਕੰਮ ਕੀਤਾ ਤੇ ਕਾਫੀ ਕੁਝ ਸਿੱਖਿਆ। ਜਗਮੀਤ ਸਮੁੰਦਰੀ ਦੀ ਇਹ ਦਿਲੀ ਇੱਛਾ ਸੀ ਕਿ ਸਿੱਖ ਇਤਿਹਾਸ ਉਤੇ ਇੱਕ ਅਜਿਹੀ ਫਿਲਮ ਬਣਾਈ ਜਾਵੇ ਜੋ ਵਿਦੇਸ਼ੀ ਧਰਤੀ ਤੇ ਪ੍ਰਦਰਸ਼ਿਤ ਹੋਵੇ ਤੇ ਹੋਰਨਾਂ ਮੁਲਕਾਂ ਤੇ ਹੋਰਨਾਂ ਧਰਮ ਦੇ ਲੋਕਾਂ ਨੂੰ ਸਿੱਖ ਇਤਿਹਾਸ ਵਿਚਲੀਆਂ ਕੁਰਬਾਨੀਆਂ ਬਾਰੇ ਪਤਾ ਲੱਗੇ ਕਿਉਂਕਿ ਸਿੱਖ ਅਕਸਰ ਹੀ ਨਸਲੀ ਹਿੰਸਾ ਅਤੇ ਮਜ਼ਾਕ ਦਾ ਵਧੇਰੇ ਪਾਤਰ ਬਣੇ ਰਹਿੰਦੇ ਹਨ । ਸਿੱਖ ਇਤਿਹਾਸ ਹੀ ਵਿਸ਼ਵ ਵਿੱਚ ਇੱਕੋ-ਇੱਕ ਇਤਿਹਾਸ ਹੈ, ਜਿਸ ਵਿੱਚ ਸਭ ਤੋਂ ਵੱਧ ਯੋਧਾ ਪੈਦਾ ਹੋਏ ਹਨ ਅਤੇ ਜਿੰਨਾਂ ਨੇ ਧਰਮ ਦੀ ਰੱਖਿਆ ਖਾਤਰ ਕੁਰਬਾਨੀਆਂ ਦਿੱਤੀਆਂ। ਪਹਿਲਾਂ ਜਗਮੀਤ ਸਮੁੰਦਰੀ ਨੇ ਦਸਤਾਵੇਜ਼ੀ ਫਿਲਮ ‘ਰਾਇਜ਼ ਆਫ ਖਾਲਸਾ’  ਬਣਾਈ, ਉਸ ਤੋਂ ਬਾਅਦ ‘ਸ਼ਹੀਦ’ ਬਣਾਈ ਜੋ ਕਿ ਹੁਣ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਜਗਮੀਤ ਭਵਿੱਖ ਵਿੱਚ ਵੀ ਸਿੱਖ ਧਰਮ ਦੇ ਮਹਾਨ ਯੋਧਿਆਂ ਉਤੇ ਵੀ ਫਿਲਮ ਨਿਰਮਾਣ ਜਲਦ ਹੀ ਸ਼ੁਰੂ ਕਰਨ ਜਾ ਰਿਹਾ ਹੈ। ਜਗਮੀਤ ਨੇ ਜਦੋਂ ਤੋਂ ਸਿੱਖ ਇਤਿਹਾਸ ਦੇ ਉਤੇ ਫਿਲਮਾਂ ਬਣਾਉਣ ਦਾ ਬੀੜਾ ਚੁੱਕਿਆ ਹੈ, ਘੱਟ ਆਰਥਿਕ ਵਸੀਲਿਆਂ ਦੇ ਬਾਵਜੂਦ ਵੀ ਉਸਨੇ ਇਸ ਕੰਮ ਨੂੰ ਇੱਕ ਮਿਸ਼ਨ ਵਜੋਂ ਲਿਆ  ਹੋਇਆ ਹੈ।

ਜਗਮੀਤ ਸਮੁੰਦਰੀ ਆਪਣੀ ਧੁਨ ਦਾ ਪੱਕਾ ਹੈ। ਬਗ਼ੈਰ ਕਿਸੇ ਸਰਕਾਰੀ ਸਹਾਇਤਾ ਦੇ ਉਹ ਆਪਣੇ ਫਿਲਮ ਨਿਰਮਾਣ ਦੇ ਕੰਮਾਂ ਨੂੰ ਬਾਖੂਬੀ ਜਾਰੀ ਰੱਖ ਰਿਹਾ ਹੈ। ਇਸ ਖੇਤਰ ਵਿੱਚ ਜੋ ਕੰਮ ਉਸ ਇਕੱਲੇ ਨੇ ਕੀਤਾ ਹੈ ਸ਼ਾਇਦ ਕੋਈ ਸੰਸਥਾ ਵੀ ਨਾ ਕਰ ਸਕੇ। ਪਰ ਅਫਸੋਸ ਉਸਦਾ ਕਾਰਜ ਅਜੇ ਵੀ ਅਣਗੌਲਿਆ ਹੈ। ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਨਾਲ-ਨਾਲ ਭਾਵੇਂ ਦੂਜੇ ਧਰਮਾਂ ਦੇ ਲੋਕਾਂ ਨੇ ਜਗਮੀਤ ਦੀ ਇਸ ਵਿਲੱਖਣ ਕਾਰਜ ਲਈ ਪਿੱਠ ਥਾਪੜੀ ਹੈ ਪਰੰਤੂ ਸਿੱਖਾਂ ਦੀ ਸਿਰਮੌਰ ਸੰਸਥਾ ਜਾਂ ਕਿਸੇ ਸਰਕਾਰੀ ਸੰਸਥਾ ਨੇ ਉਸਦੇ ਕੰਮਾਂ ਦਾ ਅਜੇ ਤੱਕ ਨੋਟਿਸ ਨਹੀਂ ਲਿਆ। ਜੇਕਰ ਉਸਨੂੰ ਸਾਥ ਮਿਲੇ ਤਾਂ ਉਹ ਸਿੱਖ ਇਤਿਹਾਸ ਅਤੇ ਇਸ ਦੀ ਵਿਲੱਖਣ ਸ਼ਾਨ ਦਾ ਚਾਨਣ ਪੂਰੇ ਵਿਸ਼ਵ ਵਿੱਚ ਬਿਖੇਰ ਸਕਦਾ ਹੈ।

ਸਾਡੀ ਦਿਲੀ ਦੁਆ ਹੈ ਕਿ ਉਸਦਾ ਇਹ ਮਿਸ਼ਨ ਨਿੱਤ ਨਵੀਂਆਂ ਬੁਲੰਦੀਆਂ ਨੂੰ ਛੋਹੇ।

****