ਜਾਂਦੀ ਵਾਰੀ ਫਤਹਿ ਮੰਨਜ਼ੂਰ ਕਰਨੀਂ .......... ਸ਼ਰਧਾਂਜਲੀ / ਤਰਲੋਚਨ ਸਿੰਘ ਦੁਪਾਲਪੁਰ

ਪੰਜਾਬੀ ਰੰਗਮੰਚ ਅਤੇ ਗਾਇਕੀ ਦਾ ਅੰਤਰਰਾਸ਼ਟ੍ਰੀ ਵਿਸ਼ਲੇਸ਼ਕ ਐਸ.ਅਸ਼ੋਕ ਭੌਰਾ ਤੇ ਮੈਂ ਕੱਲ੍ਹ ਸ਼ਾਮੀ ਪੰਜ ਕੁ ਵਜੇ ਫੋਨ ਤੇ ਗੱਲਾਂ ਕਰਦੇ ਕਿਸੇ ਖਾਸ ਨੁਕਤੇ ਉੱਤੇ ਖੂਬ ਹੱਸੇ। ਉੱਚੀ ਉੱਚੀ ਹੱਸਦਿਆਂ ਹੋਇਆਂ ਹੀ ਅਸੀਂ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਗੱਲਾਂ ਬਾਤਾਂ ਦਾ ਸਿਲਸਿਲਾ ਬੰਦ ਕੀਤਾ। ਲੇਕਿਨ ਅੱਧੀ ਰਾਤ ਸਾਢੇ ਬਾਰਾਂ ਵਜੇ ਮੇਰੇ ਫੋਨ ਦੀ ਰਿੰਗ ਵੱਜੀ ਤਾਂ ਸਕਰੀਨ ਉੱਪਰ ਅਸੋਕ ਭੌਰਾਦੇਖ ਕੇ ਮੇਰਾ ਮੱਥਾ ਠਣਕਿਆ !---ਇਹ ਤਾਂ ਕਦੇ ਐਸ ਵੇਲ਼ੇ ਫੋਨ ਨਹੀਂ ਕਰਦਾ ਹੁੰਦਾ-ਅੱਜ ਕੀ ਗੱਲ ਹੋਈ ਹੋਵੇਗੀ ?’ ਚਿੰਤਾ ਗ੍ਰਸੀ ਉਤਸੁਕਤਾ ਨਾਲ਼ ਫੋਨ ਦਾ ਹਰਾ ਬਟਨ ਦੱਬਿਆ---ਹੈਲੋਦੀ ਥਾਂ ਮੇਰੇ ਮੂੰਹੋਂ ਨਿੱਕਲਿਆ-ਭੌਰਾ ਭਰਾ ਜੀ ਸੁੱਖ ਤਾਂ ਹੈ ?”

ਨਹੀਂ , ਸੁੱਖ ਨ-ਹੀਂ-ਈਂ-ਭਾ-ਅ-ਜੀ!ਘੋਰ ਉਦਾਸੀ ਵਾਲ਼ੀ ਲਟਕਵੀਂ-ਟੁੱਟਦੀ-ਢਹਿੰਦੀ ਜਿਹੀ ਅਵਾਜ਼ ਆ ਰਹੀ ਸੀ-ਭਾਣਾ ਬੀਤ ਗਿਆ---ਮਾਣਕ-ਮੁੱਕ---!!ਮੇਰੇ ਮੂੰਹੋਂ ਗਹਿਰੇ ਸਦਮੇ ਵਾਲ਼ੀ ਚੁ-ਚੁ-ਚੁਸੁਣ ਕੇ, ਉਸਦੇ ਭਰੇ ਗਲ਼ੇ ਚੋਂ ਇੰਨੇਂ ਕੁ ਲਫਜ਼ ਹੋਰ ਬੜੀ ਮੁਸ਼ਕਿਲ ਨਾਲ਼ ਨਿਕਲ਼ੇ-“---ਸਵੇਰ ਦਾ ਵੈਂਟੀਲੇਸ਼ਨ ਤੇ--- ਸਰਬਜੀਤ--- ਸ਼ਕਤੀ---ਯੁੱਧਵੀਰ---!ਮਾਣਕ ਦੀ ਪਤਨੀ , ਧੀ ਅਤੇ ਪੁੱਤਰ ਦੇ ਨਾਂ ਲੈਣ ਤੋਂ ਬਾਅਦ ਭੌਰੇ ਦੀਆਂ ਹਿਚਕੀਆਂ ਤੇ ਹੌਕੇ ਸੁਣਾਈ ਦਿੱਤੇ।

ਬੇਸ਼ੱਕ ਹਫਤਾ ਕੁ ਪਹਿਲਾਂ ਸੁਣਿਆਂ ਤਾਂ ਸੀ ਕਿ ਕੁਲਦੀਪ ਮਾਣਕ ਢਿੱਲਾ ਹੋਣ ਕਾਰਨ ਹਸਪਤਾਲ਼ ਦਾਖਲ ਹੈ । ਪਰ ਯਕੀਨ ਸੀ ਕਿ ਇਹੋ ਜਿਹੀਆਂ ਢਿੱਲਾਂ-ਮੱਠਾਂ ਨੂੰ ਉਹ ਹਮੇਸ਼ਾਂ ਹੀ ਗਲ਼ੋਂ ਵਗਾਹ ਮਾਰਦਾ ਆਇਆ ਹੈ। ਉਸਦੇ ਬੀਮਾਰ ਠੁਮਾਰ ਹੋਣ ਦੀਆਂ ਕਨਸੋਆਂ ਸੁਣਨ ਵਾਲ਼ੇ ਲੋਕਾਂ ਨੂੰ ਪਤਾ ਉਦੋਂ ਹੀ ਲਗਦਾ ਸੀ , ਜਦੋਂ ਉਹ ਨੌਂ-ਬਰ-ਨੌਂ ਹੋਇਆ ਕਿਸੇ ਸਟੇਜ ਤੇ ਬੁਲੰਦ ਅਵਾਜ਼ ਨਾਲ਼ ਕਲਗੀਧਰ ਤੋਂ ਥਾਪੜਾਲੈ ਕੇ ਗੁਰੁ ਮਾਰੀ ਸਰਹੰਦ ਦੀ ਇਟ ਨਾਲ ਇਟ ਖੜਕਾ ਰਿਹਾ ਹੁੰਦਾ। ਇਹ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਈਸਵੀ ਸੰਨ ਵੀਹ ਸੌ ਗਿਆਰਾਂ ਐਨਾਂ ਨਿਰਮੋਹਾ ਹੋ ਜਾਏਗਾ ਕਿ ਪੰਜਾਬੀਆਂ ਦੇ ਮਾਣਕ ਨੂੰ ਆਪਣੇ ਅਖੀਰਲੇ ਮਹੀਨੇ ਦਸੰਬਰ ਚ ਪੈਰ ਵੀ ਨਹੀਂ ਧਰਨ ਦਏਗਾ! ਐਨੀਂ ਬੇਦਰਦ ਕਾਹਲ਼ੀ ?
               
ਸ਼ਾਹ ਮੁਹੰਮਦ ਦੀਆਂ ਸਤਰਾਂ ਅਨੁਸਾਰ ਇਹ ਜੱਗ ਸਰਾਏ ਮੁਸਾਫਰਾਂ ਦੀਵਿੱਚ ਕੋਈ ਯਾਤਰੂ ਪੱਕਾ ਟਿਕਾਣਾ ਬਣਾ ਕੇ ਤਾਂ ਨਹੀਂ ਰਹਿ ਸਕਦਾ ਅਤੇ ਗੱਡੀ ਵਿੱਚ ਸਫਰ ਕਰ ਰਹੇ ਮੁਸਾਫਰਾਂ ਨੇ ਆਪੋ ਆਪਣੇ ਸਟੇਸ਼ਨ ਤੇ ਉੱਤਰ ਹੀ ਜਾਣਾ ਹੁੰਦੈ। ਪ੍ਰੰਤੂ ਜਦ ਕੋਈ ਪਹਾੜ ਦੀ ਟੀਸੀ ਜਿੱਡੀ ਬੁਲੰਦੀ ਅਤੇ ਕੁੱਲ ਆਲਮ ਦੀ ਸ਼ੋਹਰਤ ਖੱਟਣ ਵਾਲਾ ਵਿਅਕਤੀ , ਫਾਨੀ ਸੰਸਾਰ ਤੋਂ ਕੂਚ ਕਰ ਜਾਂਦਾ ਹੈ ਤਾਂ ਉਸਦੇ ਹਜ਼ਾਰਾਂ ਲੱਖਾਂ ਪ੍ਰਸੰਸਕਾਂ ਦੇ ਦਿਲ ਮੁਰਝਾ ਜਾਂਦੇ ਨੇ । ਇਵੇਂ ਹੀ ਕੁਲਦੀਪ ਮਾਣਕ ਦੇ ਅਕਾਲ ਚਲਾਣੇ ਦੀ ਮਨਹੂਸ ਖਬਰ ਸੁਣ ਕੇ ਮੈਂਨੂੰ ਨਿੱਜੀ ਤੌਰ ਤੇ ਇਉਂ ਮਹਿਸੂਸ ਹੋਇਆ ਕਿ ਜਿਵੇਂ ਮੇਰੇ ਬਚਪਨ ਅਤੇ ਚੜ੍ਹਦੀ ਜਵਾਨੀਂ ਦੇ ਵਿਚਕਾਰਲੇ ਅਲਬੇਲੇ ਜਿਹੇ ਖੁਸ਼-ਨੁਮਾ ਦਿਨਾਂ ਦੀ ਮੌਤ ਹੋ ਗਈ ਹੋਵੇ !

ਮੈਂ ਵੀ ਉਨ੍ਹਾਂ ਮੁੰਡਿਆਂ ਵਿੱਚ ਸ਼ਾਮਿਲ ਹੁੰਦਾ ਸਾਂ ਜੋ ਅੱਡੀਆਂ ਚੁੱਕ ਚੁੱਕ ਮਾਣਕ ਦੇ ਆਉਣ ਵਾਲ਼ੇ ਨਵੇਂ ਰਿਕਾਰਡਾਂ ਦੀ ਉਡੀਕ ਕਰਦੇ ਹੁੰਦੇ ਸਨ। ਆਪਣੇ ਪਿੰਡ ਵਿੱਚ ਜਾਂ ਕਿਤੇ ਆਲ਼ੇ ਦੁਆਲ਼ੇ ਵੱਜਦੇ ਲਾਊਡ ਸਪੀਕਰਾਂ ਵੱਲ ਅਸੀਂ ਕੰਨ ਲਾਈ ਰੱਖਦੇ ਸਾਂ ਕਿ ਕਦੋਂ ਛੇਤੀ ਕਰ ਸਰਵਣ ਬੱਚਾਵਾਲ਼ਾ ਗੀਤ ਵੱਜੇਗਾ। ਲਾਗਲੇ ਪਿੰਡ ਸ਼ੇਖੂ ਪੁਰ ਦੇ ਸਪੀਕਰ ਵਜਾਉਣ ਵਾਲ਼ੇ ਤਰਸੇਮ ਨਾਲ਼, ਅਸੀਂ ਇਸੇ ਲਾਲਚ ਵਿੱਚ ਆੜੀ ਪਾਈ ਰੱਖਦੇ ਕਿਉਂਜੋ ਉਹ ਸਾਡੇ ਕਹੇ ਤੇ ਮਾਣਕ ਦੇ ਤਵੇ ਉੱਤੇ ਸੂਈ ਰੱਖ ਦਿੰਦਾ ਹੰਦਾ ਸੀ। ਕੋਠਿਆਂ ਦੇ ਬਨੇਰਿਆਂ ਤੇ ਪਏ ਲਾਊਡ ਸਪੀਕਰਾਂ ਚ ਵੱਜਦੇ ਮਾਣਕ ਦੇ ਗਾਣਿਆਂ ਨੂੰ ਅਸੀਂ ਸਾਹ ਰੋਕ ਕੇ ਸੁਣਦੇ। ਪਸ਼ੂ ਚਰਾਉਣ ਗਏ ਹੋਏ ਅਸੀਂ ਖੁੱਲ੍ਹੇ ਖੇਤਾਂ ਚ ਮਾਣਕ ਦੇ ਬੋਲ ਗੁਣ ਗੁਣਾਉਂਦੇ ਹੋਏ ਫਿਰਦੇ। ਮਾਵਾਂ ਹੁੰਦੀਆਂ ਮਤੇਈਆਂ ਬੁਰੀਆਂ ਤੂੰ ਮਹਿਲੀਂ ਨਹੀਂ ਸੀ ਜਾਣਾ ਪੂਰਨਾਂਵਾਲ਼ਾਂ ਗੀਤ ਪੇਂਡੂ ਬੀਬੀਆਂ ਦੀਆਂ ਅੱਖਾਂ ਗਿੱਲੀਆਂ ਕਰਾ ਦਿੰਦਾ।

ਕੰਪਿਊਟਰ ਦੇ ਕੀ-ਬੋਰਡਉੱਤੇ ਦੋ ਕੁ ਉਂਗਲ਼ਾਂ ਮਾਰ ਕੇ ਪਲਾਂ-ਛਿਣਾਂ ਵਿੱਚ ਮਨ ਪਸੰਦ ਗੀਤ ਲੱਭ ਲੈਣ ਵਾਲ਼ੀ ਅਜੋਕੀ ਪੀੜ੍ਹੀ ਨੂੰ ਇਹ ਸੁਣ ਕੇ ਸ਼ਾਇਦ ਯਕੀਨ ਹੀ ਨਾ ਆਵੇ ਕਿ ਸਾਨੂੰ ਆਪਣੇ ਪਸੰਦੀ-ਦਾ ਗੀਤ ਸੁਣ ਲਈ ਕਿੰਨੇਂ ਤਰਲੇ ਕਰਨੇ ਪੈਂਦੇ ਸਨ। ਅਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਹੁੰਦੇ ਦਿਹਾਤੀ ਪ੍ਰੋਗਰਾਮ ਵਾਲ਼ੇ ਠੰਢੂ ਰਾਮ ਹੁਣਾਂ ਨੂੰ ਅਸੀਂ ਮਾਣਕ ਦੇ ਗੀਤ ਸੁਣਾਉਣ ਲਈ ਕਈ ਕਈ ਪੋਸਟ-ਕਾਰਡ ਲਿਖਦੇ ਰਹਿੰਦੇ ਹੁੰਦੇ ਸੀ।ਮਾਂ ਹੁੰਦੀ ਏ ਮਾਂਅਤੇ ਤੇਰੇ ਟਿੱਲੇ ਤੋਂ ਔਹ ਸੂਰਤ ਦੀਹਦੀ ਆ ਹੀਰ ਦੀਜਿਹੇ ਗੀਤਾਂ ਨੂੰ ਅਸੀਂ ਕੁੜੀਆਂ ਵਾਂਗ ਔਂਸੀਆਂ ਪਾ ਪਾ ਉਡੀਕਦੇ ਹੁੰਦੇ ਸਾਂ। ਹਰ ਐਤਵਾਰ ਸ਼ਾਮ ਨੂੰ ਅਸੀਂ ਆਪਣੀ ਫੁਰਮਾਇਸ਼ ਸੁਣਨ ਲਈ ਰੇਡੀਉ ਦੇ ਨੇੜੇ ਢੁਕ ਢੁਕ ਬਹਿੰਦੇ। ਮਾਣਕ ਦੀ ਤੂੰਬੀ ਦੀ ਟੁਣਕਾਰ ਸੁਣਦਿਆਂ ਹੀ ਅਸੀਂ ਸਪੇਰੇ ਦੀ ਬੀਨ ਮੋਹਰੇ ਮੇਲ੍ਹਦੇ ਨਾਗ ਵਾਂਗ ਮੇਲ੍ਹਣ ਲਾਗ ਪੈਂਦੇ।

ਮਾਣਕ ਦੀ ਮੌਤ ਦਾ ਦੁਖਦਾਈ ਸਮਾਚਾਰ ਸੁਣ ਕੇ ਮੈਂਨੂੰ ਉਹ ਪਲ ਵੀ ਯਾਦ ਆ ਗਏ ਜਦੋਂ ਮੈਂ ਤੇ ਮੇਰੇ ਦੋਵੇਂ ਛੋਟੇ ਭਰਾਵਾਂ ਨੇ ਪਹਿਲੀ ਵਾਰ ਮਾਣਕ ਨੂੰ ਨੇੜਿਉਂ ਗਾਉਂਦਾ ਦੇਖਿਆ ਸੀ । ਸੰਨ 1976-77 ਤੋਂ ਬਾਅਦ ਦੇ ਕਿਸੇ ਸਾਲ ਦੇ ਸਤੰਬਰ ਮਹੀਨੇ ਦੀ ਗੱਲ ਹੈ ਕਿ ਅਸੀਂ ਤਿੰਨੇਂ ਭਰਾ ਇੱਕੋ ਸਾਈਕਲ ਤੇ ਆਪਣੇ ਨਾਨਕੇ ਪਿੰਡ ਧਮਾਈ ਨੂੰ ਜਾ ਰਹੇ ਸਾਂ। ਜਾਡਲਾ ਕਸਬਾ ਲੰਘ ਕੇ ਜਦੋਂ ਅਸੀਂ ਦੌਲਤ ਪੁਰ ਦੀ ਜੂਹ ਵਿੱਚ ਵੜੇ ਤਾਂ ਅਸੀਂ  ਦੇਖਿਆ ਕਿ ਪਿੰਡ ਦੇ ਨਿਆਣੇ-ਸਿਆਣੇ ਤੇ ਮਾਈਆਂ ਬੀਬੀਆਂ ਨਵੇਂ ਕੱਪੜੇ ਪਹਿਨੀ ਇੱਕ ਪਾਸੇ ਨੂੰ ਕਾਹਲ਼ੀ ਕਾਹਲ਼ੀ ਤੁਰੇ ਜਾ ਰਹੇ ਨੇ। ਕਿਸੇ ਹਾਣੀ-ਹਵਾਣੀ ਤੋਂ ਪੁੱਛਿਆ ਤਾਂ ਪਤਾ ਲੱਗਿਆ ਕਿ ਇੱਥੇ ਅੱਜ ਕੁਲਦੀਪ ਮਾਣਕ ਆ ਰਿਹਾ ਹੈ। ਸਾਡੀਆਂ ਵਾਛਾਂ ਖਿੜ ਗਈਆਂ ! ਮਾਣਕ ਦਰਸ਼ਨ ਦੀ ਤੀਬਰ-ਤਾਂਘ ਨੇ ਸਾਡਾ ਨਾਨਕੀਂ ਜਾਣ ਦਾ ਚਾਅ ਉਤਾਰ ਦਿੱਤਾ । ਅਸੀਂ ਵੀ ਤਿੰਨੇਂ ਭਰਾ ਸੰਗਵਿੱਚ ਰਲ਼ ਗਏ ਤੇ ਜਾ ਵੜੇ ਪਿੰਡ ਦੇ ਦਰਵਾਜੇ ਵਿਖੇ ਜੁੜੇ ਇਕੱਠ ਵਿੱਚ।

ਅਸਲ ਵਿੱਚ ਇੱਥੇ ਬੱਬਰ ਕਰਮ ਸਿੰਘ ਦੌਲਤ ਪੁਰ ਅਤੇ ਉਨ੍ਹਾਂ ਦੇ ਸ਼ਹੀਦ ਸਾਥੀ ਬੱਬਰਾਂ ਦੀ ਸਲਾਨਾ ਬਰਸੀ ਮਨਾਈ ਜਾ ਰਹੀ ਸੀ। ਸੰਤ ਲੌਂਗੋਵਾਲ਼ ਅਤੇ ਜਥੇਦਾਰ ਟੌਹੜਾ ਦੇ ਬੋਲਣ ਤੋਂ ਬਾਅਦ ਇੱਕ ਢਾਡੀ ਜਥਾ ਲੱਗਿਆ। ਫਿਰ ਸਟੇਜ ਤੇ ਚੜ੍ਹਿਆ ਕੁਲਦੀਪ ਮਾਣਕ!  ਇਹ ਵੀ ਅਜੀਬ ਇਤਫਾਕ ਦੇਖੋ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਸੰਤ ਲੌਂਗੋਵਾਲ਼ . ਜਥੇਦਾਰ ਟੌਹੜਾ ਅਤੇ ਮਾਣਕ, ਤਿੰਨਾਂ ਜਣਿਆਂ ਨੂੰ ਪਹਿਲੀ ਵਾਰ ਉਦੋਂ ਹੀ ਦੇਖਿਆ ਸੀ । ਲੰਮੇਂ ਲੜ ਵਾਲ਼ੀ ਮਾਵਾ ਲੱਗੀ ਤੁਰਲ੍ਹੇਦਾਰ ਪਗੜੀ, ਚਿੱਟਾ ਚਾਦਰਾ ਕਮੀਜ਼ ਅਤੇ ਚਮਕਦੇ ਬਟਨਾਂ ਵਾਲ਼ੀ ਜੈਕਟ ਪਹਿਨ ਕੇ , ਜਦੋਂ ਮਾਣਕ ਨੇ ਆਲ਼ੇ ਦੁਆਲ਼ੇ ਜੁੜੇ ਹਜੂਮ ਨੂੰ ਹੱਥ ਜੋੜ ਕੇ ਫਤਹਿ ਬੁਲਾਈ ਤਾਂ ਸ੍ਰੋਤਿਆਂ ਦੀਆਂ ਧੜਕਣਾਂ ਤੇਜ਼ ਹੋ ਗਈਆਂ। ਉਦੋਂ ਅੱਜ ਵਰਗੇ ਖੌਰੂ ਪੱਟ ਸੱਭਿਆਚਾਰਦਾ ਰਿਵਾਜ਼ ਹਾਲੇ ਨਹੀਂ ਸੀ ਪਿਆ। ਮਾਣਕ ਨੇ ਆਉਂਦਿਆਂ ਸਾਰ ਸ੍ਰੋਤੇ ਕੀਲ ਕੇ ਬਹਾ ਲਏ। ਕਿਉਂਕਿ ਕਲੀਆਂ ਦੀ ਝੜੀ ਲਾਤੀ ਸੀ ਮਾਣਕ ਨੇ।

ਜਥੇਦਾਰ ਟੌਹੜਾ ਅਤੇ ਸੰਤ ਲੌਂਗੋਵਾਲ਼ ਦੇ ਸਟੇਜ ਤੋਂ ਚਲੇ ਜਾਣ ਬਾਅਦ ਸਟੇਜ-ਸਕੱਤਰ ਹਰਜੀਤ ਸਿੰਘ ਥਾਂਦੀ ਨੂੰ ਸ੍ਰੋਤਿਆਂ ਦੀਆਂ ਚਿੱਟਾਂ ਪਹੁੰਚਣ ਲੱਗੀਆਂ ਕਿ ਮਾਣਕ ਹੀਰ ਦੀ ਕਲੀ ਸੁਣਾਵੇ। ਅੱਜ ਵੀ ਉਹ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਆਉਂਦਾ ਹੈ , ਜਦ ਮਾਣਕ ਨੇ ਮੋਟੀਆਂ ਮੋਟੀਆਂ ਮੁੰਦੀਆਂ ਨਾਲ਼ ਭਰੀਆਂ ਉਂਗਲ਼ੀਆਂ ਵਾਲ਼ਾ ਪੰਜਾ, ਇਨਕਾਰ ਦੀ ਮੁਦਰਾ ਚ ਘੁਮਾਉਂਦਿਆਂ ਸ਼ੁਧ ਮਲਵਈ ਚ ਕਿਹਾ-ਬਾਈ ਥੋਡੀ ਫੁਰਮਾਇਸ਼ ਮੈਂ ਜ਼ਰੂਰ ਪੂਰੀ ਕਰੂੰਗਾ, ਪਰ ਪਹਿਲਾਂ ਗੁਰੁੂ ਮਹਾਰਾਜ ਜੀ ਗੁਰਦੁਆਰਾ ਸਾਹਿਬ ਵਿਖੇ ਬਿਰਾਜਮਾਨ ਕਰ ਆਈਏ!ਪ੍ਰਬੰਧਕਾਂ ਨੇ ਸਲਾਹ ਕਰਕੇ ਮਰਿਅਦਾ ਦਾ ਪਾਲਣ ਕਰਦਿਆਂ ਪ੍ਰਸ਼ਾਦ ਵਰਤਾਉਣ ਉਪ੍ਰੰਤ ਗੁਰੂ ਮਹਾਰਾਜ ਦਾ ਸੁਖ ਆਸਣ ਕਰ ਦਿੱਤਾ। ਜਿੰਨਾਂ ਚਿਰ ਸਟੇਜ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਅਸਵਾਰੀ ਪ੍ਰਸਥਾਨ ਨਹੀਂ ਕਰ ਗਈ , ਉਨਾ ਚਿਰ ਮਾਣਕ ਇੱਕ ਸ਼ਰਧਾਲੂ ਸਿੱਖ ਵਾਂਗ ਚੌਂਕੜਾ ਮਾਰ ਕੇ ਅਡੋਲ ਬੈਠਾ ਰਿਹਾ।

ਦੂਜੀ ਵਾਰ ਮੈਂ ਉਸ ਨੂੰ ਬੰਗੇ ਨੇੜੇ ਮਜਾਰਾ ਨੌ ਅਬਾਦ ਵਿਖੇ ਹੋਏ ਮੇਲੇ ਤੇ ਸੁਣਿਆਂ। ਉੱਥੇ ਮੈਂ ਜਨੂੰਨ ਚ ਆਏ ਨੇ ਉਹਦੇ ਨਾਲ਼ ਹੱਥ ਮਿਲਾਉਣ ਦੀ ਰੀਝ ਵੀ ਪੂਰੀ ਕਰ ਲਈ। ਤੀਜੀ ਵਾਰ ਉਸਦਾ ਨਵਾਂਸ਼ਹਿਰ ਵਿਖੇ ਹੋਈ ਇੱਕ ਸਿਆਸੀ ਕਾਨਫਰੰਸ ਵਿੱਚ ਲਾਈਵਪ੍ਰੋਗਰਾਮ ਸੁਣਿਆ।

ਟੇਪ ਰਿਕਾਰਡਰ ਅਤੇ ਆਡੀਉ ਕੈਸਿਟਾਂ ਦੇ ਦੌਰ ਸਮੇਂ ਸ਼ਹਿਰਾਂ ਕਸਬਿਆਂ ਵਿੱਚ ਰਿਕਾਰਡਿੰਗ ਸਟੂਡੀਉਜ਼ਖੁੱਲ੍ਹਣ ਲਾਗੇ। ਇੱਥੋਂ ਲੋਕੀਂ ਤਵਿਆਂ ਦੇ ਗੀਤ ਆਪਣੀਆਂ ਕੈਸਟਾਂ ਚ ਭਰਾ ਲਿਆਂਉਂਦੇ। ਮੈਂ ਢਾਡੀਆਂ ਅਤੇ ਢਾਡੀਆਂ ਵਾਂਗ ਗਾਉਣ ਵਾਲ਼ੇ ਮਾਣਕ ਦਾ ਤਕੜਾ ਫੈਨਹੋਣ ਕਾਰਨ ਢਾਡੀਆਂ ਅਤੇ ਮਾਣਕ ਦੇ ਨਵੇਂ ਆਏ ਤਵਿਆਂ ਨੂੰ ਕੈਸਟਾਂ ਚ ਭਰਵਾਉਣ ਜਾਂਦਾ ਹੁੰਦਾ ਸਾਂ ਗੜ੍ਹਸ਼ੰਕਰ। ਇੱਕ ਪੰਥ ਦੋ ਕਾਜ ਵਾਂਗ ਨਾਲ਼ੇ ਮੈਂ ਉੱਥੇ ਆਪਣੇ ਸਹੁਰਾ ਪ੍ਰਵਾਰ ਵਿੱਚ ਗੇੜਾ ਮਾਰ ਆਉਣਾ, ਨਾਲ਼ੇ ਗੜ੍ਹਸ਼ੰਕਰ ਕਮੇਟੀ ਦੇ ਲਾਗੇ ਰਾਜ ਤੇ ਛਿੰਦੇ ਦੇ ਦੁਆਬਾ ਸਟੀਰੀਉਪਹੁੰਚ ਕੇ ਰੂਹ ਨਾਲ਼ ਮਾਣਕ ਸੁਣਨਾ ਅਤੇ ਕੈਸਟਾਂ ਰਿਕਾਰਡ ਕਰਵਾ ਲੈਣੀਆਂ । ਇੱਕ ਅੱਖ ਵਿੱਚ ਰਤਾ ਕੁ ਭੈਂਗ ਵਾਲ਼ਾ ਰਾਜ, ਬੜੇ ਫਖਰ ਨਾਲ਼ ਕਿਹਾ ਕਰਦਾ ਸੀ ਕਿ ਮਾਣਕ ਦਾ ਫਲਾਣਾ ਗੀਤ ਤੁਹਾਡੇ ਕੋਲ਼ ਹੈਗਾ?’ ਜਿਹਾ ਸਵਾਲ ਪੁੱਛ ਕੇ ਸਾਡੀ ਬੇਇਜ਼ਤੀ ਨਾ ਕਰੋ। ਮਾਣਕ ਤਾਂ ਜੇ ਸਟੇਜ ਤੇ ਕਿਤੇ ਖੰਘਿਆ ਵੀ ਹੋਊ, ਸਾਡੇ ਕੋਲ਼ ਉਹਦੀ ਵੀ ਰਿਕਾਰਡਿੰਗ ਉਪਲਭਦ ਹੋਵੇਗੀ।

ਮੈਂਨੂੰ ਯਾਦ ਹੈ ਕਿ ਸੱਚ ਮੁੱਚ ਉਨ੍ਹਾਂ ਕੋਲ਼ ਮਾਣਕ ਦਾ ਇੰਗਲੈਂਡ ਵਿੱਚ ਭਰਿਆ ਹੋਇਆ ਇੱਕ ਰਿਕਾਰਡ ਹੁੰਦਾ ਸੀ-ਕਾਲ਼ਿਆਂ ਦੇ ਨਾਲ਼ ਜੇ ਨਾ ਕੀਤੀ ਬੰਦਗੀ। ਧੌਲ਼ਿਆਂ ਦੇ ਨਾਲ਼ ਲੈ ਸਵਾਰ ਜ਼ਿੰਦਗੀ।ਇਹ ਰਿਕਾਰਡ ਮੈਂ ਹੋਰ ਕਿਧਰੇ ਨਹੀਂ ਸੁਣਿਆ ਦੇਖਿਆ। ਇਸੇ ਤਰ੍ਹਾਂ ਗਿਆਨੀ ਦਿਲਬਰ ਜੀ ਦੇ ਦੋ ਐਲ ਪੀ ਰਿਕਾਰਡ ਉਨ੍ਹਾਂ ਕੋਲ਼ ਪਏ ਹੁੰਦੇ ਸਨ। ਉਨ੍ਹਾਂ ਦੀ ਦੁਕਾਨ ਵਿੱਚ ਬਹਿ ਕੇ ਮਾਣਕ ਸੁਣਨ ਦਾ ਮਜ਼ਾ ਹੀ ਕੁੱਝ ਵੱਖਰਾ ਹੁੰਦਾ ਸੀ। ਇਨ੍ਹਾਂ ਗੜ੍ਹਸ਼ੰਕਰੀਏ ਭਰਾਵਾਂ ਦੀ ਮਦਦ ਨਾਲ਼ ਮੈਂ ਵੀ ਆਪਣੇ ਨਿੱਜੀ ਸੰਗ੍ਰਹਿ ਵਿੱਚ ਮਾਣਕ ਦੀ ਸਾਰੀ ਗਾਇਕੀ ਸਾਂਭਣ ਦੀ ਉਦੋਂ ਤੱਕ ਕੋਸ਼ਿਸ਼ ਕਾਰਦਾ ਰਿਹਾ ਜਦ ਤੱਕ ਮੇਰਾ ਸਿੱਧਾ ਵਾਹ ਲੂਣ, ਤੇਲ, ਲੱਕੜੀਆਂਨਾਲ਼ ਨਹੀਂ ਸੀ ਪੈ ਗਿਆ। ਮਾਣਕ ਦੇ ਗੀਤਾਂ ਦੀਆਂ ਕੈਸਟਾਂ ਭਰਾ ਕੇ ਖੁਸ਼ਕਤ ਲਿਖਾਈ ਨਾਲ਼ ਉਨ੍ਹਾਂ ਗੀਤਾਂ ਦੀਆਂ ਲਿਸਟਾਂ ਬਣਾਉਣੀਆਂ ਮੇਰਾ ਸ਼ੌਂਕ ਹੁੰਦਾ ਸੀ।

ਪੰਜਾਬ ਚ ਬੱਸ ਸਫਰ ਕਰਦਿਆਂ ਮੈਂ ਅਕਸਰ ਡਰਾਈਵਰਾਂ ਕੰਡਕਟਰਾਂ ਨੂੰ ਕਹਿ ਕੇ ਮਾਣਕ ਦੀਆਂ ਕੈਸਟਾਂ ਲਗਵਾਇਆ ਕਰਦਾ ਸਾਂ। ਹਿੱਕ ਦੇ ਜ਼ੋਰ ਨਾਲ਼ ਗਾਈ ਹੋਈ ਉਸਦੀ ਬਾਬਾ ਬੰਦਾ ਬਹਾਦਰ ਦੀ ਵਾਰ ਸੁਣ ਸੁਣ ਕੇ ਮਨ ਹੀ ਨਾ ਭਰਦਾ। ਖਾੜਕੂਵਾਦ ਦੇ ਦਿਨਾਂ ਵਿੱਚ ਆਈ ਉਸਦੀ ਕੈਸਟ ਸੁਣ ਸਰਕਾਰੇ ਨੀ ਪੰਜਾਬ ਵਿੱਚ ਖਾਲਸੇ ਦਾ ਰਾਜ ਹੋ ਗਿਆਮਾਣਕ ਦੀ ਦਮਦਾਰ ਅਵਾਜ਼ ਅਤੇ ਸਿੱਖੀ ਪ੍ਰਤਿ ਉਸ ਦੀ ਸ਼ਰਧਾ ਦਾ ਸਰਵੋਤਮ ਨਮੂੰਨਾ ਸੀ। ਉਸ ਦਾ ਗਾਇਆ ਦੱਲਾ-ਭੱਟੀ, ਸੁਣਨ ਵਾਲ਼ਿਆਂ ਦੇ ਹੁਣ ਵੀ ਅਣਖਾਂ ਦੇ ਟੀਕੇ ਲਾਉਣ ਦੇ ਸਮਰੱਥ ਹੈ। ਪਤੀ ਦੀ ਦੁਰਕਾਰੀ ਕੌਲਾਂ ਦਾ ਵਿਰਲਾਪ, ਜਿਸ ਤਰ੍ਹਾਂ ਮਾਣਕ ਨੇ ਕਰੁਣਾਮਈ ਅਵਾਜ਼ ਵਿੱਚ ਗਾਇਆ ਹੈ, ਉਸਨੂੰ ਸੁਣ ਕੇ ਵੈਰਾਗ ਦਾ ਹੜ੍ਹ ਆ ਜਾਂਦਾ ਹੈ। ਇਹ ਦੁਨੀਆਂ ਧੋਖੇਬਾਜਾਂ ਦੀ’ ‘ਵਖਤ ਪਏ ਤੇ ਪਰਖੀ ਜਾਂਦੀ ਯਾਰਾਂ ਦੀਅਤੇ ਗੋਲ਼ੀ ਮਾਰੋ ਐਹੋ ਜਿਹੇ ਬਣਾਉਟੀ ਯਾਰ ਦੇਵਰਗੇ ਉਸਦੇ ਸਦਾਬਹਾਰ ਗੀਤ ਕਦੇ ਮਾਣਕ ਨੂੰ ਮਰਨ ਨਹੀਂ ਦੇਣਗੇ।

ਪੰਜਾਬ ਦੀਆਂ ਫਿਜ਼ਾਵਾਂ ਵਿੱਚ ਮਾਣਕ ਦੀ ਅਵਾਜ਼ ਨੇ ਜਿਹੜਾ ਮਿੱਠਾ ਰਸ ਲਰਜ਼ਾਇਆ ਹੈ, ਉਸ ਦਾ ਅਸਰ ਕੇਵਲ ਉਨ੍ਹਾਂ ਸਮਿਆਂ ਦੇ ਲੋਕਾਂ ਨੂੰ ਹੀ ਖਿੱਚ ਨਹੀਂ ਪਾਉਂਦਾ ਸਗੋਂ ਅਜੋਕੀ ਪੀੜ੍ਹੀ ਵਿੱਚੋਂ ਵੀ ਪੰਜਾਬੀ ਗਾਇਕੀ ਦੇ ਸੁਨਹਿਰੇ ਅਤੇ ਲੰਘ ਚੁੱਕੇ ਦੌਰ ਨਾਲ਼ ਸਨੇਹ ਰੱਖਣ ਵਾਲ਼ੇ ਬਹੁਤੇ ਨੌਜੁਆਨ ਐਸੇ ਹਨ ਜਿਹੜੇ ਘਰਾਂ, ਮੋਬਾਈਲਾਂ ਜਾਂ ਕਾਲਜ ਯੁਨੀਵਰਸਿਟੀਆਂ ਦੇ ਹੋਸਟਲਾਂ ਦੇ ਕਮਰਿਆਂ ਵਿੱਚ ਮਾਣਕ ਦੇ ਗੀਤਾਂ ਵਿੱਚੋਂ ਆਪਣੀ ਜ਼ਿੰਦਗੀ ਦੇ ਸੁਆਦਾਂ ਨੂੰ ਸਾਕਾਰ ਹੁੰਦਾ ਮਹਿਸੂਸ ਕਰਦੇ ਹਨ। ਇਸਦਾ ਅਰਥ ਇਹ ਹੋਇਆ ਕਿ ਮਾਣਕ ਨੂੰ ਸਮੇਂ ਨੇ ਇੱਕ ਅਜਿਹਾ ਵਾਕਿਆ ਬਣਾ ਦਿੱਤਾ ਹੈ ਜਿਹੜਾ ਸਮੇਂ ਅਤੇ ਉਮਰ ਦੀ ਹੱਦ ਨੂੰ ਪਾਰ ਕਰ ਕੇ ਪੰਜਾਬੀ ਚੇਤਿਆਂ ਵਿੱਚ ਹਮੇਸ਼ਾ ਆਪਣੀ ਮਿੱਠੀ ਜਿਹੀ ਯਾਦ ਨੂੰ ਬਰਕਰਾਰ ਰੱਖੇਗਾ।

ਮਾਣਕ ਦੇ ਅਸਹਿ ਵਿਛੋੜੇ ਤੇ ਇਹ ਸਤਰਾਂ ਲਿਖਦਿਆਂ ਮੈਂ ਕੁਝ ਪਲ ਲਈ ਉਦਾਸੀ ਭਰੇ ਮੋਹ ਨਾਲ ਪਿੰਡੋਂ ਨਾਲ਼ ਲਿਆਂਦੀਆਂ ਕੈਸਟਾਂ ਵਿੱਚੋਂ ਇੱਕ , ਟੇਪ ਰਿਕਾਰਡਾਰ ਤੇ ਚਲਾ ਲਈ। ਗੜ੍ਹਕਵੀਂ ਤੇ ਟੁਣਕਦੀ ਅਵਾਜ਼ ਵਿੱਚ ਮਾਣਕ ਸੁੱਚਾ ਸਿੰਘ ਸੂਰਮੇਂ ਦਾ ਕਿੱਸਾ ਗਾ ਰਿਹਾ ਹੈ। ਬਲਬੀਰੋ ਭਾਬੀ ਤੇ ਮੱਲ ਦਾ ਕਤਲ ਕਰ ਕੇ ਉਸਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ। ਫਾਂਸੀ ਦੇ ਤਖਤੇ ਵੱਲ ਜਾਣ ਲੱਗਾ ਅਣਖੀ ਸੂਰਮਾ ਸੁੱਚਾ ਸਿੰਘ ਆਪਣੇ ਵੱਡੇ ਭਰਾ ਨਰੈਣੇ ਤੇ ਹੋਰ ਅੰਗਾਂ ਸਾਕਾਂ ਨਾਲ਼ ਆਖਰੀ ਮੁਲਾਕਾਤ ਦੌਰਾਨ ਇਹ ਕੁੱਝ ਕਹਿੰਦਾ ਹੈ:-

ਹੁਣ ਸੀਸ ਸਭ ਦੇ ਝੁਕਾਵਾਂ ਚਰਨੀਂ,
ਜਾਂਦੀ ਵਾਰੀ ਫਤਹਿ ਮਨਜ਼ੂਰ ਕਰਨੀਂ।
ਵਕਤ ਅਖੀਰ ਸੂਰਮੇਂ ਦਾ ਆਇਆ ਹੈ,
ਕਰਮਾਂ ਨੇ ਗਲ਼ ਵਿੱਚ ਫਾਹਾ ਪਾਇਆ ਹੈ।
ਚੱਲਿਆ ਨਿਭਾ ਕੇ ਜਿਵੇਂ ਲਿਖਿਆ ਖੁਦਾ ਨੇ ,
ਕਰਮਾਂ ਦੀ ਡੈਰੀ ਨੂੰ ------ !

ਮਗਰੋਂ ਸੁੱਚੇ ਭਰਾ ਦੀ ਲਾਸ਼ ਦੇ ਸਿਰ੍ਹਾਣੇ ਖੜਕੇ ਨਰੈਣਾ ਦੁਹੱਥੜਾਂ ਮਾਰ ਕੇ ਰੋਂਦਾ ਹੈ-

ਮਾਰਦਾ ਨਰੈਣਾਂ ਧਾਹਾਂ ਹਾਏ ਉਏ ਸੁੱਚਿਆ,
ਬੋਲਦਾ ਨੀਂ ਵੀਰਾ ? ਕਿਹੜੀ ਗੱਲੋਂ ਰੁੱਸਿਆ !

ਪੰਜਾਬ ਦੇ ਮਹਾਨ ਕਿੱਸਾ-ਕਾਵਿ ਅਤੇ ਲੋਕ-ਧੁਨਾਂ ਨੂੰ ਸਦਾ ਲਈ ਅਮਰ ਕਰਨ ਵਾਲ਼ਾ ਮਾਣਕ ਵੀ ਸਭ ਨੂੰ ਆਖਰੀ ਫਤਹਿ ਬੁਲਾ ਕੇ, ਖੁਦਾ ਦੀ ਲਿਖੀ ਡੈਰੀ ਅਨੁਸਾਰ ਅਗਮ ਦੇਸ ਨੂੰ ਤੁਰ ਗਿਆ ਹੈ। ਅਸੀਂ ਭਾਵੇਂ ਨਰੈਣੇ ਵਾਂਗ ਉਸ ਨੂੰ ਇੱਕ ਵਾਰਬੋਲਣ ਲਈ ਲੱਖ ਅਰਜ਼ਾਂ ਕਰੀਏ, ਪਰ ਆਖਰੀ ਫਤਹਿ ਬੁਲਾ ਗਏ ਕਦੇ ਹੁੰਘਾਰਾ ਨਹੀਂ ਭਰਦੇ!

****