ਸੂਰਤ-ਸੀਰਤ, ਸੁਰ-ਸੰਗੀਤ ਦਾ ਸੁਮੇਲ : ਸੁਰੱਈਆ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

31 ਜਨਵਰੀ ਬਰਸੀ ‘ਤੇ  
ਸਿਨੇ-ਜਗਤ ਨੂੰ ਆਪਣੀ ਕਲਾ, ਸੀਰਤ-ਸੂਰਤ ਅਤੇ ਸੁਰੀਲੇ ਸੁਰ-ਸੰਗੀਤ ਨਾਲ ਮੰਤਰ-ਮੁਗਧ ਕਰਨ ਵਾਲੀ, ਦਰਸ਼ਕਾਂ ਦੇ ਦਿਲਾਂ ‘ਤੇ ਬਾਦਸ਼ਾਹਤ ਦੇ ਝੰਡੇ ਗੱਡਣ ਵਾਲੀ, ਕਲਾਸਿਕ ਬਦਾਮੀ ਅੱਖਾਂ, ਗੁਲਾਬੀ ਰੰਗ ਨਾਲ ਸਿਲਵਰ ਸਕਰੀਨ ਦੀ ਬੇ-ਤਾਜ ਸ਼ਹਿਜ਼ਾਦੀ ਅਖਵਾਉਣ ਵਾਲੀ ਸੀ ਸੁਰੱਈਆ । ਜਿਸ ਨੇ ਖ਼ਾਸ ਕਰ  1940 ਤੋਂ 1950 ਤੱਕ ਦਰਸ਼ਕਾਂ ਦੇ ਸੁਪਨਿਆਂ ਦਾ ਸਿਰਹਾਣਾ ਮੱਲੀ ਰੱਖਿਆ । ਇਸ ਸੁਪਨਪਰੀ ਦਾ ਮੁੱਢਲਾ ਅਤੇ ਪੂਰਾ ਨਾਂਅ ਸੁਰੱਈਆ ਜਮਾਲ ਸ਼ੇਖ ਸੀ । ਇਸ ਤੋਂ ਬਿਨਾਂ ਉਸ ਨੂੰ ਸੁਰੱਈਆ ਮੁਬਿਨ ਵੀ ਕਿਹਾ ਕਰਦੇ ਸਨ । ਜਦ ਉਹ ਮੁੰਬਈ ਦੀਆਂ ਸੜਕਾਂ ਤੋਂ ਲੰਘਦੀ ਤਾਂ ਉਸ ਦੀ ਇੱਕ ਝਲਕ ਪਾਉਣ ਲਈ ਸੜਕਾਂ ਤੇ ਵੱਡੇ ਵੱਡੇ ਜਾਮ ਲੱਗ ਜਾਂਦੇ । ਹਰ ਕੋਈ ਉਹਦੀ ਆਕਰਸ਼ਕ ਦਿੱਖ ਨੂੰ ਅੱਖਾਂ ਹੀ ਅੱਖਾਂ ਰਾਹੀਂ ਮਾਨਣ ਲਈ ਉਤਾਵਲਾ ਰਹਿੰਦਾ । ਉਂਝ ਵੀ ਕਿਹੜਾ ਉਹ ਬਸਰੇ ਦੀ ਹੂਰ ਤੋਂ ਘੱਟ ਸੀ । ਸੁਰੱਈਆ ਬਾਰੇ ਵਿਸ਼ੇਸ਼ ਗੱਲ ਇਹ ਵੀ ਹੈ ਕਿ ਉਸ ਨੇ ਸੰਗੀਤ ਜਾਂ ਐਕਟਿੰਗ ਦੀ ਬਕਾਇਦਾ ਕੋਈ ਸਿਖਿਆ ਨਹੀਂ ਸੀ ਲਈ । ਅਜਿਹੀ ਕਿਸੇ ਜਮਾਤ ਵਿੱਚ ਦਾਖ਼ਲਾ ਵੀ ਨਹੀਂ ਸੀ ਲਿਆ ।

ਇਸ ਹੁਸਨਪਰੀ ਸੁਰੱਈਆ ਜਮੀਲਾ ਸ਼ੇਖ਼ ਦਾ ਜਨਮ 15 ਜੂਨ 1929 ਨੂੰ ਗੁਜਰਾਂਵਾਲਾ ਵਿਖੇ ਹੋਇਆ । ਸੁਰੱਈਆ ਮਾਪਿਆਂ ਦੀ ਇਕਲੌਤੀ ਔਲਾਦ ਸੀ । ਸੁਰੱਈਆ ਦੇ ਅੱਬੂ ਜਾਨ ਨੇ ਗੁਜਰਾਂਵਾਲਾ ਵਿੱਚ ਹੀ ਫ਼ਰਨੀਚਰ ਦੀ ਛੋਟੀ ਜਿਹੀ ਦੁਕਾਨ ਪਾ ਰੱਖੀ ਸੀ। ਜਿਸ ਸਹਾਰੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੀ ਚਲਦਾ ਸੀ । ਫ਼ਿਰ ਉਹ ਗੁਜਰਾਂਵਾਲੇ ਤੋਂ ਲਾਹੌਰ ਆ ਵਸੇ । ਇੱਥੇ ਰਹਿੰਦਿਆਂ ਹੀ ਸੁਰੱਈਆ ਦੀ ਅੰਮੀ ਜਾਨ, ਮਾਮੂੰ ਅਤੇ ਨਾਨੀ ਨੇ ਮੁੰਬਈ ਆਉਣ ਦਾ ਫ਼ੈਸਲਾ ਕਰ ਲਿਆ । ਜਿਸ ਦਾ ਸੁਰੱਈਆ ਦੇ ਅੱਬੂ ਨੇ ਉਹਨਾਂ ਦੀ ਫ਼ਿਲਮੀ ਸੋਚ ਹੋਣ ਕਰਕੇ ਅਤੇ ਬਾਲੜੀ ਦੀ ਅਜਿਹੀ ਰੁਚੀ ਵੇਖ ਸਖ਼ਤ ਵਿਰੋਧ ਕੀਤਾ । ਪਰ ਉਹਨਾਂ ਨੇ ਇਸ ਵਿਰੋਧ ਦੀ ਕੋਈ ਪ੍ਰਵਾਹ ਕਰੇ ਬਿਨਾਂ ਹੀ ਮੁੰਬਈ ਲਈ ਰਵਾਨਗੀ ਪਾ ਦਿੱਤੀ । ਸੁਰੱਈਆ ਨੇ ਸਿਰਫ਼ 9 ਸਾਲ ਦੀ ਬਾਲੜੀ ਉਮਰ ਵਿੱਚ ਹੀ 1937 ਨੂੰ ਆਲ ਇੰਡੀਆ ਰੇਡੀਓ ਤੋਂ ਪ੍ਰਸਾਰਿਤ ਹੁੰਦੇ ਬੱਚਿਆਂ ਲਈ ਪ੍ਰੋਗਰਾਮ “ਉਸਨੇ ਕਿਆ ਸੋਚਾ” ਵਿੱਚ ਆਪਣੇ ਖ਼ਲਨਾਇਕ ਫ਼ਿਲਮੀ ਐਕਟਰ ਮਾਮੂੰ ਜ਼ਹੂਰ ਦੀ ਮਦਦ ਨਾਲ ਭਾਗ ਲਿਆ । ਇਸ ਪ੍ਰੋਗਰਾਮ ਜ਼ਰੀਏ ਉਸਦੀ ਆਵਾਜ਼, ਪੇਸ਼ਕਾਰੀ ਅਤੇ ਅਦਾਕਾਰੀ-ਅੰਦਾਜ਼ ਨੂੰ ਬਹੁਤ ਸਲਾਹਿਆ ਗਿਆ । ਜਿਸ ਨਾਲ ਉਸ ਨੂੰ ਬਹੁਤ ਹੌਸਲਾ ਮਿਲਿਆ । ਸੁਰੱਈਆ ਨੇ ਲੜਕੀਆਂ ਦੇ ਮੁੰਬਈ ਵਿਚਲੇ ਜੇ ਬੀ ਪੇਟਿਟ ਹਾਈ ਸਕੂਲ ਕਿਲੇ ਤੋਂ ਪੜ੍ਹਾਈ ਕਰਨ ਦੇ ਨਾਲ ਨਾਲ ਘਰ ਵਿੱਚੋਂ ਧਾਰਮਿਕ ਸਿਖਿਆ ਵੀ ਹਾਸਲ ਕੀਤੀ ।
1941 ਦੀਆਂ ਸਕੂਲੀ ਛੁਟੀਆਂ ਦੌਰਾਨ ਉਹ ਆਪਣੇ ਮਾਮੂੰ ਜ਼ਹੂਰ ਨਾਲ ਮੋਹਨ ਫ਼ਿਲਮ ਸਟੁਡੀਓਜ਼ ਵਿੱਚ ਤਾਜ ਮਹਿਲ ਫ਼ਿਲਮ ਦੀ ਸ਼ੂਟਿੰਗ ਵੇਖਣ ਚਲੀ ਗਈ । ਅਚਾਨਕ ਫ਼ਿਲਮ ਦੇ ਡਾਇਰੈਕਟਰ ਨਾਨੂਭਾਈ ਵਕੀਲ ਦੀ ਨਜ਼ਰ  ਸੁਰੱਈਆ ਵੱਲ ਗਈ । ਇਸ ਸਮੇ ਤੱਕ ਜੁਆਨੀ ਦੀ ਦਹਿਲੀਜ ਉੱਤੇ ਪਹੁੰਚੀ  ਮੁਮਤਾਜ ਮਹੱਲ ਦਾ ਰੋਲ ਕਰਨ ਲਈ ਵਕੀਲ ਦੇ ਮਨ ਵਿੱਚ ਕੋਈ ਲੜਕੀ ਅਜੇ ਨਹੀਂ ਸੀ ਜਚੀ । ਤਦ ਸਾਰਾ ਕੁੱਝ ਮਹਿਸੂਸ ਕਰਦਿਆਂ ਉਸਦੇ ਦਿਮਾਗ ਵਿੱਚ ਫੁਰਨਾ ਫੁਰਿਆ ਕਿ ਇਸ ਲੜਕੀ ਨੂੰ ਹੀ ਕਿਓਂ ਨਾ ਮੁਟਿਆਰ ਹੁੰਦੀ ਮੁਮਤਾਜ ਮਹੱਲ ਦੇ ਰੂਪ ਵਿੱਚ ਇਸ ਫ਼ਿਲਮ ਲਈ ਮਨਾਅ ਲਿਆ  ਜਾਵੇ । ਉਸ ਨੇ ਆਪਣੀ ਇਹ ਇੱਛਾ ਜ਼ਾਹਿਰ ਵੀ ਕਰ ਦਿੱਤੀ । ਜਿਸ ਨੂੰ ਸੁਰੱਈਆ ਦੇ ਮਾਮੂੰ ਅਤੇ ਪਰਿਵਾਰ ਨੇ ਸਵੀਕਾਰ ਵੀ ਕਰ ਲਿਆ । ਇਹ ਸੁਰੱਈਆ ਦੀ ਕਾਮਯਾਬੀ ਲਈ ਅਗਲੀ ਪਾਇਦਾਨ ਸੀ । ਪਰ ਫ਼ਿਲਮ ਜਗਤ ਵਿੱਚ ਪਹਿਲੀ । ਮਿਊਜ਼ਿਕ ਡਾਇਰੈਕਟਰ ਨੌਸ਼ਾਦ ਨੇ ਇੱਕ ਵਾਰ ਸੁਰੱਈਆ ਨੂੰ ਆਲ ਇੰਡੀਆ ਰੇਡੀਓ ਤੋਂ ਬੱਚਿਆਂ ਦੇ ਪ੍ਰੋਗਰਾਮ ਵਿੱਚ ਗਾਉਂਦਿਆਂ ਸੁਣਿਆ ਸੀ । ਇਸ ਪ੍ਰਭਾਵ ਸਦਕਾ ਹੀ 13 ਵਰ੍ਹਿਆਂ ਦੀ ਸੁਰੱਈਆ ਨੂੰ ਉਸ ਨੇ ਪਹਿਲਾ ਗੀਤ ਫ਼ਿਲਮ “ਨਈ ਦੁਨੀਆਂ” ਲਈ “ਕਰੂੰ ਮੈ ਪੌਲਿਸ਼” ਤਿਆਰ ਕਰਵਾਇਆ । ਫ਼ਿਰ 1942 ਵਿੱਚ ਕਾਰਦਾਰ ਦੀ ਫ਼ਿਲਮ “ਸ਼ਾਰਦਾ” ਲਈ ,ਅਦਾਕਾਰਾ ਮਹਿਤਾਬ ‘ਤੇ ਫ਼ਿਲਮਾਏ ਜਾਣ ਵਾਲੇ ਗੀਤ ਦੀ ਰਿਕਾਰਡਿੰਗ ਲਈ ਪੇਸ਼ਕਸ਼ ਕੀਤੀ । ਇਹ ਗੀਤ “ਪੰਛੀ ਜਾਹ ਪੀਛੇ ਰਹਾ ਹੈ ਬਚਪਨ ਮੇਰਾ”  ਸੁਰੱਈਆ ਨੇ ਮਾਈਕ ਦੇ ਬਰਾਬਰ ਦੀ ਹੋਣ ਲਈ ਸਟੂਲ ‘ਤੇ ਖੜਕੇ ਗਾਇਆ । ਸੁਰੱਈਆ ਦੀ ਜ਼ਿੰਦਗੀ ਦਾ ਇਹ ਪਹਿਲਾ ਫ਼ਿਲਮੀ ਗੀਤ ਸੀ ।
ਇੱਕ ਸਟਾਰ ਗਾਇਕਾ ਵਜੋਂ 1943 ਵਿੱਚ “ਹਮਾਰੀ ਬਾਤ” ਤੋਂ ਉਸ ਦੀ ਪੂਰੀ ਪਹਿਚਾਣ ਬਣੀ । ਜੇ ਕੋਈ ਮਾਮੂਲੀ ਜਿਹੀ ਕਸਰ ਬਾਕੀ ਰਹਿ ਗਈ ਸੀ ਤਾਂ  ਉਹ ਫ਼ਿਲਮ “ਪਰਵਾਨਾ” (1947) ਦੇ ਚਾਰ ਸੋਲੋ ਗੀਤਾਂ ਨੇ ਸਿਰੇ ਲਾ ਦਿੱਤੀ । ਇਸ ਤੋਂ ਪਹਿਲਾਂ ਉਸ ਦੇ ਦੋ ਗੀਤ ਬੁਲੰਦੀ ਹਾਸਲ ਕਰ ਚੁੱਕੇ ਸਨ । ਲੋਕ ਉਸ ਦੇ ਗਾਏ ਗੀਤਾਂ ਦੇ ਬੋਲਾਂ ਨੂੰ ਗੁਣਗੁਨਾਉਣ ਲੱਗੇ । ਇਹਨਾਂ ਗੀਤਾਂ ਨੂੰ ਸੁਰੱਈਆ ਦੇ ਮਨ ਪਸੰਦ ਸੰਗੀਤਕਾਰ  ਖ਼ਵਾਜਾ ਖ਼ੁਰਸ਼ੀਦ ਅਨਵਰ ਨੇ ਸੰਗੀਤ ਬੱਧ ਕੀਤਾ ਸੀ । ਉਸ ਨੇ ਇਸ ਪਸੰਦੀਦਾ ਸੰਗੀਤਕਾਰ ਲਈ 1943 ਤੋਂ 1949 ਤੱਕ 13 ਗੀਤ ਗਾਏ । ਇਸ ਤੋਂ ਰਤਾ ਅੱਗੇ ਪੁਲਾਂਘ ਪੁਟਦਿਆਂ ਲਾਲ ਕਰਿਸ਼ਨ ਆਸਿਫ਼ ਦੀ ਫ਼ਿਲਮ “ਫੂਲ” (1944),ਰਹੀ । ਪਰ ਸੁਰੱਈਆ ਨੂੰ ਸਹੀ ਬਰੇਕ ਕੇ ਐਲ ਸਹਿਗਲ ਵੱਲੋਂ ਇੱਕ ਅਭਿਆਸ ਦੌਰਾਨ ਸੁਣੀ ਉਸਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ, ਕੀਤੀ ਸ਼ਿਫ਼ਾਰਸ਼ ਬਦਲੇ ਪਹਿਲੀ ਵਾਰ ਬਤੌਰ ਨਾਇਕਾ 1945 ਵਿੱਚ ਬਣੀ ਫ਼ਿਲਮ “ਤਦਬੀਰ” ਵਿੱਚ ਰੋਲ ਕਰਨ ਤੋਂ ਮਿਲੀ । ਕੋ-ਸਟਾਰ ਵਜੋਂ ਸੁਰੱਈਆ ਕੇ ਐਲ ਸਹਿਗਲ ਨਾਲ ਫ਼ਿਲਮ “ਉਮਰ ਖ਼ਯਾਮ” (1946) ਵਿੱਚ ਸਫ਼ਲਤਾ ਨਾਲ ਨਿਭੀ । ਇਵੇਂ 1947 ਵਿੱਚ ਬਣੀ “ਪਰਵਾਨਾ” ਫ਼ਿਲਮ ਵਿੱਚ ਉਸ ਨੇ ਕੇ ਐਲ ਸਹਿਗਲ ਨਾਲ ਅਭਿਨੈ ਨਿਭਾਇਆ । ਇਹ ਪਹਿਲਾ ਮੌਕਾ ਬਣਿਆਂ ਜਦ ਉਹ ਗਾਇਕਾ ਅਤੇ ਨਾਇਕਾ ਵਜੋਂ ਸਫ਼ਲਤਾ ਨਾਲ ਨਿਭੀ । ਮਹਿਬੂਬ ਖ਼ਾਨ ਦੀ ਫ਼ਿਲਮ “ਅਨਮੋਲ ਘੜੀ” (1946, ਜਿਸ ਦੇ ਲੇਖ਼ਕ ਆਗਾਜਾਨੀ ਕਸ਼ਮੀਰੀ ਸਨ), ਅਤੇ “ਦਰਦ” (1947), ਵਿੱਚ ਕੀਤੀ ।
1947 ਦੀ ਵੰਡ ਸਮੇਂ ਨੂਰਜਹਾਂ, ਖ਼ੁਰਸ਼ੀਦ ਬਾਨੋ ਪਾਕਿਸਤਾਨ ਚਲੀਆਂ ਗਈਆਂ ਸਨ । ਇਸ ਸਮੇਂ ਉਸ ਦੇ ਮੁਕਾਬਲੇ ਵਿੱਚ ਕਾਮਿਨੀ ਕੌਸ਼ਲ ਅਤੇ ਨਰਗਿਸ ਹੀ ਸੀ। ਪਰ ਇਹਨਾਂ ਦੇ ਮੁਕਾਬਲੇ ਸੁਰੱਈਆ ਨੂੰ ਇਹ ਬੜ੍ਹਤ ਹਾਸਲ ਸੀ ਕਿ ਇਹ ਐਕਟਰਿਸ ਦੇ ਨਾਲ ਨਾਲ ਗਾਇਕਾ ਵੀ ਸੀ । ਜਦੋਂ ਕਿ ਸਮਕਾਲਣਾਂ ਵਿੱਚ ਇਹ ਗੁਣ ਨਹੀਂ ਸੀ । ਇਸ ਸਮੇਂ ਉਸਦੀਆਂ ਤਿੰਨ ਹਿੱਟ ਫ਼ਿਲਮਾਂ ਨੇ ਫ਼ਿਲਮ ਜਗਤ ਵਿੱਚ ਤਹਿਲਕਾ ਮਚਾਈ ਰੱਖਿਆ । “ਪਿਆਰ ਕੀ ਜੀਤ” (1948), “ਬੜੀ ਬਹਿਨ” ਅਤੇ “ਦਿਲਲਗੀ” (1949) ਦੇ ਗੇੜ ਵਿੱਚ ਉਹ ਸੱਭ ਤੋਂ ਮਹਿੰਗੀ ਅਦਾਕਾਰਾ ਅਖਵਾਈ । “ਦਾਸਤਾਂਨ” (1950) ਵਾਲਾ ਸਮਾਂ ਉਸ ਦੀਆਂ ਫਲਾਪ ਫ਼ਿਲਮਾਂ ਦਾ ਸਮਾਂ ਅਖਵਾਉਂਦਾ ਹੈ । ਇੱਕ ਵਾਰ ਫ਼ਿਰ ਉਸ ਨੇ ਵਾਪਸੀ ਕਰਦਿਆਂ “ਵਾਰਿਸ”,”ਮਿਰਜ਼ਾ ਗਾਲਿਬ” (1954) ਰਾਹੀਂ ਵਧੀਆ ਕਾਰਜ ਕੀਤਾ ਅਤੇ “ਰੁਸਤਮ ਸੋਹਰਾਬ” (1963) ਉਸਦੀ ਆਖ਼ਰੀ ਫ਼ਿਲਮ ਰਹੀ ਅਤੇ ਏਸੇ ਫ਼ਿਲਮ ਦਾ ਇਹ ਗੀਤ “ਯੇਹ ਕੈਸੀ ਅਜਬ ਦਾਸਤਾਨ”  ਆਖ਼ਰੀ ਗੀਤ ਰਿਹਾ ।                            
ਫ਼ਿਲਮੀ ਜੀਵਨ ਦੌਰਾਨ ਸੁਰੱਈਆ ਦਾ ਪਿਆਰ ਦੇਵਾ ਆਨੰਦ ਨਾਲ ਚੱਲਿਆ । ਫ਼ਿਲਮ “ਵਿਦਿਆ” (1948) ਦੇ ਗੀਤ “ਕਿਨਾਰੇ ਕਿਨਾਰੇ ਚਲੇ ਜਾਏਂਗੇ” ਦੀ ਸ਼ੂਟਿੰਗ ਦੌਰਾਨ ਕਿਸ਼ਤੀ ਹਾਦਸਾ ਵਾਪਰ ਗਿਆ ਤਾਂ ਦੇਵ ਆਨੰਦ ਨੇ ਜੋਖ਼ਮ ਲੈਂਦਿਆਂ ਬਹਾਦਰੀ ਨਾਲ ਸੁਰੱਈਆ ਨੂੰ ਬਚਾਇਆ । ਫਿਰ ਫ਼ਿਲਮ “ਜੀਤ” (1949) ਦੇ ਸੈੱਟ ‘ਤੇ ਦੇਵ ਨੇ ਉਸ ਨੂੰ ਸਿੱਧੇ ਤੌਰ ‘ਤੇ ਪਰਪੋਜ਼ ਕਰਦਿਆਂ ਡਾਇਮੰਡ ਦੀ 3000 ਰੁਪਏ ਦੀ ਅੰਗੂਠੀ ਪਹਿਨਾ ਦਿੱਤੀ । ਦੋਹਾਂ ਦਾ ਰੁਮਾਂਸ ਖ਼ੂਬ ਚਰਚਾ ਬਣਿਆ । ਇਹਨਾ ਨੇ 1948 ਤੋਂ 1951  ਤੱਕ 6 ਫ਼ਿਲਮਾਂ “ਵਿਦਿਆ”, “ਜੀਤ”,”ਸ਼ਾਇਰ”,”ਅਫ਼ਸਰ”,”ਨੀਲੀ”, 1951 ਵਿੱਚ “ਦੋ ਸਿਤਾਰੇ” ਇਕੱਠਿਆਂ ਕੀਤੀਆਂ । ਦੋਹਾਂ ਦੀ “ਦੋ ਸਿਤਾਰੇ” ਆਖ਼ਰੀ ਫ਼ਿਲਮ ਰਹੀ । ਇਹ ਨੇੜਤਾ ਨਿਕਾਹ ਦੇ ਰਾਹ ਤੁਰੀ ਜਾ ਰਹੀ ਸੀ ਕਿ ਪੱਕੀ ਫ਼ਸਲ ‘ਤੇ ਗੜੇਮਾਰ ਹੋ ਗਈ । ਸੁਰੱਈਆ ਦੀ ਨਾਨੀ ਨੇ ਦਬਕਾ ਮਾਰਦਿਆ ਕਿਹਾ ਕਿ “ਜਾਤੀ ਬੰਧਨ ਸਦਕਾ ਇਹ ਨਿਕਾਹ ਨਹੀਂ ਹੋ ਸਕਦਾ”। ਇਸ ਇਨਕਾਰ ਦੇ ਤੀਰ ਨਾਲ ਵਿੰਨੀ ਸੁਰੱਈਆ ਨੇ ਸਾਰੀ ਉਮਰ ਨਿਕਾਹ ਨਾ ਕਰਨ ਦੀ ਧਾਰ ਲਈ ਅਤੇ ਆਖ਼ਰੀ ਦਮ ਤੱਕ ਆਪਣੇ ਹੱਠ ‘ਤੇ ਕਾਇਮ ਰਹੀ ।
ਫ਼ਿਲਮ “ਮਿਰਜ਼ਾ ਗਾਲਿਬ” (1954) ਨੂੰ ਜਦ ਸੈਂਸਰ ਬੋਰਡ ਨੇ ਰੋਕ ਲਿਆ ਤਾਂ ਇਹ ਫ਼ਿਲਮ ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਵੀ ਸੁਰੱਈਆ, ਸੋਹਰਾਬ ਮੋਦੀ ਅਤੇ ਮੁਹੰਮਦ ਰਫ਼ੀ ਨਾਲ ਮਿਲਕੇ ਵੇਖੀ ਕਿਓਂਕਿ ਸੈਂਸਰ ਬੋਰਡ ਨੇ ਸੁਰੱਈਆ ਦੇ ਪਹਿਰਾਵੇ, ਸਰੀਰ ਦੇ ਅੰਗਾਂ ਅਤੇ ਫ਼ਿਗਰ ਨੂੰ ਅਧਾਰ ਬਣਾਕੇ ਪਾਸ ਕਰਨ ਤੋਂ ਰੋਕ ਲਿਆ ਸੀ । ਪਰ ਨਹਿਰੂ ਜੀ ਨੇ ਫ਼ਿਲਮ ਵੇਖਣ ਮਗਰੋਂ ਇਹ ਫ਼ਿਲਮ ਸੈਂਸਰ ਬੋਰਡ ਤੋਂ ਪਾਸ ਕਰਵਾ ਦਿੱਤੀ । ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਕਿਹਾ “ਸਰੱਈਆ ਤੁਮ ਨੇ ਮਿਰਜ਼ਾ ਗਾਲਿਬ ਕੀ ਰੂਹ ਕੋ ਜ਼ਿੰਦਾ ਕਰ ਦੀਆ”। ਨਹਿਰੂ ਜੀ ਨੇ ਕੁਝ ਫ਼ਿਲਮਾਂ ਦੀ ਸ਼ੂਟਿੰਗ ਵੀ ਵੇਖੀ ਅਤੇ ਸਰੱਈਆ ਨੁੰ ਸਨਮਾਨਿਤ ਵੀ ਕੀਤਾ । ਮਲਿਕਾ ਇ ਤਰੰਨਮ ਨੂਰਜਹਾਂ ਤੋਂ ਬਾਅਦ ਸੁਰੱਈਆ ਦਾ ਨਾਂਅ “ਮਿਲੋਡੀ ਕੁਈਨ” ਵਜੋਂ ਆਉਂਦਾ ਹੈ । ਜਦ ਸੁਰੱਈਆ ਦੀ ਨਵੀਂ ਫ਼ਿਲਮ ਰਿਲੀਜ਼ ਹੋਇਆ ਕਰਦੀ ਸੀ ਤਾਂ ਪਹਿਲਾ ਹੀ ਸ਼ੋਅ ਵੇਖਣ ਲਈ ਦੁਕਾਨਾਂ, ਕਾਲਜ, ਸਕੂਲ, ਕਾਰੋਬਾਰੀ ਅਦਾਰੇ ਬੰਦ ਹੋ ਜਾਇਆ ਕਰਦੇ ਸਨ । ਲੋਕਾਂ ਦੀ ਭੀੜ ਸਿਨੇਮਾਂ ਘਰਾਂ ਮੁਹਰੇ ਜੁੜ ਜਾਇਆ ਕਰਦੀ ਸੀ । ਇੱਥੋਂ ਤੱਕ ਕਿ ਉਸਦੀ ਫ਼ਿਲਮ “ਦਿਲਲਗੀ” ਨਾਮਵਰ ਐਕਟਰ ਧਰਮਿੰਦਰ ਨੇ 40 ਵਾਰ ਵੇਖੀ ।
ਸੁਰੱਈਆ ਨੇ 66 ਫ਼ਿਲਮਾਂ ਵਿੱਚ ਭੂਮਿਕਾ ਨਿਭਾਈ । ਨੌਸ਼ਾਦ ਨੇ 51 ਗੀਤਾਂ ਨੂੰ ਸੁਰਾਂ ਨਾਲ ਸ਼ਿੰਗਾਰਿਆ । ਉਹਨਾਂ ਨੂੰ ਸੁਰੱਈਆ ਨੇ ਬੁੱਲਾਂ ਅਤੇ ਜ਼ਜ਼ਬਾਤਾਂ ਦੀ ਸੁਰੀਲੀ ਛੋਹ ਦੇ ਕੇ ਜੀਵਨ ਦਿੱਤਾ। ਇਸ ਗਣਿਤ ਅਨੁਸਾਰ ਨੌਸ਼ਦ ਜੀ ਸੁਰੱਈਆ ਲਈ ਸੰਗੀਤਕ ਰਿਕਾਰਡ ਬਣਾਉਣ ਵਾਲੇ ਹੁਸਨ ਲਾਲ ਭਗਤ ਰਾਮ ਤੋਂ ਦੂਜੇ ਸਥਾਨ ਉੱਤੇ ਆ ਪਹੁੰਚੇ । ਇਹਨਾ ਤੋਂ ਇਲਾਵਾ ਉਸ ਨੇ ਓ ਪੀ ਨਈਅਰ, ਹੰਸਰਾਜ ਬਹਿਲ, ਮਦਨ ਮੋਹਨ, ਐਸ ਡੀ ਬਰਮਨ ਅਤੇ ਅਨਿਲ ਬਿਸਵਾਸ ਦੀ ਕੰਪੋਜ਼ਿੰਗ ਵਿੱਚ ਵੀ ਗਾਇਆ । ਸਕਰੀਨ ਵੀਕਲੀ ਐਵਾਰਡਾਂ ਤੋਂ ਬਿਨਾਂ ਹੋਰ ਸਨਮਾਨ ਪ੍ਰਾਪਤ ਕਰਤਾ ਅਤੇ 1998 ਵਿੱਚ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਵਿੰਨਰ ਸੁਰੱਈਆ ਨੇ ਇਸ ਤੋਂ ਇਲਾਵਾ 47 ਫ਼ਿਲਮਾਂ ਵਿੱਚ ਪਿਠਵਰਤੀ ਗਾਇਕਾ ਵਜੋਂ ਵੀ ਕਮਾਲ ਕਰ ਵਿਖਾਈ । ਜੋ ਫ਼ਿਲਮ ਜਗਤ ਵਿੱਚ ਮੀਲ ਪੱਥਰ ਹਨ । ਸੁਰੱਈਆ ਨੇ ਸੁਰੱਈਆ ਮੁਬਿਨ  ਦੇ ਨਾਂਅ ਨਾਲ ਪ੍ਰੋਡਿਊਸਰ ਵਜੋਂ 1964 ਵਿੱਚ ਫ਼ਿਲਮ ਸ਼ਗੁਨ ਵੀ ਦਰਸ਼ਕਾਂ ਲਈ ਪੇਸ਼ ਕੀਤੀ।
ਫ਼ਿਲਮਾਂ ਦੀ ਸਫ਼ਲਤਾ ਪਰ ਪਿਆਰ ਦੀ ਨਿਕਾਮੀ ਸਦਕਾ ਸਿਰਫ਼ 34 ਸਾਲ ਦੀ ਉਮਰ ਵਿੱਚ ਰੂ-ਪੋਸ਼ ਹੋਣ ਵਾਲੀ ਸੁਰੱਈਆ ਨੇ ਆਪਣਾ ਆਖ਼ਰੀ ਜੀਵਨ ਸਮਾਂ ਗੁੰਮਨਾਮੀਆਂ ਵਿੱਚ ਹੀ ਬਿਤਾਇਆ । ਬੱਸ ਆਪਣੇ ਅਪਾਰਟਮੈਂਟ ਮੈਰਿਨ ਡਰਾਈਵ ਮੁੰਬਈ ਵਿੱਚ ਹੀ ਰਾਤ-ਦਿਨ ਰਹਿੰਦੀ । ਸ਼ੂਗਰ, ਬਲੱਡ ਪ੍ਰੈਸ਼ਰ ,ਕਮਜ਼ੋਰੀ ਅਤੇ ਹੋਰਨਾਂ ਨਾ-ਮੁਰਾਦ ਬਿਮਾਰੀਆਂ ਤੋਂ ਪੀੜਤ ਸੁਰੱਈਆ ਨੂੰ 16 ਜਨਵਰੀ ਵਾਲੇ ਦਿਨ ਸਿਹਤ ਬਹੁਤੀ ਵਿਗੜਨ ਕਾਰਣ ਮੁੰਬਈ ਦੇ ਹਰਕਿਸ਼ੰਦਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ । ਜਿੱਥੇ ਇਸ ਸੁਰਾਂ ਦੀ ਸ਼ਹਿਜ਼ਾਦੀ ਨੇ 31 ਜਨਵਰੀ 2004 ਨੂੰ ਸਵੇਰੇ 9।25 ਵਜੇ ਆਖ਼ਰੀ ਸਾਹ ਲਿਆ । ਉਸ ਦੀ ਮ੍ਰਿਤਕ ਦੇਹ ਨੂੰ ਮੁੰਬਈ ਦੇ ਮੈਰਿਨ ਲਾਈਨਜ਼ ਬਾਦਾ ਕਬਰਸਤਾਨ  ਵਿੱਚ ਸਪੁਰਦ-ਇ -ਖ਼ਾਕ ਕਰ ਦਿਤਾ ਗਿਆ । ਅੱਜ ਭਾਵੇਂ ਉਹ ਜਿਸਮਾਨੀ ਤੌਰ ‘ਤੇ ਇਸ ਫ਼ਾਨੀ ਦੁਨੀਆਂ ਤੋਂ ਸਦਾ ਸਦਾ ਲਈ ਰੁਖ਼ਸਤ ਹੋ ਚੁੱਕੀ ਹੈ । ਪਰ ਆਪਣੀ ਸਾਰਥਕ ਕਲਾ ਸਹਾਰੇ ਉਹ ਫ਼ਿਲਮਾਂ, ਗੀਤਾਂ ਦੇ ਰੂਪ ਵਿੱਚ ਜੀਵਤ ਹੈ ਅਤੇ ਜੀਵਤ ਰਹੇਗੀ ।
****