‘ਅੰਗ ਸੰਗ’ ਵਾਲੇ ਸ਼ਾਮ ਸਿੰਘ ਨਾਲ ਮੁਲਾਕਾਤ.......... ਮੁਲਾਕਾਤ / ਗੁਰਮੀਤ ਸਿੰਘ ਸਿੰਗਲ

ਸ਼ਾਮ ਸਿੰਘ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਹ ਇਕੋ ਸਮੇਂ ਪੱਤਰਕਾਰ, ਕਾਲਮ ਨਵੀਸ ਤੇ ਸ਼ਾਇਰ ਹੈ। ਉਨ੍ਹਾਂ ਦਾ ਹਫਤਾਵਾਰੀ ਕਾਲਮ ਅੰਗ-ਸੰਗ ਲੱਗਭੱਗ ਡੇਢ ਦਹਾਕਾ ‘ਪੰਜਾਬੀ ਟ੍ਰਿਬਿਊਨ’ ’ਚ ਛਪਦਾ ਰਿਹਾ। ਇਸ ਕਰਕੇ ਹੀ ਉਨ੍ਹਾਂ ਦੇ ਨਾਂ ਨਾਲ ‘ਅੰਗ ਸੰਗ’ ਸਦਾ ਲਈ ਜੁੜ ਗਿਆ। ਉਹ ਸ਼ਾਮ ਸਿੰਘ ਅੰਗ-ਸੰਗ ਦੇ ਨਾਂ ਨਾਲ ਜਾਣੇ ਜਾਣ ਲੱਗੇ। ਉਹ ਆਪਣੀ ਕਲਮ ਨਾਲ ਸਮਾਜ ਦੇ ਹਨੇਰੇ ਕੋਨਿਆਂ ਵਿਚ ਦੀਵੇ ਜਗਾਉਂਦੇ ਅਤੇ ਆਪਣੀ ਸੋਚ ਦੇ ਅੰਬਰਾਂ ਉੱਤੇ ਹਮੇਸ਼ਾ ਹੀ ਵੱਡੀਆਂ ਲੀਕਾਂ ਵਾਹੁਣ ਦੀ ਚਾਹਤ ਰੱਖਦੇ ਹਨ। ਉਨ੍ਹਾਂ ਦੀ ਕਾਵਿ ਪੁਸਤਕ ‘ਰੂਹ ਦੇ ਬੋਲ’ ਅਨੁਸਾਰ :-

ਉਹੀਓ ਜ਼ਾਲਮ, ਜ਼ੁਲਮ, ਤਸ਼ੱਦਦ

ਉਹੀਓ ਰੁੱਤ ਕਰਾਰੀ।
ਕਾਲਾ ਸੂਰਜ, ਧੁੱਪ ਕਾਲੀ ਹੈ
ਹਰ ਪਾਸੇ ਅੰਧਕਾਰੀ।

ਇਨ੍ਹਾਂ ਨੇ ਆਪਣੇ ਸਿਰ ਉੱਤੇ ਜਿਹੜਾ ਅਸਮਾਨ ਸਿਰਜਿਆ ਉਹ ਕਿਸੇ ਦੀ ਮੱਦਦ ਨਾਲ ਨਹੀਂ ਸਗੋਂ ਆਪਣੀ ਮਿਹਨਤ ਅਤੇ ਅਭਿਆਸ ਨਾਲ ਸਿਰਜਿਆ । ਜਿਸ ਵਿਚ ਉਨ੍ਹਾਂ ਨੂੰ ਰੂਹਾਨੀਅਤ ਦੇ ਮਿਲੇ ਮੌਲਿਕ ਖਿਆਲਾਂ ਦੀ ਭੂਮਿਕਾ ਵੀ ਹੈ ਅਤੇ ਕਲਪਨਾ ਦੀਆਂ ਵਿਸ਼ਾਲ ਉਡਾਰੀਆਂ ਦਾ ਯੋਗਦਾਨ ਵੀ। ਇਸ ਅਲਬੇਲੇ ਸ਼ਾਇਰ, ਪੱਤਰਕਾਰ ਤੇ ਕਾਲਮ ਨਵੀਸ ਨਾਲ ਹੋਈਆਂ ਕੁੱਝ ਗੱਲਾਂ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

ਗੁਰਮੀਤ : ਤੁਸੀਂ ਆਪਣੀ ਪੜ੍ਹਾਂਈ ਕਿਥੋਂ ਤੱਕ ਅਤੇ ਕਿਵੇਂ ਪੂਰੀ ਕੀਤੀ? ਇਸ ਬਾਰੇ ਚਾਨਣਾ ਪਾਉ।

ਸ਼ਾਮ ਸਿੰਘ : ਮੈਂ ਮੈਟ੍ਰਿਕ 1962 ਵਿਚ ਗੁਰੂ ਨਾਨਕ ਖਾਲਸਾ ਹਾਈ ਸਕੂਲ ਮਜਾਰੀ, ਜਿਲਾ ਹੁਸਿ਼ਆਰਪੁਰ ਵਿਚੋਂ ਕੀਤੀ। ਮੈਟ੍ਰਿਕ ਵਿਚੋਂ ਮੈਂ ਫੇਲ੍ਹ ਹੋ ਜਾਣਾ ਸੀ ਜੇ ਕਰ ਉਸ ਵਕਤ ਹਿਸਾਬ ਵਿਚੋਂ ਪਾਸ ਹੋਣਾ ਜ਼ਰੂਰੀ ਹੁੰਦਾ, ਕਿਉਂਕਿ ਮੈਂ ਹਿਸਾਬ ਵਿਚੋਂ ਬਹੁਤ ਹੀ ਕਮਜ਼ੋਰ ਸਾਂ। ਮੇਰੇ ਹਿਸਾਬ ਵਿਚੋਂ 29 ਨੰਬਰ ਸਨ, ਜਦ ਕਿ ਪਾਸ ਹੋਣ ਲਈ 33 ਨੰਬਰਾਂ ਦਾ ਹੋਣਾ ਜਰੂਰੀ ਸੀ। ਮੇਰੇ ਹਿਸਾਬ ਦੇ ਮਾਸਟਰ ਦਰਬਾਰਾ ਸਿੰਘ ਦੀ ਇੱਛਾ ਸੀ ਕਿ ਉਹ ਸਾਰੀ ਜਮਾਤ ਨੂੰ ਡੰਡੇ ਨਾਲ ਹਿਸਾਬ ਸਿਖਾਏਗਾ। ਸਿਆਲਾਂ ਦੇ ਦਿਨਾਂ ਵਿਚ ਉਹ ਸਾਡੇ ਠੰਢੇ ਹੱਥਾਂ ਉੱਤੇ ਇੰਨਂੀ ਗਰਮੀ ਨਾਲ ਸੋਟੀਆਂ ਮਾਰਦਾ ਕਿ ਹਿਸਾਬ ਸਾਥੋਂ ਦੂਰ ਹੁੰਦਾ ਚਲਾ ਗਿਆ। ਬਹੁਤ ਸਾਰੇ ਵਿਦਿਆਰਥੀ ਹਿਸਾਬ ਵਿਚੋਂ ਫੇਲ੍ਹ ਹੋ ਗਏ। ਮੈਂ ਉਦੋਂ ਹੀ ਇਹ ਸੋਚਿਆ ਕਿ ਜੇ ਕਦੇ ਮੈਂ ਅਧਿਆਪਕ ਬਣਿਆ ਤਾਂ ਸਕੂਲ ਵਿਚ ਪੁਲੀਸ ਵਾਲਾ ਕੰਮ ਵਿਦਿਆਰਥੀਆਂ ਨਾਲ ਨਹੀਂ ਕਰਾਂਗਾ।

ਗੁਰਮੀਤ : ਡੰਡੇ ਦੀ ਮਾਰ ਤੋਂ ਡਰਦਿਆਂ ਤੁਸੀਂ ਪੜ੍ਹਾਈ ਬੰਦ ਕਰਨ ਬਾਰੇ ਨਹੀਂ ਸੀ ਸੋਚਿਆ?

ਸ਼ਾਮ ਸਿੰਘ : ਬਿਲਕੁੱਲ ਨਹੀਂ, ਸਗੋਂ ਮੈਂ ਸਾਇੰਸ ਦੇ ਵਿਸ਼ੇ ਲੈ ਕੇ ਕਾਲਜ ਵਿਚ ਦਾਖਲਾ ਲਿਆ, ਪਰ ਉੱਥੇ ਵੀ ਹਿਸਾਬ ਦੇ ਵਿਸ਼ੇ ਵਿਚ ਆਉਂਦੇ ਕੀਤੇ-ਬੀਤਿਆਂ ਨੇ ਮੇਰੀ ਪੇਸ਼ ਨਾ ਜਾਣ ਦਿੱਤੀ ਤੇ ਮੈਂ ਆਰਟਸ ਦੇ ਸਬਜੈਕਟ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਲਪੁਰ ਤੋਂ 1969 ਵਿਚ ਬੀ.ਏ ਕੀਤੀ। ਉਨ੍ਹਾਂ ਦਿਨਾਂ ਵਿਚ ਐਨ. ਸੀ. ਸੀ ਲਾਜ਼ਮੀ ਹੁੰਦੀ ਸੀ ਤੇ ਕਮਾਲ ਇਹ ਸੀ ਕਿ ਸਰੀਰ ਪੱਖੋਂ ਕਮਜ਼ੋਰ ਤੇ ਪਤਲਾ ਹੋਣ ਦੇ ਬਾਵਜੂਦ ਮੈਨੂੰ ਕਾਲਜ ਦੇ 900 ਵਿਦਿਆਰਥੀਆਂ ਵਿਚੋਂ ਸੀਨੀਅਰ ਅੰਡਰ ਅਫਸਰ ਹੋਣ ਦਾ ਮਾਣ ਪ੍ਰਾਪਤ ਹੋਇਆ। ਇਸ ਤੋਂ ਬਾਅਦ ਮੈਂ ਗੌਰਮਿੰਟ ਕਾਲਜ ਹੁਸਿ਼ਆਰਪੁਰ ਤੋਂ ਅੰਗਰੇਜ਼ੀ ਦੀ ਐਮ. ਏ ਕਰਨ ਬਾਰੇ ਸੋਚਿਆ ਪਰ ਮੈਨੂੰ ਦਾਖਲਾ ਨਾ ਮਿਲ ਸਕਿਆ।

ਗੁਰਮੀਤ : ਕਾਲਜ ਵਿਚ ਦਾਖਲਾ ਨਾ ਮਿਲਣ ਕਰਕੇ ਤੁਸੀਂ ਭਵਿੱਖ ਬਾਰੇ ਕੀ ਸੋਚਿਆ? 

ਸ਼ਾਮ ਸਿੰਘ : 1969 ਵਿਚ ਮੈਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਪੰਜਾਬੀ ਦੀ ਐਮ. ਏ ਵਿਚ ਦਾਖਲਾ ਲੈ ਲਿਆ। ਜਿੱਥੇ ਨਿਰੰਜਨ ਸਿੰਘ ਢੇਸੀ ਤੇ ਕੇਵਲ ਪਰਵਾਨਾ ਮੇਰੇ ਬਹੁਤ ਕਰੀਬੀ ਮਿੱਤਰ ਬਣ ਗਏ ਜਿਹੜੇ ਕਿ ਖੱਬੀ ਪੱਖੀ ਸੋਚ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ। ਮੈਂ ਮਾਹਲਪੁਰ ਰਹਿੰਦੇ ਹੋਇਆਂ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਦੀ ਅਗਵਾਈ ਵਿਚ ਖੱਬੇ ਪੱਖੀ ਸੋਚ ਨੂੰ ਅਪਣਾਇਆ ਸੀ, ਜਿਹੜੀ ਮੇਰੇ ਅੰਦਰ ਨਹੀਂ ਸੀ ਉਤਰ ਸਕੀ। ਪਰ ਇੱਥੇ ਵੀ (ਜਲੰਧਰ) ਮਹੌਲ ਖੱਬੇ ਪੱਖੀਆਂ ਨੇ ਗਰਮਾਇਆ ਹੋਇਆ ਸੀ। ਇੱਥੋਂ ਤੱਕ ਕਿ ਨਕਸਲੀ ਵੀ ਮੈਦਾਨ ਵਿਚ ਕੁੱਦ ਪਏ ਸਨ। ਪੰਜਾਬੀ ਦੀ ਐਮ. ਏ ਕਰਨ ਤੋਂ ਬਾਅਦ ਫੇਰ ਇੱਥੋਂ ਮੈਂ 1973 ਵਿਚ ਰਿਲੀਜਨ ਦੀ ਐਮ. ਏ ਕਰਨ ਪਟਿਆਲੇ ਚਲਾ ਗਿਆ।

ਗੁਰਮੀਤ : ਕਿੱਥੇ ਖੱਬੇ ਪੱਖੀ ਸੋਚ ਅਤੇ ਕਿੱਥੇ ਧਾਰਮਿਕ ਵਿਚਾਰਧਾਰਾ, ਅਜਿਹੀ ਆਪਾ ਵਿਰੋਧੀ ਸੋਚ ਦੇ ਧਾਰਨੀ ਕਿਵੇਂ ਬਣੇ?

ਸ਼ਾਮ ਸਿੰਘ : ਮੈਨੂੰ ਸਰਿਸ਼ਟੀ ਬਾਰੇ ਪੜ੍ਹਨ ਦਾ ਮੌਕਾ ਮਿਲਿਆ। ਮੈਨੂੰ ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ, ਵਰਡਜ਼ਵਰਥ, ਟੈਗੋਰ ਤੇ ਹੋਰ ਅਜਿਹੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ-ਗੁੜ੍ਹਨ ਦਾ ਮੌਕਾ ਮਿਲਿਆ। ਇਨ੍ਹਾਂ ਨੇ ਮੈਨੂੰ ਆਪਣੇ ਬਾਰੇ ਸੋਚਣ ਵੱਲ ਮੋੜਾ ਦੇ ਦਿੱਤਾ। ਸਾਰਤਰ, ਕਾਮੂ, ਕਾਫਕਾ, ਪਲੈਟੋ ਅਤੇ ਸੁਕਰਾਤ ਜਹੇ ਲੇਖਕਾਂ ਦੇ ਵਿਚਾਰਾਂ ਦੀ ਬਹੁਤ ਹੀ ਪ੍ਰਭਾਵਸ਼ਾਲੀ ਛੱਤਰੀ ਮੇਰੀਆਂ ਸੋਚਾਂ ਉੱਤੇ ਤਣ ਗਈ। ਹਿੰਦੀ ਅਤੇ ਉਰਦੂ ਦੇ ਨਾਮਵਰ ਲੇਖਕਾਂ ਨੇ ਵੀ ਮੈਨੂੰ ਮੇਰੀ ਉਂਗਲ ਫੜ ਕੇ ਅਗਵਾਈ ਦਿੱਤੀ। ਗੁਰਬਾਣੀ ਅਤੇ ਹੋਰ ਧਾਰਮਿਕ ਗ੍ਰੰਥ ਮੇਰੀ ਨਜ਼ਰ ਵਿਚੋਂ ਪਹਿਲਾਂ ਹੀ ਲੰਘ ਚੁੱਕੇ ਸਨ ਪਰ ਮੇਰੀ ਰੂਹ ਤੱਕ ਨਹੀਂ ਸਨ ਪਹੁੰਚੇ। ਇਸ ਲਈ ਮੈਂ ਜਿੰ਼ਦਗੀ ਦੇ ਸਮੁੱਚ ਨੂੰ ਜਾਨਣ ਵੱਲ ਰੁੱਚਿਤ ਹੋ ਗਿਆ। ਇਹੋ ਕਾਰਨ ਸੀ ਕਿ ਮੈਂ ਖੱਬੇ ਪੱਖੀ ਸੋਚ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਮੋਢੇ ਚੁੱਕੀ ਰੱਖਿਆ ਅਤੇ ਨਾਲ ਦੀ ਨਾਲ ਧਰਮ ਦੀ ਗਹਿਰਾਈ ਨੂੰ ਜਾਨਣ ਲਈ ਵੀ ਤਤਪਰ ਹੋ ਗਿਆ।

ਗੁਰਮੀਤ : ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਆਪਣੇ ਅਗਲੇ ਸਫਰ ਬਾਰੇ ਦੱਸੋ? 

ਸ਼ਾਮ ਸਿੰਘ : ਜਦੋਂ ਮੈਂ ਰਿਲੀਜਨ ਦੀ ਐਮ. ਏ ਕਰ ਰਿਹਾ ਸਾਂ ਤਾਂ ਸਾਡੀ ਸਾਰੀ ਜਮਾਤ ਨੂੰ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਬਹੁਤ ਸਬਜ਼-ਬਾਗ ਵਿਖਾਏ। ਦੇਸ਼ ਅਤੇ ਵਿਦੇਸ਼ ਵਿਚ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਗਏ, ਪਰ ਨਤੀਜਾ ਸਿਫਰ ਵਿਚ ਨਿਕਲਿਆ। ਪਟਿਆਲੇ ਵਿਚ ਰਹਿੰਦਿਆ ਪੜ੍ਹਾਈ ਖਤਮ ਹੋਣ ਤੋਂ ਬਾਅਦ ਮੈਂ ਉੱਥੋਂ ਨਿਕਲਦੇ ਰੋਜ਼ਾਨਾਂ ‘ਰਣਜੀਤ’ ਅਖਬਾਰ ਵਿਚ ਕੁੱਝ ਅਰਸੇ ਲਈ ਸਬ ਐਡੀਟਰ ਵਜੋਂ ਕੰਮ ਕੀਤਾ। ਅਕਸਰ ਮੇਰੀ ਜਲੰਧਰ ਦੀ ਫੇਰੀ ਲਗਦੀ ਰਹਿੰਦੀ ਸੀ ਜਿੱਥੇ ਮੇਰਾ ਮਿੱਤਰ ਜਨਕ ਰਾਜ ਸਿੰਘ ਰਹਿੰਦਾ ਸੀ। ਇਕ ਵਾਰ ਮੈਂ ਉਸ ਕੋਲ ਗਿਆ ਹੋਇਆ ਸਾਂ ਤੇ ਉਹ ਮੈਨੂੰ ਆਪਣੇ ਘਰ ਦੇ ਨੇੜਲੇ ਸੈਂਟਰਲ ਟਾਊਨ ਦੇ ਗੁਰਦੁਆਰੇ ਲੈ ਗਿਆ। ਇਕ ਬਜ਼ੁਰਗ ਜਿਨ੍ਹਾਂ ਦਾ ਨਾਂ ਗਿਆਨੀ ਰਘਬੀਰ ਸਿੰਘ ਸੀ ਨਾਲ ਮੈਨੂੰ ਮਿਲਾਇਆ ਗਿਆ। ਜਨਕ ਰਾਜ ਸਿੰਘ ਦੇ ਕਹਿਣ ’ਤੇ ਗੁਰਦੁਆਰੇ ਦੇ ਪੰਡਾਲ ਵਿਚ ਵਿਛੀਆਂ ਦਰੀਆਂ ਦੇ ਹੇਠੋਂ ਇਕ ਭੱਦਾ ਜਿਹਾ ਕਾਗਜ਼ ਚੁੱਕ ਕੇ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਉਸ ਉੱਤੇ ਮੇਰੀ ਸਿਫਾਰਸ਼ ਕਰਨ ਬਾਰੇ ਲਿਖ ਦਿੱਤਾ। ਜਿਸ ਵਿਚ ਲਿਖਿਆ ਸੀ “ਸ. ਸ਼ਾਮ ਸਿੰਘ ਨੂੰ ਭੇਜ ਰਿਹਾ ਹਾਂ, ਇਨ੍ਹਾਂ ਨੂੰ ਪ੍ਰੋਫੈਸਰ ਰੱਖ ਲੈਣਾ ਜੀ।” ਮੈਂ ਕਦੇ ਕਾਗਜ਼ ਵੱਲ ਦੇਖਦਾ ਸਾਂ ਕਦੇ ਗਿਆਨੀ ਜੀ ਵੱਲ। ਖ਼ੈਰ ਮੈਂ ਉਨ੍ਹਾਂ ਦੇ ਦੱਸੇ ਮੁਤਾਬਿਕ ਗੁਰੂ ਨਾਨਕ ਖਾਲਸਾ ਕਾਲਜ ਸਿਵਲ ਲਾਈਨਜ਼ ਲੁਧਿਆਣਾ ਪਹੁੰਚ ਕੇ ਪ੍ਰੋ: ਢੋਡੀ ਬਾਰੇ ਪੁੱਛਿਆ। ਜਿਹੜਾ ਤੁਰੰਤ ਹੀ ਮੈਂਨੂੰ ਗੁਰਮੁਖੋ ਕਹਿ ਕੇ ਪ੍ਰਿੰਸੀਪਲ ਦੇ ਦਫਤਰ ਵਿਚ ਲੈ ਗਿਆ। ਜਿਨ੍ਹਾਂ ਨੇ ਮੈਨੂੰ ਉਸੇ ਹੀ ਦਿਨ, ਉਸੇ ਹੀ ਘੜੀ ਨਿਯੁਕਤੀ ਪੱਤਰ ਦੇ ਦਿੱਤਾ। ਕ੍ਰਿਪਾ ਮੇਰੇ ’ਤੇ ਇਹ ਹੋਈ ਕਿ ਮੈਨੂੰ ਕਾਲਜ ਕੈਂਪਸ ਵਿਚ ਰਹਿਣ ਲਈ ਕਮਰਾ ਵੀ ਦੇ ਦਿੱਤਾ ਗਿਆ। ਜਿਹੜਾ ਕਿ ਸਾਜੋ-ਸਮਾਨ ਨਾਲ ਸਜਿਆ ਹੋਇਆ ਸੀ। ਇੱਥੇ ਦੱਸਣਾ ਕੁਥਾਂ ਨਹੀਂ ਹੋਵੇਗਾ ਜਿਸਦਾ ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਗਿਆਨੀ ਰਘਬੀਰ ਸਿੰਘ ਜੀ, ਡਾ: ਐਸ. ਪੀ. ਸਿੰਘ ਦੇ ਪਿਤਾ ਸਨ ਜਿਹੜੇ ਇਸੇ ਕਾਲਜ ਵਿਚ ਪੰਜਾਬੀ ਦੇ ਪ੍ਰੋਫੈਸਰ ਸਨ ਅਤੇ ਉਹ ਬਾਅਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਟੀ, ਅਮ੍ਰਿਤਸਰ ਦੇ ਵਾਈਸ ਚਾਂਸਲਰ ਬਣੇ। 

ਗੁਰਮੀਤ : ਅਧਿਆਪਨ ਦੇ ਕਿੱਤੇ ਵਿਚ ਪੜ੍ਹਾਉਂਦਿਆਂ ਆਪਣੇ ਕੌੜੇ-ਮਿੱਠੇ ਤਜ਼ਰਬਿਆਂ ਬਾਰੇ ਦੱਸੋ?

ਸ਼ਾਮ ਸਿੰਘ : ਮੈਂ ਕਾਲਜ ਵਿਚ ਇਕੱਲਾ ਹੀ ਅਜਿਹਾ ਅਧਿਆਪਕ ਸਾਂ ਜਿਹੜਾ ਐਡਹਾਕ ’ਤੇ ਹੋਣ ਕਰਕੇ ਸਭ ਤੋਂ ਘੱਟ ਤਨਖਾਹ ਲੈਂਦਾ ਸਾਂ ਜਾਣੀ ਕਿ ਅੱਧੀ। ਮੈਂ ਅਤੇ ਐਸ. ਪੀ. ਸਿੰਘ ਇੰਨੇ ਨੇੜੇ ਹੋ ਗਏ ਇਕੱਠੇ ਹੀ ਕੈਂਟੀਨ ਵਿਚ ਚਾਹ ਪੀਣ ਜਾਂਦੇ ਅਤੇ ਵਿਹਲੇ ਸਮੇਂ ਆਏ ਗਏ ਹਰ ਪ੍ਰੋਫੈਸਰ ਨੂੰ ਕਿਸੇ ਨਾ ਕਿਸੇ ਵਿਸ਼ੇ ’ਤੇ ਬਹਿਸ ਵਿਚ ਉਲਝਾ ਲੈਂਦੇ। ਸੁ਼ਗਲ ਮੇਲਾ ਵੀ ਚੱਲਦਾ ਰਹਿੰਦਾ ਤੇ ਗੰਭੀਰਤਾ ਵੀ ਬਣੀ ਰਹਿੰਦੀ। ਇਕ ਵਾਰ ਡਾ: ਐਸ. ਪੀ. ਸਿੰਘ ਮੈਨੂੰ ਕਹਿਣ ਲੱਗੇ ਕਿ “ਦੇਖਿਆ ਜਾਏ ਸ਼ਾਮ ਸਿੰਘ ਤੂਂੰ ਮੁਫਤ ਦੀ ਤਨਖਾਹ ਲੈਂਦੈਂ ਸਾਰਾ ਦਿਨ ਕੈਂਟੀਨ ਵਿਚ ਮੇਰੇ ਨਾਲ ਬੈਠਾ ਦੂਜਿਆਂ ਨਾਲ ਬਹਿਸ-ਮੁਬਾਹਸਾ ਕਰਦਾ ਰਹਿੰਦੈਂ।” ਮੈਂ ਉਸ ਨੂੰ ਕਿਹਾ ਤੁਹਾਡੀ ਗੱਲ ਬਿਲਕੁੱਲ ਠੀਕ ਹੈ ਪਰ ਮੈਨੂੰ ਇਤਰਾਜ਼ ਇਹ ਹੈ ਕਿ ਤੁਹਾਨੂੰ ਤਨਖਾਹ ਪੂਰੀ ਮਿਲਦੀ ਹੈ ਜਦੋਂ ਕਿ ਤੁਸੀਂ ਵੀ ਮੇਰੇ ਨਾਲ ਹੀ ਬੈਠੇ ਹੁੰਦੇ ਹੋ। ਉਹ ਮੇਰੀ ਸ਼ਾਇਰੀ ਬਾਰੇ ਵੀ ਥੋੜ੍ਹਾ ਥੋੜ੍ਹਾ ਜਾਣਦੇ ਸਨ, ਕਿਉਂਕਿ ਜਲੰਧਰ ‘ਅਜੀਤ’ ਦੇ ਦਫਤਰ ਸਾਧੂ ਸਿੰਘ ਹਮਦਰਦ ਕਦੇ ਕਦੇ ਕਵੀ ਦਰਬਾਰ ਰਚਾਉਂਦੇ ਸਨ ਤਾਂ ਮੈਂ ਉੱਥੇ ਹਾਜ਼ਰ ਹੁੰਦਾ ਅਤੇ ਕੋਈ ਰਚਨਾ ਪੜ੍ਹ ਦਿੰਦਾ। ਇਕ ਦਿਨ ਅਸੀਂ ਕਾਲਜ ਦੀ ਕੈਂਟੀਂਨ ਵਿਚ ਬੈਠੇ ਸਾਂ ਕਿ ਐਸ. ਪੀ. ਸਿੰਘ ਪੰਜਾਬੀ ਦੀ ਅਖਬਾਰ ਪੜ੍ਹ ਰਹੇ ਸਨ ਉਨ੍ਹਾਂ ਇਕ ਸਿ਼ਅਰ ਵਾਰ ਵਾਰ ਸੁਣਾਇਆ ਅੱਗੋਂ ਮੈਂ ਕਹੀ ਜਾਵਾਂ ਕਿ ਬਹਿਰ ਗਲਤ ਹੈ। ਉਨ੍ਹਾਂ ਮੇਰੇ ਕਈ ਵਾਰ ਜਵਾਬ ਸੁਣਨ ਤੋਂ ਬਾਅਦ ਕਿਹਾ ਕਿ ਇਹ ਗਜ਼ਲ ਸਾਧੂ ਸਿੰਘ ਹਮਦਰਦ ਦੀ ਹੈ। ਮੈਂ ਫੇਰ ਸਿ਼ਅਰ ਸੁਣਨ ਤੋਂ ਪਹਿਲਾਂ ਹੀ ਕਿਹਾ ਕਿ ਬਹਿਰ ਠੀਕ ਹੈ।

ਗੁਰਮੀਤ : ਤੁਸੀਂ ਧਾਰਮਿਕ ਖਿਆਲਾਂ ਦੇ ਹੋਣ ਦੇ ਨਾਤੇ ਪੰਜਾਬ ਵਿਚ ਚੱਲੇ ਖੂਨੀ ਦੌਰ ਦਾ ਤੁਹਾਡੇ ਮਨ ਉੱਤੇ ਕੀ ਅਸਰ ਹੋਇਆ?

ਸ਼ਾਮ ਸਿੰਘ : ਕੋਈ ਵੀ ਧਰਮ ਨਫਰਤ ਨਹੀਂ ਸਿਖਾਉਂਦਾ। ਪੱਖ-ਪਾਤ ਦਾ ਸੰਦੇਸ਼ ਨਹੀਂ ਦਿੰਦਾ ਪਰ ਫੇਰ ਵੀ ਧਰਮਾਂ ਦੇ ਪੁਆੜੇ ਸਮਾਜ ਤੋਂ ਸਾਂਭੇ ਨਹੀਂ ਜਾਂਦੇ। ਮੈਨੂੰ ਲਗਦਾ ਹੈ ਕਿ ਬੰਦੇ ਹੀ ਬਘਿਆੜ ਬਣ ਜਾਂਦੇ ਹਨ ਕਿ ਉਨ੍ਹਾਂ ਨੂੰ ਧਰਮ ਦੀ ਸਾਰੀ ਮਰਿਆਦਾ ਭੁੱਲ-ਭੁਲਾ ਜਾਂਦੀ ਹੈ। ਜਦੋਂ ਉਹ ਦਰਿੰਦੇ ਬਣਕੇ ਆਪਣੇ ਹੀ ਭਰਾਵਾਂ ਉੱਤੇ ਵਾਰ ਕਰਦੇ ਹਨ। ਤਕਰੀਬਨ ਮੈਂ ਸਾਰੇ ਧਾਰਮਿਕ ਗ੍ਰੰਥਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ, ਕੁਰਾਨ, ਬਾਈਬਲ, ਧੰਮਪਦ ਅਤੇ ਹੋਰ ਪੜ੍ਹੇ ਹਨ, ਵਿਚਾਰੇ ਹਨ, ਉਨ੍ਹਾਂ ਵਿਚ ਮਨੁੱਖ ਨੂੰ ਦੂਜੇ ਮਨੁੱਖ ਨਾਲ ਲੜਨ ਦੀ ਕਿਧਰੇ ਵੀ ਸਿੱਖਿਆ ਨਹੀਂ ਦਿੱਤੀ ਗਈ। ਫੇਰ ਵੀ ਧਰਮਾਂ ਵਾਲੇ ਅਜਿਹਾ ਕਰਦੇ ਹਨ। ਜਿਹੜੇ ਮਾਨਵਤਾ ਨੂੰ ਹੀ ਨਹੀਂ ਸਗੋਂ ਧਾਰਮਿਕ ਗ੍ਰੰਥਾਂ ਨੂੰ ਵੀ ਸ਼ਰਮਿੰਦਾ ਕਰਦੇ ਹਨ। ਮੇਰਾ ਮਨ ਬਹੁਤ ਵਾਰ ਵਲੂੰਧਰਿਆ ਗਿਆ। 1965 ਤੇ 1971 ਦੀਆਂ ਜੰਗਾਂ ਨੇ ਵੀ ਮੇਰੇ ਮਨ ਨੂੰ ਵਲੂੰਧਰਿਆ ਅਤੇ 1978 ਤੇ 1984 ਨੇ ਵੀ ਮੈਨੂੰ ਸਮੇਂ ਦੇ ਨੇਜੇ ਤੇ ਟੰਗੀ ਰੱਖਿਆ। ਮੈਂ ਆਪਣੇ ਵਿਦਿਆਰਥੀਆਂ ਨੂੰ ਆਪੋ-ਆਪਣੇ ਧਰਮਾਂ ਵਿਚ ਪ੍ਰਪੱਕ ਹੋਣ ਲਈ ਕਿਹਾ ਪਰ ਨਾਲ ਹੀ ਨਾਲ ਇਨਸਾਨੀਅਤ ਵਿਚ ਪ੍ਰਪੱਕ ਹੋਣ ਦੀ ਸਿੱਖਿਆ ਦਿੱਤੀ।

ਗੁਰਮੀਤ : ਪੰਜਾਬ ਵਿਚ ਨੈਕਸਲਾਈਟ ਅਤੇ ਸਿੱਖ ਮੂਵਮੈਂਟ ਚੱਲੀਆਂ, ਦੋਵਾਂ ਵਿਚ ਕੀ ਅੰਤਰ ਸੀ?

ਸ਼ਾਮ ਸਿੰਘ : ਦੋਵਾਂ ਹੀ ਲਹਿਰਾਂ ਵਿਚ ਇਕ ਗੱਲ ਸਾਂਝੀ ਸੀ, ਪਰ ਮਾੜੀ ਵੀ ਸੀ ਕਤਲ ਕਰਨ ਦੀ। ਦੋਵੇਂ ਹੀ ਮਨੁੱਖ ਤੋਂ ਉਸ ਦੇ ਜਿਊਣ ਦਾ ਅਧਿਕਾਰ ਬਿਨਾ ਕਿਸੇ ਅਧਿਕਾਰ ਤੋਂ ਖੋਹ ਰਹੇ ਸਨ। ਨਕਸਲੀ ਇਹ ਦਾਅਵਾ ਕਰਦੇ ਸਨ ਕਿ ਉਹ ਸਮਾਜ ਵਿਚ ਬਰਾਬਰਤਾ ਪੈਦਾ ਕਰਨ ਦੀ ਇੱਛਾ ਰੱਖਦੇ ਹਨ ਅਤੇ ਲੁੱਟ-ਖਸੁੱਟ ਬੰਦ ਕਰਨੀ ਚਾਹੁੰਦੇ ਹਨ ਅਤੇ ਆਮ ਲੋਕਾਂ ਨਾਲ ਖੜ੍ਹੇ ਹਨ। ਇਨ੍ਹਾਂ ਦੇ ਦੁੱਖ-ਸੁੱਖ ਵਿਚ ਭਾਈਵਾਲ ਬਣਨ ਦੇ ਇਛੁੱਕ ਹਨ। ਪਰ ਜਦੋਂ ਉਨ੍ਹਾਂ ਨੇ ਬਿਨਾ ਕਿਸੇ ਵੱਡੀ ਤਿਆਰੀ ਤੋਂ ਵਿਰੋਧੀਆਂ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਾਰੀ ਖੇਡ ਵਿਗੜ ਗਈ। ਸਿੱਖ ਲਹਿਰ ਦਾ ਮੰਤਵ ਮੋਟੇ ਤੌਰ ’ਤੇ ਖਾਲਿਸਤਾਨ ਕਾਇਮ ਕਰਨਾ ਸੀ ਜਿਸ ਬਾਰੇ ਕਹਿਣਾ ਤਾਂ ਬਹੁਤ ਸੌਖਾ ਹੈ, ਪਰ ਇਸ ਨੂੰ ਸਾਕਾਰ ਕਰਨਾ ਸ਼ਾਇਦ ਬਹੁਤ ਵੱਡਾ ਕੰਮ ਹੈ, ਜੋ ਸ਼ਾਇਦ ਕਦੇ ਵੀ ਸਿਰੇ ਨਹੀਂ ਚੜ੍ਹ ਸਕਦਾ। ਉਨ੍ਹਾਂ ਨੇ ਜਦੋਂ ਇਕ ਫਿਰਕੇ ਦੇ ਲੋਕ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਮੈਨੂੰ ਲੱਗਿਆ ਕਿ ਇਹ ਤਾਂ ਰੱਬ ਦੇ ਦੁਸ਼ਮਣ ਹੋ ਗਏ ਹਨ ਕਿਉਂਕਿ ਜਿਹੜੀ ਜਾਨਦਾਰ ਚੀਜ਼ ਇਨ੍ਹਾਂ ਨੇ ਬਣਾਈ ਹੀ ਨਹੀਂ ਉਸ ਨੂੰ ਖਤਮ ਕਰਨ ਲੱਗ ਪਏ।

ਗੁਰਮੀਤ : ਅਧਿਆਪਨ ਦਾ ਕਿੱਤਾ ਕਰਦਿਆਂ ਤੁਸੀਂ ਪੱਤਰਕਾਰੀ ਦੇ ਖੇਤਰ ਵਿਚ ਕਿਵੇਂ ਆਏ?

ਸ਼ਾਮ ਸਿੰਘ : ਗੱਲ ਏਦਾਂ ਹੋਈ ਕਿ ਆਰ. ਕੇ . ਆਰੀਆ ਕਾਲਜ ਲੁਧਿਆਣਾ ਵਿਚ ਮੈਂ ਸਾਲਾਨਾ ਇਮਤਿਹਾਨਾਂ ਵਿੱਚ ਡਿਪਟੀ ਸੁਪਰਡੈਂਟ ਲੱਗ ਗਿਆ। ਉੱਥੇ ਇਕ ਕਮਰੇ ਵਿਚ ਡਿਊਟੀ ਦੇ ਰਿਹਾ ਸਾਂ ਕਿ ਇਕ ਮੁੰਡੇ ਨੇ ਡੈਸਕ ਉੱਤੇ ਹੀ ਰੁਮਾਲ ਥੱਲੇ ਚਾਕੂ ਲਕੋਇਆ ਹੋਇਆ ਸੀ, ਮੇਰੀ ਨਜ਼ਰ ਨੇ ਉਸ ਨੂੰ ਫੜ ਲਿਆ। ਮੈਂ ਉਸ ਮੁੰਡੇ ਨੂੰ ਖੜ੍ਹਾ ਹੋਣ ਲਈ ਕਿਹਾ ਪਰ ਉਸਨੇ ਮੇਰਾ ਕਹਿਣਾ ਨਾ ਮੰਨਿਆਂ। ਮੈਂ ਸੁਪਰਡੈਂਟ ਕੋਲ ਸੁਨੇਹਾ ਪਹੁੰਚਾਇਆ ਤਾਂ ਉਸ ਨੇ ਕਮਰੇ ਵਿਚ ਦਾਖਲ ਹੁੰਦਿਆਂ ਹੀ ਮੁੰਡੇ ਦੇ ਵੱਟ ਕੇ ਚਮੇੜ ਮਾਰੀ ਅਤੇ ਪੇਪਰ ਖੋਹ ਕੇ ਕਮਰਿਉਂ ਬਾਹਰ ਕਰ ਦਿੱਤਾ। ਮੈਨੂੰ ਇਹ ਚੰਗਾ ਵੀ ਲੱਗਾ ਪਰ ਨਾਲ ਹੀ ਮੇਰਾ ਮਨ ਬਹੁਤ ਦੁਖੀ ਹੋਇਆ ਕਿ ਮੇਰੇ ਕਾਰਨ ਇਕ ਮੁੰਡੇ ਦਾ ਭਵਿੱਖ ਖਰਾਬ ਹੋ ਗਿਆ। ਪਰ ਉੱਥੋਂ ਮੇਰੇ ਮਨ ਵਿਚ ਇਹ ਗੱਲ ਜਰੂਰ ਪੈਦਾ ਹੋ ਗਈ ਕਿ ਮੈਂ ਇਸ ਪਿਆਰੇ ਕਿੱਤੇ ਵਿਚ ਨਹੀਂ ਰਹਿ ਸਕਾਂਗਾ। ਮੈਨੂੰ ਅਧਿਆਪਨ ਦਾ ਕੰਮ ਛੱਡਣਾ ਹੀ ਪਵੇਗਾ। ਇੱਥੇ ਵੀ ਡਾ: ਐਸ. ਪੀ. ਸਿੰਘ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਜਿਨ੍ਹਾਂ ਨੇ ਮੈਨੂੰ ਨਵੇਂ ਸ਼ੁਰੂ ਹੋਏ ‘ਪੰਜਾਬੀ ਟ੍ਰਿਬਿਊਨ’ ਵਿਚ ਬਤੌਰ ਸਬ-ਐਡੀਟਰ ਦੀ ਪੋਸਟ ਦਿਵਾ ਦਿੱਤੀ। ਮੇਰੀ ਇੰਟਰਵਿਊ ਤੱਕ ਨਹੀਂ ਸੀ ਲਈ ਗਈ। ਮੈਂ ਛੇਤੀ ਹੀ ਚੰਡੀਗੜ੍ਹ ਟ੍ਰਿਬਿਊਨ ਦਫਤਰ ਵਿਚ ਹਾਜ਼ਰ ਹੋ ਗਿਆ।

ਗੁਰਮੀਤ : ਪੱਤਰਕਾਰ ਹੋਣ ਦੇ ਨਾਤੇ ਤੁਸੀਂ ਇਨ੍ਹਾਂ ਲਹਿਰਾਂ ਬਾਰੇ ਅਖਬਾਰਾਂ ਵਿਚ ਕੀ ਕੁੱਝ ਲਿਖਿਆ?

ਸ਼ਾਮ ਸਿੰਘ : ਅਖਬਾਰ ਦਾ ਹਰ ਬੰਦਾ ਹਰ ਚੀਜ਼ ਬਾਰੇ ਨਹੀਂ ਲਿਖਦਾ, ਹਰ ਘਟਨਾ ਬਾਰੇ ਨਹੀਂ ਲਿਖਦਾ ਅਤੇ ਹਰ ਤਰ੍ਹਾਂ ਦੀ ਰਾਜਨੀਤੀ ਬਾਰੇ ਨਹੀਂ ਲਿਖਦਾ। ਪਰ ਫੇਰ ਵੀ ਇੱਥੇ ਦੱਸਣਾ ਬੜਾ ਹੀ ਦਿਲਚਸਪ ਹੋਵੇਗਾ ਕਿ ਮੈਂ ਅਤੇ ਮੇਰਾ ਅਖਬਾਰੀ ਸਾਥੀ ਜਗਤਾਰ ਸਿੰਘ ਸਿੱਧੂ ਅਮ੍ਰਿਤਸਰ ਦੇ ਗੁਰੂ ਨਾਨਕ ਨਿਵਾਸ ਵਿਚ ਸੰਤ ਭਿੰਡਰਾਵਾਲਿਆਂ ਦੀ ਇੰਟਰਵਿਊ ਲੈਣ ਗਏ। ਭਿੰਡਰਾਵਾਲੇ ਦੇ ਚਹੇਤੇ ਭਾਈ ਅਮਰੀਕ ਸਿੰਘ ਮੇਰੇ ਮਿੱਤਰ ਸਨ ਅਤੇ ਬੁੱਧੀਮਾਨ ਸਨ, ਉਨ੍ਹਾਂ ਕਰਕੇ ਸਾਨੂੰ ਛੇਤੀ ਸਮਾਂ ਮਿਲ ਗਿਆ। ਅਕਾਲੀ ਆਗੂ ਬਲਵੰਤ ਸਿੰਘ ਅਤੇ ਸੁਰਜੀਤ ਸਿੰਘ ਮਿਨਹਾਸ ਸੰਤਾ ਦੇ ਮੰਜੇ ਸਾਹਮਣੇ ਭੁੰਜੇ ਹੀ ਬੈਠੇ ਸਨ। ਸੰਤਾਂ ਨੇ ਸਾਡਾ ਮਨੋਰਥ ਜਾਨਣ ਤੋਂ ਬਾਅਦ ਜਗਤਾਰ ਸਿੰਘ ਸਿੱਧੂ ਨੂੰ ਕਿਹਾ ਕਿ ਤੂੰ ਦਾਹੜੀ ਮੁੰਨੀ ਹੋਈ ਹੈ। ਜਿਸ ਦਾ ਸਿੱਧੂ ਨੇ ਤੁਰੰਤ ਹੀ ਜਵਾਬ ਦਿੱਤਾ ਕਿ ਬਾਬਾ ਜੀ ਰੱਖ ਲਵਾਂਗੇ। ਫਿਰ ਭਿੰਡਰਾਂਵਾਲਿਆਂ ਦੀ ਨਜ਼ਰ ਮੇਰੇ ’ਤੇ ਮਿਹਰਬਾਨ ਹੋਈ ਤੇ ਕਹਿਣ ਲੱਗੇ ਕਿ ਤੂੰ ਤੁੰਨੀ ਹੋਈ ਹੈ। ਮੈਂ ਤੁਰੰਤ ਕਿਹਾ ਕਿ ਬਲਵੰਤ ਸਿੰਘ ਤੇ ਮਿਨਹਾਸ ਦੀ ਵੀ ਤੁੰਨ੍ਹੀ ਹੋਈ ਦਾਹੜੀ ਖੁਲਵਾ ਦਿਉ ਮੈਂ ਵੀ ਖੋਲ੍ਹ ਦੇਵਾਂਗਾ। ਉੱਥੇ ਤਣੀਆਂ ਹੋਈਆ ਅਸਾਲਟਾਂ ਦੀ ਛਾਂ ਥੱਲੇ ਸੰਤਾਂ ਦੀ ਇੰਟਰਵਿਊ ਲਈ ਗਈ। ਬੜੇ ਤਿੱਖੇ ਸਵਾਲ ਸਨ ਤੇ ਸੰਤਾਂ ਨੇ ਜਵਾਬ ਵੀ ਪੂਰੀ ਗਰਮੀ ਨਾਲ ਦਿੱਤੇ। ਪਰ ਦੁੱਖ ਦੀ ਗੱਲ ਹੈ ਕਿ ਸ਼ਾਇਦ ਤਿੱਖੇ ਸਵਾਲਾਂ ਦੀ ਹੋੜ ਕਾਰਨ ਉਸ ਇੰਟਰਵਿਊ ਨੂੰ ਅਖਬਾਰ ਵਿਚ ਥਾਂ ਨਹੀਂ ਮਿਲ ਸਕੀ।

ਗੁਰਮੀਤ : ਤੁਹਾਨੂੰ ਪੱਤਰਕਾਰ ਦੇ ਤੌਰ ਤੇ ਪੇਸ਼ ਆਈਆਂ ਮੁਸ਼ਕਲਾਂ ਬਾਰੇ ਦੱਸੋ?

ਸ਼ਾਮ ਸਿੰਘ : ਪਹਿਲਾਂ ਪਹਿਲ ਤਾਂ ਕੰਮ ਠੀਕ ਚੱਲਦਾ ਰਿਹਾ, ਬੜਾ ਹੀ ਰੌਚਕ ਕਿੱਤਾ ਹੈ ਪੱਤਰਕਾਰੀ, ਜਿਸ ਵਿਚ ਕੰਮ ਕਰਨ ਵਾਲਾ ਹਰ ਕੋਈ ਸੂਚਨਾ ਦੇ ਤਾਜ਼ਾ ਤੇ ਵਚਿੱਤਰ ਸੰਸਾਰ ਨਾਲ ਜੁੜਿਆ ਰਹਿੰਦਾ ਹੈ। ਸੰਨ1990 ਤੋਂ ਬਾਅਦ ਸਿੱਖ ਅਤਿਵਾਦੀਆਂ ਦਾ ਪੰਜਾਬ ਵਿਚ ਬੋਲ-ਬਾਲਾ ਹੋ ਗਿਆ। ਜਿਨ੍ਹਾਂ ਨੇ ਪੱਤਰਕਾਰਾਂ ਨੂੰ ਵੀ ਧਮਕਾਉਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਅਖਬਾਰ ਵਿਚਲੇ ਸਾਥੀਆਂ ਦੀ ਈਰਖਾ ਕਾਰਨ ਮੈਂ ਵੀ ਇਸ ਲਹਿਰ ਦਾ ਮਾਨਸਿਕ ਤੌਰ ਤੇ ਥੋੜਾ-ਬਹੁਤ ਸਿ਼ਕਾਰ ਹੋਇਆ। ਮੈਨੂੰ ਧਮਕੀਆਂ ਵੀ ਮਿਲੀਆਂ ਤੇ ਜਾਨੀ ਨੁਕਸਾਨ ਦੇ ਡਰਾਵੇ ਵੀ। ਸੁਖਦੇਵ ਸਿੰਘ ਬੱਬਰ, ਧਰਮ ਸਿੰਘ ਕਾਸ਼ਤੀਵਾਲ ਤੇ ਹੋਰਨਾਂ ਦੇ ਧਮਕੀ ਭਰੇ ਡਰਾਵਿਆਂ ਨੇ ਕਈ ਸਾਲਾਂ ਤੱਕ ਪ੍ਰੇਸ਼ਾਨ ਕਰੀ ਰੱਖਿਆ। ਉਨ੍ਹਾਂ ਵਲੋਂ ਭੇਜੇ ਬੰਦਿਆਂ ਨਾਲ ਆਪਣੇ ਹੀ ਘਰ ਵਿਚ ਦਲੀਲ ਨਾਲ ਗੱਲਾਂ ਕੀਤੀਆਂ। ਉਨ੍ਹਾਂ ਨੂੰ ਦੱਸਿਆ ਕਿ ਅਖਬਾਰ ਵਿਚ ਮੈਂ ਤਾਂ ਮਾਮੂਲੀ ਜਿਹਾ ਕਰਿੰਦਾ ਹਾਂ ਜਿਸ ਦਾ ਪ੍ਰਬੰਧ ਇਕ ਵੱਡਾ ਮੈਨੇਜਮੈਂਟ ਅਦਾਰਾ ਕਰਦਾ ਹੈ। ਸੋ ਤੁਸੀਂ ਮੇਰੇ ਵਰਗਿਆਂ ਨੂੰ ਧਮਕਾਉਣ ਦੀ ਬਜਾਏ ਉਹ ਕੰਮ ਕਰੋ ਜਿਹੜਾ ਸਹੀ ਹੋਵੇ ਤੇ ਸਾਡੇ ਵਰਗੇ ਰਹਿਮ ਦੇ ਪਾਤਰ ਬਣਕੇ ਨਾ ਰਹਿ ਜਾਣ। ਉਨ੍ਹਾਂ ਕੁੱਝ ਇਕ ਨੇ ਗੱਲ ਸਮਝੀ ਅਤੇ ਮੇਰਾ ਪਿੱਛਾ ਛੱਡ ਦਿੱਤਾ।

ਗੁਰਮੀਤ : ਕੀ ਸਰਕਾਰੀ ਪੱਧਰ ਤੇ ਵੀ ਤੁਹਾਡੇ ਉੱਤੇ ਕੋਈ ਦਬਾਉ ਰਿਹਾ?

ਸ਼ਾਮ ਸਿੰਘ : ਕਿਉਂਕਿ ਉਦੋਂ ਮੈਂ ਚੀਫ ਸਬ-ਐਡੀਟਰ ਬਣ ਗਿਆ ਸਾਂ ਜਿਸ ਕੋਲ ਅਖਬਾਰ ਦਾ ਕਾਫੀ ਜੁੰਮੇਵਾਰੀ ਵਾਲਾ ਕੰਮ ਹੁੰਦਾ ਹੈ। ਟ੍ਰਿਬਿਊਨ ਦੀ ਨੀਤੀ ਮੁਤਾਬਿਕ ਮੈਂ ਹਮੇਸ਼ਾ ਹੀ ਸੰਤੁੰਲਨ ਕਾਇਮ ਰੱਖਿਆ। ਨਾ ਸਰਕਾਰ ਦਾ ਨਾ ਹੀ ਧਮਕੀਆਂ ਵਾਲਿਆਂ ਦਾ ਕਹਿਣਾ ਮੰਨਿਆ ਸਗੋਂ ਉਹ ਕੁੱਝ ਕਰਦਾ ਰਿਹਾ ਜੋ ਲੋਕ ਹਿਤ ਵਿਚ ਸੀ।

ਗੁਰਮੀਤ : ਤੁਸੀਂ ਰਾਜਨੀਤਕ ਲੋਕਾਂ ਨੂੰ ਜਿ਼ਆਦਾ ਪਸੰਦ ਨਹੀਂ ਕਰਦੇ, ਪਰ ਫੇਰ ਵੀ ਤੁਸੀਂ ਸਾਬਕਾ ਮੁੱਖ ਮੰਤਰੀ ਸ਼੍ਰੀਮਤੀ ਰਾਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਬਣੇ। ਕੀ ਇਹ ਆਪਾ ਵਿਰੋਧੀ ਕਾਰਜ ਨਹੀਂ ਸੀ?

ਸ਼ਾਮ ਸਿੰਘ : ਇਹ ਗੱਲ ਠੀਕ ਹੈ ਕਿ ਮੈਂ ਸਿਆਸਤਦਾਨਾਂ ਨੂੰ ਇਕ ਦੂਰੀ ’ਤੇ ਰੱਖਿਆ ਹੈ ਤੇ ਮੈਨੂੰ ਉਨ੍ਹਾਂ ਨੇ ਕਦੇ ਵੀ ਆਪਣੇ ਵੱਲ ਨਹੀਂ ਖਿੱਚਿਆ। ਆਮ ਤੌਰ ’ਤੇ ਸਿਆਸਤਦਾਨਾਂ ਵਿਚ ਦੋਗਲਾਪਣ ਹੁੰਦਾ ਹੈ, ਜਿਸ ਨੂੰ ਅਸਲੋਂ ਹੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਮੈਂ ਚੈਨਲ ਨੰਬਰ 1 ਤੋਂ ਐਡੀਟਰ ਦੀ ਨੌਕਰੀ ਛੱਡ ਕੇ ਆਇਆ ਸਾਂ ਤੇ ਕੁੱਝ ਮਿੱਤਰਾਂ ਨੇ ਸਬਜਬਾਗ ਵਿਖਾਏ ਜਿਹੜੇ ਰਾਜਿੰਦਰ ਕੌਰ ਭੱਠਲ ਦੇ ਘਰ ਲੈ ਗਏ। ਉੱਥੇ ਕਈ ਮੋਹਤਬਰ ਸੱਜਣਾਂ ਦੀ ਹਾਜ਼ਰੀ ਵਿਚ ਤਨਖਾਹ ਅਤੇ ਹੋਰ ਸ਼ਰਤਾਂ ਤੈਅ ਹੋਈਆਂ। ਮੈਂ ਉੱਥੇ ਤਿੰਨ ਮਹੀਨੇ ਕੰਮ ਕੀਤਾ। ਪਰ ਉਹ ਸ਼ਰਤਾਂ ਅਤੇ ਤਨਖਾਹ ਸਿਫਰ ਹੋ ਕੇ ਰਹਿ ਗਈਆਂ। ਜਿਸ ਕਰਕੇ ਮੈਂ ਉਹ ਛੱਡ ਕੇ ਆ ਗਿਆ। ਮੈਨੂੰ ਤਲਖ਼ ਤਜ਼ਰਬਾ ਇਹ ਹੋਇਆ, ਜਿਸ ਤੋਂ ਮੈਨੂੰ ਸਬਕ ਇਹ ਮਿਲਿਆ ਕਿ ਸਿਆਸਤਦਾਨਾਂ ਵੱਲ ਹਮੇਸ਼ਾ ਹੀ ਪਿੱਠ ਕਰਕੇ ਤੁਰੋ। ਦੂਜਾ ਮੈਂ ਆਪਣੇ ਸੁਭਾਅ ਦੇ ਖਿਲਾਫ ਤੁਰਿਆ ਸਾਂ ਮੈਨੂੰ ਹਾਰ ਦਾ ਮੂੰਹ ਦੇਖਣਾ ਹੀ ਪੈਣਾ ਸੀ।

ਗੁਰਮੀਤ : ਤੁਸੀਂ ਚੈਨਲ ਨੰਬਰ 1 ਦਾ ਜਿ਼ਕਰ ਕੀਤਾ ਹੈ ਇਸ ਵਿਚ ਜਾਣ ਦਾ ਕਿਵੇਂ ਮੌਕਾ ਮਿਲਿਆ?

ਸ਼ਾਮ ਸਿੰਘ : ਮੈਂ 31 ਦਸੰਬਰ 2006 ਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਸੇਵਾ ਮੁਕਤ ਹੋਇਆ। ਅਤੇ 3 ਜਨਵਰੀ 2007 ਨੂੰ ਚੈਨਲ ਨੰ: 1 ਵਿਚ ਸੰਪਾਦਕ ਬਣ ਗਿਆ। ਲੁਧਿਆਣੇ ਪਹੁੰਚਿਆ ਤਾਂ ਠੰਢ ਬੜੀ ਸੀ, ਪਰ ਫੇਰ ਵੀ ਸਵੇਰੇ 7 ਵਜੇ ਤੋਂ ਰਾਤ ਦੇ ਸਾਢੇ ਗਿਆਰਾਂ ਵਜੇ ਤੱਕ ਸਕਰਿਪਟਾਂ ਲਿਖਾਉਣੀਆਂ, ਸ਼ੂਟਿੰਗ ਕਰਾਉਣੀ ਅਤੇ ਫੇਰ ਕੰਪਿਊਟਰ ਤੇ ਖਬਰਾਂ ਦਾ ਸੰਪਾਦਨ ਕਰਾਉਣਾ ਕਠਿਨ ਕੰਮ ਸੀ। ਸੇਵਾ ਮੁਕਤ ਹੋਣ ਤੋਂ ਬਾਅਦ ਏਨੇ ਲੰਮੇ ਸਮੇਂ ਲਈ ਕੰਮ ਕਰਦੇ ਰਹਿਣਾ ਮੇਰੀ ਸਿਹਤ ਲਈ ਵੀ ਠੀਕ ਨਹੀਂ ਸੀ। ਦੂਜਾ ਚੈਨਲ ਨੰ: 1 ਦੇ ਮਾਲਕਾਂ ਨੂੰ ਨਾ ਕੰਮ ਕਾਜ ਦੀ ਜਾਣਕਾਰੀ ਸੀ ਨਾ ਹੀ ਉਹ ਸਿਆਣੇ ਸਨ । ਪਤਾ ਨਹੀਂ ਕਿਉਂ ਉਨ੍ਹਾਂ ਨੇ ਇਹ ਚੈਨਲ ਚਲਾਇਆ? ਪਰ ਮੈਂ ਬਿਨਾ ਤਨਖਾਹ ਲਏ ਹੀ 31 ਜਨਵਰੀ ਨੂੰ ਮਹੀਨੇ ਬਾਅਦ ਹੀ ਆਪਣੇ ਘਰ ਚੰਡੀਗੜ੍ਹ ਆ ਗਿਆ।

ਗੁਰਮੀਤ : ਉਸ ਤੋਂ ਬਾਅਦ ਤੁਸੀਂ ‘ਦੇਸ਼ ਸੇਵਕ’ ਅਖਬਾਰ ਵਿਚ ਵੀ ਥੋੜਾ ਚਿਰ ਕੰਮ ਕੀਤਾ ਤੇ ਫੇਰ ਇਹ ਵੀ ਛੱਡ ਦਿੱਤਾ ਇਸ ਦਾ ਕੀ ਕਾਰਨ ਸੀ?

ਸ਼ਾਮ ਸਿੰਘ : ਉੱਥੇ ਮੈਂ ਡਾ: ਜੋਗਿੰਦਰ ਸਿੰਘ ਪੁਆਰ ਹੋਰਾਂ ਦੇ ਕਹਿਣ ਤੇ ਗਿਆ ਸਾਂ। ਇਹ ਮੇਰੀ ਬਹੁਤ ਵੱਡੀ ਗਲਤੀ ਸੀ। ਉੱਥੇ ਵੀ ਮੇਰਾ 15 ਕੁ ਦਿਨਾਂ ਬਾਅਦ ਦਿਲ ਉਚਾਟ ਹੋ ਗਿਆ ਤੇ ਮੈਂ ਇਹ ਵੀ ਛੱਡਣ ਦਾ ਮਨ ਬਣਾ ਲਿਆ। ਫੇਰ ਵੀ ਮੈਂ ਉੱਥੇ ਦੇ ਸਬ-ਐਡੀਟਰਾਂ ਨੂੰ ਪੱਤਰਕਾਰੀ ਬਾਰੇ ਕਾਫੀ ਕੁੱਝ ਸਿਖਾਇਆ ਜੋ ਉਨ੍ਹਾਂ ਨੂੰ ਪਹਿਲਾਂ ਨਹੀਂ ਸੀ ਪਤਾ। ਅਖਬਾਰ ਦੀ ਲੇ-ਆਊਟ (ਦਿੱਖ-ਪੱਖ) ਬਾਰੇ ਉਨ੍ਹਾਂ ਨੂੰ ਨਹੀਂ ਸੀ ਪਤਾ। ਇਹ ਕੰਮ ਵੀ ਮੈਂ ਉਨ੍ਹਾਂ ਨੂੰ ਸਿਖਾਇਆ। ਉੱਥੇ ਕੰਮ ਕਰਨ ਦਾ ਮੇਰਾ ਤਜ਼ਰਬਾ ਕੋਈ ਬਹੁਤਾ ਚੰਗਾ ਨਹੀਂ ਰਿਹਾ। ਜਿਸ ਕਰਕੇ ਮੈਂ ਇਸ ਅਖਬਾਰ ਨੂੰ ਛੱਡ ਦਿੱਤਾ।

ਗੁਰਮੀਤ : ਇਕ ਅਧਿਆਪਕ, ਪੱਤਰਕਾਰ ਹੋਣ ਦੇ ਨਾਲ ਤੁਸੀਂ ਲੇਖਕ ਵੀ ਹੋ । ਤੁਹਾਨੂੰ ਲਿਖਣ ਦੀ ਚੇਟਕ ਕਦੋਂ ਤੋਂ ਲੱਗੀ?

ਸ਼ਾਮ ਸਿੰਘ : ਮੈਂ ਦਸਵੀਂ ਵਿਚ ਪੜ੍ਹਦਾ ਸਾਂ ਜਦੋਂ ਮੈਂ ਇਕ ਕਵਿਤਾ ਲਿਖੀ ‘ਉਹ ਗੱਡੇ ਵਾਲੇ’ ਉਦੋਂ ਲਾਰੀਆਂ, ਟਰੱਕ ਤੇ ਕਾਰਾਂ ਚੱਲੀਆਂ ਸਨ ਜੋ ਗੱਡੇ ਨਾਲੋਂ ਬਹੁਤ ਤੇਜ਼ ਗਤੀ ਨਾਲ ਚੱਲਦੀਆਂ ਸਨ। ਸ਼ਾਇਦ ਇਹ ਕਵਿਤਾ ਮਸ਼ੀਨੀਂ ਯੁੱਗ ਬਾਰੇ ਮੇਰੀ ਜਾਗ ਸੀ। ਉਸ ਤੋਂ ਬਾਅਦ ਮੈਂ ਕਾਫੀ ਕਵਿਤਾਵਾਂ ਲਿਖੀਆਂ ਪਰ ਮੰਚ ਤੇ ਸੁਨਾਉਣ ਤੋਂ ਬਿਨਾ ਕਿਧਰੇ ਛਪਵਾਈਆਂ ਨਹੀਂ। ਐਮ.ਏ ਵਿਚ ਪੜ੍ਹਦਿਆਂ ਕੁੱਝ ਪਰਚਿਆਂ ਵਿਚ ਕਵਿਤਾਵਾਂ ਛਪੀਆਂ ਵੀ। ਮੈਨੂੰ ਮੇਰੀ ਇਕ ਕਵਿਤਾ ਅਜੇ ਵੀ ਯਾਦ ਹੈ ‘ਉੱਚਾ ਪੁਲ਼’ ਇਹ ਲੁਧਿਆਣੇ ਰੇਲਵੇ ਲਾਈਨ ਕੋਲ ਲੰਘਦੇ ਲੱਕੜ ਦੇ ਪੁਲ਼ ਬਾਰੇ ਸੀ। ਇਸ ਕਵਿਤਾ ਨੂੰ ਬੜੀ ਮਾਨਤਾ ਮਿਲੀ। ਕਾਫੀ ਦੇਰ ਬਾਅਦ ਚੰਡੀਗੜ੍ਹ ਆ ਕੇ ਵੱਖ ਵੱਖ ਸਮਿਆਂ ’ਤੇ ਲਿਖੀਆਂ ਕਵਿਤਾਵਾਂ ਤੇ ਗਜ਼ਲਾਂ ਦੀ ਕਿਤਾਬ ਛਪਾਈ ‘ਰੂਹ ਦੇ ਬੋਲ’ ਜਿਸ ਨੂੰ ਜਸਪਾਲ ਭੱਟੀ ਨੇ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਰਲੀਜ਼ ਕੀਤਾ।

ਗੁਰਮੀਤ : ਤੁਸੀਂ ਹੋਰ ਕਿਹੜੀਆਂ ਕਿਤਾਬਾਂ ਲਿਖੀਆਂ?

ਸ਼ਾਮ ਸਿੰਘ : ‘ਵਕਤ ਦੇ ਸਫੇ ਤੇ’ ਅਤੇ ‘ਮੇਰੀ ਦਿਹਲੀ ਅੱਗੇ ਦਗਦਾ ਸੂਰਜ’ ਵਾਰਤਕ ਦੀਆਂ ਕਿਤਾਬਾਂ ਹਨ। ਸੰਪਾਦਤ ਕੀਤੀ ਪੁਸਤਕ ‘ਮੇਰੀਆਂ ਪੈੜਾਂ ਮੇਰਾ ਸਫਰ’, ਇੰਜਨੀਅਰ ਗੁਰਨਾਮ ਸਿੰਘ ਡੇਰਾ ਬਸੀ ਦੀ ਸਵੈ ਜੀਵਨੀ ਹੈ। ਇਸ ਤੋਂ ਇਲਾਵਾ ਮੈਂ ਕੁੱਝ ਪੁਸਤਕਾਂ ਅਨੁਵਾਦ ਵੀ ਕੀਤੀਆਂ ਅਤੇ ਅਜ ਕਲ ਵੀ ‘ਉਰਦੂ ਕੀ ਨਈ ਕਹਾਨੀਆਂ’ ਅਨੁਵਾਦ ਕਰ ਰਿਹਾ ਹਾਂ।

ਗੁਰਮੀਤ : ਕੀ ਤੁਸੀਂ ਆਪਣੇ ਛੋਟੇ ਭਰਾ ਕੇਹਰ ਸ਼ਰੀਫ਼ ਨੂੰ ਵੀ ਸਾਹਿਤਕ ਖੇਤਰ ਵਿਚ ਲਿਆਂਦਾ?

ਸ਼ਾਮ ਸਿੰਘ : ਕੇਹਰ ਸ਼ਰੀਫ਼ ਮੇਰਾ ਛੋਟਾ ਭਰਾ ਹੈ। ਜਿਹੜਾ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਖੱਬੇ ਪੱਖੀ ਸੋਚ ਨਾਲ ਜੁੜ ਗਿਆ ਸੀ। ਮੈਂ ਉਸ ਨਾਲ ਸਿੱਖਵਾਦ ਅਤੇ ਮਾਰਕਸਵਾਦ ਦੇ ਬਾਰੇ ਬਹੁਤ ਗਹਿਰੀਆਂ ਗੱਲਾਂ/ਬਹਿਸਾਂ ਕੀਤੀਆਂ। ਉਹ ਉਦੋਂ ਵੀ ਮੇਰੇ ਨਾਲੋਂ ਜਿ਼ਆਦਾ ਸੁਚੇਤ ਤੇ ਜਾਗਦਾ ਸੀ। ਸ਼ਾਇਦ ਮੇਰਾ ਯੋਗਦਾਨ ਇਹ ਰਿਹਾ ਹੋਵੇ ਕਿ ਘਰ ਵਿਚ ਕਿਤਾਬਾਂ, ਅਖਬਾਰਾਂ ਤੇ ਸਾਹਿਤਕ ਰਸਾਲੇ ਲਿਆਉਂਦਾ ਰਹਿੰਦਾ ਸਾਂ ਜਿਹੜੇ ਉਹ ਵੀ ਪੜ੍ਹ ਲੈਂਦਾ ਸੀ। ਇਸ ਤੋਂ ਵੱਧ ਉਸ ਦੇ ਲਿਖਣ ਵਿਚ ਮੇਰਾ ਕੋਈ ਯੋਗਦਾਨ ਨਹੀਂ।

ਗੁਰਮੀਤ : ਕੀ ਉਨ੍ਹਾਂ ਦੀ ਵੀ ਕੋਈ ਕਿਤਾਬ ਛਪੀ?

ਸ਼ਾਮ ਸਿੰਘ : ਮੇਰੇ ਕਹਿਣ ’ਤੇ ਹੀ ਉਸਨੇ ਆਪਣੇ ਛਪੇ ਅਤੇ ਅਣਛਪੇ ਲੇਖਾਂ ਦੀ ਕਿਤਾਬ ‘ਸਮੇਂ ਨਾਲ ਸੰਵਾਦ’ ਛਪਵਾਈ ਹੈ। ਜੋ ਤਰਲੋਚਨ ਪਬਲਿਸ਼ਰ ਚੰਡੀਗੜ੍ਹ ਨੇ ਛਾਪੀ ਹੈ। ਇਸ ਵਿਚ ਬੜੇ ਹੀ ਸੂਝ ਵਾਲੇ ਅਤੇ ਗਹਿਰੇ ਲੇਖ ਹਨ। ਜਿਨ੍ਹਾਂ ਵਿਚ ਆਰਥਿਕ ਅਤੇ ਸਮਾਜਿਕ ਮਸਲਿਆਂ ’ਤੇ ਰੋਸ਼ਨੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ।

ਗੁਰਮੀਤ : ਤੁਸੀਂ ਰਾਈਟਰਜ਼ ਕਲੱਬ ਚੰਡੀਗੜ੍ਹ (ਰਜਿ:) ਦੇ ਵੀ ਸੰਸਥਾਪਕ ਹੋ। ਇਸ ਦੀਆਂ ਗਤੀਵਿਧੀਆਂ ਬਾਰੇ ਦੱਸੋ?

ਸ਼ਾਮ ਸਿੰਘ : ਇਹ ਗੱਲ 2003 ਦੀ ਹੈ। ਸ: ਬਲਵਿੰਦਰ ਸਿੰਘ ਉੱਤਮ ਰੈਸਟੋਰੈਂਟ ਵਾਲਿਆਂ ਦੀ ਉਪਰਲੀ ਮੰਜਿ਼ਲ ਉਦੋਂ ਖਾਲੀ ਪਈ ਸੀ। ਬਲਵਿੰਦਰ ਸਿੰਘ (ਉੱਤਮ ਰੈਸਟੋਰੈਂਟ ਵਾਲੇ), ਮੈਂ ਅਤੇ ਦੇਵ ਭਾਰਦਵਾਜ ਨੇ ਇਸ ਖਾਲੀ ਪਏ ਵੱਡੇ ਹਾਲ ਵਿਚ ਸਾਹਿਤਕ ਸਮਾਗਮ ਕਰਵਾਉਣੇ ਸ਼ੁਰੂ ਕਰ ਦਿੱਤੇ। ਖੁਸ਼ੀ ਵਾਲੀ ਗੱਲ ਇਹ ਸੀ ਕਿ ਉੱਤਮ ਰੈਸਟੋਰੈਂਟ ਦੇ ਮਾਲਕ ਸ. ਬਲਵਿੰਦਰ ਸਿੰਘ ਨੇ ਸਮਾਗਮਾਂ ਵਿਚ ਹਿੱਸਾ ਲੈਣ ਵਾਲੇ ਸਾਰੇ ਮਹਿਮਾਨਾਂ ਨੂੰ ਚਾਹ-ਪਾਣੀ ਆਦਿ ਮੁਫਤ ਵਰਤਾਉਣ ਦਾ ਐਲਾਨ ਕਰ ਦਿੱਤਾ। ਇਸ ਤਰ੍ਹਾਂ ਸਾਲ 2003 ਵਿਚ ਰਾਈਟਰਜ਼ ਕਲੱਬ ਚੰਡੀਗੜ੍ਹ (ਰਜਿ:) ਦੀ ਸਥਾਪਨਾ ਕੀਤੀ ਗਈ। ਇਸ ਵਿਚ ਹੁਣ ਤੱਕ 250 ਦੇ ਕਰੀਬ ਮਿਆਰੀ ਸਾਹਿਤਕ ਸਮਾਗਮ ਹੋ ਚੁੱਕੇ ਹਨ, ਜਿਨ੍ਹਾਂ ਵਿਚ ਦੇਸ਼-ਵਿਦੇਸ਼ ਦੇ ਲੇਖਕਾਂ/ਕਲਾਕਾਰਾਂ ਨੇ ਹਿੱਸਾ ਲਿਆ। ਭਵਿੱਖ ਵਿਚ ਵੀ ਇਸ ਰੈਸਟੋਰੈਂਟ ਵਿਚ ਮਿਆਰੀ ਸਾਹਿਤਕ ਪ੍ਰੋਗਰਾਮ ਚੱਲਦੇ ਰਹਿਣਗੇ।

ਗੁਰਮੀਤ : ਹੁਣ ਤੱਕ ਮਿਲੇ ਮਾਣ-ਸਨਮਾਨ ਬਾਰੇ ਦੱਸੋ?

ਸ਼ਾਮ ਸਿੰਘ : ਮੈਨੂੰ ਹੁਣ ਤੱਕ ਛੋਟੇ-ਵੱਡੇ ਬਹੁਤ ਮਾਣ ਸਨਮਾਨ ਮਿਲੇ ਹਨ। ਕੋਈ 15-18 ਸਾਲ ਪਹਿਲਾਂ ਡਾਂ: ਸਤੀਸ਼ ਵਰਮਾ ਨੇ ਮੇਰੇ ਕਾਲਮ ਅੰਗ-ਸੰਗ ਨੂੰ ‘ਇਕ ਕਾਲਮ ਦਾ ਸਨਮਾਨ’ ਕਹਿ ਕੇ ਸਨਮਾਨਿਆ ਜੋ ਸ਼ਾਇਦ ਮੇਰੇ ਲਈ ਉਤਸ਼ਾਹ ਦਾ ਸੋਮਾ ਬਣਿਆ। ਬਾਕੀਆਂ ਦਾ ਜਿ਼ਕਰ ਛੱਡਦੇ ਹੋਏ ਮੈਨੂੰ ਸਾਲ 2003 ਵਿਚ ਸ਼੍ਰੋਮਣੀ ਪੱਤਰਕਾਰ ਪੁਰਸਕਾਰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਦਿੱਤਾ ਗਿਆ ਜਿਸ ਵਿਚ ਇਕ ਲੱਖ ਰੁਪਏ ਦੀ ਰਾਸ਼ੀ ਮਿਲੀ।

ਗੁਰਮੀਤ : ਬਤੌਰ ਸ਼ਾਇਰ ਤੁਹਾਡੇ ਮਨ ਦੀਆਂ ਅੰਤ੍ਰੀਵ ਡੂੰਘਾਣਾਂ ਵਿਚ ਛੁਪੇ ਦਰਦ ਬਾਰੇ ਦੱਸੋ?

ਸ਼ਾਮ ਸਿੰਘ : ਅਸਲ ਵਿਚ ਭਾਵੇਂ ਸਮਾਜਿਕ ਹੋਵੇ ਭਾਵੇਂ ਰੂਹਾਨੀ, ਪਿਆਰ ਦਾ ਜਜ਼ਬਾ ਹਰ ਇਕ ਦੇ ਦਿਲ ਅੰਦਰ ਹੁੰਦਾ ਹੈ। ਮੈਂ ਆਪਣੇ ਜਮਾਤੀ ਮੁੰਡਿਆਂ ਕਰਮਜੀਤ , ਹਰਭਜਨ ਕਾਹਲੋਂ, ਮਨਜੀਤ, ਕੁਲਬੀਰ ਸਿੰਘ ਤੇ ਹੋਰਨਾ ਨਾਲ ਏਨੀ ਦੋਸਤੀ ਕੀਤੀ ਕਿ ਉਹ ਮੇਰੇ ਪਿਆਰ ਦਾ ਅਧਾਰ ਬਣੇ। ਪਰ ਜਿਹੜੀ ਤੁਸੀਂ ਗੱਲ ਪੁੱਛਣੀ ਚਾਹੁੰਦੇ ਹੋ ਉਹ ਇਹ ਕਿ ਇਕ ਕੁੜੀ ਜਿਹੜੀ ਮੇਰੇ ਮਿੱਤਰ ਦੀ ਮਹਿਬੂਬਾ ਸੀ ਤੇ ਡਾਕਟਰੀ ਕਰਦੀ ਸੀ ਉਹ ਮਿੱਤਰ ਨੂੰ ਛੱਡ ਕੇ ਮੇਰੇ ਵੱਲ ਹੋ ਗਈ। ਪਰ ਮੈਂ ਉਸ ਨਾਲੋਂ ਕਾਫੀ ਸੀਨੀਅਰ ਸਾਂ। ਭਾਵੇਂ ਮੈਂ ਮੁਹੱਬਤ ਦੇ ਰੰਗੀਨ ਪਲ ਉਸ ਨਾਲ ਕੁੱਝ ਸਾਲ ਹੰਢਾਉਂਦਾ ਰਿਹਾ ਪਰ ਮੈਨੂੰ ਆਪਣੀ ਵੱਡੀ ਉਮਰ ਦਾ ਅਹਿਸਾਸ ਜਿ਼ੰਮੇਵਾਰੀ ਵੱਲ ਮੋੜਦਾ ਰਿਹਾ। ਆਖਰ ਮੈਂ ਇਹ ਰਾਹ ਹੀ ਛੱਡ ਦਿੱਤਾ ਜਿਹੜਾ ਫੇਰ ਦਰਦ ਦਾ ਦਰਿਆ ਬਣਕੇ ਵਗਿਆ, ਜਿਸ ਵਿਚੋਂ ਮੈਨੂੰ ਅਨੁਭਵ ਮਿਲਿਆ ਅਤੇ ਸ਼ਬਦ ਲੱਭੇ ਜੋ ਸ਼ਾਇਰੀ ਬਣ ਗਏ।

ਗੁਰਮੀਤ : ਆਪਣੇ ਪਰਿਵਾਰ ਬਾਰੇ ਵੀ ਕੁੱਝ ਦੱਸੋ?

ਸ਼ਾਮ ਸਿੰਘ : ਮੇਰੀ ਪਤਨੀ ਕੰਵਲਜੀਤ ਕੌਰ ਪੰਜਾਬੀ ਸਾਹਿਤ ਦੀ ਵਿਦਿਆਰਥਣ ਰਹੀ ਹੈ। ਜਿਸ ਕਰਕੇ ਕਵਿਤਾ ਲਿਖਦਿਆਂ ਮੈਨੂੰ ਉਸ ਤੋਂ ਕਾਫੀ ਮੱਦਦ ਵੀ ਮਿਲਦੀ ਰਹੀ ਤੇ ਹੁੰਗਾਰਾ ਵੀ। ਤਿੰਨ ਬੇਟੀਆਂ ਹਨ ਲਵਲੀਨ, ਜਸਕੀਰਤ ਤੇ ਰਮਣੀਕ। ਇਨ੍ਹਾਂ ਤਿੰਨਾ ਦਾ ਹੀ ਪੰਜਾਬੀ ਸਾਹਿਤ ਨਾਲ ਕੋਈ ਲਗਾਅ ਨਹੀਂ ਕਿਉਂਕਿ ਉਹ ਹਿੰਦੀ, ਅੰਗਰੇਜ਼ੀ ਅਤੇ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਕਰਦੀਆਂ ਰਹੀਆਂ।

ਗੁਰਮੀਤ : ਆਪਣੇ ਪਾਠਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? 

ਸ਼ਾਮ ਸਿੰਘ : ‘ਅੰਗ-ਸੰਗ’ ਕਾਲਮ ਪੰਜਾਬੀ ਟ੍ਰਿਬਿਊਨ ਵਿਚ 1986 ਵਿਚ ਸ਼ੁਰੂ ਹੋਇਆ ਸੀ, ਜੋ 2006 ਤੱਕ ਚੱਲਦਾ ਰਿਹਾ। ਪਰ ਉਸਤੋਂ ਬਾਅਦ ਪ੍ਰਵਾਸੀ, ਹਮਦਰਦ, ਚੇਤਨਾ ਸ਼ਕਤੀ ਵਿਚ ਵੀ ਛਪਦਾ ਰਿਹਾ। ਹੁਣ ਵੀ, ਨਵਾਂ ਜ਼ਮਾਨਾ, ਦੇਸ਼ ਸੇਵਕ, ਲਿਖਾਰੀ (ਇੰਗਲੈਂਡ), ਪੰਜਾਬੀ ਆਰਸੀ (ਕੈਨੇਡਾ), ਮੀਡੀਆ ਪੰਜਾਬ (ਜਰਮਨੀ) ਆਦਿ ਵਿਚ ਛਪ ਰਿਹਾ ਹੈ। ਸ਼ਾਇਦ ਹੀ ਏਨੇ ਲੰਮੇ ਅਰਸੇ ਤੱਕ ਪੰਜਾਬੀ ਦਾ ਕੋਈ ਕਾਲਮ ਇਕੋ ਨਾਂ ਨਾਲ ਛਪਦਾ ਰਿਹਾ ਹੋਵੇ । ਮੈਨੂੰ ਇਸ ਤੇ ਮਾਣ ਹੈ। ਨਾਲ ਹੀ ਮੈ ਆਪਣੇ ਜਾਗਦੇ, ਸੁਚੇਤ ਅਤੇ ਸਰਗਰਮ ਹੁੰਗਾਰਾ ਭਰਨ ਵਾਲੇ ਪਾਠਕਾਂ ਦੇ ਬਲਿਹਾਰੇ ਜਾਂਦੇ ਹਾਂ ਜਿਨ੍ਹਾਂ ਨੇ ਮੈਨੂੰ ਉਤਸ਼ਾਹ ਵੀ ਦਿੱਤਾ ਅਤੇ ਕਈ ਵਾਰ ਕੌੜਾ ਕੁਸੈਲ਼ਾ ਵੀ ਸੁਣਾਇਆ, ਜਿਸ ਕਾਰਨ ਮੈਂ ਹੋਰ ਵੀ ਚੰਗਾ ਲਿਖਦਾ ਰਿਹਾ। 
****