1935 ’ਚ ਜਨਮੇ ਡਾ. ਜਗਤਾਰ ਦੇ ਸਾਹਿਤਕ ਸਫ਼ਰ ਦਾ ਆਗ਼ਾਜ਼ ਰੁੱਤਾਂ ਰਾਂਗਲੀਆਂ (1957) ਕਾਵਿ-ਸੰਗ੍ਰਹਿ ਨਾਲ਼ ਹੁੰਦਾ ਹੈ।ਫਿਰ ਉਸ ਤੋਂ ਬਾਅਦ ਤਲਖ਼ੀਆ ਰੰਗੀਨੀਆਂ (1960), ਅਧੂਰਾ ਆਦਮੀ (1967), ਲਹੂ ਦੇ ਨਕਸ਼ (1973), ਛਾਂਗਿਆ ਰੁੱਖ (1976), ਸ਼ੀਸ਼ੇ ਦਾ ਜੰਗਲ (1980), ਜਜ਼ੀਰਿਆਂ ਵਿਚ ਘਿਰਿਆ ਸਮੁੰਦਰ (1985), ਚਨੁਕਰੀ ਸ਼ਾਮ (1990), ਜੁਗਨੂੰ ਦੀਵਾ ਤੇ ਦਰਿਆ (1992), ਅੱਖਾਂ ਵਾਲ਼ੀਆਂ ਪੈੜਾਂ (1999), ਪ੍ਰਵੇਸ਼ ਦੁਆਰ (2003) ਅਤੇ ਮੋਮ ਦੇ ਲੋਕ (2006) ਰਾਹੀਂ ਨਿਰੰਤਰ ਕਾਵਿ-ਸਿਰਜਣਾ ਜਾਰੀ ਰੱਖ ਕੇ ਪੰਜਾਬੀ ਕਾਵਿ-ਖੇਤਰ ਵਿਚ ਨਿੱਗਰ ਪੈੜਾਂ ਪਾਈਆਂ।
ਜਗਤਾਰ ਦੀ ਕਵਿਤਾ ਦੀ ਸ਼ਕਤੀ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਪਿਛਲੇ ਪੰਜ-ਛੇ ਦਹਾਕਿਆਂ ਵਿਚ ਪੰਜਾਬੀ ਕਾਵਿ ਨੂੰ ਜਿਨ੍ਹਾਂ- ਜਿਨ੍ਹਾਂ ਕਾਵਿ-ਧਾਰਾਵਾਂ ਜਾਂ ਲਹਿਰਾਂ ਨਾਲ਼ ਜੋੜਿਆ ਜਾਂਦਾ ਹੈ, ਉਹਨਾਂ ਸਭ ਨਾਲ਼ ਜਗਤਾਰ ਦਾ ਨਾਂ ਜੁੜਦਾ ਹੀ ਨਹੀਂ, ਸਗੋਂ ਜਗਤਾਰ ਇਕ ਅਜਿਹਾ ਵਾਹਿਦ ਸ਼ਾਇਰ ਹੈ ਜਿਸ ਦੇ ਨਾਂ ਤੋਂ ਬਿਨਾਂ ਉਹਨਾਂ ਦਾ ਜ਼ਿਕਰ ਅਧੂਰਾ ਹੈ।
ਭਾਵੇਂ ਡਾ. ਜਗਤਾਰ ਨਜ਼ਮ ਅਤੇ ਗ਼ਜ਼ਲ ਦੋਵੇਂ ਕਾਵਿ-ਰੂਪਾਂ ਵਿਚ ਬਰਾਬਰ ਦਿਲਚਸਪੀ ਨਾਲ ਸਿਰਜਣਾ ਕਰਦੇ ਸਨ, ਪਰ ਪੰਜਾਬੀ ਗ਼ਜ਼ਲ ਨੂੰ ਡਾ. ਜਗਤਾਰ ਦੀ ਬਹੁਮੁਲੀ ਦੇਣ ਹੈ।ਪੰਜਾਬੀ ਤੋਂ ਪਹਿਲਾਂ ਉਰਦੂ ਅਤੇ ਫ਼ਾਰਸੀ ਵਿਚ ਗ਼ਜ਼ਲ ਆਪਣੀ ਹੋਂਦ ਦਾ ਭਰਵਾਂ ਸਬੂਤ ਪੇਸ਼ ਕਰ ਚੁੱਕੀ ਸੀ। ਜਗਤਾਰ ਨੇ ਉਹਨਾਂ ਭਾਸ਼ਾਵਾਂ ਦੇ ਗਿਆਤਾ ਹੋਣ ਕਾਰਨ ਉਹਨਾਂ ਭਾਸ਼ਾਵਾਂ ਦੀ ਗ਼ਜ਼ਲ ਦਾ ਗਹਿਰਾ ਅਧਿਐਨ ਕਰਨ ਪਿੱਛੋਂ ਪੰਜਾਬੀ ਵਿਚ ਅਜਿਹੀ ਗ਼ਜ਼ਲ ਸਿਰਜਣਾ ਕੀਤੀ ਜਿਸ ਦਾ ਮਿਆਰ ਕਿਸੇ ਤਰ੍ਹਾਂ ਵੀ ਉਰਦੂ-ਫ਼ਾਰਸੀ ਤੋਂ ਘੱਟ ਨਹੀਂ।
ਜਗਤਾਰ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ।ਉਹਦੇ ਆਪਣੇ ਕਹਿਣ ਮੁਤਾਬਿਕ ੳਹਨੇ ਆਪਣੀ ਜ਼ਿੰਦਗੀ ਦੇ ਹਰ ਮੋੜ ’ਤੇ ਹਾਦਸੇ ਦੇਖੇ।ਉਹ ਤਾਂ ਏਥੋਂ ਤੱਕ ਕਹਿੰਦੇ ਹਨ ਕਿ ਹਾਦਸੇ ਮੇਰੇ ਜਨਮ ਤੋਂ ਵੀ ਪਹਿਲਾਂ ਸ਼ੁਰੂ ਹੋ ਚੁੱਕੇ ਸਨ। ਪਰ ਜਗਤਾਰ ਇਕ ਅਜਿਹੇ ਬੁਲੰਦ-ਖ਼ਿਆਲ ਸ਼ਖ਼ਸ ਸਨ ਜਿਹਨਾਂ ਨੇ ਹਾਦਸਿਆਂ ਅੱਗੇ ਆਤਮ ਸਮਰਪਣ ਨਹੀਂ ਕੀਤਾ, ਸਗੋਂ ਅਪਣੇ ਦਰਦ ਨੂੰ ਲੋਕ-ਦਰਦ ਨਾਲ਼ ਜੋੜ ਕੇ ਹਰ ਹਾਲ ਵਿਚ ਹਾਲਾਤ ਨਾਲ਼ ਲੜਨ ਦੀ ਜ਼ੁੱਰਤ ਦਿਖਾਈ।ਇਹੀ ਪੈਂਤੜਾ ਉਹਨਾਂ ਦੇ ਕਾਵਿ ਦੀ ਸ਼ਕਤੀ ਬਣ ਕੇ ਸਾਹਮਣੇ ਆਇਆ। ਕੁਝ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ-
ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ
ਪੱਥਰ ਤੇ ਨਕਸ਼ ਹਾਂ, ਮੈ ਮਿੱਟੀ ਤੇ ਤਾਂ ਨਹੀਂ ਹਾਂ
ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੂੰਘੇਰਾ
ਕਿੰਨੀ ਕੁ ਦੇਰ ਆਖ਼ਰ ਧਰਤੀ ਹਨੇਰ ਜਰਦੀ
ਕਿੰਨੀ ਕੁ ਦੇਰ ਰਹਿੰਦਾ ਖ਼ਾਮੋਸ਼ ਖ਼ੂਨ ਮੇਰਾ
ਡਾ. ਜਗਤਾਰ ਨੇ ਕਾਵਿ-ਸਿਰਜਣਾ ਤੋਂ ਇਲਾਵਾ ਸੰਪਾਦਨਾ, ਸਮੀਖਿਆ, ਅਨੁਵਾਦ ਅਤੇ ਕੋਸ਼ਕਾਰੀ ਦੇ ਖੇਤਰ ਵਿਚ ਵੀ ਮਹੱਤਵਪੂਰਨ ਕੰਮ ਕੀਤਾ ਹੈ।
ਡਾ. ਜਗਤਾਰ ਦੀ ਸ਼ਖ਼ਸੀਅਤ ਬੜੀ ਵਚਿੱਤਰ ਸੀ । ਮੇਰੇ ਵਰਗੇ ਅਨੇਕਾਂ ਲੋਕ ਉਹਨਾਂ ਨੂੰ ਰੁੱਖਾ ਤੇ ਮੂੰਹ-ਫੱਟ ਸਮਝ ਕੇ ਉਹਨਾਂ ਤੋਂ ਭੈਅ ਖਾਂਦੇ ਸਨ।ਅਸਲ ਵਿਚ ਉਹ ਅਪਣੇ ਇਕ ਸ਼ਿਅਰ ਵਿਚ ਕੀਤੇ ਖ਼ੁਲਾਸੇ ਮੁਤਾਬਿਕ ਬਾਹਰੋ ਭਾਵੇਂ ਨਾਰੀਅਲ ਵਰਗੇ ਸਖ਼ਤ ਦਿਸਦੇ ਸਨ, ਪਰ ਅੰਦਰੋਂ ਗਰੀ ਵਰਗੇ ਨਰਮ ਸਨ। ਉਹ ਬੜੀ ਬੇਬਾਕ ਸ਼ਖ਼ਸੀਅਤ ਦੇ ਮਾਲਕ ਸਨ।ਆਪਣੀ ਕੌੜੀ ਪਰ ਸੱਚੀ ਗੱਲ ਕਹਿਣ ਤੋਂ ਉਹ ਜ਼ਰਾ ਵੀ ਨਹੀਂ ਘਬਰਾਉਂਦੇ ਸਨ।ਡਰਦੇ ਤਾਂ ਉਹ ਮੌਤ ਤੋਂ ਵੀ ਨਹੀਂ ਸਨ।ਕੁਝ ਸਮਾ ਪਹਿਲਾ ਮੈਂ ਉਹਨਾਂ ਨਾਲ਼ ਉਹਨਾਂ ਦੀ ਗ਼ਜ਼ਲ ਅਤੇ ਗ਼ਜ਼ਲ ਰੂਪਾਕਾਰ ਬਾਰੇ ਇਕ ਮੁਲਾਕਾਤ ਦੇ ਸਿਲਸਿਲੇ ਵਿਚ ਉਹਨਾਂ ਨੂੰ ਮਿਲਿਆ ਤਾਂ ਮੈਨੂੰ ਅੁਹ ਆਪਣੀ ਪਛਾਣ ਤੋਂ ਉਲਟ ਕੁਝ ਥੱਕੇ-ਹਾਰੇ ਜਿਹੇ ਲੱਗੇ। ਮੈਂ ਕਿਹਾ, ਡਾ. ਸਾਹਿਬ ਤੁਹਾਡੀ ਸ਼ਾਇਰੀ ਤਾਂ ਡਿੱਗਿਆਂ ਨੂੰ ਵੀ ਉਠਾਉਣ ਵਾਲ਼ੀ ਹੈ, ਤੁਸੀਂ ਏਨੇ ਮਾਯੂਸ ਕਿਉਂ ਹੋਏ ਬੈਠੇ ਹੋ, ਤਾਂ ਝੱਟ ਆਪਣੇ ਅਸਲੀ ਅੰਦਾਜ਼ ਵਿਚ ਆ ਕੇ ਬੋਲੇ, ਨਹੀਂ ਮੈਂ ਮੌ ਤੋਂ ਨਹੀਂ ਡਰਦਾ, ਭਾਵੇਂ ਹੁਣੇ ਆ ਜਾਏ। ਮੈਂ ਕਿਹੜਾ ਕਹਿਣੈ ਕਿ ਥੋੜ੍ਹੀ ਦੇਰ ਰੁਕ ਜਾ, ਮੈਂ ਪੱਗ ਬੰਨ ਲਵਾਂ, ਮੈਂ ਕਹਿਣੈ ਚੱਲ! ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੋਇਆ ਉਹਨਾਂ ਦੇ ਇਕ ਸ਼ਿਅਰ ਨਾਲ਼ ਆਪਣੀ ਗੱਲ ਖ਼ਤਮ ਕਰਦਾ ਹਾਂ-
ਪਰ ਜੇ ਭਿੱਜੇ ਹੋਣ ਮੁਸ਼ਕਿਲ ੳਂਡਣਾ
ਹੈ ਵਿਦਾ ਦਾ ਵਕਤ ਅੱਖਾਂ ਨਾ ਭਰੋ