ਪਾਪਾ ਕਿਤੇ ਨੇੜੇ-ਤੇੜੇ ਹੀ ਹੈ (3)........... ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ


ਜਿੱਦਣ ਉਹ ਕੁਝ ਨਾ ਕੁਝ ਖਾ ਲੈਂਦੇ ਤਾਂ ਸਾਰੇ ਟੱਬਰ ਦੇ ਦਿਲ ਨੂੰ ਕੁਝ ਧਰਵਾਸਾ ਜਿਹਾ ਬੱਝਣ ਲਗਦਾ ਕਿ ਹੁਣ ਠੀਕ ਹੋ ਜਾਣਗੇ। ਕਦੇ-ਕਦੇ, ਕਿਸੇ ਦਿਨ ਉਹ ਵੇਸਣ ਵਾਲੀ ਮਿੱਸੀ ਰੋਟੀ ਆਖ ਕੇ ਬਣਵਾ ਤਾਂ ਲੈਂਦੇ ਪਰ ਸੰਘੋਂ ਨਾ ਲੰਘਦੀ। ਛਡ ਦਿੰਦੇ। ਅਸੀਂ ਫਿਰ ਉਦਾਸ ਹੋ ਜਾਂਦੇ ਕਿ ਕਿੰਨੇ ਚਾਅ ਤੇ ਹੌਸਲੇ ਨਾਲ ਮਾਂ ਨੇ ਰੋਟੀ ਬਣਾਈ, ਨਹੀਂ ਖਾ ਸਕੇ ਹਨ। ਸਵੇਰੇ ਕੰਮ ‘ਤੇ ਜਾਣ ਲੱਗਿਆ ਮੈਂ ਪੁੱਛ ਕੇ ਜਾਂਦਾ,“ਅੱਜ ਕੀ ਲਿਆਵਾਂ, ਕਿਹੜੀ ਚੀਜ਼ ਖਾਣ ਨੂੰ ਦਿਲ ਕਰਦੈ?” ਉਹ ‘ਨਾਂਹ’ ਵਿੱਚ ਸਿਰ ਫੇਰ ਦਿੰਦੇ। ਮੈਂ ਢੱਠੇ ਜਿਹੇ ਮਨ ਨਾਲ ਕੰਮ ‘ਤੇ ਚਲਿਆ ਜਾਂਦਾ ਪਰ ਕੰਮ ਵਿੱਚ ਦਿਲ ਨਾ ਲਗਦਾ। ਦਿਨ ਵਿੱਚ ਪੱਕਾ ਕੀਤੇ ਜਾਣ ਵਾਲਾ ਕੰਮ (ਰੇਡੀਓ ਲਈ ਖਬਰਾਂ, ਕੁਝ ਕਾਲਮ ਆਦਿ) ਵੀ ਮਸਾਂ ਨਿਬੇੜਦਾ ਤੇ ਸਾਦਿਕ ਮੰਡੀ ਤੋਂ ਫਿਰ ਦਿਨ ਖੜ੍ਹੇ ਹੀ ਪਿੰਡ ਆ ਜਾਂਦਾ। ਜੇ ਉਹ ਸੁੱਤੇ ਹੁੰਦੇ ਤਾਂ ਮੇਰੇ ਸਕੂਟਰ ਦੀ ਆਵਾਜ਼ ਸੁਣ ਜਾਗ ਜਾਂਦੇ, ਜਾਂ ਪਿੰਡ ਦਾ ਕੋਈ ਹਾਲ-ਚਾਲ ਪੁੱਛਣ ਆਇਆ ਕੋਲ ਬੈਠਾ ਹੁੰਦਾ। ਘਰ ਦਾ ਕੋਈ ਨਾ ਕੋਈ ਜੀਅ ਉਹਨਾਂ ਦੀਆਂ ਲੱਤਾਂ ਘੁੱਟ ਰਿਹਾ ਹੁੰਦਾ। ਹੁਣ ਹਸਪਤਾਲ ਵਿੱਚ ਜਾਣ ਜੋਗੇ ਨਹੀਂ ਸਨ ਰਹੇ। ਪਰ ਇਸਦੇ ਬਾਵਜੂਦ ਵੀ ਮੈਡੀਕਲ ਕਾਲਜ ਦੇ ਵੱਡੇ ਡਾਕਟਰ ਖੁਦ ਵੀ ਘਰ ਆਣ ਕੇ ਉਹਨਾਂ ਦੀ ਹਾਲਤ ਦਾ ਲਗਾਤਾਰ ਜਾਇਜ਼ਾ ਲੈਂਦੇ ਤੇ ਉਹਨਾਂ ਨੂੰ ਅੱਗੋਂ ਸੌਖਿਆਂ ਰੱਖਣ ਲਈ ਦਸਦੇ ਰਹਿੰਦੇ। ਮੈਂ ਫੋਨ ਕਰ ਕੇ ਵੀ ਡਾਕਟਰਾਂ ਨੂੰ ਪੁੱਛਣ-ਦੱਸਣ ਦੀ ਤਕਲੀਫ਼ ਦਿੰਦਾ ਰਹਿੰਦਾ। ਡਾਕਟਰਾਂ ਦਾ ਰਵੱਈਆਂ ਹਮੇਸ਼ਾ ਹਮਦਰਦੀ ਪੂਰਨ ਰਿਹਾ। ਉਹ ਸਾਰੇ ਡਾਕਟਰ ਪਾਪਾ ਦੀਆਂ ਅੰਤਿਮ ਰਸਮਾਂ ਵਿੱਚ ਵੀ ਸ਼ਾਮਿਲ ਹੋਏ। (ਇੱਥੇ ਦਸਦਾ ਜਾਵਾਂ ਕਿ ਦੁੱਖ ਦੀ ਇਸ ਘੜੀ ਸਮੇਂ ਜਿਹੜੀ ਗੱਲ ਨੇ ਮੈਨੂੰ ਮਾਨਸਿਕ ਤੌਰ ‘ਤੇ ਤਕੜਾ ਕੀਤਾ ਉਹ ਇਹ ਹੈ ਕਿ ਮੈਂ ਸੋਚਿਆ ਵੀ ਨਹੀਂ ਸੀ ਕਿ ਸਾਰੇ ਦਾ ਸਾਰਾ ਪਿੰਡ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਾਪਾ ਦਾ ਹਾਲ-ਚਾਲ ਪੁੱਛਣ ਲਈ ਬਹੁੜੇਗਾ? ਰੋਜ਼ਾਨਾ ਪਿੰਡ ਵਿੱਚੋਂ ਪੰਜਾਹ ਤੋਂ ਵੱਧ ਬੰਦੇ-ਬੁੜੀਆਂ ਆਥਣ-ਸਵੇਰੇ ਆਉਂਦੇ। ਇੱਥੋਂ ਮੈਨੂੰ ਇਹ ਵੀ ਇਲਮ ਹੋਇਆ ਕਿ ਪਿੰਡ ਵਿੱਚ ਰਹਿਣ ਦੀ ਮਹੱਤਤਾ ਕਿੰਨੀ ਵਧੇਰੇ ਹੈ। ਕਿਵੇਂ ਲੋਕ ਇੱਕ ਦੂਜੇ ਦਾ ਦੁੱਖ-ਸੁੱਖ ਇਕੱਠੇ ਹੋਕੇ ਵੰਡਦੇ ਹਨ। ਦੂਜਾ, ਸਾਰੇ ਦੇ ਸਾਰੇ ਪਿੰਡ ਨੇ ਕੱਠੇ ਹੋਕੇ ਜਿਵੇਂ ਪਾਪਾ ਦੀਆਂ ਅੰਤਮ ਰਸਮਾਂ ਨਿਭਾਈਆਂ ਤੇ ਮੇਰਾ ਮਨੋਬਲ ਤਕੜਾ ਕੀਤਾ, ਸਾਰੇ ਪੰਜਾਬ ਦੇ ਕੋਨੇ-ਕੋਨੇ ‘ਚੋਂ ਆਏ ਹਜ਼ਾਰਾਂ ਲੋਕਾਂ, ਲੇਖਕਾਂ, ਕਲਾਕਾਰਾਂ ਤੇ ਸਾਰੇ ਜਿ਼ਲਿਆਂ ਦੇ ਵੱਡੇ-ਵੱਡੇ ਅਫਸਰਾਂ ਤੇ ਵੱਖ-ਵੱਖ ਖੇਤਰ ਦੇ ਲੋਕਾਂ ਨੂੰ ਅੱਖਾਂ ਦੀਆਂ ਪਲਕਾਂ ‘ਤੇ ਬਿਠਾ ਲਿਆ, ਲੋਕਾਂ ਦਾ ਏਨਾ ਕੱਠ ਦੇਖਕੇ ਸੱਚ ਨਹੀਂ ਸੀ ਆ ਰਿਹਾ ਕਿ ਇਹ ਮੇਰੇ ਪਾਪਾ ਦਾ ਕੱਠ ਹੈ?)

ਪਾਪਾ ਕਿਤੇ ਨੇੜੇ-ਤੇੜੇ ਹੀ ਹੈ (2)............ ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ


ਸਾਰਾ ਪਿੰਡ ਕਹਿੰਦੈ, “ਬਿੱਲੂ ਸੇਠਾ, (ਪਾਪਾ ਦਾ ਕੱਚਾ ਨਾਂ ਬਿੱਲੂ ਤੇ ਪੱਕਾ ਨਾਂ ਰੋਸ਼ਨ ਲਾਲ ਸੀ) ਬਾਹਲੀ ਛੋਟੀ ਉਮਰ ਵਿੱਚ ਚਲਾ ਗਿਆ ਐਂ...ਸੱਠ-ਬਾਹਟ ਸਾਲ ਕੀ ਉਮਰ ਹੁੰਦੀ ਆ...ਤੇਰੀਆਂ ਦਿਲ-ਲਗੀਆਂ ਤੇ ਮਖੌਲ-ਵਾਣੀ ਨੂੰ ਤਰਸਾਂਗੇ।” ਪਾਪਾ ਮਖੌਲੀ ਬਹੁਤ ਸੀ। ਇੱਕ ਗੱਲ ਹੋਰ-ਪਿੰਡ ਵਿੱਚ ਜੇ ਕਿਸੇ ਦੇ ਧਰਨ (ਢਿੱਡ ‘ਚ ਪੀੜ) ਪੈਣੀ ਤਾਂ ਅਗਲੇ ਨੇ ਪਾਪੇ ਵੱਲ ਭੱਜਣਾ। ਇਹਨੇ ਅਗਲੇ ਨੂੰ ਭੁੰਜੇ ਪਾ ਕੇ ਰੱਸੀ ਨਾਲ ਢਿੱਡ ਦੀ ਉਚਾਈ-ਨੀਵਾਈ ਮਿਣਨੀ ਤੇ ਫਿਰ ਡੌਲਿਓਂ ਹੇਠਾਂ ਦੀ ਨਾੜ ਨੱਪਕੇ ਧਰਨ ਕੱਢ ਦੇਣੀ। ਨਾ ਟੀਕਾ ਲਵਾਉਣ ਦੀ ਲੋੜ, ਨਾ ਗੋਲੀ ਖਾਣ ਦੀ। ਪਾਪਾ ਕਿਸੇ ਦਾ ਦੁੱਖ ਨਹੀਂ ਸੀ ਜਰ ਸਕਦਾ। ਉਹ ਰਤਾ ਨਹੀਂ ਸੀ ਜਾਣਦਾ ਕਿ ਉਸਨੂੰ ਵੀ ਇੱਕ ਦਿਨ ਅਜਿਹਾ ਦੁੱਖ ਲੱਗ ਜਾਏਗਾ ਕਿ ਉਹ ਮੁੜ ਮੰਜੇ ਉਤੋਂ ਨਹੀਂ ਉੱਠੇਗਾ।

ਲੰਘੇ ਸਾਲ ਨਵੰਬਰ ਮਹੀਨੇ ਮੈਂ ਆਸਟਰੇਲੀਆਂ ਤੋਂ ਆਇਆ ਸੀ। ਪਾਪਾ ਨੇ ਦੱਸਿਆ ਕਿ ਉਹਦੇ ਸੱਜੇ ਮੋਢੇ ਵਿੱਚ ਕਦੇ-ਕਦੇ ਪੀੜ ਹੁੰਦੀ ਐ, ਗੋਲੀ ਖਾਣ ਨਾਲ ਹਟ ਜਾਂਦੀ ਐ। ਸੋ, ਗੋਲੀ ਖਾ ਕੇ ਵੇਲਾ ਟਪਾਉਂਦੇ ਰਹੇ। ਮੈਂ ਕਿਸੇ ਡਾਕਟਰ ਕੋਲ ਲਿਜਾਣਾ ਨੂੰ ਕਹਿੰਦਾ ਤਾਂ ਆਖਦੇ, “ਮੈਨੂੰ ਕੁਝ ਨੀ ਹੋਇਆ...ਥੋਡੇ ਸਭ ਤੋਂ ਤਕੜਾ ਐਂ।” ਛੇ ਫੁੱਟ ਇੱਕ ਇੰਚ ਕੱਦ ਸੀ ਤੇ ਪੂਰੇ ਹੱਟੇ ਕੱਟੇ। ਸਾਰੀ ਉਮਰ ਕਹੀ ਚਲਾਈ ਖੇਤਾਂ ਵਿੱਚ ਤੇ ਡੂੰਘਾ ਹਲ ਵਾਹਿਆ ਸੀ। ਕਦੇ ਤਾਪ ਨਹੀਂ ਸੀ ਚੜ੍ਹਿਆ। ਦੱਸਦੇ ਹੁੰਦੇ ਸੀ ਕਿ ਜੇ ਕਦੇ ਤਾਪ ਚੜ੍ਹ ਵੀ ਜਾਣਾ ਤਾਂ ਆਪੇ ਲੱਥ ਜਾਣਾ...ਕਦੇ ਗੋਲੀ ਖਾਣਾ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।

ਮਾਊਂਟ ਐਵਰੈਸਟ ਦੀ ਚੋਟੀ ’ਤੇ ਝੰਡਾ ਫ਼ਹਿਰਾਉਣ ਲਈ ਬੇਚੈਨ - ਸੁਖ ਬਰਾੜ……… ਸ਼ਬਦ ਚਿਤਰ / ਮਨਦੀਪ ਸਿੰਘ ਸਿੱਧੂ, ਫ਼ਿਰੋਜ਼ਪੁਰ

ਜੇਕਰ ਉਦੇਸ਼ ਸਪੱਸ਼ਟ, ਭਰੋਸਾ ਮਜ਼ਬੂਤ ਅਤੇ ਹੌਸਲਾ ਬੁਲੰਦ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਿਲ ਵੀ ਮੰਜ਼ਿਲ ਨੂੰ ਪਾਉਣ ਤੋਂ ਨਹੀਂ ਰੋਕ ਸਕਦੀ। ਇਹੋ ਜਿਹੇ ਦ੍ਰਿੜ ਇਰਾਦਿਆਂ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ, ਮਾਲਵੇ ਦੀ ਹੁੰਦੜਹੇਲ ਮੁਟਿਆਰ ਸੁਖਵੀਰ ਕੌਰ ਸੁੱਖ’, ਜਿਸਨੇ ਮਾਊਂਟ ਐਵਰੈਸਟਦੀ ਚੋਟੀ (ਸਮੁੰਦਰ ਤਲ ਤੋਂ ਉਚਾਈ 8848 ਮੀਟਰ) ਨੂੰ ਫ਼ਤਹਿ ਕਰਨ ਦਾ ਸੁਪਨਾ ਸਿਰਜਿਆ ਹੋਇਆ ਹੈ।

ਰਿਆਸਤੀ ਸ਼ਹਿਰ ਫ਼ਰੀਦਕੋਟ ਦੇ ਇੱਕ ਛੋਟੇ ਜਿਹੇ ਗਰਾਂ ਹਰੀਨੌਂ’ ’ਚ ਪਿਤਾ ਸ. ਸੁਰਿੰਦਰ ਸਿੰਘ ਬਰਾੜ ਅਤੇ ਮਾਤਾ ਸ੍ਰੀਮਤੀ ਨਵਜੀਤ ਕੌਰ ਦੇ ਘਰ 25 ਦਸੰਬਰ 1985 ਨੂੰ ਪੈਦਾ ਹੋਈ ਸੁੱਖਨੇ ਇਬਤਿਦਾਈ ਤਾਲੀਮ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਉਚ-ਤਾਲੀਮ ਪਟਿਆਲੇ ਤੋਂ ਹਾਸਿਲ ਕੀਤੀ। ਚਾਰ ਭੈਣਾਂ ਅਤੇ ਇੱਕ ਭਰਾ ਦੀ ਲਾਡਲੀ ਭੈਣ ਸੁੱਖਨੇ ਵਿਦਿਆਰਥੀ ਜੀਵਨ ਦੌਰਾਨ ਹੀ ਖੇਡਾਂ ਨਾਲ ਮੋਹ ਪਾਲ ਲਿਆ ਸੀ। ਉਹ ਹਾਕੀ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਹੋਣ ਦਾ ਨਾਲ-ਨਾਲ ਕੌਮੀ ਸੇਵਾ ਯੋਜਨਾ ਵਰਗੀਆਂ ਅਨੇਕਾਂ ਗਤੀਵਿਧੀਆਂ ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੀ ਰਹੀ ਹੈ। ਯੂਨੀਵਰਸਿਟੀ ਪੜ੍ਹਦਿਆਂ ਹੀ ਸੁੱਖਨੂੰ ਪੰਜਾਬੀ ਸਾਹਿਤ ਪੜ੍ਹਨ ਤੇ ਲਿਖਣ ਦਾ ਸ਼ੌਕ ਪੈਦਾ ਹੋ ਗਿਆ ਤੇ ਹੁਣ ਤੱਕ ਉਸਨੇ ਕਈ ਕਹਾਣੀਆਂ ਲਿਖੀਆਂ ਜੋ ਪੰਜਾਬੀ ਦੇ ਨਾਮਵਰ ਅਖ਼ਬਾਰਾਂ ਤੇ ਮੈਗ਼ਜ਼ੀਨਾਂ ਚ ਛਪੀਆਂ, ਜਿਨ੍ਹਾਂ ਚ ਸੀਮਾ, ਕਲਯੁੱਗ ਦੀ ਸੀਤਾ, ਸੋਚਾਂ ਨੂੰ ਫ਼ਾਂਸੀ, ਔਰਤ ਦਾ ਵਜੂਦ, ਪੂਰਨ ਮਨੁੱਖ, ਜ਼ਿੰਦਗ਼ੀ ਦੇ ਅਸੂਲਾਂ ਨੂੰ ਪਛਾਣੋ ਅਤੇ ਗ਼ਜ਼ਲ ਸੰਗ੍ਰਹਿ ਚ ਮੰਜ਼ਿਲ, ਰਿਸ਼ਤੇ, ਆਸ਼ਿਕ, ਮਾਹੀ, ਪਰਵਾਜ਼, ਪਰਛਾਵੇਂ, ਇਸ਼ਕ ਇਬਾਦਤ, ਇੰਤਜ਼ਾਰ ਨਾਮੀ ਗ਼ਜ਼ਲਾਂ ਲਿਖੀਆਂ ਜਿਨ੍ਹਾਂ ਦੀ ਕਿਤਾਬ ਛਪਾਈ ਅਧੀਨ ਹੈ । ਕਹਾਣੀਆਂ ਚ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ ਅਤੇ ਗਜ਼ਲਾਂ ਚ ਅੰਮ੍ਰਿਤਾ ਪ੍ਰੀਤਮ ਨੂੰ ਆਪਣਾ ਆਦਰਸ਼ ਮੰਨਣ ਵਾਲੀ ਸੁੱਖਨੂੰ ਪੰਜਾਬੀ ਸਾਹਿਤ ਤੋਂ ਇਲਾਵਾ ਤਸਵੀਰ ਨਿਗ਼ਾਰੀ ਕਰਨ ਦਾ ਵੀ ਸ਼ੌਕ ਹੈ। 

ਝੋਲੇ ਵਾਲਾ ਰਾਜਾ..........ਸ਼ਬਦ ਚਿਤਰ / ਬਲਵਿੰਦਰ ਸਿੰਘ ਚਾਹਲ, ਇਟਲੀ

ਖੱਦਰ ਦਾ ਚਿੱਟਾ ਕੁੜਤਾ, ਤੇੜ ਚਿੱਟੀ ਚਾਦਰ ਤੇ ਮੋਢੇ ਤੇ ਬਰੀਕ ਡੱਬੀਆਂ ਵਾਲਾ ਸਾਫਾ ਬਿਲਕੁੱਲ  ਸਾਦਾ ਜਿਹਾ ਪਹਿਰਾਵਾ ਤੇ ਸਿਰ ਤੇ ਸਦਾ ਹੀ ਚਿੱਟੇ ਰੰਗ ਦੀ ਪੱਗ ਬੰਨ ਰੱਖਦਾ  ਸੀ ਲਹਿਣਾ ਸਿੰਘ ।  ਲਹਿਣਾ ਸਿੰਘ ਨੂੰ ਪਿੰਡ ਦੇ ਸਾਰੇ ਬੰਦੇ  ‘ਰਾਜਾ’ ਜਾਂ ਉਸਦੇ ਨਾਂ ਨਾਲ ਹੀ ਸੰਬੋਧਨ ਹੁੰਦੇ ਸਨ ਜਦੋਂ ਕਿ ਮੁੰਡੇ ਖੁੰਡੇ ਉਸਨੂੰ ਤਾਇਆ ਕਹਿ ਬੁਲਾਇਆ ਕਰਦੇ ਸਨ । ਪਹਿਲੇ ਸਮਿਆਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਲਾਗੀਆਂ ਦਾ ਕੰਮ ਕਰਨ ਵਾਲੇ ਨੂੰ ‘ਰਾਜਾ’ ਕਿਹਾ ਜਾਂਦਾ ਸੀ। ਇਹ ਕੰਮ ਵੀ ਜਿ਼ਆਦਾਤਰ ਨਾਈ ਜਾਤੀ ਦੇ ਲੋਕ ਹੀ ਕਰਿਆ ਕਰਦੇ ਸਨ। ਸਾਰਾ ਸਾਲ ਹੀ ਇਹ ਲੋਕ ਆਪਣੇ ਕੰਮ ਦੇ ਨਾਲ ਨਾਲ ਪੇਂਡੂ ਲੋਕਾਂ ਦੇ ਹਰ ਤਰਾਂ ਦੇ ਦਿਨ ਸੁਧ ਤੇ ਕਾਰਜ ਕਰਿਆ ਕਰਦੇ ਸਨ ਅਤੇ ਨਾਲ ਹੀ ਸੇਪੀ ਵੀ ਕਰਦੇ ਸਨ । ਪਹਿਲਾਂ ਇਸੇ ਤਰਾਂ ਹੀ ਗੁਜ਼ਾਰੇ ਚੱਲਦੇ ਸਨ ਅਤੇ ਲੋਕ ਇੱਕ ਦੂਜੇ ਤੇ ਲੋੜਾਂ ਤੱਕ ਹੀ ਨਿਰਭਰ ਨਾ ਹੋ ਕੇ ਦੁੱਖ ਸੁੱਖ ਦੇ ਵੀ ਸ਼ਰੀਕ ਹੁੰਦੇ ਸਨ। 

ਲਹਿਣਾ ਸਿੰਘ ਨੇ ਆਪਣੇ ਸਾਈਕਲ ਨਾਲ ਇੱਕ ਝੋਲਾ ਟੰਗਿਆ ਹੁੰਦਾ ਸੀ ਤੇ ਕਦੇ ਕਦੇ ਸਾਈਕਲ ਤੇ ਝੋਲੇ ਦੀ ਜਗ੍ਹਾ ਇੱਕ ਖੁਰਪਾ ਹੁੰਦਾ ਸੀ। ਝੋਲੇ ਵਿੱਚ ਉਹ ਆਪਣੇ ਸੰਦ ਰੱਖਦਾ ਸੀ, ਜਿਨ੍ਹਾਂ ਨਾਲ਼ ਉਹ ਆਪਣੀ ਸੇਪੀ ਕਰਿਆ ਕਰਦਾ ਸੀ। ਉਸਦੀ ਸੇਪੀ ਹੁੰਦੀ ਸੀ, ਵਾਲ ਕੱਟਣੇ ਭਾਵ ਉਹ ਨਾਈ ਦਾ ਕੰਮ ਕਰਦਾ ਸੀ । ਮੈਂ ਸੇਪੀ ਇਸ ਲਈ ਲਿਖਿਆ ਹੈ ਕਿਉਂਕਿ ਉਹ ਵਾਲ ਕੱਟਣ ਦੇ ਪੈਸੇ ਨਹੀਂ ਸੀ ਲੈਂਦਾ ਸਗੋਂ ਹਾੜ੍ਹੀ ਸਾਉਣੀ ‘ਤੇ ਦਾਣੇ ਤੂੜੀ ਆਦਿ ਜਾਂ ਹੋਰ ਇਸ ਤਰਾਂ ਦਾ ਸਮਾਨ ਲਿਆ ਕਰਦਾ ਸੀ । ਖੁਰਪੇ ਨਾਲ਼ ਉਹ ਪਿੰਡ ਵਿੱਚ ਹੋਣ ਵਾਲੇ ਛੋਟੇ ਮੋਟੇ ਪ੍ਰੋਗਰਾਮਾਂ ‘ਤੇ ਹਲਵਾਈ ਦਾ ਕੰਮ ਕਰਿਆ ਕਰਦਾ ਸੀ। ਕਿਉਂਕਿ ਉਹ ਆਮ ਹੀ ਪਿੰਡ ਦੇ ਜਿ਼ਮੀਦਾਰਾਂ ਦੇ ਸਾਰੇ ਘਰਾਂ ਵਿੱਚ ਆਉਂਦਾ ਜਾਂਦਾ ਸੀ । ਜਦੋਂ ਕਿਸੇ ਦੇ ਆਖੰਡ ਪਾਠ ਦਾ ਭੋਗ ਹੋਣਾ, ਕਿਸੇ ਦੇ ਕੋਈ ਵਿਆਹ ਹੋਣਾ ਜਾਂ ਕਿਸੇ ਦੇ ਬਜ਼ੁਰਗ ਦਾ ‘ਕੱਠ ਹੋਣਾ ਜਾਂ ਹੋਰ ਵੀ ਕਿਸੇ ਤਰਾਂ ਦਾ ਵੀ ਖੁਸ਼ੀ ਗਮੀ ਦਾ ਕੋਈ ਦਿਨ ਹੋਣਾ ਤਾਂ ਲਹਿਣਾ ਸਿੰਘ ਤੜਕੇ ਹੀ ਉਸ ਘਰ ਵਿੱਚ ਆ ਪਹੁੰਚਦਾ। ਆ ਕੇ ਉਸਨੇ ਦਾਲ ਧਰ ਦੇਣੀ ਅਤੇ ਘਰ ਦੀਆਂ ਸੁਆਣੀਆਂ ਨੂੰ ਤੜਕੇ ਦਾ ਸਮਾਨ ਕੱਟਣ ਲਾ ਦੇਣਾ। ਨਾਲ਼ ਦੀ ਨਾਲ਼ ਉਸਨੇ ਚੌਲ ਆਦਿ ਵੀ ਤਿਆਰ ਕਰਨੇ ਸ਼ੁਰੂ ਕਰ ਦੇਣੇ। ਵਿੱਚੇ ਹੀ ਉਸਨੇ ਸਾਰੇ ਪਿੰਡ ਵਿੱਚ ਲਾਗੀ ਦਾ ਸੱਦਾ ਵੀ ਦੇ ਆਉਣਾ। ਜੇ ਕਰ ਕਿਸੇ ਘਰ ਵਿਆਹ ਆਦਿ ਹੋਣਾ ਤਾਂ ਉਹ ਹਲਵਾਈ ਦਾ ਕੰਮ ਘੱਟ ਤੇ ਲਾਗੀ ਦਾ ਕੰਮ ਜਿਆਦਾ ਕਰਿਆ ਕਰਦਾ ਸੀ । ਕਿਉਂਕਿ ਉਹ ਸਿਰਫ਼ ਦਾਲ, ਸਬਜ਼ੀ ਜਾਂ ਕੜਾਹ, ਖੀਰ ਹੀ ਬਣਾ ਸਕਦਾ ਸੀ। ਬਾਕੀ ਦਾ ਸਾਰਾ ਕੰਮ ਤਾਂ ਸਪੈਸ਼ਲ ਹਲਵਾਈ ਹੀ ਕਰਦੇ ਸਨ । ਪਰ  ਉਹ ਜਿੰਨਾ ਵੀ ਕੰਮ ਕਰਦਾ ਉਸ  ਕੰਮ ਨੂੰ ਬੜੀ ਇਮਾਨਦਾਰੀ ਨਾਲ ਪੂਰਾ ਕਰਿਆ ਕਰਦਾ ਸੀ।

ਬੀਜੀ ਦਾ ਭਾਰ......... ਅਭੁੱਲ ਯਾਦਾਂ / ਰਾਜਪਾਲ ਸੰਧੂ

ਕਲ ਦੁਪਹਿਰੇ ਤੇਰੀ ਯਾਦ, ਕਰੇਲਾ ਗੁੱਤਾਂ ਤੇ ਖੱਟੇ ਰਿਬਨ ਪਾਈ ਸਾਡੀ ਕੰਧ ਦੇ ਪਰਛਾਂਵੇ ਹੇਠ ਖੇਡਦੀ ਰਹੀ।

ਛੁੱਟੀਆਂ ਫ਼ਿਰ ਮੁਕ ਗਈਆਂ ਸਨ। ਅੱਜ ਇਕ ਵਾਰੀ ਫ਼ਿਰ ਵਕਤ ਨੇ ਮੈਨੂੰ ਜਹਾਜੀ ਪਿੰਜਰੇ ਵਿਚ ਬੰਦ ਕਰ ਕਾਲੇ ਪਾਣੀ ਨੂੰ ਤੋਰ ਦੇਣਾ ਸੀ ।ਬਚੇ ਖੁਚੇ ਲਪ ਕੁ ਪਲਾਂ ਨੂੰ ਗਲਵਕੜੀਆਂ ਪਾਉਣ ਮੈਂ ਉਪਰ ਆ ਗਿਆ ਸੀ ।
ਮੈਂ ਚੁਬਾਰੇ ਤੇ ਖੜੇ ਵੇਖ ਰਿਹਾ ਹਾਂ ਕਿ, ਹੇਠਾਂ ਬੀਜੀ ਗੇਟ ਦੀਆਂ ਪਾਉੜੀਆਂ ਚੜ ਰਹੇ ਨੇ।

ਇਕ ਇਕ ਪਾਉੜੀ ਉਹਨਾਂ ਦੇ ਕਦਮਾਂ ਨੂੰ ਜਿਵੇਂ ਕਿ ਛੱਡਣਾ ਨਹੀਂ ਚਾਹੁੰਦੀ ਸੀ। 72 ਕੁ ਸਾਲ ਦੀ ਉਮਰ, ਗਹਿਰੀਆਂ ਅੱਖਾਂ, ਸਰੀਰ ਵਿਚ ਤਾਕਤ ਹੈ ਸੀ ਅਜੇ । ਨਾ ਐਣਕਾਂ, ਨਾ ਸੋਟੀ ਕਿਸੇ ਕਿਸਮ ਦਾ ਸਹਾਰਾ ਨਹੀਂ ਲਿਆ ਸੀ ਉਹਨਾਂ ਨੇ।

ਗਰੀਨ ਪੰਜਾਬ ਪਰੋਜੈਕਟ……… ਵਿਚਾਰਾਂ / ਵਿਵੇਕ, ਕੋਟ ਈਸੇ ਖਾਂ (ਮੋਗਾ)

ਪੰਜਾਬ ਸਰਕਾਰ ਹਰਾ ਭਰਾ ਪੰਜਾਬ ਯਾਨੀ “ਗਰੀਨ ਪੰਜਾਬ ਪਰੋਜੈਕਟ” ਨਾਮ ਦੀ ਇੱਕ ਮੁਹਿੰਮ ਸ਼ੁਰੂ ਕਰ ਰਹੀ ਹੈ. ਜਿਸ ਦੇ ਤਹਿਤ ਅੱਠ ਸਾਲ ਵਿੱਚ ਚਾਲੀ ਕਰੋੜ ਪੂਰੇ ਪੰਜਾਬ ਵਿੱਚ ਲਾਏ ਜਾਣਗੇ। ਇਹ ਇੱਕ ਸ਼ਲਾਘਾਯੋਗ ਕਾਰਜ ਹੈ। ਇਸ ਵੇਲੇ ਪੰਜਾਬ ਪੂਰੀ ਤਰਾਂ ਨਾਲ ਪ੍ਰਦੂਸ਼ਨ ਦੀ ਮਾਰ ਹੇਠ ਹੈ । ਇਸ ਪੌਣ ਪਾਣੀ ਗੰਧਲਾ ਹੋ ਚੁੱਕਾ ਹੈ। ਇਹ ਤਾਂ ਦੇਰ ਆਏ ਦੁਰਸਤ ਆਏ ਵਾਲੀ ਗੱਲ ਹੈ ਪਰ ਦੁਰਸਤ ਕੰਮ ਤਾਂ ਇਹੀ ਹੋਵੇਗਾ ਜੇ ਕੁਝ ਵਿਚਾਰਨ ਯੋਗ ਤੱਥਾਂ ਵੱਲ ਵੀ ਧਿਆਨ ਦਿੱਤਾ ਜਾਵੇ। ਮਸਲਨ ਪਹਿਲਾ ਤੱਥ ਇਹੀ ਹੈ ਕਿ ਸਰਕਾਰ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰੇ ਤੇ ਹਰ ਸਰਕਾਰੀ ਵਿਭਾਗ ਨੂੰ ਹਦਾਇਤ ਜਾਰੀ ਕਰੇ ਕਿ ਜਿਨ੍ਹਾਂ ਸਰਕਾਰੀ ਦਫਤਰਾਂ ਵਿੱਚ ਵਾਧੂ ਥਾਂ ‘ਤੇ ਕੂੜਾ ਕਰਕਟ ਤੇ ਕਬਾੜ ਪਤਾ ਨਹੀਂ ਕਦੋਂ ਦਾ ਪਿਆ ਹੈ, ਨੂੰ ਸਾਫ ਕਰਕੇ ਉਥੇ ਫੁੱਲ ਬੂਟੇ ਤੇ ਰੁੱਖ ਲਾਏ ਜਾਣ । ਇਸ ਨਾਲ ਇੱਕ ਤਾਂ ਹਰਿਆਵਲ ਵਧੇਗੀ, ਆਸਾ ਪਾਸਾ ਸੋਹਣਾ ਲੱਗੇਗਾ ਤੇ ਦਫਤਰੀ ਕੰਮ ਲਈ ਆਈ ਆਮ ਜਨਤਾ ਲਈ ਵਿਹਲੇ ਸਮੇਂ ਬੈਠਣ ਦੀ ਜਗ੍ਹਾ ਵੀ ਬਣੇਗੀ।

ਇੰਝ ਸਾਰੇ ਹੀ ਬੱਸ ਸਟੈਂਡ ਹਰਿਆਵਲ ਤੋਂ ਸੱਖਣੇ ਹਨ। ਬੱਸਾਂ ਦੇ ਕਾਲੇ ਧੂੰਏਂ ਕਾਰਨ ਪ੍ਰਦੂਸ਼ਣ ਵੀ ਇੱਥੇ ਸਭ ਤੋਂ ਜ਼ਿਆਦਾ ਹੁੰਦਾ ਹੈ। ਹਰ ਬੱਸ ਸਟੈਂਡ ਦੀ ਚਾਰਦੀਵਾਰੀ ਦੇ ਨਾਲ ਰੁੱਖ ਲਾਉਣੇ ਯਕੀਨੀ ਕੀਤੇ ਜਾਣ । ਇਸ ਨਾਲ ਦਿੱਖ ਵੀ ਖੂਬਸੂਰਤ ਬਣੇਗੀ ਤੇ ਗਰਮੀ ਵਿੱਚ ਸਵਾਰੀਆਂ ਨੂੰ ਵੀ ਰਾਹਤ ਮਿਲੇਗੀ।

ਅਮਰੀਕਾ ਦੀ ਫੇਰੀ ( ਭਾਗ 3 )........... ਸਫ਼ਰਨਾਮਾ/ ਯੁੱਧਵੀਰ ਸਿੰਘ

ਰਾਤ ਦੇ ਸਮੇਂ ਕੁਝ ਜਿ਼ਆਦਾ ਵਧੀਆ ਨਹੀ ਸੀ ਲੱਗਾ ਉਰਲੈਂਡੌ ਸ਼ਹਿਰ । ਸ਼ਾਇਦ ਥਕਾਵਟ ਕਾਰਣ, ਪਰ ਸੱਜੇ ਹੱਥ ਡਰਾਇਵਿੰਗ ਨੇ ਮੈਨੂੰ ਬਹੁਤ ਚੁਕੰਨਾ ਕਰ ਦਿੱਤਾ ਸੀ । ਗੱਡੀ ਨੂੰ ਡੀ।ਡੀ  ਚਲਾ ਰਿਹਾ ਸੀ ਪਰ ਉਸ ਦੇ ਬਰੇਕ ਲਗਾਉਣ ਵੇਲੇ ਮੇਰੇ ਪੈਰ ਵੀ ਥੱਲੇ ਨੂੰ ਪੈਡਲ ਲੱਭਦੇ ਸੀ । ਇੰਝ ਲੱਗ ਰਿਹਾ ਸੀ ਮੈਂ ਬਿਨਾਂ ਸਟੇਰਿੰਗ ਵਾਲੀ ਕਾਰ ਚਲਾ ਰਿਹਾ ਹਾਂ । ਏਅਰਪੋਰਟ ਤੋਂ 20 ਮਿੰਟ ਦੇ ਰਸਤੇ ‘ਤੇ ਘਰ ਸੀ । ਘਰ ਪਹੁੰਚਿਆ ਤਾਂ ਰਿੰਕੀ ਭਾਬੀ ਵੀ ਇੰਤਜ਼ਾਰ ਕਰ ਰਹੇ ਸੀ । ਰਾਤ ਜਿ਼ਆਦਾ ਗੱਲਬਾਤ ਨਹੀਂ ਕਰ ਸਕਿਆ, ਖਾਣਾ ਖਾ ਕੇ ਢੂਈ ਸਿੱਧੀ ਕਰਨ ਲਈ ਬੈੱਡ ‘ਤੇ ਜਾ ਡਿੱਗਾ । ਸਵੇਰੇ 11 ਵਜੇ ਦੇ ਕਰੀਬ ਅੱਖ ਖੁੱਲੀ । ਫਿਰ ਜਾ ਕੇ ਚੰਗੇ ਤਰੀਕੇ ਨਾਲ਼ ਸਭ ਨਾਲ਼ ਦੁਆ ਸਲਾਮ ਕੀਤੀ । ਪਰਾਂਜਲ ਐਚ ਵੰਨ ਵੀਜ਼ਾ ‘ਤੇ ਅਮਰੀਕਾ ਰਹਿ ਰਿਹਾ ਹੈ ਤੇ ਹਾਰਡਵੇਅਰ, ਸੌਫਟਵੇਅਰ ਦਾ ਕੰਮ ਉਸ ਦੇ ਘਰੇ ਹੀ ਆਉਂਦਾ ਸੀ । ਜਿ਼ਆਦਾ ਕੰਮ ਘਰੇ ਬੈਠ ਕੇ ਹੀ ਕਰਦਾ ਹੈ । ਭਾਬੀ ਰਿੰਕੀ ਮਹੰਤ ਨੇ ਭਾਰਤ ਤੋਂ ਐਮ.ਬੀ.ਬੀ.ਐਸ. ਕੀਤੀ ਹੈ ਤੇ ਅਮਰੀਕਾ ‘ਚ ਡਾਕਟਰੀ ਕਰਨ ਲਈ ਪੇਪਰਾਂ ਦੀ ਤਿਆਰੀ ਵਿਚ ਮਗਨ ਸੀ । 

ਪਾਪਾ ਕਿਤੇ ਨੇੜੇ-ਤੇੜੇ ਹੀ ਹੈ...........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਸੱਚੀ ਗੱਲ ਹੈ,ਜਿੱਦਣ ਦਾ ਪਾਪਾ ਚਲਾ ਗਿਐ, ਲਗਦਾ ਨਹੀਂ ਕਿ ਕਿਧਰੇ ਦੂਰ ਤੁਰ ਗਿਆ ਹੈ, ਲਗਦੈ ਕਿ ਹੁਣੇ ਹੀ ਕਿਧਰੋਂ ਆ ਆਏਗਾ ਤੇ ਕਹੇਗਾ ਕਿ ਮੱਝਾਂ ਨੂੰ ਪੱਠੇ ਪਾਏ ਆ ਕਿ ਨਹੀ? ਪਾਣੀ ਪਿਲਾਇਆ ਐ ਕੇ ਨਹੀਂ? ਫਿਰ ਆਪੇ ਈ ਮੱਝਾਂ ਵਾਲੇ ਵਾੜੇ ਵੱਲ ਨੂੰ ਜਾਏਗਾ ਤੇ ਪੱਠਿਆਂ ਵਾਲੀਆਂ ਖੁਰਲੀਆਂ ਵਿੱਚ ਹੱਥ ਮਾਰੇਗਾ। ਕੁਤਰੇ ਵਾਲੀ ਮਸ਼ੀਨ ਅੱਗਿਓਂ ਟੋਕਰੇ ਭਰ ਕੇ ਮੱਝਾਂ ਅੱਗੇ ਸੁੱਟ੍ਹੇਗਾ। ਪੱਠੇ ਸੁੱਟ੍ਹਣ ਮਗਰੋਂ ਮੱਝਾਂ ਨੂੰ ਥਾਪੀਆਂ ਦੇਵੇਗਾ ਤੇ “ਸਾਬਾਸ਼ੇ ਥੋਡੇ ਜਿਊਣ ਜੋਗੀਓ...” ਜਿਹੀਆਂ ਅਸੀਸਾਂ ਦੇ ਕੇ ਘਰ ਆ ਜਾਏਗਾ। ਘਰ ਦੇ ਕਿਸੇ ਜੀਅ ਨੂੰ ਕਹੇਗਾ, “ਲਿਆਓ ਠੰਢੇ ਪਾਣੀ ਦਾ ਗਲਾਸ ਦਿਓ...ਅੱਜ ਤੇਹ ਬੜੀ ਲੱਗੀ ਆ।” ਵਿਹੜੇ ਵਿੱਚ ਪਏ ਵਾਣ ਦੇ ਮੰਜੇ ‘ਤੇ ਲੇਟ ਜਾਏਗਾ। ਮਾਂ ਨੂੰ ਉਲਾਂਭ੍ਹਾ ਦੇਵੇਗਾ, “ਕਦੇ ਦੌਣ ਵੀ ਕੱਸ ਲਿਆ ਕਰੋ ਮੰਜਿਆਂ ਦੀ? ਭੋਰਾ ਵੀ ਕੰਮ ਕਰਕੇ ਰਾਜ਼ੀ ਨਹੀ ਤੁਸੀਂ...!”
ਹੁਣ ਜਦੋਂ ਪਾਪਾ ਦੇ ਭੋਗ ਮੌਕੇ ਮੇਰੇ ਗਲ ਵਿੱਚ ਮੁਹਤਵਰਾਂ ਸੱਜਣਾ ਨੇ ਜਿ਼ੰਮੇਵਾਰੀ ਦਾ ਪਰਨਾ ਪਾਇਆ ਤਾਂ ਮੈਨੂੰ ਵੀ ਆਪਣੇ ਸਿਰ ਪੈ ਗਈ ਜਿ਼ੰਮੇਵਾਰੀ ਦਾ ‘ਕੁਝ-ਕੁਝ’ ਅਹਿਸਾਸ ‘ਅੰਦਰੋਂ-ਅੰਦਰੋਂ’ ਜਾਗਿਆ। ਪਹਿਲਾਂ ਅਜਿਹੇ ਅਨੇਕਾਂ ਮੌਕਿਆਂ ਉਤੇ ਜਿ਼ੰਮੇਵਾਰੀ ਦੇ ਪਰਨੇ ਤੇ ਪੱਗਾਂ ਦਿੰਦੇ-ਲੈਂਦੇ ਬਹੁਤ ਲੋਕਾਂ ਨੂੰ ਦੇਖਿਆ ਹੋਇਆ ਸੀ ਪਰ ਅੰਦਰਲਾ ‘ਉਹ’ ਅਨੁਭਵ ਨਹੀਂ ਸੀ, ਜੁ ਉਸ ਦਿਨ ਹਜ਼ਾਰਾਂ ਲੋਕਾਂ ਦੀ ਗਿਣਤੀ ਵਿਚ ਹੋ ਰਿਹਾ ਸੀ। ਸਾਡਾ ਗਾਇਕ ਮਿੱਤਰ ਹਰਿੰਦਰ ਸੰਧੂ ਫਰੀਦਕੋਟੀਆ ਇੱਕ ਗੀਤ ਗਾਉਂਦਾ ਹੁੰਦਾ ਬੜੇ ਵਾਰੀ ਸੁਣਿਆ, ਜਿਸ ਦੇ ਬੋਲ ਹਨ:
            ਹਸਦੀ-ਵਸਦੀ ਦੁਨੀਆਂ ਲੋਕੋ ਲਗਦੀ ਵਾਂਗ ਉਜਾੜਾਂ
            ਬਾਬਲ ਮਰਿਆਂ ਮਰਦੀਆਂ ਸਭ ਐਸ਼ ਬਹਾਰਾਂ...

ਸੁਰੀਲੇ ਦੌਰ ਦਾ ਮਹਾਂਨਾਇਕ - ਮਦਨ ਮੋਹਨ.......... ਸ਼ਬਦ ਚਿੱਤਰ / ਤਰਸੇਮ ਸ਼ਰਮਾ

25 ਜੂਨ ਜਨਮ ਦਿਨ ਅਤੇ 14 ਜੁਲਾਈ ਬਰਸੀ ਤੇ ਵਿਸ਼ੇਸ਼

ਯਸ਼ ਚੋਪੜਾ ਨੂੰ ਅਫ਼ਸੋਸ ਹੈ ਕਿ ਉਹ ਮਦਨ ਮੋਹਨ ਨਾਲ ਕੰਮ ਨਹੀਂ ਕਰ ਸਕੇ । ਆਪਣੀ ਇਸੇ ਬੇਕਰਾਰੀ ਨੂੰ ਮਿਟਾਉਣ ਲਈ ਉਹਨਾਂ ਨੇ ਵੀਰ ਜ਼ਾਰਾ ਫਿਲਮ ਵਿੱਚ ਮਦਨ ਮੋਹਨ ਦੀਆਂ ਬਣਾਈਆਂ ਧੁਨਾਂ ਨੂੰ ਇਸਤੇਮਾਲ ਕੀਤਾ ਤੇ ਕੋਸਿ਼ਸ਼ ‘ਚ ਹਨ ਕਿ ਕੁਝ ਹੋਰ ਧੁਨਾਂ ਜੋ ਹਾਲੇ ਤੱਕ ਦੁਨੀਆਂ ਤੱਕ ਨਹੀਂ ਪਹੁੰਚੀਆਂ ਹਨ, ਨੂੰ ਵੀ ਆਪਣੀਆਂ ਫਿਲਮਾਂ ਰਾਹੀਂ ਦੁਨੀਆਂ ਦੇ ਸਨਮੁੱਖ ਰੱਖ ਸਕਣ । ਮਦਨ ਮੋਹਨ ਸਨ ਹੀ ਇੱਕ ਅਜਿਹੀ ਸਖਸ਼ੀਅਤ ਜਿੰਨ੍ਹਾਂ ਨੂੰ ਯਾਦ ਕਰਦਿਆਂ ਹੀ ਇੱਕ ਸੁਰੀਲੇ ਦੌਰ ਦੀ ਯਾਦ ਆ ਜਾਂਦੀ ਹੈ । ਜੋ ਅੱਜ ਵੀ ਭਾਰਤੀ ਪਰਿਵਾਰਾਂ ਵਿੱਚ ਆਪਣਾ ਮੁਕਾਮ ਰੱਖਦਾ ਹੈ । ਸੁਰੀਲੇ ਦੌਰ ਦੇ ਮਹਾਨ ਸੰਗੀਤਕਾਰਾਂ ਨੂੰ ੳਂੁਗਲਾਂ ਦੇ ਪੋਟਿਆਂ ‘ਤੇ ਗਿਣਿਆ ਜਾਵੇ ਤਾਂ ਵੀ ਮਦਨ ਮੋਹਨ ਨੂੰ ਅੱਖੋਂ ਪਰੋਖਾ ਕੀਤਾ ਜਾਣਾ ਅਸੰਭਵ ਹੈ । ਇਸ ਸੁਰੀਲੇ ਦੌਰ ਦੇ ਮਹਾਂਨਾਇਕ ਮਦਨ ਮੋਹਨ ਦੀਆਂ  ਜੇਲਰ, ਦੇਖ ਕਬੀਰਾ ਰੋਇਆ, ਆਪ ਕੀ ਪਰਛਾਈਆਂ, ਮੇਰਾ ਸਾਇਆ, ਗ਼ਜ਼ਲ, ਹਕੀਕਤ, ਅਦਾਲਤ, ਅਨਪੜ੍ਹ, ਹੰਸਤੇ ਜ਼ਖ਼ਮ, ਹੀਰ ਰਾਂਝਾ, ਮੌਸਮ, ਲੈਲਾ ਮਜਨੂੰ ਤੇ ਹੋਰ ਦਰਜਨਾਂ ਅਜਿਹੀਆਂ ਫਿਲਮਾਂ ਹਨ, ਜਿੰਨਾਂ ਦਾ ਸੰਗੀਤ ਸਦਾਬਹਾਰ ਹੈ ਤੇ ਗੀਤ ਅੱਜ ਵੀ ਦਿਲ ਤੇ ਸਿੱਧਾ ਅਸਰ ਰੱਖਦੇ ਹਨ ।

ਮੰਜਾ.......... ਅਭੁੱਲ ਯਾਦਾਂ / ਰਾਜਪਾਲ ਸੰਧੂ

ਇਹ ਉਦੋਂ ਦੀ ਗੱਲ ਹੈ, ਜਦੋਂ ਸਾਡੇ ਪਿੰਡ ਦੀਆਂ ਗਲੀਆਂ ਕੱਚੀਆਂ ਤੇ ਜ਼ੁਬਾਨਾਂ ਪੱਕੀਆਂ ਹੁੰਦੀਆਂ ਸਨ ।

ਹਾਂ ਇਹ ਉਦੋਂ ਕੁ ਦੀ ਗੱਲ ਹੈ ਜਦੋਂ ਅਸੀਂ ਰਾਤਾਂ ਨੂੰ ਵਿਹੜੇ ਵਿਚ ਮੰਜੇ ਡਾਹ, ਖੱਡੀ ਦੀਆਂ ਦਰੀਆਂ ਵਿਛਾ ਕੇ ਆਸਮਾਨ ਵਿਚ ਤਾਰੇ ਵੇਖ ਵੇਖ ਹੈਰਾਨ ਹੁੰਦੇ ਸਾਂ।

ਫਿਰ ਇਕ ਦਿਨ ਇਹ ਹੋਇਆ ਕਿ ਅਸੀਂ ਸ਼ਹਿਰ ਆ ਗਏ ਤੇ ਮੰਜਾ ਪਿੰਡ ਰਹਿ ਗਿਆ । ਭਾਰਾ ਸੀ, ਵੱਡਾ ਵੀ ਤੇ ਸ਼ਹਿਰ ਉਸ ਦੀ ਲੋੜ ਨਹੀਂ ਸੀ। ਸ਼ਹਿਰ ਥਾਂ ਜੋ ਘੱਟ ਸੀ। ਸ਼ਹਿਰ ਹਮੇਸ਼ਾ ਛੋਟਾ ਛੋਟਾ ਜਿਹਾ ਹੁੰਦਾ ਹੈ ਜਿੰਨਾ ਮਰਜ਼ੀ ਵੱਡਾ ਹੋ ਜਾਵੇ। ਪਿੰਡ ਛੋਟਾ ਜਿਹਾ ਵੀ ਖੁੱਲ੍ਹਾ ਖੁੱਲ੍ਹਾ ਹੁੰਦਾ ਹੈ।

ਮੈਨੂੰ ਪੂਰੀ ਸੰਭਾਲ ਸੀ, ਜਦੋਂ ਅਸੀਂ ਉਹ ਮੰਜਾ ਉਣਿਆ। ਜਿਵੇਂ ਮੱਝਾਂ ਦੇ ਨਾਂ ਸਨ; ਬੂਰੀ, ਬੋਲੀ, ਢੇਹਲੀ ,ਮੰਜੇ ਦਾ ਵੀ ਨਾਂ ਸੀ। ਵੱਡਾ ਮੰਜਾ ।ਬਾਕੀ ਸਾਰੀਆਂ ਤਾਂ ਮੰਜੀਆਂ ਸਨ । ਇਹ ਮੰਜਾ ਸੀ ।ਸਾਡੀ ਦੋਹਾਂ ਦੀ ਉਮਰ ਵਿਚ 8-10 ਸਾਲ ਦਾ ਫ਼ਰਕ ਹੋਣਾ। ਮੇਰਾ ਨਾਂ ਵੀ ਵੱਡਾ ਸੀ। ਬਾਕੀ ਦੋਵੇਂ ਮੇਰੇ ਤੋਂ ਛੋਟੇ ਸਨ।

ਮੇਰਾ ਲਾਡਲਾ ਬੱਚੂ-ਨਿੰਦਰ ਘੁਗਿਆਣਵੀ.......... ਸ਼ਬਦ ਚਿਤਰ / ਬਲਵੰਤ ਸਿੰਘ ਰਾਮੂਵਾਲੀਆ (ਸਾਬਕਾ ਕੇਂਦਰੀ ਮੰਤਰੀ)

ਦੇਰ ਦੀ ਗੱਲ ਹੈ। ਮੈਂ ਟੋਰਾਂਟੋ ਵਾਸਤੇ ਦਿੱਲੀਓਂ ਫਲਾਈਟ ਲਈ ਸੀ। ਵੇਲਾ ਪਾਸ ਕਰਨ ਲਈ ਮੇਰੇ ਕੋਲ ਕੁਝ ਅਖਬਾਰਾਂ ਸਨ। ਇੱਕ ਪੇਪਰ ਵਿੱਚ  ਨਿੰਦਰ ਦਾ ਕੋਈ ਲੇਖ ਛਪਿਆ ਹੋਇਆ ਸੀ। ਮੈਂ ਪੜ੍ਹ ਹਟਿਆ। ਸੁਆਦ ਆਇਆ ਪੜ੍ਹ ਕੇ! ਸ਼ਾਇਦ ਸਿਰਮੌਰ ਨਾਵਲਕਾਰ ਹਰਨਾਮ ਦਾਸ ਸਹਿਰਾਈ ਜੀ ਬਾਰੇ ਸੀ, ਧੰਨਤਾ ਦੇ ਪਾਤਰ ਉਹ ਸਹਿਰਾਈ ਜੀ, ਜਿੰਨ੍ਹਾਂ ਨੇ ਸਾਡੇ ਮਹਾਨ ਸਿੱਖ ਗੁਰੂ ਸਹਿਬਾਨਾਂ ਦੇ ਜੀਵਨ ਤੇ ਕੁਰਬਾਨੀਆਂ ਨੂੰ ਅਧਾਰ ਬਣਾ ਕੇ ਅਣਗਿਣਤ ਨਾਵਲ ਲਿਖੇ। ਘੁਗਿਆਣਵੀ ਨੇ ਸਹਿਰਾਈ ਜੀ ਬਾਬਤ ਲਿਖਿਆ ਬੜਾ ਪਿਆਰਾ ਸੀ। ਮੈਂ ਸੋਚਣ ਲੱਗਿਆ ਕਿ ਇਹ ਸਾਡਾ ਪਿਆਰਾ ਜਿਹਾ ਬੱਚੂ, ਸਿਰ ਸੁੱਟ੍ਹ ਕੇ, ਏਡੇ-ਏਡੇ ਮਹਾਨ ਲੋਕਾਂ ਬਾਰੇ ਧੜਾ-ਧੜ ਲਿਖੀ ਤੁਰਿਆ ਜਾ ਰਿਹੈ, ਪਰ ਇਹਦੇ ਬਾਰੇ ਕਿਸੇ ਨੇ ਹਾਲੇ ਨਿੱਠ ਕੇ ਨਹੀਂ ਲਿਖਿਆ। ਕਹਿ ਦਿੰਦੇ ਐ-‘ਜੁਆਕ ਜਿਹਾ ਐ...ਐਵੇਂ  ਤੁਰਿਆ ਫਿਰਦੈ। ਮੈਨੂੰ ਇਹ ਚੁਭ੍ਹਵਾਂ ਜਿਹਾ ਅਹਿਸਾਸ ਹੋਇਆ। ਸ਼ਾਇਦ, ਬਹੁਤ ਲੋਕ ਨਿੰਦਰ ਦੀ ਨਿੱਕੀ ਉਮਰੇ ਕੀਤੇ ਵੱਡੇ ਸਾਹਿਤਕ ਤੇ ਸਭਿਆਚਾਰਕ ਕੰਮ ਨੂੰ ਉਸਦੀ ਉਮਰ ਦੇ ਖਾਤੇ ਵਿੱਚ ਪਾ ਦਿੰਦੇ ਐ ਤੇ ਉਹਦੇ ਵੱਲੋਂ ਕੀਤੇ ਵੱਡੇ ਕੰਮ ਨੂੰ ਅੱਖੋਂ ਉਹਲੇ ਕਰ ਛਡਦੇ ਐ, ਇਹ ਪੀੜ ਮੈਨੂੰ ਦਿਲੋਂ ਮਹਿਸੂਸ ਦੇਰ ਤੋਂ ਹੁੰਦੀ ਰਹੀ। ਮੈਂ ਉਸ ਦਿਨ ਸੋਚਿਆ ਕਿ ਇਸਨੂੰ ਜਿੰਨਾ ਕੁ ਮੈਂ ਜਾਣਿਆ ਹੈ, ਇਸ ਬਾਰੇ ਮੈਂ ਜ਼ਰੂਰ ਲਿਖੂੰਗਾ। ਮੈਂ ਬੁਲਾਰਾ ਜ਼ਰੂਰ ਆਂ ਪਰ ਮੈਂ ਲਿਖਾਰੀ ਨਹੀਂ। ਔਖੀ-ਸੌਖੀ ਕੋਸਿ਼ਸ ਜਿਹੀ ਕੀਤੀ ਐ ਆਪਣੀ ਗੱਲ ਆਖਣ ਦੀ।

ਅਬ ਕੇ ਹਮ ਵਿਛੜੇ ਤੋ ਕਭੀ ਖ਼ਵਾਬੋਂ ਮੇਂ ਮਿਲੇਂ - ਮਹਿੰਦੀ ਹਸਨ……… ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਖ਼ਾਂ ਸਾਹਿਬ ਦੇ ਨਾਂਅ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ, ਸ਼ਾਸ਼ਤਰੀ ਸੰਗੀਤ, ਪਿੱਠਵਰਤੀ ਗਾਇਕ ਅਤੇ ਗ਼ਜ਼ਲ ਗਾਇਕੀ ਦੇ ਬੇਤਾਜ ਬਾਦਸ਼ਾਹ, ਹਰਮੋਨੀਅਮ ਨੂੰ ਉਂਗਲਾਂ ‘ਤੇ ਨਾਚ ਨਚਾਉਣ ਵਾਲੇ, 1957 ਤੋਂ 1999 ਤੱਕ ਚੁਸਤੀ-ਫ਼ੁਰਤੀ ਦੀ ਮਿਸਾਲ ਬਣੇ ਰਹਿਣ ਵਾਲੇ, ਡਿਸਕੋਗਰਾਫ਼ੀ ਲਈ; ਕਹਿਨਾ ਉਸੇ, ਨਜ਼ਰਾਨਾ, ਲਾਈਵ ਐਟ ਰੌਇਲ ਅਲਬਿਰਟ ਹਾਲ, ਅੰਦਾਜ਼ ਇ ਮਸਤਾਨਾ, ਕਲਾਸੀਕਲ ਗ਼ਜ਼ਲ ਭਾਗ 1,2,3, ਦਿਲ ਜੋ ਰੋਤਾ ਹੈ, ਗਾਲਿਬ ਗ਼ਜ਼ਲ, ਗ਼ਜ਼ਲਜ਼ ਫਾਰ ਐਵਰ, ਭਾਗ ਪਹਿਲਾ ਆਦਿ ਪੇਸ਼ ਕਰਨ ਵਾਲੇ ਅਤੇ ਆਗੇ ਬੜੇ ਨਾ ਕਿੱਸਾ- ਇ-ਇਸ਼ਕ, ਆਜ ਤੱਕ ਯਾਦ ਹੈ ਵੋਹ ਪਿਆਰ ਕਾ ਮੰਜ਼ਿਰ, ਆਂਖੋਂ ਸੇ ਮਿਲੀ ਆਂਖੇ, ਆਪ ਕੀ ਆਂਖੋਂ ਨੇ, ਆਏ ਕੁਛ ਅਬਰ ਕੁਛ ਸ਼ਰਾਬ ਆਏ, ਅਬ ਕੇ ਵਿਛੜੇ ਤੋ ਸ਼ਾਇਦ ਕਭੀ ਖ਼ਵਾਬੋਂ ਮੇਂ ਮਿਲੇਂ, ਐ ਰੌਸ਼ਨੀਓਂ ਕੇ ਸ਼ਹਿਰ, ਏਕ ਬੱਸ ਤੂ ਹੀ ਨਹੀਂ, ਆਪਨੋ ਨੇ ਗ਼ਮ ਦੀਆ, ਭੂਲੀ ਵਿਸਰੀ ਚੰਦ ਉਮੀਦੇਂ, ਚਲਤੇ ਹੋ ਤੋ ਚਮਨ ਕੋ ਚਲੀਏ, ਚਿਰਾਗ਼-ਇ-ਤੂਰ, ਦੇਖ ਤੋ ਦਿਲ, ਦਿਲ-ਇ-ਨਾਦਾਨ, ਦਿਲ ਕੀ ਬਾਤ ਲਬੋਂ ਪਰ ਲਾ ਕਰ, ਦਿਲ ਮੇਂ ਤੂਫ਼ਾਨ ਛੁਪਾ ਕੇ ਬੈਠਾ ਹੂੰ ਵਰਗੀਆਂ ਸਦਾ ਬਹਾਰ ਗ਼ਜ਼ਲਾਂ ਨਾਲ ਦਿਲਾਂ ‘ਤੇ ਰਾਜ ਕਰਨ ਵਾਲੇ, ਜਨਾਬ ਰਸ਼ਦੀ ਦੇ ਨਾਲ ਹੀ ਪਾਕਿਸਤਾਨੀ ਫ਼ਿਲਮ ਜਗਤ ਵਿੱਚ ਬਾਦਸ਼ਾਹਤ ਕਰਨ ਦੇ ਮਾਲਿਕ ਉਸਤਾਦ ਮਹਿੰਦੀ ਹਸਨ ਦਾ ਜਨਮ ਸੰਗੀਤਕ ਘਰਾਣੇ ਕਲਾਵੰਤ ਕਬੀਲੇ ਦੀ 16ਵੀਂ ਪੀੜ੍ਹੀ ਵਿੱਚ 18 ਜੁਲਾਈ 1927 ਨੂੰ ਲੂਨਾ, ਝੁਨਝੁਨ (ਰਾਜਸਥਾਨ) ਵਿੱਚ ਵਾਲਿਦ ਉਸਤਾਦ ਅਜ਼ੀਮ ਖ਼ਾਨ ਦੇ ਘਰ ਹੋਇਆ । ਮਹਿੰਦੀ ਹਸਨ ਦੇ ਪਿਤਾ ਅਤੇ ਉਸ ਦੇ ਚਾਚਾ ਉਸਤਾਦ ਇਸਮਾਈਲ ਖ਼ਾਨ ਰਿਵਾਇਤੀ ਧਰੁਪਦ ਗਾਇਕੀ ਨਾਲ ਸਬੰਧਤ ਸਨ। ਜਦ ਦੇਸ਼ ਦਾ ਬਟਵਾਰਾ ਹੋਇਆ ਤਾਂ ਮਹਿੰਦੀ ਹਸਨ ਨੂੰ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਪਾਕਿਸਤਾਨ ਵਿੱਚ ਰੋਜ਼ੀ-ਰੋਟੀ ਲਈ ਕਾਫ਼ੀ ਮੁਸੀਬਤਾਂ ਝੱਲਣੀਆਂ ਪਈਆਂ।

ਮਾਣਮੱਤਾ ਗੀਤਕਾਰ ਸੋਢੀ ਲਿੱਤਰਾਂ ਵਾਲਾ........ ਸ਼ਬਦ ਚਿਤਰ / ਰਾਣਾ ਅਠੌਲਾ, ਇਟਲੀ

ਪੰਜਾਬ ਦੇ ਜਲੰਧਰ ਜਿਲ੍ਹੇ ਵਿੱਚ ਪੈਂਦੇ ਪਿੰਡ ਲਿੱਤਰਾਂ ਨੇ ਪੰਜਾਬ ਨੂੰ ਕਈ ਫਨਕਾਰਾਂ ਦੀ ਸੌਗਾਤ ਦਿੱਤੀ ਹੈ। ਗੀਤਕਾਰੀ ਵਿੱਚ ਜੰਡੂ ਲਿੱਤਰਾਂ ਵਾਲੇ ਦਾ ਨਾਂ ਗੀਤਕਾਰਾਂ ਵਿੱਚੋਂ ਨਜ਼ਰ ਅੰਦਾਜ਼ ਕਰਨਾ ਬੇਵਕੂਫੀ ਹੋਵੇਗੀ। ਪੰਜਾਬੀ ਗੀਤਕਾਰਾਂ ਵਿੱਚ ਜੰਡੂ ਲਿੱਤਰਾਂ ਵਾਲਾ ਪੁਰਾਣਾ ਖੁੰਢ ਹੈ। ਕੋਈ ਵੀ ਪੰਜਾਬੀ ਇਸ ਨਾਂ ਤੋਂ ਅਣਪਛਾਤਾ ਨਹੀਂ ਹੈ।  ਫੇਰ ਮੇਜਰ ਲਿੱਤਰਾਂ ਵਾਲਾ ਪੰਜਾਬੀ ਗੀਤਕਾਰ ਹੋਣ ਦੇ ਨਾਲ ਨਾਲ ਪੰਜਾਬੀ ਫਿਲਮਾਂ ਵਿੱਚ ਫਾਇਟਰ ਵਜੋਂ ਵੀ ਜਾਣਿਆ ਜਾਂਦਾ ਹੈ। ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੋਇਆ ਮੇਜਰ ਲਿੱਤਰਾਂ ਵਾਲਾ ਅੱਜ ਵੀ ਲੋਕਾਂ ਦੀ ਜੁਬਾਨ ‘ਤੇ ਹੈ। ਅਮਨ ਹੇਅਰ ਜੋ ਇੰਗਲੈਂਡ ਵਿੱਚ ਸੰਗੀਤਕਾਰ ਵਜੋਂ ਜਾਣਿਆਂ ਜਾਂਦਾ ਨਾਮ ਵੀ ਪਿੰਡ ਲਿੱਤਰਾਂ ਦੀ ਹੀ ਦੇਣ ਹੈ। ਐਸੀਆਂ ਹਸਤੀਆਂ ਨੂੰ ਜਨਮ ਦੇਣ ਵਾਲੇ ਇਸ ਪਿੰਡ ਵਿੱਚ ਅੱਜ ਦੇ ਚਰਚਿਤ ਗੀਤਾਂ ਦਾ ਮਾਣਮੱਤਾ ਗੀਤਕਾਰ ਸੋਢੀ ਲਿੱਤਰਾਂ ਵਾਲਾ ਵੀ ਇੱਥੇ ਦਾ ਹੀ ਜੰਮਪਲ ਹੈ । ਪਿੰਡ ਲਿੱਤਰਾਂ ਵਿੱਚ ਹੀ ਪੜ੍ਹਿਆ ਤੇ ਖੇਡ ਕੇ ਜਵਾਨ ਹੋਇਆ । ਸਵ. ਮਾਤਾ ਪ੍ਰੀਤਮ ਕੌਰ ਤੇ ਸਵ. ਪਿਤਾ ਮੋਹਣ ਸਿੰਘ ਮੱਟੂ ਦੇ ਘਰ ਜਨਮੇ ਇਸ ਸਭ ਤੋ ਛੋਟੇ ਪੁਤਰ ਨੂੰ ਬਚਪਨ ਤੋਂ ਹੀ ਗੀਤ ਸੰਗੀਤ ਪ੍ਰਤੀ ਪਿਆਰ ਸੀ। ਜਵਾਨ ਹੋਇਆ ਤਾਂ ਸੋਢੀ ਦਾ ਵਿਆਹ ਸ੍ਰੀਮਤੀ ਮਨਜੀਤ ਕੌਰ ਨਾਲ ਹੋਇਆ। ਉਹਨਾਂ ਦੇ ਦੋ ਬੇਟੀਆਂ ਅਸ਼ਵਿੰਦਰ ਕੌਰ, ਕਿਰਨਦੀਪ ਕੌਰ ਤੇ ਇਕ ਬੇਟਾ ਪ੍ਰਮਪ੍ਰੀਤ ਸਿੰਘ ਮੱਟੂ ਹਨ।

ਬਾਕੀ ਸਾਰੇ ਚੁੱਪ ਨੇ..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਪੰਜਾਬੀ ਮਾਂ ਬੋਲੀ ਦਾ ਮੂੰਹ ਮੱਥਾ ਵਿਗਾੜਦੇ ਫਿਰਦੇ, ਕੁਝ ਲੱਚਰ ਕਿਸਮ ਦੇ ਗੀਤ ਗਾਉਣ ਵਾਲੇ, ਯੁਵਾ ਪੀੜ੍ਹੀ ਵਿੱਚ ਚਰਚਿਤ ਹੋ ਚੁੱਕੇ ਗਾਇਕਾਂ ਦੇ ਖਿਲਾਫ਼ ਪੰਜਾਬ ਦੇ ਇਸਤਰੀ ਜਾਗ੍ਰਿਤੀ ਮੰਚ ਨੇ ਰੋਸ ਮੁਜ਼ਾਹਰੇ ਕੀਤੇ ਹਨ। ਰੋਸ ਮੁਜ਼ਾਹਰਿਆਂ ਕਾਰਨ ਲੁਧਿਆਣਾ ਦੇ ਇੱਕ ਗਾਇਕ ਦਿਲਜੀਤ ਨੇ (ਜਿਸਨੇ ‘ਲੱਕ ਟਵੰਟੀ ਏਟ ਕੁੜੀ ਦਾ ਫੋਟੀ ਸੈਵਨ ਵੇਟ ਕੁੜੀ ਦਾ’ ਗੀਤ  ਗਾਇਆ ਹੈ),ਜਾਗ੍ਰਿਤੀ ਮੰਚ ਨੂੰ ਵਿਸ਼ਵਾਸ਼ ਦੁਵਾ ਦਿੱਤਾ ਸੀ ਕਿ ਉਹ ਜਲਦੀ ਹੀ ਮੰਚ ਤੋਂ ਮਾਫ਼ੀ ਮੰਗ ਲਏਗਾ ਤੇ ਅੱਗੇ ਨੂੰ ਸੋਭਰ ਗੀਤ ਗਾਏਗਾ। ਜਦ ਉਸਨੇ ਮਾਫੀ ਨਾ ਮੰਗੀ ਤਾਂ ਜਾਗ੍ਰਿਤੀ ਮੰਚ ਨੂੰ ਉਸਦੇ ਸਮੇਤ ਧਰਨਿਆਂ ਤੋਂ ਬਾਅਦ ਕੁਝ ਹੋਰਨਾਂ ਗਾਇਕਾਂ ਦੀਆਂ ਵੀ ਅਰਥੀਆਂ ਸਾੜਨੀਆਂ ਪਈਆਂ। ਮੰਚ ਦੀਆਂ ਕਾਰਕੁੰਨ ਬੀਬੀਆਂ ਬੜੀ ਦਲੇਰੀ ਤੇ ਦ੍ਰਿੜਤਾ ਨਾਲ ਕਹਿ ਰਹੀਆਂ ਨੇ ਕਿ ਅਸੀਂ ਇਹਨਾਂ ਗਾਇਕਾਂ ਦੇ ਨਾਸੀਂ ਧੂੰਆਂ ਦੇਕੇ ਛੱਡਾਂਗੀਆਂ।

ਇਹਨਾਂ ਗਾਇਕਾਂ ਵਿੱਚ ਇੱਕ ਅਸਲੋਂ ਨਵੇਂ ਗਾਇਕ ਹਨੀ ਸਿੰਘ ਦਾ ਨਾਂ ਵੀ ਆਉਂਦਾ ਹੈ। ਇਹ ਹਨੀ ਸਿੰਘ ਪਿਛਲੇ ਦਿਨੀਂ ਜਦ ਆਸਟ੍ਰੇ਼ਲੀਆ ਗਿਆ ਤਾਂ ਐਡੀਲਿਡ ਸ਼ਹਿਰ ਵਿੱਚ ਮਿੰਟੂ ਬਰਾੜ ਦੀ ਅਗਵਾਈ ਹੇਠ ਕੁਝ ਪਤਵੰਤੇ ਪੰਜਾਬੀਆਂ ਨੇ ਉਹਨੂੰ ਪੁੱਛਣ ਦੀ ਕੋਸਿ਼ਸ਼ ਕੀਤੀ ਕਿ ਉਹ ਜੋ ਸੁਆਹ–ਖੇਹ ਗਾ ਰਿਹਾ ਹੈ, ਕੀ ਉਹ ਪੰਜਾਬੀ ਗਾਇਕੀ ਹੈ? ਦਸਦੇ ਨੇ ਕਿ ਹਨੀ ਸਿੰਘ ਕਿਸੇ ਵੀ ਗੱਲ ਦਾ ਕੋਈ ਠੋਸ ਜਵਾਬ ਨਹੀਂ ਦੇ ਸਕਿਆ ਤੇ ਉਥੋਂ ਖਿਸਕ ਗਿਆ। ਇਸ ਗੱਲ ਦੀ ਚਰਚਾ ਆਸਟ੍ਰੇਲੀਆ ਦੇ ਮੀਡੀਆ ਵਿੱਚ ਤੇ ਖਾਸ ਕਰਕੇ ਫੇਸ ਬੁੱਕ ‘ਤੇ ਇਹਨੀਂ ਦਿਨੀਂ ਖੂਬ ਹੋ ਰਹੀ ਹੈ। ਮੇਰਾ ਲੱਖਣ ਇਹ ਹੈ ਕਿ ਜੇਕਰ ਇਸੇ ਤਰਾਂ ਅਸੀਂ ਗਾਇਕਾਂ ਨੂੰ, ਜਾਂ ਗੀਤ ਲਿਖਣ ਤੇ ਫਿਰ ਅੱਗੇ ਪੇਸ਼ ਕਰਨ ਵਾਲਿਆਂ ਨੂੰ, ਜਦ ਕਦੇ ਮੇਲਾ ਮੌਕਾ ਬਣੇ, ਇੰਝ ਹੀ ਪਰ੍ਹੇ-ਪੰਚੈਤ ਦੇ ਕੱਠਾਂ ਵਿੱਚ ਸੁਆਲ-ਜੁਆਬ ਕਰਾਂਗੇ ਤਾਂ ਇਹ ਲਾਜ਼ਮੀ ਹੀ ਕੁਝ ਨਾ ਕੁਝ ਸ਼ਰਮ ਨੂੰ ਹੱਥ-ਪੱਲਾ ਮਾਰਨਗੇ। ਲੋੜ ਇਸ ਵੇਲੇ ਏਕਾ ਕਰਨ ਦੀ ਹੈ ਤੇ ਨਾਲ ਦੀ ਨਾਲ ਇਸਤਰੀ ਜਾਗ੍ਰਿਤੀ ਮੰਚ ਦੇ ਹੱਥ ਹੋਰ ਮਜ਼ਬੂਤ ਕਰਨ ਦੀ ਵੀ ਹੈ। 

ਅੱਜ ਵੀ ਮੌਜੂਦ ਨੇ ਭਾਈ ਘਨੱਈਏ!..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਸਵੇਰ ਦਾ ਵੇਲਾ ਹੈ। ਅੱਠ ਵੱਜਣ ਵਿੱਚ ਤਿੰਨ ਮਿੰਟ ਬਾਕੀ ਹਨ। ਅਸੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ  ਵਿੱਚ ਸਥਾਪਿਤ ਕੈਂਸਰ ਵਿੰਗ ਦੇ ਹਾਲ ਵਿੱਚ ਬੈਠੇ ਹਾਂ। ਸਫਾਈ ਸੇਵਿਕਾ ਸਾਝਰੇ ਦੀ ਆਣ ਕੇ ਆਪਣੇ ਕਾਰਜ ਵਿੱਚ ਰੁੱਝੀ ਹੋਈ ਹੈ। ਲੱਗਭਗ ਪੰਜਾਹ ਬੰਦੇ-ਬੁੜ੍ਹੀਆਂ ਕੁਰਸੀਆਂ ਉੱਤੇ ਅਧਮੋਏ ਜਿਹੇ ਬੈਠੇ ਹਨ। ਕੁਝ ਆਪਸ ਵਿੱਚ ਗੱਲਾਂ ਕਰ ਹਰੇ ਹਨ। ਕੁਝ ਦੇ ਨਾਲ ਆਏ ਘਰ ਦੇ ਮੈਂਬਰ ਸੋਗੀ ਅਵਸਥਾ ਵਿੱਚ ਹਨ। ਨਾਮੁਰਾਦ ਬਿਮਾਰੀ ਦੇ ਨਪੀੜੇ ਫਿਕਰਾਂ ਦੇ ਲੱਦੇ ਹੋਏ ਹਨ। ਇਹ ਕੈਂਸਰ ਦੇ ਮਰੀਜ਼  ਦੂਰੋਂ-ਦੂਰੋਂ ਸੇਕੇ (ਰੇਡੀਏਸ਼ਨ) ਲਵਾਉਣ ਲਈ ਆਏ ਹਨ। ਕਿਸੇ ਦੇ ਪੈਂਤੀ ਸੇਕੇ ਲੱਗਣੇ ਹਨ, ਕਿਸੇ ਦੇ ਪੱਚੀ ਲੱਗਣੇ ਹਨ। ਕਿਸੇ ਦੇ ਸਤਾਈ, ਕਿਸੇ ਪੰਜ ਤੇ ਕਿਸੇ ਦੇ ਗਿਆਰਾਂ ਸੇਕੇ ਲੱਗਣੇ ਹਨ। ਇੱਕ ਸਮਾਜ ਸੇਵੀ ਸੰਸਥਾ ਦੇ ਕਾਰਕੁੰਨ ਅੰਦਰ ਆਉਂਦੇ ਹਨ। ਮਰੀਜ਼ਾਂ ਲਈ ਦੁੱਧ ਤੇ ਰਸ ਲਿਆਏ ਹਨ। ਕਿਸੇ ਦੀ ਰੂਹ ਨਹੀਂ ਕਰਦੀ ਦੁੱਧ ਪੀਣ ਤੇ ਰਸ ਖਾਣ ਨੂੰ। ਕੋਈ ਵੀਲ ਚੇਅਰ ‘ਤੇ ਤੜਫ਼ ਰਿਹਾ ਹੈ। ਕੋਈ ਸਟਰੈਚਰ ਉਤੇ ਪਿਆ ਤਰਲੋ-ਮੱਛੀ ਹੋ ਰਿਹਾ ਹੈ। ਜਿਸ ਤੋਂ ਕੁਰਸੀ ‘ਤੇ ਬੈਠਾ ਨਹੀਂ ਗਿਆ...ਉਹ ਫਰਸ਼ ‘ਤੇ ਲੇਟਿਆ ਹੋਇਆ ਹੈ। ਤਰਸ ਆਉਂਦਾ ਹੈ ਅਜਿਹੇ ਲੋਕਾਂ ‘ਤੇ। ਇੱਥੇ ਨਾਸਤਕਾਂ ਨੂੰ ਵੀ ਰੱਬ ਚੇਤੇ ਆਉਂਦਾ ਹੈ। ਕਿਸੇ ਮਰੀਜ਼ ਦਾ ਸੈੱਲ ਫੋਨ ਖੜਕ ਪਿਆ ਹੈ, ਰਿੰਗ ਟੋਨ ਲਾਈ ਹੋਈ ਹੈ, “ਤੂੰ ਮੇਰਾ ਰਾਖਾ ਸਭਨੀਂ ਥਾਂਈਂ...।” ਸ਼ਾਇਦ ਇਹੋ ਬੋਲ ਹੀ ਡਿਗਦੇ ਤੇ ਢਹਿੰਦੇ ਦਿਲ ਨੂੰ ਧਰਵਾਸਾ ਦਿੰਦੇ ਹੋਣ!

ਕੁਝ ਖੱਟੀਆਂ-ਕੁਝ ਮਿੱਠੀਆਂ ਵਲੈਤ ਦੀਆਂ... ... ... . ਅਭੁੱਲ ਯਾਦਾਂ / ਨਿੰਦਰ ਘੁਗਿਆਣਵੀ

ਦੇਸ ਤੋਂ ਦੂਰ ਆਏ ਯਾਤਰੀ ਦੀ ਸਥਿਤੀ ਵੀ ਅਜੀਬ ਤਰ੍ਹਾਂ ਦੀ ਹੁੰਦੀ ਐ... ਕਈ ਯਾਤਰੀਆਂ ਨੂੰ ਤਾਂ ਆਪਣੀ ਯਾਤਰਾ ਉੱਤੇ ਨਿਕਲਿਦਆਂ, ਕੁਝ ਘੰਟਿਆਂ ਵਿੱਚ ਹੀ ਆਪਣੇ ਮਨ ਦੀ ਦਿਸ਼ਾ ਬਦਲਦੀ ਹੋਈ ਪ੍ਰਤੀਤ ਹੁੰਦੀ ਹੈ। ਮੈਂ ਜਦ ਵੀ ਬਦੇਸ਼ ਨੂੰ ਨਿਕਲਦਾ ਹਾਂ ਤਾਂ ਮਨ ਦੀ ਇਕਾਗਰਤਾ ਖਿੰਡ-ਪੁੰਡ ਜਾਂਦੀ ਹੈ... ਬਿਗਾਨੇ ਵੱਸ ਪੈ ਜਾਣ ਕਾਰਨ ਨਿੱਤ-ਨੇਮ ਵੀ ਬਦਲ ਜਾਂਦਾ ਹੈ... ਲਿਖਣ-ਪੜ੍ਹਨ ਨੂੰ ਮਨ ਨਹੀਂ ਮੰਨਦਾ... ਇਸੇ ਦੌਰਾਨ ‘ਆਪਣੀਆਂ’ ਸੁਣਾਉਣ ਵਾਲੇ ਵੀ ਬਹੁਤ ਮਿਲ ਜਾਂਦੇ ਹਨ... ‘ਬਹੁਤ ਗੱਲਾਂ’ ਸੁਣਾਉਣ ਵਾਲੇ ਲੋਕਾਂ ਨੂੰ ਮਿਲ ਕੇ ਮਹਿਸੂਸ ਕਰਦਾ ਹਾਂ ਕਿ ਇਹ ਵਿਚਾਰੇ ਜਿਵੇਂ ਚਿਰਾਂ ਤੋਂ ਗੱਲਾਂ ਨਾਲ ਗਲ-ਗਲ ਤੀਕ ਭਰੇ ਪਏ ਹਨ... ਜਿਵੇਂ ਇਹਨਾਂ ਨੂੰ ਕਦੇ ਕੋਈ ਸਰੋਤਾ ਮਿਲਿਆ ਹੀ ਨਹੀਂ... ? ਸੱਚੀ ਗੱਲ ਐ... ਕਿਸੇ ਕੋਲ ਵਕਤ ਨਹੀਂ ਹੈ ਏਥੇ! ਗੱਲਾਂ ਨਾਲ ਅਜਿਹੇ ਗਲ-ਗਲ ਤੀਕ ਭਰੇ ਬੰਦਿਆਂ ਦੇ ਅੜਿੱਕੇ ਆ ਜਾਂਦਾ ਹੈ ਮੇਰੇ ਜਿਹਾ ਕਮਲਾ-ਰਮ੍ਹਲਾ ਯਾਤਰੀ ਤਾਂ ਉਹ ਖੁੱਲ੍ਹ-ਖੁੱਲ੍ਹ... ਡੁੱਲ੍ਹ-ਡੁੱਲ੍ਹ ਜਾਂਦੇ ਨੇ... ਗੱਲਾਂ ਦੇ ਗਲੋਟੇ ਉਧੜਦੇ ਤੁਰੇ ਆਉਂਦੇ ਨੇ... ਮੈਂ ਅਜਿਹੇ ਬੰਦਿਆਂ ਦੀ ਮਾਨਸਿਕ ਅਵਸਥਾ ਸਮਝਦਾ ਹੋਇਆ ਉਹਨਾਂ ਦਾ ਹਮਦਰਦ ਬਣ ਬਹਿੰਦਾ ਹਾਂ। ਸੁਣਦਾ ਰਹਿੰਦਾ ਹਾਂ। ਅਜਿਹੇ ਬੰਦਿਆ ਵਿੱਚ ਕਾਫੀ ਸਾਰੇ ‘ਕਵੀ’ ਵੀ ਮਿਲ ਜਾਂਦੇ ਹਨ। ਮੈਂ ਕਵੀਆਂ ਦੀਆਂ ਕਵਿਤਾਵਾਂ ਸੁਣ-ਸੁਣ ਕੇ ਬਹੁਤ ਰੱਜ ਗਿਆ ਇੰਗਲੈਂਡ ਕਰਦਿਆਂ! ਹਰ ਘਰ ਵਿੱਚ ਕਵੀ ਹੈ। ਹਰ ਗਲੀ, ਹਰ ਮੁਹੱਲੇ ਤੇ ਹਰ ਮੋੜ ‘ਤੇ ਕਵੀ ਹੈ। ਇਕ ਕਵਿਤਰੀ ਨੇ ਘਰ ਬੁਲਾਇਆ। ਅੰਤਾਂ ਦੇ ਚਾਅ ਤੇ ਉਤਸ਼ਾਹ ਨਾਲ ਖੀਵੀ ਹੋਈ ਬੀਬੀ ਨੇ ਇਕ ਨਹੀਂ... ਦੋ ਨਹੀਂ... .ਤਿੰਨ ਨਹੀਂ... ਸਗੋਂ ਆਪਣੀਆਂ ਦਰਜਨ ਕਵਿਤਾਵਾਂ ਤੇ ਗ਼ਜ਼ਲਾਂ ਨਾਲ ਨਿਹਾਲੋ-ਨਿਹਾਲ ਕਰ ਛਡਿਆ... ਮੇਰਾ ਦਿਲ ਕਰੇ ਕਿ ਉਥੋਂ ਭੱਜ ਤੁਰਾਂ! ਜਦੋਂ ਉਹਦੇ ਘਰੋਂ ਤੁਰਨ ਲੱਗਿਆ ਤਾਂ ਆਖਣ ਲੱਗੀ, ‘ਠਹਿਰੋ... ਜ਼ਰਾ ਠਹਿਰੋ... ਮੇਰਾ ਡੌਗੀ ਤਾਂ ਦੇਖਦੇ ਜਾਓ।’ ਸ਼ੇਰ ਵਰਗਾ... ਵੱਡਾ ਮੂੰਹ... ਲਮਕੇ ਕੰਨ ਤੇ ਚੌੜੀਆਂ ਨਾਸਾਂ ਵਾਲਾ ਬੁੱਢਾ ਕੁੱਤਾ... ਮੈਨੂੰ ਲੱਗਿਆ ਕਿ ਬਸ ਹੁਣੇ ਖਾ ਹੀ ਜਾਵੇਗਾ... ਕੁੱਤੇ ਨੇ ਮੇਰ ਪੈਰ ‘ਤੇ ਜੀਭ ਫੇਰੀ। ਮੈਂ ਕਵਿਤਰੀ ਬੀਬੀ ਨੂੰ ਆਖਿਆ, ‘ਬਸ... ਬਸ... ਹੁਣ ਮੇਰਾ ਮੂੰਹ ਨਾ ਚਟਾ ਦੇਵੀਂ... ਬੀਬੀ... ਮੇਰੀ ਇੰਗਲੈਂਡ ਯਾਤਰਾ ਸਫ਼ਲ ਹੋ ਗਈ ਐ... ਤੁਹਾਡੇ ਘਰ ਆਣ ਕੇ... ।’ ਪ੍ਰਕਾਂਡ ਖੋਜੀ ਤੇ ਵਿਦਵਾਨ ਲੇਖਕ ਬਲਬੀਰ ਸਿੰਘ ਕੰਵਲ ਕੋਲ ਰੁਕਣ ਦਾ ਮੌਕਾ ਵੀ ਮਿਲਿਆ। ਇਸ ਵਿਦਵਾਨ ਸਾਹਿਤਕਾਰ ਦੀ ਸੰਗਤ ਸੁਖ ਦੇਣ ਵਾਲੀ ਲੱਗੀ। ਅਗਲੇ ਵਾਲੇ ਕਾਲਮਾਂ ਵਿੱਚ ਜਿ਼ਕਰ ਕਰਾਂਗਾ।

ਮਾੜੇ ਦੇ ਮਾੜੇ ਕਰਮ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ

ਮੇਰੀ ਆਰਥਿਕਤਾ ਦੀ ਗੱਲ ਜਦੋਂ ਸੱਤ ਸਮੁੰਦਰੋਂ ਪਾਰ ਵੱਸਦੇ ਪੰਜਾਬੀ ਪਿਆਰਿਆਂ ਤੱਕ ਪਹੁੰਚ ਗਈ ਤਾਂ ਮੇਰੀ ਸਮੱਸਿਆ ਦਾ ਬੋਝ ਪੰਜਾਬੀ ਪਿਆਰਿਆਂ ਤੇ ਜਾ ਪਿਆ। ਮੈਨੂੰ ਹੌਸਲੇ ਭਰੇ ਫੋਨ ਆਉਣ ਲੱਗ ਪਏ ਅਤੇ ਵਿਦੇਸ਼ੀ ਪਿਆਰਿਆਂ ਨੇ ਮੇਰੀ ਆਰਥਿਕਤਾ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਆਪਣੇ ਵਿਤ ਮੁਤਾਬਕ ਆਪਣੀ ਦਸਾਂ ਨੌਹਾਂ ਦੀ ਕਮਾਈ ਵਿੱਚੋਂ ਮੈਨੂੰ ਸਹਾਇਤਾ ਭੇਜੀ। ਮੈਂ ਕਿੱਥੇ ਦੇਣ ਦੇਵਾਂਗਾ, ਉਹਨਾਂ ਪਿਆਰਿਆਂ ਦਾ? ਜਿੰਨ੍ਹਾਂ ਨੇ ਇੱਕ ਪੰਜਾਬੀ ਲੇਖਕ ਬਾਰੇ ਐਨਾ ਸੋਚਿਆ। ਵਾਕਿਆ ਹੀ ਸੱਚ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ। ਮੈਂ ਅਗਲੇ ਲੇਖ ਵਿੱਚ 'ਕਿਵੇਂ ਕਰਾਂ ਧੰਨਵਾਦ, ਮੈਂ ਵਿਦੇਸ਼ੀ ਵੀਰਾਂ ਦਾ'? ਭੇਜਾਂਗਾ। ਜਿੰਨ੍ਹਾਂ ਵੀਰਾਂ-ਭੈਣਾਂ ਨੇ ਮੇਰੀ ਮਾਲੀ ਮਦਦ ਕਰਕੇ ਮੈਨੂੰ ਬਹੁਤ ਡੂੰਘੀ ਖਾਈ 'ਚੋਂ ਡਿੱਗੇ ਨੂੰ ਬਾਹੋਂ ਫੜ੍ਹ ਬਾਹਰ ਕੱਢ ਲਿਆ ਹੈ। ਅੱਜ ਇਹ ਰਚਨਾ ਲਿਖ ਰਿਹਾ ਹਾਂ।

ਮੇਰੇ ਘਰ ਦਾ ਇੱਕ ਕਮਰਾ ਗਹਿਣੇ ਜੋ ਇੱਕ ਲੱਖ ਵਿੱਚ ਸੀ, ਇੱਕ ਭਈਏ ਕੋਲ, ਸਰਦਾਰ ਕ੍ਰਿਪਾਲ ਸਿੰਘ ਜੋ ਅਮਰੀਕਾ ਰਹਿ ਰਹੇ ਹਨ, ਉਨ੍ਹਾਂ ਨੇ ਛੱਡਵਾ ਦਿੱਤਾ ਹੈ। ਨਿਊਯਾਰਕ ਤੋਂ ਅਮਰੀਕ ਸਿੰਘ, ਸੁਖਦਰਸ਼ਨ ਸਿੰਘ, ਜਗਦੇਵ ਸਿੰਘ ਅਤੇ ਬਹਾਦਰ ਸਿੰਘ, ਕੈਲੇਫੋਰਨੀਆਂ ਤੋਂ ਕੁਲਦੀਪ ਸਿੰਘ ਨਿੱਝਰ, ਕੇਵਲ ਕ੍ਰਿਸ਼ਨ ਬਲੇਨਾ ਤੇ ਪਰਮਜੀਤ ਭੁੱਟਾ, ਅਮਰੀਕਾ ਤੋਂ ਰਣਜੀਤ ਸਿੰਘ ਹਾਸਰਾ ਨੇ ਮੈਨੂੰ ਕਿਹਾ ਕਿ ਮੱਝਾਂ ਖਰੀਦ ਲੈ, ਦੁੱਧ ਪਾਉਣ ਨਾਲ ਤੇਰਾ ਚੰਗਾ ਟਾਇਮ ਲੰਘਣ ਲੱਗ ਜਾਵੇਗਾ। ਉਨ੍ਹਾਂ ਨੇ ਮੱਦਦ ਕਰ ਦਿੱਤੀ। ਮੈਨੂੰ ਵੀ ਹੌਸਲਾ ਹੋ ਗਿਆ।

ਇੱਕ ਸਫਲ ਨਿਰਦੇਸ਼ਕ ‘ਜਗਮੀਤ ਸਿੰਘ ਸਮੁੰਦਰੀ’……… ਸ਼ਬਦ ਚਿਤਰ / ਖੁਸ਼ਪ੍ਰੀਤ ਸਿੰਘ ਸੁਨਾਮ (ਮੈਲਬੋਰਨ)

ਫਿਲਮ ਸ਼ਹੀਦ ਨੂੰ ਲੈ ਕੇ ਚਰਚਾ ਦੇ  ਵਿੱਚ ਹੈ ‘ਜਗਮੀਤ ਸਿੰਘ ਸਮੁੰਦਰੀ’

ਫਿਲਮਾਂ ਅਤੇ ਸਿਨੇਮਾ ਸੰਚਾਰ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹਨ। ਭਾਰਤੀ ਸਿਨੇਮਾ ਸੰਸਾਰ ਵਿੱਚ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ, ਪਰ ਗੱਲ ਜਦੋਂ ਪੰਜਾਬੀ ਸਿਨੇਮੇ ਦੀ ਖਾਸ ਕਰ ਧਾਰਮਿਕ ਫਿਲਮਾਂ ਦੀ ਹੋਵੇ ਤਾਂ ਸਥਿਤੀ ਬਹੁਤ ਚਿੰਤਾਜਨਕ ਹੋ ਜਾਂਦੀ ਹੈ। ਪੰਜਾਬੀ ਧਾਰਮਿਕ ਫਿਲਮਾਂ ਜਾ ਸਾਡੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਦੀਆਂ ਫਿਲਮਾਂ ਦੀ ਗਿਣਤੀ ਤਾਂ ਉਂਗਲੀਆਂ ਦੇ ਪੋਟਿਆਂ ‘ਤੇ ਕੀਤੀ ਜਾ ਸਕਦੀ ਹੈ। ਪਹਿਲਾਂ ਬਣੀਆਂ ਜ਼ਿਆਦਾਤਰ ਫਿਲਮਾਂ ਵੀ ਤਕਨੀਕੀ ਤੌਰ ‘ਤੇ ਕਾਫੀ ਕਮਜ਼ੋਰ ਹਨ। ਪੰਜਾਬੀ ਧਾਰਮਿਕ ਫਿਲਮਾਂ ਬਨਾਉਣਾ ਤਾਂ ਅੱਜ ਦੇ ਸਮੇਂ ਵਿੱਚ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ। ਕਿਉਂਕਿ ਸਾਡੀ ਨਵੀਂ ਪੀੜ੍ਹੀ ਤਾਂ ਇਸ ਪਾਸਿਉਂ ਬਿਲਕੁਲ ਹੀ ਮੁਨਕਰ ਹੁੰਦੀ ਜਾ ਰਹੀ ਹੈ। ਪਰੰਤੂ ਸੰਤੋਖ ਦੀ ਗੱਲ ਇਹ ਹੈ ਕਿ ਕੁਝ ਇਨਸਾਨ ਅਜਿਹੇ ਵੀ ਹਨ, ਜੋ ਆਪਣੇ ਨਿੱਜੀ ਮੁਫ਼ਾਦਾਂ ਤੋਂ ਉਪਰ ਉਠ ਕੇ ਆਪਣੇ ਧਰਮ ਅਤੇ ਇਤਿਹਾਸ ਦੀ ਪਛਾਣ ਸੰਸਾਰ ਪੱਧਰ ਤੇ ਸਥਾਪਿਤ ਕਰਨ ਲਈ ਸਿਰਤੋੜ ਯਤਨ ਕਰ ਰਹੇ ਹਨ। ਅਜਿਹਾ ਹੀ ਇੱਕ ਇਨਸਾਨ ਹੈ ਜਗਮੀਤ ਸਿੰਘ ਸੁਮੰਦਰੀ, ਜਿਸਨੇ ਸਿੱਖ ਇਤਿਹਾਸ ਨਾਲ ਸਬੰਧਤ ਫਿਲਮਾਂ ਬਨਾਉਣ ਦਾ ਬੀੜਾ ਚੁੱਕਿਆ ਹੈ। ਅੱਜ ਕੱਲ੍ਹ ਜਗਮੀਤ ਸਮੁੰਦਰੀ ਦੁਆਰਾ ਨਿਰਦੇਸ਼ਤ ਬਣਾਈ ਫਿਲਮ ‘ਸ਼ਹੀਦ’ ਦੀ ਚੁਫੇਰਿਉਂ ਚਰਚਾ ਛਿੜੀ ਹੋਈ ਹੈ। ਸਿੱਖ ਇਤਿਹਾਸ ਤੇ ਹੁਣ ਤੱਕ ਬਣੀ ਸਭ ਤੋਂ ਵੱਡੀ ਅਤੇ  ਮਹਿੰਗੀ ਫਿਲਮ ਇਸ ਸਮੇਂ ਨਿਰਦੇਸ਼ਕ ਜਗਮੀਤ ਸਮੁੰਦਰੀ ਵਲੋਂ ਅਮੇਰਿਕਾ ਦੇ ਵੱਖ-ਵੱਖ ਸ਼ਹਿਰਾਂ ਦੇ ਗੁਰੂ ਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ । ਅਮਰੀਕਾ ਤੋਂ ਮਗਰੋਂ ਇਹ ਫਿਲਮ ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਨਿਊਜੀਲੈਂਡ, ਬ੍ਰਾਜ਼ੀਲ ਆਦਿ ਦੇਸ਼ਾਂ ਵਿੱਚ ਵੀ ਜਲਦ ਹੀ ਪ੍ਰਦਰਸ਼ਿਤ ਕੀਤੀ ਜਾਵੇਗੀ। ਇਹ ਫਿਲਮ ਤਕਨੀਕ ਪੱਖੋਂ ਹਾਲੀਵੁੱਡ ਦੀਆਂ ਫਿਲਮਾਂ ਦੀ ਬਰਾਬਰੀ ਕਰਦੀ ਹੈ ਅਤੇ ਇਹ ਫਿਲਮ ਹਾਈ ਡੈਫੀਨੇਸ਼ਨ ਤਕਨੀਕ ਨਾਲ ਬਣਾਈ ਗਈ ਹੈ ਅਤੇ ਗ੍ਰਾਫਿਕਸ ਦਾ ਕੰਮ ਵੀ ਦੇਖਣਯੋਗ ਹੈ। ਇਸ ਫਿਲਮ ਨੂੰ ਤਿਆਰ ਹੋਣ ਵਿੱਚ ਕਰੀਬ ਤਿੰਨ ਤੋਂ ਚਾਰ ਸਾਲ ਦਾ ਸਮਾਂ ਲੱਗਾ ਹੈ ਅਤੇ ਫਿਲਮ ਵਿੱਚ ਸਿੱਖ ਰਹਿਤ ਮਰਿਯਾਦਾ ਦਾ ਵੀ ਪੂਰਾ-ਪੂਰਾ ਧਿਆਨ ਰੱਖਿਆ ਗਿਆ ਹੈ। ਇਹ ਫਿਲਮ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ, ਸਪੈਨਿਸ਼ ਤੇ ਹੋਰਨਾਂ ਭਾਸ਼ਾਵਾਂ ਵਿੱਚ ਵੀ ਡੱਬ ਕੀਤੀ ਜਾ ਰਹੀ ਹੈ ਤਾਂ ਜੋ ਵਿਸ਼ਵ ਪੱਧਰ ਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖਾਂ ਦੇ ਕੁਰਬਾਨੀ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਫਿਲਮ ਵਿੱਚ ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਫਿਲਮ ਅਜੇ ਸਿਰਫ ਅਮਰੀਕਾ ਵਿੱਚ ਹੀ ਪ੍ਰਦਰਸ਼ਿਤ ਕੀਤੀ ਗਈ ਹੈ, ਜਿਥੇ ਕਿ ਸੰਗਤਾਂ ਦਾ ਇਸ ਫਿਲਮ ਨੂੰ ਦੇਖਣ ਲਈ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੀਮਾ ਆਜ਼ਾਦ ਨੂੰ ਉਮਰ ਕੈਦ ਦੀ ਸਜ਼ਾ……… ਵਿਸ਼ੇਸ਼ ਰਿਪੋਰਟ / ਲੋਕ ਸਾਂਝ

ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੀਮਾ ਆਜ਼ਾਦ ਨੂੰ ਇਲਾਹਾਬਾਦ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਸੀਮਾ ਆਜ਼ਾਦ ਦੇ ਨਾਲ-ਨਾਲ ਉਸ ਦੇ ਪਤੀ ਵਿਸ਼ਵ ਵਿਜੇ ਨੂੰ ਵੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀਮਾ ਆਜ਼ਾਦ ਅਤੇ ਵਿਸ਼ਵ ਵਿਜੇ ਉਪਰ ਸਰਕਾਰ ਖਿਲਾਫ ਸਾਜਿਸ਼ ਘੜਨ ਅਤੇ ਯੂ.ਏ.ਪੀ. ਦੀਆਂ ਹੋਰ ਕਈ ਧਾਰਾਵਾਂ ਲਗਾਈਆਂ ਗਈਆਂ ਨੇ।

ਸੀਮਾ ਆਜ਼ਾਦ ਇੱਕ ਦਲੇਰ ਅਤੇ ਨਿਡਰ ਪੱਤਰਕਾਰ ਹੈ, ਜੋ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਖੁੱਲ ਕੇ ਲਿਖਦੀ ਹੈ। ਸੀਮਾ ਆਜ਼ਾਦ 'ਦਸਤਕ' ਨਾਂ ਦਾ ਇੱਕ ਹਿੰਦੀ ਮੈਗਜ਼ੀਨ ਵੀ ਕੱਢਦੀ ਹੈ, ਜਿਸ ਦੀ ਉਹ ਸੰਪਾਦਕ ਹੈ। 'ਦਸਤਕ' ਮੈਗਜ਼ੀਨ 'ਰਜਿਸਟਰਾਰ ਆਫ ਨਿਊਜ਼ ਪੇਪਰ ਫਾਰ ਇੰਡੀਆ' ਤੋਂ ਰਜਿਸਟਰਡ ਹੈ। ਸੀਮਾ ਆਜ਼ਾਦ ਆਪਣੇ ਇਸ ਮੈਗਜ਼ੀਨ ਵਿਚ ਸਮਾਜਿਕ, ਰਾਜਨੀਤਿਕ ਮਸਲਿਆਂ ਉਪਰ ਖੁੱਲ ਕੇ ਲਿਖਦੀ ਹੈ। ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਹੋ ਰਹੀ ਰਾਜਨੀਤੀ ਉਪਰ ਚੰਗੀ ਪਕੜ ਰੱਖਦੀ ਸੀਮਾ ਕਈ–ਕਈ ਕਿਲੋਮੀਟਰ ਤੱਕ ਸਾਇਕਲ ਉਪਰ ਜਾ ਕੇ ਇਸ ਮੈਗਜ਼ੀਨ ਨੂੰ ਲੋਕਾਂ ਤੱਕ ਪਹੁੰਚਾਉਂਦੀ ਸੀ।

ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ - ਬਾਬੂ ਰਜਬ ਅਲੀ……… ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

6 ਜੂਨ ਬਰਸੀ ’ਤੇ ਵਿਸ਼ੇਸ਼

ਕਵੀਸ਼ਰੀ ਦੇ ਸ਼ਾਹ ਸਵਾਰ ਬਾਬੂ ਰਜਬ ਅਲੀ ਦਾ ਜਨਮ 10 ਅਗਸਤ 1894 ਨੂੰ ਪਿਤਾ ਵਰਿਆਹ ਰਾਜਪੂਤ ਧਮਾਲੀ ਖਾਂ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋ ਕੇ ਵਿਖੇ ਹੋਇਆ । ਬਾਬੂ ਰਜਬ ਅਲੀ ਚਾਰ ਭੈਣਾਂ ਭਾਗੀ, ਸਜਾਦੀ, ਲਾਲ ਬੀਬੀ ਅਤੇ ਰਜਾਦੀ ਤੋਂ ਛੋਟਾ ਲਾਡਲਾ ਵੀਰ ਸੀ । ਇਸ ਪਰਿਵਾਰ ਦਾ ਪਿੱਛਾ ਪਿੰਡ ਫੂਲ ਦਾ ਸੀ । ਇਹਨਾਂ ਦੇ ਚਾਚਾ ਹਾਜੀ ਰਤਨ ਖਾਂ ਜੀ ਖ਼ੁਦ ਇੱਕ ਵਧੀਆ ਕਵੀਸ਼ਰ ਸਨ । ਡੀ. ਬੀ. ਪ੍ਰਾਇਮਰੀ ਸਕੂਲ ਬੰਬੀਹਾ ਭਾਈ ਤੋਂ ਮੁਢਲੀ ਪੜ੍ਹਾਈ ਹਾਸਲ ਕੀਤੀ ਅਤੇ ਫਿਰ ਬਰਜਿੰਦਰਾ ਹਾਈ ਸਕੂਲ ਤੋਂ ਦਸਵੀਂ ਕਰਨ ਉਪਰੰਤ, ਜ਼ਿਲ੍ਹਾ ਗੁਜਰਾਤ ਦੇ ਰਸੂਲ ਕਾਲਜ ਤੋਂ ਓਵਰਸੀਅਰ (ਐੱਸ ਓ, ਸੈਕਸ਼ਨਲ ਆਫੀਸਰ) ਦਾ ਡਿਪਲੋਮਾ ਕਰਕੇ ਇਰੀਗੇਸ਼ਨ ਵਿਭਾਗ ਵਿੱਚ ਨੌਕਰੀ ਕਰਨ ਲਗੇ । ਵਿਦਿਆਰਥੀ ਜੀਵਨ ਸਮੇਂ ਉਹ ਵਧੀਆ ਅਥਲੀਟ, ਲੰਮੀ ਛਾਲ ਲਾਉਣ ਦੇ ਮਾਹਿਰ, ਕ੍ਰਿਕਟ ਅਤੇ ਫ਼ੁਟਬਾਲ ਖੇਡ ਦੇ ਵਧੀਆ ਖ਼ਿਡਾਰੀ ਸਨ । ਇਥੋਂ ਤੱਕ ਕਿ ਸਕੂਲ ਦੀ ਪੜ੍ਹਾਈ ਸਮੇਂ ਤਾਂ ਉਹ ਕ੍ਰਿਕਟ ਟੀਮ ਦੇ ਕਪਤਾਨ ਵੀ ਰਹੇ । ਡਿਪਲੋਮਾ ਕਰਨ ਸਮੇਂ ਉਹਨਾਂ ਫ਼ੁਟਬਾਲ ਖੇਡ ਦੇ ਚੰਗੇ ਖ਼ਿਡਾਰੀ ਵਜੋਂ ਜੌਹਰ ਦਿਖਾਏ ।

ਮਨੁੱਖੀ ਬੁਰਜਾਂ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ - ‘ਨਿੱਕੇ-ਵੱਡੇ ਬੁਰਜ’.......... ਪੁਸਤਕ ਚਰਚਾ / ਬਲਜਿੰਦਰ ਸੰਘਾ

ਕਿਤਾਬ ਦਾ ਨਾਮ –ਨਿੱਕੇ-ਵੱਡੇ ਬੁਰਜ
ਲੇਖਕ- ਪ੍ਰੋ.ਮਨਜੀਤ ਸਿੰਘ ਸਿੱਧੂ
ਪ੍ਰਕਾਸ਼ਕ – ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ
ਬੇਸ਼ਕ ਪ੍ਰੋ.ਮਨਜੀਤ ਸਿੰਘ ਸਿੱਧੂ ਆਪਣੇ ਆਪ ਨੂੰ ਕਦੇ ਵੀ ਲੇਖਕਾਂ ਦੀ ਸ੍ਰੇਣੀ ਵਿਚ ਖੜ੍ਹਾ ਨਹੀਂ ਕਰਦੇ ਤੇ ਪਿਛਲੇ ਇਕ ਦਹਾਕੇ ਮੈਂ ਇਹ ਹੀ ਸੁਣਦਾ ਆ ਰਿਹਾ ਹਾਂ। ਮੇਰੇ ਅਨੁਸਾਰ ਉਹ ਸਹੀ ਵੀ ਹਨ। ਜੇਕਰ ਉਹਨਾਂ ਦੇ ਜੀਵਨ ਦੇ ਤਕਰੀਬਨ ਪੌਣੀ ਸਦੀ ਦੇ ਨੇੜੇ-ਤੇੜੇ ਜੀਵਨ ਤੇ ਧਿਆਨ ਮਾਰੀਏ ਤਾਂ ਪਹਿਲੀ ਕਿਤਾਬ ‘ਵੰਨ ਸਵੰਨ’ ਦੂਸਰੀ ਕਿਤਾਬ ‘ਮੇਰੀ ਪੱਤਰਕਾਰੀ ਦੇ ਰੰਗ’ ਤੇ ਤੀਸਰੀ ‘ਨਿੱਕੇ ਵੱਡੇ ਬੁਰਜ’ ਉਹਨਾਂ ਦੇ ਪੌਣੀ ਸਦੀ ਦਾ ਸਫਰ ਤਹਿ ਕਰਨ ਤੋਂ ਤਕਰੀਬਨ 5 ਸਾਲ ਬਾਅਦ ਆਈਆਂ ਹਨ। ਕਿਉਂਕੇ ਉਹਨਾਂ ਦਾ ਜਨਮ 12 ਅਪ੍ਰੈਲ 1927 ਨੂੰ ਮੋਗਾ ਜਿ਼ਲੇ ਦੇ ਪਿੰਡ ਹਿੰਮਤਪੁਰਾ ਵਿਚ ਹੋਇਆ ਤੇ ਇਸ ਪੌਣੀ ਸਦੀ ਦੇ ਸਫਰ ਵਿਚ ਉਹਨਾਂ ਨੇ ਪਤਾਲ ਤੋ ਅਸਮਾਨ ਤੱਕ ਦੇ ਸਭ ਉਤਰਾ-ਚੜ੍ਹਾ ਹੰਢਾਏ ਤੇ ਦੇਖੇ, ਪਰ ਕਦੇ ਆਪਣੀ ਮੜਕ, ਬੜਕ ਤੇ ਰੜਕ ਨੂੰ ਅੱਖੋ ਪਰੋਖੇ ਨਹੀਂ ਕੀਤਾ, ਜੋ ਕਿਹਾ ਉਹ ਕੀਤਾ ਤੇ ਜੋ ਕੀਤਾ ਉਸਦਾ ਬਣਦਾ ਕ੍ਰੈਡਿਟ ਵੀ ਆਪਣੇ ਹਿੱਸੇ ਲਿਆ। ਇਹ ਮੈਂ ਤਾਂ ਲਿਖ ਰਿਹਾ ਹਾਂ ਕਿਉਕਿ ਜਦੋਂ ਮੈਂ ਉਹਨਾਂ ਬਾਰੇ ਅਧਿਐਨ ਕੀਤਾ ਤਾਂ ਇਹ ਤਸਵੀਰ ਮੇਰੇ ਜਿਹਨ ਵਿਚ ਆਪਣੇ ਆਪ ਉਤਰਦੀ ਚਲੀ ਗਈ। ਪਰ ਇਸ ਵਿਚ ਅਰਬਾਂ ਦੀ ਦੁਨੀਆਂ ਦੇ ਦੋ ਮਨੁੱਖ ਸ਼ਾਮਲ ਨਹੀਂ ਉਹ ਹਨ ਡਾ. ਮਹਿੰਦਰ ਸਿੰਘ ਹੱਲਣ ਅਤੇ ਜਸਵੰਤ ਸਿੰਘ ਗਿੱਲ ਜੋ ਪ੍ਰੋ. ਮਨਜੀਤ ਸਿੰਘ ਸਿੱਧੂ ਵਾਂਗ ਹੀ ਮਨੁੱਖ ਨਹੀਂ ਸੰਸਥਾਂ ਦੇ ਬਰਾਬਰ ਹਨ ਤੇ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕਨੇਡਾ ਦੇ ਸ਼ਹਿਰ ਕੈਲਗਰੀ ਦੀ ਹਰ ਸੰਸਥਾਂ ਦੇ ਬਾਨੀਆਂ ਵਿਚ ਸ਼ਾਮਿਲ ਹਨ ਤੇ ਇਕ ਦੂਸਰੇ ਦੇ ਹਰ ਕੰਮ ਵਿਚ ਪੂਰਕ ਹਨ । ਇਸੇ ਕਰਕੇ ਇਹ ਤਿੱਕੜੀ ਦੇ ਨਾਮ ਨਾਲ ਮਸ਼ੂਹੂਰ ਹਨ ਤੇ ਇਸ ਸ਼ਹਿਰ ਨਾਲ ਵਾਹ-ਵਾਸਤਾ ਰੱਖਣ ਵਾਲਾ ਹਰ ਪੰਜਬੀ ਹੀ ਨਹੀਂ ਬਲਕਿ ਹੋਰ ਲੋਕ ਵੀ ਇਸ ਬਾਰੇ ਭਲੀਭਾਂਤ ਜਾਣੂ ਹਨ। ਸਵ: ਇਕਬਾਲ ਅਰਪਨ ਜਿਸਨੇ 1999 ਵਿਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਭਵਨ ਉਸਾਰਿਆ ਇਹ ਇਸਦੇ ਮੁੱਖ ਪਿਲਰ ਹਨ। ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਜੀ ਨਾਲ ਜਦੋਂ ਇਹ ਤਿੰਨ ਸ਼ਖਸ਼ੀਅਤਾਂ ਪੰਜਾਬੀ ਲਿਖਾਰੀ ਸਭਾ ਕੈਲਗਰੀ,ਕੈਨੇਡਾ ਦੀ ਮਾਸਿਕ ਮਟਿੰਗ ਵਿਚ ਲੱਗਭੱਗ ਸਦੀ ਦੇ ਸਫਰ ਦੇ ਨੇੜੇ ਹੋਣ ਦੇ ਬਾਵਜ਼ੂਦ ਵੀ ਸੁਟਿਡ-ਬੂਟਿਡ ਹੋਕੇ ਆਉਦੀਆਂ ਹਨ ਤਾਂ ਭਾਈ ਵੀਰ ਸਿੰਘ ਦੀ ਕਵਿਤਾ ‘ਸਮਾਂ’ ਦਾ ਸਮਾਂ ਵੱਟਾ ਬੰਨ੍ਹੇ ਟੱਪਣਾ ਭੁੱਲਕੇ ਰੁਕਿਆ ਹੋਇਆ ਮਹਿਸੂਸ ਹੁੰਦਾ ਹੈ।

ਪਾਰਖੂ ਅੱਖ……… ਅਭੁੱਲ ਯਾਦਾਂ / ਦਰਸ਼ਨ ਸਿੰਘ ਪ੍ਰੀਤੀਮਾਨ

ਅੱਜ ਤੜਕੇ 4 ਵਜੇ ਦਾ ਬਲਦਾਂ ਨਾਲ ਨਰਮਾਂ ਸੀਲ ਰਿਹਾ ਸੀ। ਮੈਨੂੰ ਪੂਰੀ ਉਮੀਦ ਸੀ ਕਿ ਆਥਣ ਨੂੰ ਚਾਰੇ ਕਿਲਿਆਂ 'ਤੇ ਤਰਪਾਈ ਮਾਰ ਦੇਵਾਂਗਾਂ। ਬੈੜਕੇ ਨਾਲ ਬੁੱਢੇ ਬਲਦ ਦੀ ਤੋਰ ਵੀ ਤੇਜ਼ ਸੀ ਕਿਉਂਕਿ ਖੁਰਾਕ ਦੇ ਕਾਰਨ ਅਜੇ ਤਕੜਾ ਪਿਆ ਸੀ। ਮੈਂ ਵੀ ਜਵਾਨੀ 'ਚ ਸਾਂ। ਜਵਾਨੀ ਦਾ ਨਸ਼ਾ ਹੀ ਅਜਿਹਾ ਹੁੰਦਾ ਹੈ, ਜਿਸ ਪਾਸੇ ਵੱਲ ਦਿਲਚਸਪੀ ਹੋ ਜਾਵੇ, ਜਵਾਨ ਖੂਨ ਧੂੰਮਾਂ ਪਾ ਦਿੰਦਾ ਹੈ। ਮੇਰਾ ਧਿਆਨ ਹੁਣ ਖੇਤੀ 'ਚ ਲੱਗ ਚੁੱਕਿਆ ਸੀ। ਕੰਮ ਨੂੰ ਇਕੱਲਾ ਹੀ ਦੋ ਵਰਗਾ ਸੀ। ਨਰਮੇ ਦੀ ਡੁੱਸ ਵੇਖ ਕੇ ਹੋਰ ਵੀ ਨਸ਼ਾ ਚੜ੍ਹ ਜਾਂਦਾ  ਕਿ ਐਤਕੀ ਤਾਂ ਸੁਰਖਰੂ ਹੋ ਜਵਾਂਗੇ।

ਗਿਆਰਾਂ ਕੁ ਵਜੇ ਘਰੋਂ ਸੁਨੇਹਾ ਪਹੁੰਚ ਗਿਆ ਕਿ ਮਾਂ ਨੂੰ ਤੇਜ਼ ਬੁਖਾਰ ਹੋ ਗਿਆ ਹੈ। ਸ਼ਹਿਰ ਦੇ ਹਸਪਤਾਲ 'ਚ ਲੈ ਕੇ ਜਾਣੀ ਪਵੇਗੀ। ਮੈਂ ਗੁਆਂਢੀਆਂ ਦੇ ਮੁੰਡੇ ਦੇ ਮੂੰਹੋਂ ਐਨੀ ਗੱਲ ਸੁਣ ਕੇ ਜਾਣੀ ਪਵੇਗੀ। ਮੈਂ ਗੁਆਂਢੀਆਂ ਦੇ ਮੁੰਡੇ ਦੇ ਮੂੰਹੋਂ ਐਨੀ ਗੱਲ ਸੁਣ ਕੇ ਝੱਟ ਬਲਦਾਂ ਦੇ ਗਲੋਂ ਪੰਜਾਲੀ ਲਾਹ ਦਿੱਤੀ ਤੇ ਲਿਆ ਕੇ ਦੋਵੇਂ ਬਲਦ ਟਿਊਬਵੈੱਲ ਦੇ ਕੋਲ ਟਾਹਲੀ ਨਾਲ ਬੰਨ੍ਹ ਦਿੱਤੇ। ਗੱਡੀ 'ਚੋ ਚੁੱਕੇ ਕੱਖਾਂ ਵਾਲੀ ਪੱਲੀ ਬਲਦਾਂ ਦੇ ਅੱਗੇ ਖੋਲ੍ਹ ਦਿੱਤੇ। ਬਿਨ੍ਹਾਂ ਪੈਰ ਹੱਥ ਧੋਤੇ ਤੋਂ ਹੀ ਚਾਦਰਾ ਬੰਨਿਆ, ਜੋੜੇ ਪਾਏ ਅਤੇ ਮੁੱਕਾ (ਪਰਨਾ) ਸਿਰ ਤੇ ਲਪੇਟ ਕੇ ਨਾਲ ਦੇ ਗੁਆਂਢੀ ਨੂੰ ਕਿਹਾ ਕਿ ਸ਼ਾਮ ਨੂੰ ਹਰਾ ਵੱਢ ਗੱਡੀ ਜੋੜ ਲ਼ਿਆਵੀ, ਮੈਂ ਪਿੰਡ ਨੂੰ ਤੁਰ ਪਿਆ।

ਸਦਾ ਬਹਾਰ ਗੀਤਾਂ ਦਾ ਰਚਣਹਾਰਾ - ਨੰਦ ਲਾਲ ਨੂਰਪੁਰੀ.......... ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਨੰਦ ਲਾਲ ਨੂਰਪੁਰੀ ਦਾ ਜਨਮ ਜੂਨ 1906 ਨੂੰ, ਲਾਇਲਪੁਰ ਜ਼ਿਲੇ ਦੇ ਪਿੰਡ ਨੂਰਪੁਰ ਵਿੱਚ ਪਿਤਾ ਬਿਸ਼ਨ ਸਿੰਘ ਤੇ ਮਾਤਾ ਹੁਕਮਾਂ ਦੇਵੀ ਦੇ ਘਰ ਹੋਇਆ । ਖਾਲਸਾ ਹਾਈ ਸਕੂਲ ਤੋਂ ਦਸਵੀਂ ਕੀਤੀ ਅਤੇ ਲਾਇਲਪੁਰ ਖ਼ਾਲਸਾ ਕਾਲਜ ਦੀ ਪੜਾਈ ਵਿੱਚੇ ਛੱਡ ਕਾਵਿ ਮਹਿਫਲਾਂ ਨੂੰ ਅਪਣਾ ਲਿਆ ।  ਉਹ ਥਾਣੇਦਾਰ, ਅਧਿਆਪਕ ਅਤੇ ਏ. ਐਸ. ਆਈ. ਵੀ ਰਿਹਾ ਪਰ ਕੋਈ ਨੌਕਰੀ ਰਾਸ ਨਾ ਆਈ । ਸਮਿੱਤਰਾ ਦੇਵੀ ਨਾਲ ਉਸਦਾ ਵਿਆਹ ਹੋਇਆ, ਜਿਸ ਤੋਂ ਚਾਰ ਧੀਆਂ ਅਤੇ ਦੋ ਪੁੱਤਰਾਂ ਦਾ ਜਨਮ ਹੋਇਆ ।  ਸੰਨ 1940 ਵਿੱਚ ਉਹ ਬੀਕਾਨੇਰ ਤੋਂ ਪੰਜਾਬ ਆ ਗਿਆ । ਉਸਦੀ ਕਲਮ ਦੇ ਕਾਇਲ ਸ਼ੋਰੀ ਫ਼ਿਲਮ ਕੰਪਨੀ ਵਾਲਿਆਂ ਨੇ ਉਸ ਤੋਂ 1940 ਵਿੱਚ ‘ਮੰਗਤੀ’ ਫ਼ਿਲਮ ਲਈ ਸਾਰੇ ਗੀਤ ਲਿਖਵਾਏ, ਜਿਸ ਨਾਲ ਨੂਰਪੁਰੀ ਨੂੰ ਪੰਜਾਬ ਦਾ ਬੱਚਾ ਬੱਚਾ ਜਾਨਣ ਲੱਗਿਆ । ੳਸ ਨੇ ਆਪਣੀਆਂ ਬਹੁਤ ਹੀ ਕੋਮਲ ਭਾਵਨਾਵਾਂ ਨਾਲ ਪੰਜਾਬੀਆਂ ਅਤੇ ਪੰਜਾਬਣਾਂ ਨੂੰ ਦੇਸ਼ ਪਿਆਰ, ਕਿਰਤ ਅਤੇ ਪਿਆਰ ਦੀ ਤ੍ਰਿਮੂਰਤੀ ਵਜੋਂ ਪ੍ਰਗਟਾਇਆ।

ਭੰਗੜੇ ਦਾ ਸ਼ੌਕੀਨ-ਕੁਲਵਰਨ ਸਿੰਘ ‘ਸਿੱਕੀ’.......... ਸ਼ਬਦ ਚਿਤਰ / ਰਾਜੂ ਹਠੂਰੀਆ

ਬੇਗਾਨੇ ਮੁਲਕ ਵਿੱਚ ਪੈਰ ਜਮਾਉਣ ਤੇ ਪੈਸੈ ਕਮਾਉਣ ਲਈ ਹਰ ਇੱਕ ਨੂੰ ਬੜਾ ਸੰਘਰਸ਼ ਕਰਨਾ ਪੈਂਦਾ ਹੈ। ਇਸ ਸੰਘਰਸ਼ ਭਰੀ ਜਿ਼ੰਦਗੀ ‘ਚ ਜੇ ਸ਼ੌਂਕ ਵੀ ਪੁਗਾਉਣੇ ਹੋਣ ਤਾਂ ਕੋਈ ਪੰਜਾਬੀਆਂ ਕੋਲੋਂ ਸਿੱਖੇ। ਭੱਜ ਦੌੜ ਦੀ ਜਿ਼ੰਦਗੀ ਵਿੱਚੋਂ ਸਮਾਂ ਕੱਢ ਕੇ ਸੱਭਿਆਚਾਰਕ ਅਤੇ ਖੇਡ ਮੇਲੇ ਲਾਉਣਾ ਇਹ ਸਭ ਪੰਜਾਬੀਆਂ ਦੇ ਹਿੱਸੇ ਹੀ ਆਉਂਦਾ ਹੈ।  ਪੰਜਾਬੀ ਆਪਣੇ ਸੁਭਾਅ ਮੁਤਾਬਿਕ ਆਪਣੇ ਧਰਮ ਵਿਰਸਾਤ, ਆਪਣੀਆਂ ਖੇਡਾਂ, ਆਪਣੇ ਲੋਕ ਨਾਚ ਗਿੱਧਾ ਭੰਗੜਾ, ਆਪਣਾ ਗੀਤ ਸੰਗੀਤ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਵੀ ਨਾਲ ਲੈ ਕੇ ਚੱਲਦੇ ਹਨ। ਵਿਦੇਸ਼ਾਂ ਵਿੱਚ ਵੀ ਇਨ੍ਹਾਂ ਨੇ ਆਪਣੇ ਹਰ ਰੰਗ ਨਾਲ ਵਿਦੇਸ਼ੀ ਲੋਕਾਂ ਨੂੰ ਰੰਗਣ ਦੀ ਬੇਮਿਸਾਲ ਕੋਸਿ਼ਸ਼ ਕੀਤੀ ਹੈ। ਕੁਝ ਇਸੇ ਹੀ ਸੋਚ ਨੂੰ ਆਪਣੇ ਅੰਗ ਸੰਗ ਲੈ ਕੇ ਚੱਲ ਰਿਹਾ ਹੈ ਪੰਜਾਬੀ ਗੱਭਰੂ ਕੁਲਵਰਨ ਸਿੰਘ। ਪਰ ਸਟੇਜਾਂ ਅਤੇ ਆਪਣੇ ਯਾਰਾਂ ਦੋਸਤਾਂ ਵਿੱਚ  ਸਿੱਕੀ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਨੌਜਵਾਨ ਪਿਛਲੇ ਕੁਝ ਸਾਲਾਂ ਤੋਂ ਇਟਲੀ ‘ਚ ਰਹਿ ਰਿਹਾ ਹੈ। ਆਪਣੇ ਭਵਿੱਖ ਨੂੰ ਸੋਹਣਾ ਬਣਾਉਣ ਲਈ ਸਖ਼ਤ ਮਿਹਨਤ ਕਰਦਾ ਹੋਇਆ  ਸਮਾਂ ਕੱਢ ਕੇ ਆਪਣੇ  ਸ਼ੌਂਕ ਨੂੰ ਵੀ ਪੂਰਾ ਕਰਦਾ ਆ ਰਿਹਾ ਹੈ। ਸਿੱਕੀ  ਭੰਗੜੇ ਦਾ ਇੱਕ ਵਧੀਆ ਕਲਾਕਾਰ ਹੈ ਅਤੇ ਉਸਦੀ ਇਹ ਕਲਾ ਸਿੱਕੀ ਦੇ ਸਿਰ ਚੜ੍ਹ ਬੋਲਦੀ ਹੈ।

ਪੰਜਾਬ ਦਾ ਸ਼ੇਰ; ਰੁਸਤੁਮ-ਇ-ਜ਼ਮਾਂ “ਗਾਮਾ”.......... ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਕੁਸ਼ਤੀ ਜਾਂ ਘੋਲ ਇੱਕ ਪੁਰਾਤਨ ਖੇਡ ਹੈ । ਇਸ ਵਿੱਚ ਕਿਸੇ ਵਿਸ਼ੇਸ਼ ਖੇਡ ਮੈਦਾਨ ਜਾਂ ਕਿਸੇ ਖੇਡ ਸਾਧਨ ਦੀ ਲੋੜ ਨਹੀਂ ਸੀ ਪਿਆ ਕਰਦੀ। ਬੱਸ ਜਾਂਘੀਆ ਜਾਂ ਲੰਗੋਟ ਹੀ ਪਹਿਨਿਆ ਹੁੰਦਾ ਸੀ। ਰਾਜੇ ਆਪਣੇ ਦਰਬਾਰਾਂ ਵਿੱਚ ਭਲਵਾਨਾਂ ਨੂੰ ਬਹੁਤ ਚਾਅ ਨਾਲ ਰੱਖਿਆ ਕਰਦੇ ਸਨ। ਇੱਕ ਸਮਾਂ ਅਜਿਹਾ ਸੀ ਜਦ ਇਸ ਖੇਤਰ ਵਿੱਚ ਚਾਰ ਨਾਂਅ ਹੀ ਬਹੁਤ ਮਕਬੂਲ ਸਨ । ਜੌਰਜ ਹੈਕਿਨ ਸਕੈਮਿਡਟ, ਸਟੈਨਸਲੋਸ਼ ਜ਼ਬਿਸਕੋ, ਪਰੈਂਕ ਗੌਟਿਚ ਤੋਂ ਇਲਾਵਾ ਚੌਥਾ ਨਾਂਅ ਪੰਜਾਬ ਦੇ ਸ਼ੇਰ ਗੁਲਾਮ ਮੁਹੰਮਦ ਉਰਫ਼ ਗਾਮਾ ਦਾ ਗਿਣਿਆ ਜਾਂਦਾ ਸੀ। ਜਿੱਥੇ ਉਹ ਨਾਮਵਰ ਭਲਵਾਨ ਸੀ, ਉਥੇ ਉਸਦੀ ਪੂਰੀ ਜ਼ਿੰਦਗੀ ਅੱਗ ਉਤੇ ਤੁਰਨ ਵਰਗੀ ਸੀ। ਉਸਦਾ ਜਨਮ ਪੰਜਾਬ ਦੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 1878 ਨੂੰ ਜੰਮੂ ਕਸ਼ਮੀਰ ਤੋਂ ਹਿਜਰਤ ਕਰਕੇ ਆਏ ਅਜ਼ੀਜ਼ ਬਖ਼ਸ਼ ਦੇ ਪਰਿਵਾਰ ਵਿੱਚ ਹੋਇਆ। ਅਸਲ ਵਿੱਚ ਇਸ ਪਰਿਵਾਰ ਦਾ ਸਬੰਧ ਦਤੀਆ ਰਿਆਸਤ ਨਾਲ ਸੀ। ਪਰ ਜੰਮੂ ਰਿਆਸਤ ਦੇ ਰਾਜਾ ਗੁਲਾਬ ਚੰਦ ਦੇ ਸਤਾਉਣ ਸਦਕਾ ਇਹ ਪਰਿਵਾਰ ਪੰਜਾਬ ਵਿੱਚ ਆ ਵਸਿਆ ਸੀ।

ਅਮਰੀਕਾ ਦੀ ਫੇਰੀ ( ਭਾਗ 2 )........... ਸਫ਼ਰਨਾਮਾ / ਯੁੱਧਵੀਰ ਸਿੰਘ

ਮੈਲਬੌਰਨ ਤੋਂ  ਸਿਡਨੀ ਦੀ ਦੂਰੀ ਤਕਰੀਬਨ 710 ਕਿ.ਮੀ. ਹੈ ਜਹਾਜ਼ ਦੀ ਰਫਤਾਰ 650 ਕਿਲੋਮੀਟਰ ਪ੍ਰਤੀ ਘੰਟਾ ਸੀ । ਸਵਾ ਘੰਟੇ ਦਾ ਸਫਰ ਹੈ ਮੈਲਬੌਰਨ ਤੋਂ  ਸਿਡਨੀ ਦਾ । ਜਿ਼ਆਦਾ ਟਾਇਮ ਤਾਂ ਜਹਾਜ਼ ਨੂੰ ਚੜਾਉਣ, ਉਤਾਰਣ ਤੇ ਏਅਰਪੋਰਟ ਦੀ ਸੁਰੰਗ ਤੇ ਲੈ ਕੇ ਜਾਣ ਵਿਚ ਲੱਗ ਜਾਂਦਾ ਹੈ, ਹਵਾ ਵਿਚ ਤਾਂ ਟਾਇਮ ਬਹੁਤ ਜਲਦੀ ਲੰਘਦਾ ਹੈ । ਲੋਕਲ ਚੱਲਣ ਵਾਲੀ ਫਲਾਈਟ ਜਿਆਦਾ ਉਚੀ ਵੀ ਨਹੀ ਉਡਦੀ । ਇਹ ਤਜ਼ਰਬਾ ਮੈਂ ਉਡਦੇ ਜਹਾਜ਼ ਦੇ ਵਿਚ ਬਾਹਰ ਦੀ  ਫੋਟੋ ਖਿੱਚ ਕੇ ਉਸ ਨੂੰ ਫੇਸਬੁੱਕ ਤੇ ਚਾੜ੍ਹ ਕੇ ਕੀਤਾ । ਮੋਬਾਇਲ ਦਾ ਸਿਗਨਲ ਵੀ ਵੱਡੇ ਪਿੰਡਾਂ ਤੋਂ  ਟੱਪਦੇ ਸਮੇਂ ਕਾਫੀ ਸਹੀ ਹੋ ਜਾਂਦਾ ਸੀ । ਅੰਤਰਾਸ਼ਟਰੀ ਫਲਾਈਟ ਵਿਚ ਖਾਣ ਪੀਣ ਖੁੱਲਾ ਮਿਲਦਾ ਹੈ । ਬੀਅਰ, ਵਿਸਕੀ, ਜੂਸ, ਕੋਲਡ ਡਰਿੰਕ ਤੇ ਹਲਕੇ ਸਨੈਕਸ ਛੋਟੀ ਫਲਾਈਟ ਵਿਚ ਵੀ ਦਿੰਦੇ ਹਨ । ਜਹਾਜ਼ ਨਿਊ ਸਾਊਥ ਵੇਲਜ਼ ਪਹੁੰਚ ਗਿਆ ਸੀ । ਸਿਡਨੀ ਸ਼ਹਿਰ ਦੂਰ ਤੋਂ ਹੀ ਦਿਖਣ ਲੱਗ ਗਿਆ ਸੀ । ਸਿਡਨੀ ਦੇ ਮਸ਼ਹੂਰ ਉਪੇਰਾ ਥੀਏਟਰ ਦੇ ਵੀ ਜਹਾਜ਼ ਦੇ ਵਿਚੋਂ ਦਰਸ਼ਨ ਕਰ ਲਏ ਸੀ । ਜਹਾਜ਼ ਦੇ ਪਾਇਲਟ ਨੇ ਸਿਡਨੀ ਦੇ ਕਿੰਗ ਸਮਿੱਥ ਏਅਰਪੋਰਟ ਤੇ ਉਤਰਨ ਦੀ ਸੂਚਨਾ ਦਿੱਤੀ । ਨਾਲ ਹੀ ਦੱਸ ਦਿੱਤਾ ਕਿ ਜਿਸ ਨੇ ਲਾਸ ਏਂਜਲਸ ਜਾਂ ਸੈਨ ਫਰਾਂਸਿਸਕੋ ਜਾਣਾ ਹੈ, ਉਹਨਾਂ ਨੇ ਸਿਡਨੀ ਏਅਰਪੋਰਟ ਤੋਂ ਅਗਲਾ ਜਹਾਜ਼ ਕਿਵੇਂ ਫੜਨਾ ਹੈ । ਜਹਾਜ਼ ਮਿੱਥੇ ਸਮੇਂ ਤੋਂ 10 ਮਿੰਟ ਪਹਿਲਾਂ ਹੀ  ਸੁਰੰਗ ਨਾਲ ਲਿਆ ਕੇ ਲਗਾ ਦਿੱਤਾ ।  ਹੈਂਡਬੈਗ ਸੰਭਾਲ ਕੇ ਸੁਰੰਗ ਦੇ ਵਿਚੋਂ ਨਿਕਲੇ ਤਾਂ ਅੱਗੇ ਏਅਰਲਾਈਨਜ ਸਟਾਫ਼ ਨੇ ਦੱਸ ਦਿੱਤਾ ਕਿ ਲਾਸ ਏੇਂਜਲਸ ਜਾਣ ਵਾਲਾ ਜਹਾਜ਼, ਨਾਲ ਦੇ ਗੇਟ ਤੇ ਹੀ ਖੜਾ ਹੈ  ਤੇ 320 ਤੇ ਸਿਡਨੀ ਤੋਂ  ਚੱਲੇਗਾ । ਮੈਂ ਸੋਚਿਆ ਕਿ ਫਲਾਈਟ ਇਕ ਘੰਟੇ ਤੱਕ ਹੈ,  ਸੋ ਦੋ ਘੁੱਟ ਕੌਫੀ ਦੇ ਮਾਰਦੇ ਹਾਂ, ਨਾਲੇ ਸਿਡਨੀ ਏਅਰਪੋਰਟ ਦੇਖਦੇ ਹਾਂ । ਫਿਰ ਫੇਸਬੁੱਕ ਤੇ ਸਿਡਨੀ ਦਾ ਸਟੇਟਸ ਕਰ ਦਿੱਤਾ ਪਰ ਇਹ ਨਹੀਂ ਦੱਸਿਆ ਕਿ ਕਿੱਥੇ ਜਾ ਰਿਹਾ ਹਾਂ । ਇੱਥੇ ਹੋਰ ਕਾਫੀ ਲੋਕ ਐਲ ਏ ਦੀ ਫਲਾਈਟ ਲਈ ਪਹੁੰਚ ਰਹੇ ਸਨ ।

ਮਹਾਂਮੂਰਖ .......... ਅਭੁੱਲ ਯਾਦਾਂ / ਤਰਸੇਮ ਬਸ਼ਰ

ਬਾਬਾ ਜੋਰਾ ਦਾਸ - ਇੱਕ ਅਜਿਹੀ ਸ਼ਖਸ਼ੀਅਤ ਜਿਸਦਾ ਪ੍ਰਭਾਵ ਉਹਨਾਂ ਦੀ ਗੈਰਹਾਜ਼ਰੀ ਵਿੱਚ ਵੀ ਪਿੰਡ ਦੇ ਮਾਹੌਲ ਵਿੱਚ ਕਬੂਲਿਆ ਜਾਂਦਾ । ਮੈਂ ਆਪਣੇ ਬਚਪਨ ਦੇ ਦਿਨਾਂ ਦੀ ਗੱਲ ਕਰ ਰਿਹਾ ਹਾਂ । ਪਿੰਡ ਦਾ ਮੰਦਰ ਇੱਕ ਤਰ੍ਹਾਂ ਦਾ ਕਮਿਊਨਟੀ ਸੈਂਟਰ ਹੁੰਦਾ ਸੀ, ਜਿੱਥੇ ਪੂਰਾ ਦਿਨ ਪਿੰਡ ਦੇ ਬਜੁਰਗ, ਨੌਜੁਆਨ ਬੈਠਦੇ, ਗੱਲਾਂ ਕਰਦੇ ਤੇ ਚਾਹ ਪਾਣੀ ਵੀ ਚਲਦਾ ਰਹਿੰਦਾ । ਸਾਡੇ ਵਰਗੇ ਸ਼ਰਾਰਤਾਂ ਕਰਦੇ ਰਹਿੰਦੇ । ਇਸੇ ਮੰਦਰ ਤੇ ਹੀ ਬਾਬਾ ਜੋਰਾ ਦਾਸ ਸਾਲ ਛਿਮਾਹੀ ਆਉਂਦੇ । ਹਰ ਵਰ੍ਹੇ ਮੰਦਰ ‘ਤੇ ਲੱਗਣ ਵਾਲੇ ਮੇਲੇ ‘ਤੇ ਤਾਂ ਉਹ ਮੁੱਖ ਮਹਿਮਾਨ ਹੀ ਹੁੰਦੇ । ਜਦੋਂ ਬਾਬਾ ਜੋਰਾ ਦਾਸ ਪਿੰਡ ਦੇ ਮੰਦਰ ਤੇ ਆਉਂਦੇ ਤੇ ਕੁਛ ਦਿਨ ਰਹਿੰਦੇ ਤਾਂ ਰੌਣਕਾਂ ਲੱਗ ਜਾਂਦੀਆਂ । ਜੋ ਦੇਰ ਰਾਤ ਤੱਕ ਚੱਲਦੀਆਂ । ਅਸੀਂ ਤਾਂ ਲਗਭੱਗ ਬੱਚੇ ਹੀ ਸਾਂ ਪਰ ਪਿੰਡ ਦੇ ਸਿਰ ਕੱਢ ਨੌਜੁਆਨ ਬਾਬਾ ਜੋਰਾ ਦਾਸ ਦੇ ਰੰਗ ਵਿੱਚ ਰੰਗੇ ਹੋਏ ਸਨ । ਨੇੜੇ ਤੇੜੇ ਦੇ ਪਿੰਡਾਂ ਦੇ ਨੌਜੁਆਨ ਵੀ ਸ਼ਾਮ ਨੂੰ ਆ ਜਾਂਦੇ ਤੇ ਫਿਰ ਵਾਜੇ ਢੋਲਕੀਆਂ ਨਾਲ ਸੰਗਤ ਸੱਜਦੀ ਤੇ ਬਾਬਾ ਜੋਰਾਦਾਸ ਦੇ ਲਿਖੇ ਭਜਨਾਂ ਦਾ ਦੌਰ ਚਲਦਾ । ਇਸਨੂੰ ਮੇਰੇ ਦਾਦਾ ਜੀ ਉਹਨਾਂ ਦਿਨਾਂ ਵਿੱਚ ਕੰਨ ਰਸ ਕਹਿ ਕੇ ਭੰਡਦੇ । ਮੇਰੇ ਤੇ ਵੀ ਉਹਨਾਂ ਦਾ ਅਸਰ ਸੀ । ਸ਼ਾਇਦ ਇਸੇ ਕਰਕੇ ਹੀ ਮੈਂ ਬਾਬਾ ਜੋਰਾ ਦਾਸ ਦੇ ਅਧਿਆਤਮਿਕ ਪ੍ਰਭਾਵ ਨੂੰ  ਨਾ ਕਬੂਲ ਸਕਿਆ ਪਰ ਪਿੰਡ ਦੇ ਮਾਹੌਲ ਵਿੱਚ ਵਸੀ ਉਹਨਾਂ ਦੀ ਸ਼ਖਸ਼ੀਅਤ ਦੀ ਖੁਸ਼ਬੋ ਤੋਂ ਕਿਵੇਂ ਅਲੱਗ ਹੋ ਸਕਦਾ ਸੀ । ਉਹਨਾਂ ਦਾ ਮੁੱਖ ਡੇਰਾ ਜਗਰਾਓ ਦੇ ਨੇੜੇ ਕਿਸੇ ਪਿੰਡ ਵਿਚ ਸੀ । ਜੇਕਰ ਉਹ ਸਾਡੇ ਪਿੰਡ ਨਾ ਆਉਂਦੇ ਤਾਂ ਸਾਡੇ ਪਿੰਡ ਦੇ ਮੁੰਡੇ ਉਥੇ ਚਲੇ ਜਾਂਦੇ । ਪਿੰਡ ਵਾਸੀਆਂ ਲਈ ਉਹ ਪਿੰਡ ਦੇ ‘ਮਹਾਤਮਾ‘ ਸਨ ।

ਨਹੀਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ - ਡਾ. ਦਰਸ਼ਨ ਸਿੰਘ ਬੈਂਸ ………… ਸ਼ਰਧਾਂਜਲੀ / ਦਰਸ਼ਨ ਸਿੰਘ ਪ੍ਰੀਤੀਮਾਨ


20 ਮਈ 2012 ਦਾ ਦਿਨ ਸੀ। ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਾਈਕਲ ਚੁੱਕਿਆ ਤੇ ਬੱਸ ਸਟੈਂਡ ਤੇ ਪਹੁੰਚ ਗਿਆ। ਸਾਈਕਲ ਦਾ ਸਟੈਂਡ ਲਾਇਆ ਤੇ ਅਖਬਾਰਾਂ ਵਾਲੇ ਤੋਂ ਐਤਵਾਰ ਹੋਣ ਕਰਕੇ ਪੰਜਾਬੀ ਦੇ ਸਾਰੇ ਹੀ ਅਖਬਾਰ ਖਰੀਦ ਲਏ। ਐਤਵਾਰ ਨੂੰ ਮੈਗਜ਼ੀਨ ਹੋਣ ਕਰਕੇ ਮੈਂ ਪੰਜਾਬੀ ਦੇ ਸਾਰੇ ਹੀ ਅਖਬਾਰ ਪੜ੍ਹਦਾ ਹਾਂ। ਮੈਂ ਅਖਬਾਰਾਂ ਵਾਲੇ ਨੂੰ ਪੈਸੇ ਦਿੱਤੇ ਤੇ ਅਖਬਾਰ ਸਾਈਕਲ ਦੀ ਟੋਕਰੀ 'ਚ ਰੱਖ ਪਿੰਡ ਨੂੰ ਸਾਈਕਲ ਤੇ ਚੜ੍ਹ ਗਿਆ।

ਘਰ ਆ ਕੇ ਵਾਰੋ ਵਾਰੀ ਅਖਬਾਰ ਵੇਖ ਰਿਹਾ ਸੀ। ਜਦ ਇੱਕ ਪੰਨੇ ਤੇ 'ਅਜੀਤ ਵੀਕਲੀ ਦੇ ਸੰਪਾਦਕ ਦਰਸ਼ਨ ਸਿੰਘ ਬੈਂਸ ਨਹੀਂ ਰਹੇ, ਪੜ੍ਹਿਆ ਤਾਂ ਮਨ ਇੱਕ ਦਮ ਉਦਾਸ ਹੋ ਗਿਆ। ਜੁੱਸੇ ਨੂੰ ਕੰਬਨੀ ਜਿਹੀ ਚੜ੍ਹ ਗਈ। ਅੱਖੀਆਂ 'ਚੋਂ ਹੰਝੂਆਂ ਦਾ ਦਰਿਆ ਹੀ ਚੱਲ ਪਿਆ। ਕਿਉਂਕਿ ਫਰਵਰੀ 2012 ਦੇ ਅਖੀਰ 'ਚ ਹੀ ਉਨ੍ਹਾਂ ਨੇ ਤਾਂ ਮੇਰੀ ਜ਼ਿੰਦਗੀ ਨੂੰ ਬਦਲਣ ਦਾ ਮੈਨੂੰ ਐਡਾ ਵੱਡਾ ਹੌਸ਼ਲਾ ਦਿੱਤਾ ਸੀ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੇਰੇ ਮੁਤਾਬਿਕ ਤਾਂ ਜਿਵੇਂ ਖੁਦਾ ਹੀ ਧਰਤੀ ਤੇ ਉਤਰ ਆਇਆ ਹੋਵੇ ਜਿਸ ਦਾ ਮੈਂ ਅੱਗੇ ਜਾ ਕੇ ਵਰਨਣ ਕੀਤਾ ਹੈ।

ਪੰਜਾਬੀ ਗ਼ਜ਼ਲ ਦਾ ਛੁਪਿਆ ਰੁਸਤਮ - ਸ਼ਮਸ਼ੇਰ ਸਿੰਘ ਸੰਧੂ.......... ਸ਼ਬਦ ਚਿਤਰ / ਸੁਲੱਖਣ ਸਰਹੱਦੀ

ਉਸ ਨੇ 65 ਸਾਲ ਦੀ ਉਮਰ ਵਿੱਚ ਗ਼ਜ਼ਲ ਲਿਖਣੀ ਸਿੱਖੀ ਤੇ ਗ਼ਜ਼ਲ ਲਿਖਣੀ ਅਰੰਭੀ ਅਤੇ 8 ਕੁ ਸਾਲ ਦੀ ਗ਼ਜ਼ਲ ਸਿਰਜਣ ਯਾਤਰਾ ਵਿੱਚ 500 ਤੋਂ ਵਾਧ ਗ਼ਜ਼ਲਾਂ ਲਿਖੀਆਂ ਹਨ।
੧- ਗਾ ਜ਼ਿੰਦਗੀ ਦੇ ਗੀਤ ਤੂੰ’ (ਗ਼ਜ਼ਲ ਸੰਗ੍ਰਹਿ) 2003 ਵਿੱਚ,
੨- ਜੋਤ ਸਾਹਸ ਦੀ ਜਗਾ’ (ਕਾਵਿ ਸੰਗ੍ਰਹਿ) 2005 ਵਿੱਚ,
੩- ਬਣ ਸ਼ੁਆ ਤੂੰ’ (ਗ਼ਜ਼ਲ ਸੰਗ੍ਰਹਿ) 2006 ਵਿੱਚ,
੪- ਰੌਸ਼ਨੀ ਦੀ ਭਾਲ’ (ਗ਼ਜ਼ਲ ਸੰਗ੍ਰਹਿ) 2007 ਵਿੱਚ,
੫- ਸੁਲਗਦੀ ਲੀਕ’ (ਗ਼ਜ਼ਲ ਸੰਗ੍ਰਹਿ) 2008 ਵਿੱਚ ਅਤੇ
੬- ਗੀਤ ਤੋਂ ਸੁਲਗਦੀ ਲੀਕ ਤਕ’ (ਗ਼ਜ਼ਲ ਸੰਗ੍ਰਹਿ) 2009 (ਲੋਕ ਗੀਤ ਪ੍ਰਕਾਸ਼ਨ)
     ਇਸ ਵਿਚ ਪਹਿਲੇ ਪੰਜਾਂ ਸੰਗ੍ਰਹਿਆਂ ਦੀਆਂ 423 ਗ਼ਜ਼ਲਾਂ ਸ਼ਾਮਲ ਹਨ।
੭- ਢਲ ਰਹੇ ਐ ਸੂਰਜਾ’ (ਗ਼ਜ਼ਲ ਸੰਗ੍ਰਹਿ) 2011 ਵਿੱਚ ਛਪਿਆ।
ਪ੍ਰੋ. ਸੰਧੂ ਜਦ ਗੌਰਮਿੰਟ ਕਾਲਜ ਲੁਧਿਆਣਾ ਤੋਂ ਐਮ. ਏ. ਕਰ ਰਿਹਾ ਸੀ ਤਦ ਉਹ ਕਾਲਜ ਮੈਗਜ਼ੀਨ ਸਤਲੁਜਦਾ 1956-57 ਵਿੱਚ ਸੰਪਾਦਕ ਸੀ ਅਤੇ ਫੇਰ ਮਾਲਵਾ ਟ੍ਰੇਨਿੰਗ ਕਾਲਜ ਲੁਧਿਆਣਾ ਵਿਖੇ ਬੀ. ਟੀ. ਕਰਦਿਆਂ ਵੀ 57-58 ਵਿੱਚ ਉਸ ਨੇ ਆਪਣੇ ਕਾਲਜ ਮੈਗਜ਼ੀਨ ਮਾਲਵਾਦੀ ਸੰਪਾਦਨਾ ਕੀਤੀ ਸੀ। ਇਹ ਉਸ ਦੇ ਸਿਦਕ, ਸਿਰੜ ਅਤੇ ਹੌਸਲੇ ਦਾ ਹੀ ਚਮਤਕਾਰ ਹੈ ਕਿ ਪੰਜਾਬ ਤੋਂ ਦੂਰ ਰਹਿੰਦਿਆਂ ਵੀ ਉਸ ਨੇ ਗ਼ਜ਼ਲ ਵਿੱਚ ਸ਼ਾਨਦਾਰ ਮੁਕਾਮ ਹਾਸਲ ਕੀਤਾ ਹੈ। ਸ਼ਮਸ਼ੇਰ ਸਿੰਘ ਸੰਧੂ ਦਾ ਨਾਂ ਹੁਣ ਪੰਜਾਬੀ ਦੇ ਉੱਘੇ ਗ਼ਜ਼ਲਕਾਰਾਂ ਦੀ ਲਿਸਟ ਵਿੱਚ ਹੈ। ਪੰਜਾਬੀ ਗ਼ਜ਼ਲ ਵਿੱਚ ਹੁਣ ਸਾਰਥਕ ਸੇਧ ਵਾਲੀ ਨਿਤ ਨਵੀਨ ਪ੍ਰਤੀਭਾ ਸ਼ਾਮਲ ਹੋ ਰਹੀ ਹੈ।

ਇਨ ਹੀ ਕੀ ਕਿਰਪਾ ਸੇਏ.......... ਸਵੈ-ਕਥਨ / ਲਾਲ ਸਿੰਘ ਦਸੂਹਾ

ਆਪਣੇ ਬਾਰੇ ਲਿਖਣਾ ਇਕ ਤਰ੍ਹਾਂ ਨਾਲ ਤਿੱਖੀ ਧਾਰ ‘ਤੇ ਤੁਰਨ ਵਰਗਾ ਲੱਗਦਾ । ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਇਉਂ ਕਰਦਿਆਂ ‘ਮੈਂ-ਮੈਂ” ਦੀ ਮੁਹਾਰਨੀ ਬਹੁਤੀ ਹੀ ਪੜ੍ਹਨੀ ਪੈਂਦੀ ਐ । ਉਂਝ ‘ ਮੈਂ “ ਪਾਤਰ ਰਾਹੀਂ ਹੋਈ ਸਮੁੱਚੀ ਅਭਿਵਿਅਕਤੀ ਬਾਰੇ ਟਾਕਰਵੀਆਂ ਰਾਵਾਂ ਹਨ । ਸਾਡੀ ਬੋਲੀ ਦੀ ਬਹੁ-ਗਿਣਤੀ ਕਹਾਣੀ, ਅਤੇ ਗ਼ਜਲ ਨੂੰ ਛੱਡ ਕੇ ਕਰੀਬ ਕਰੀਬ ਸਾਰੀ ਕਵਿਤਾ ਮੈਂ ਪਾਤਰ ਵਿੱਚ ਅੰਕਤ ਹੋਈ ਲੱਭਦੀ ਹੈ । ਸ਼ਾਇਦ ਇਸ ਲਈ ਸੁਰਜੀਤ ਪਾਤਰ ਦੇ ਕੱਦ-ਕਾਠ ਦਾ ਸ਼ਾਇਰ ਵੀ ਇਸ ਵੰਨਗੀ ਨਾਲ ਸਹਿਮਤੀ ਪ੍ਰਗਟਾਉਂਦਾ ਹੈ , ਭਾਵੇਂ ਦੱਬੀ ਸੁਰ ਵਿੱਚ ਹੀ । ਉਸ ਅਨੁਸਾਰ ‘ ਮੈਂ “ ਹਮੇਸ਼ਾਂ ਲੇਖਕ ਦੀ ਨਹੀਂ ਹੁੰਦੀ । ਕਦੀ ਇਹ ਆਪਣੇ ਦੇਸ਼ , ਕਦੇ ਧਰਮ ਦੀ , ਕਦੇ ਵਰਗ ਦੀ ਤੇ ਕਦੀ ਮਾਨਵਤਾ ਦੀ ਮੈਂ ਹੁੰਦੀ ਹੈ ।
ਇਸ ਦੇ ਵਿਪਰੀਤ ਦੂਸਰੀ ਧਿਰ ਦੀ ਧਾਰਨਾ ਹੈ ਕਿ ਮੈਂ ਸ਼ਬਦ ਦਾ ਨਿਰੰਤਰ ਦੁਹਰਾਇਆ ਜਾਣਾ ਕਿਸੇ ਵੀ ਤਰ੍ਹਾਂ ਕਲਾਤਮਕ ਵਿਅਕਤੀਤਵ ਦਾ ਚਿੰਨ੍ਹ ਨਹੀਂ । ਇਹਨ੍ਹਾਂ ਦੋਨਾਂ ਧਾਰਨਾਵਾਂ ਦੇ ਗੁਣ-ਅਵਗੁਣ ਵੀ ਹੋਣਗੇ ਤੇ ਸੀਮਾਵਾਂ –ਸਮਰੱਥਾਵਾਂ ਵੀ । ਹੱਥਲੀ ਲਿਖਤ ਇਸ ਬਹਿਸ ਦਾ ਵਿਸ਼ਾ ਨਹੀਂ । ਤਾਂ ਵੀ ਥੋੜ੍ਹੀ ਕੁ ਜਿੰਨੀ ਸ਼ੰਕਾ-ਨਵਿਰਤੀ ਲਈ ਇਹ ਜ਼ਰੂਰ ਪੁੱਛਿਆ ਜਾ ਸਕਦਾ ਹੈ ਕਿ ਕੀ ਅਧਿਆਤਮ ਦੀਆਂ ਸੁਰਾਂ-ਤਰਜ਼ਾਂ ਦੇ ਨਾਲ ਵਿਵਹਾਰਕ , ਸਮਾਜਕ, ਰਾਜਨੀਤਕ ਸੁਨੇਹਾ ਦਿੰਦਾ ਭਗਵਤ ਗੀਤਾ-ਗ੍ਰੰਥ ਅੰਦਰਲਾ ਮੈਂ ਪਾਤਰ , ਆਪਣੀ ਉਦੇਸ਼-ਪੂਰਤੀ ਵਿੱਚ ਵੱਧ ਕਾਰਗਰ ਜਾਪਦਾ ਹੈ ਜਾਂ ਗੁਰਬਾਣੀ ਰਾਹੀਂ ਕੁਦਰਤ ਦੇ ਅਦਭੁਤ ਪਾਸਾਰ ਸਮੇਤ ਮਨੁੱਖ ਦੀ ਰੂਹ-ਜਾਨ ਤਕ ਪੁੱਜਣ ਵਾਲਾ ਅਨਯ-ਪੁਰਖ ਰਾਹੀਂ ਪ੍ਰਸਾਰਤ-ਪ੍ਰਕਾਸ਼ਤ ਹੋਇਆ ਗੁਰ-ਉਪਦੇਸ਼ ?

ਢੋਲ ਦਾ ਸੁਲਤਾਨ ਮੁਹੰਮਦ ਸੁਲਤਾਨ ਢਿਲੋਂ……… ਸ਼ਬਦ ਚਿਤਰ / ਖੁਸ਼ਪ੍ਰੀਤ ਸਿੰਘ ਸੁਨਾਮ

ਸੰਗੀਤ ਮਨੁੱਖ ਦੀ ਰੂਹ ਦੀ ਖੁਰਾਕ ਹੈ। ਚੰਗਾ ਸੰਗੀਤ ਜਿੱਥੇ ਕੰਨਾਂ ਨੂੰ ਸੁਨਣ ਨੂੰ ਚੰਗਾ ਲਗਦਾ ਹੈ, ਉਥੇ ਹੀ ਸਾਡੀ ਰੂਹ ਨੂੰ ਵੀ ਤਾਜ਼ਗੀ ਬਖਸ਼ਦਾ ਹੈ। ਖਾਸ ਤੌਰ ‘ਤੇ ਜੇ ਇਹ ਸੰਗੀਤ ਲੋਕ ਸਾਜ਼ਾਂ ਤੇ ਅਧਾਰਤ ਹੋਵੇ ਤਾਂ ਹੋਰ ਵੀ ਸੋਨੇ ਤੇ  ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਪਰੰਤੂ ਅਫਸੋਸ ਕਿ ਅਜੋਕਾ ਸੰਗੀਤ ਪੱਛਮੀ ਸਾਜ਼ਾਂ ਦੇ ਪ੍ਰਭਾਵ ਹੇਠ ਸ਼ੋਰੀਲਾ ਅਤੇ ਕੰਨ ਪਾੜਵਾਂ ਹੋ ਗਿਆ ਹੈ। ਜਿਸ ਦੇ ਫਲ਼ਸਰੂਪ ਸੰਗੀਤ ਵਿਚਲਾ ਸੁਹਜ ਖਤਮ ਹੁੰਦਾ ਜਾ ਰਿਹਾ ਹੈ। ਸੰਗੀਤ ਰੂਹ ਦੀ ਖੁਰਾਕ ਨਾ ਹੋ ਕੇ ਰੂਹ ਦਾ ਜੰਜਾਲ ਬਣਦਾ ਜਾ ਰਿਹਾ ਹੈ, ਪਰੰਤੂ ਸੰਤੋਖ ਦੀ ਗੱਲ ਹੈ ਕਿ ਅਜੇ ਵੀ ਕੁਝ ਇਨਸਾਨ ਅਜਿਹੇ ਹਨ, ਜੋ ਪੁਰਾਤਨ ਲੋਕ ਸਾਜ਼ਾਂ ਦੇ ਜਨੂੰਨ ਦੀ ਹੱਦ ਤੱਕ ਸ਼ੁਦਾਈ ਹਨ। ਇਨ੍ਹਾਂ ਵਿੱਚੋ ਹੀ ਇੱਕ ਸਖਸ਼ ਹੈ ਮੁਹੰਮਦ ਸੁਲਤਾਨ ਢਿਲੋਂ। ਜਿਸਨੇ ਪ੍ਰਸਿੱਧ ਰਵਾਇਤੀ ਲੋਕ ਸਾਜ ਢੋਲ ਵਜਾਉਣ ਵਿੱਚ ਨਾ ਸਿਰਫ ਮੁਹਾਰਤ ਹਾਸਲ ਕੀਤੀ ਸਗੋਂ ਇਸਦੀ ਖੁਸ਼ਬੂ ਨੂੰ ਦੂਰ-ਦੂਰ ਤੱਕ ਖਲੇਰਿਆ ਹੈ।

ਅਮਰੀਕਾ ਦੀ ਫੇਰੀ ( ਭਾਗ 1 )........... ਸਫ਼ਰਨਾਮਾ / ਯੁੱਧਵੀਰ ਸਿੰਘ

ਇਨਸਾਨ ਦੀ ਫਿਤਰਤ ਦੇ ਵਿਚ ਕਿੰਨੇ ਰੰਗ ਹਨ ਇਹ ਕੋਈ ਵੀ ਸਹੀ ਨਹੀ ਜਾਣਦਾ, ਨਵੀਂਆਂ ਚੀਜ਼ਾਂ ਵੇਖਣ ਦੀ ਲਾਲਸਾ ਇਨਸਾਨ ਦੇ ਮਨ ਵਿਚ ਹਮੇਸ਼ਾ ਜਾਗਦੀ ਰਹਿੰਦੀ ਹੈ । ਅਕਾਲਪੁਰਖ ਨੇ ਐਸੀ ਦੁਨੀਆਂ ਸਾਜ ਦਿੱਤੀ ਕਿ ਜਿੰਨਾ ਮਰਜ਼ੀ ਦੇਖੀ ਜਾਓ, ਕਦੇ ਵੀ ਆਕਰਸ਼ਣ ਖਤਮ ਨਹੀਂ ਹੋਵੇਗਾ ਦੁਨੀਆਂ ਦੇ ਵਿਚ । ਪਰ ਦੁਨੀਆਂ ਦੇ ਰੰਗ ਵੇਖਣ ਲਈ ਤੁਹਾਨੂੰ ਆਪਣੇ ਕੰਮ ਕਾਜ ਤੋਂ ਕੁਝ ਦਿਨਾਂ ਦੀ ਛੁੱਟੀ ਲੈਣੀ ਪਵੇਗੀ ਤਾਂ ਕਿ ਇਸ ਦੁਨੀਆਂ ਦੇ ਕੁਝ ਹਿੱਸੇ ਦੇ ਪ੍ਰਤੱਖ ਦਰਸ਼ਨ ਕੀਤੇ ਜਾਣ । ਇੰਟਰਨੈੱਟ ਦੀ ਨਿਵੇਕਲੀ ਦੁਨੀਆਂ ਜਿਸ ਵਿਚ ਫੇਸਬੁੱਕ, ਸਕਾਈਪ, ਗੂਗਲ ਆਦਿ ਆਉਂਦਾ ਹੈ, ਨੇ ਦੁਨੀਆਂ ਨੂੰ ਵਾਕਿਆ ਹੀ ਬਹੁਤ ਛੋਟਾ ਕਰ ਦਿੱਤਾ ਹੈ । ਫੋਨ ਤੇ ਗੱਲ ਨਾਂ ਵੀ ਹੋਵੇ ਤਾਂ ਫੇਸਬੁੱਕ ਤੇ ਮੈਸਜ ਕਰ ਕੇ ਹਾਲ ਚਾਲ ਪੁੱਛ ਲਈਦਾ ਹੈ ਇਸ ਨਾਲ ਹਾਜ਼ਰੀ ਲੱਗ ਜਾਂਦੀ ਹੈ । ਕੁਝ ਐਸੇ ਹੀ ਵਿਚਾਰ ਮੇਰੇ ਮਨ ਵਿਚ ਕਾਫੀ ਮਹੀਨਿਆਂ ਤੋਂ ਉੱਠ ਰਹੇ ਸੀ ਕਿ ਆਸਟ੍ਰੇਲੀਆ ਤੋਂ ਬਾਹਰ ਜਾ ਕੇ ਕੁਝ ਨਵਾਂ ਵੇਖਿਆ ਜਾਵੇ । ਮੇਰੇ ਕਾਫੀ ਦੋਸਤ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਜਾ ਕੇ ਕੰਮ ਧੰਧਿਆਂ ਵਿਚ ਜ਼ੋਰ ਅਜ਼ਮਾਈ ਕਰ ਰਹੇ ਹਨ । ਇਸੇ ਤਰਾਂ ਹੀ ਦੇਹਰਾਦੂਨ ਤੋਂ  ਮੇਰਾ ਇਕ ਖਾਸ ਦੋਸਤ ਪਰਾਂਜਲ ਮਹੰਤ, ਜਿਸ ਦਾ ਕਿ ਪਿਆਰ ਜਾਂ ਧੱਕੇ ਨਾਲ ਅਸੀਂ ਨਾਮ ਡੀ.ਡੀ. (ਦੇਹਰਾਦੂਨ) ਰੱਖਿਆ, ਉਹ ਅਮਰੀਕਾ ਦੇ ਰਾਜ ਫਲੌਰਿਡਾ ਦੇ ਸ਼ਹਿਰ ਓਰਲੈਂਡੌਂ

ਜਥੇਦਾਰ ਜੈਕਾਰਾ ਸਿੰਘ ਮਾਰਗ……… ਸ਼ਬਦ ਚਿਤਰ / ਤਰਲੋਚਨ ਸਿੰਘ ਦੁਪਾਲਪੁਰ

ਜਿਹੜੇ ਵਿਅਕਤੀ ਕੱਦ.ਕਾਠ ਵਿੱਚ ਔਸਤਨ ਲੰਬਾਈ ਨਾਲ਼ੋਂ ਕੁਝ ਵਧੇਰੇ ਹੀ ਲੰਮੇਂ ਹੋਣ, ਉਨ੍ਹਾਂ ਲਈ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਦੀ ਅੱਧੀ ਸਮੱਸਿਆ ਰੱਬੋਂ ਹੀ ਹੱਲ ਹੋ ਗਈਉ ਹੁੰਦੀ ਹੈ। ਵਿਆਹ ਸ਼ਾਦੀਆਂ ਮੌਕੇ ਜਾਂ ਆਮ ਸਮਾਜਿਕ ਇਕੱਠਾਂ ਵਿੱਚ, ਬਿਨਾਂ ਕਿਸੇ ਨੂੰ ਪੁਛਿਆਂ ਦੱਸਿਆਂ, ਉਨ੍ਹਾਂ ਦੀ ਹਾਜ਼ਰੀ ਦਾ ਖੁਦ–ਬ-ਖੁਦ ਸਭ ਨੂੰ ਪਤਾ ਲੱਗ ਜਾਂਦਾ ਹੈ। ਖਾਸ ਕਰਕੇ ਅਜਿਹੇ ਸਮਾਗਮਾਂ ਵਿੱਚ ਫੋਟੋ ਖਿਚਾਉਣ ਵੇਲ਼ੇ ਲੰਮ-ਸਲੰਮਿਆਂ ਨੂੰ ਕੋਈ ਔਕੜ ਨਹੀਂ ਆਉਂਦੀ। ਉਹ ਜਿੱਥੇ ਮਰਜ਼ੀ ਖੜ੍ਹੇ ਰਹਿਣ, ਕੈਮਰੇ ਦੀ ਰੇਂਜ ਵਿੱਚ ਹੀ ਰਹਿਣਗੇ। ਅਜਿਹੇ ਰੱਬੀ ਤੋਹਫੇ ਨਾਲ਼ ਮਾਲਾ-ਮਾਲ ਸੀ ਸਾਡੇ ਇਲਾਕੇ ਦਾ ਸਿਰਕੱਢ ਅਕਾਲੀ ਜਥੇਦਾਰ ਜੈਕਾਰਾ ਸਿੰਘ, ਜੋ ਖਜੂਰ ਜਿੱਡੇ ਲੰਮੇਂ ਕੱਦ ਦਾ ਮਾਲਕ ਸੀ।

ਖੂਨੀ ਹਿਜਰਤ (ਸੰਨ '47) - ਜਦੋਂ 'ਬਾਰ 'ਚ (ਬੇਲੇ) ਲਾਸ਼ਾਂ ਬਿਛੀਆਂ........ ਅਭੁੱਲ ਯਾਦਾਂ / ਹਰਦੀਪ ਕੌਰ ਸੰਧੂ (ਡਾ.) (ਬਰਨਾਲ਼ਾ), ਸਿਡਨੀ-ਆਸਟ੍ਰੇਲੀਆ

ਅੱਜ ਵੀ ਕਦੇ ਨਾ ਕਦੇ ਮੇਰੇ ਚੇਤਿਆਂ 'ਚ ਵਸਦੀ ਮੇਰੀ ਪੜਨਾਨੀ (ਜਿਸਨੂੰ ਮੈਂ ਨਾਨੀ ਕਹਿ ਕੇ ਬੁਲਾਉਂਦੀ ਸੀ ) ਮੇਰੇ ਨਾਲ ਗੱਲਾਂ ਕਰਨ ਲੱਗਦੀ ਹੈ । ਛੋਟੇ ਹੁੰਦਿਆਂ ਨੂੰ ਓਹ ਸਾਨੂੰ 'ਬਾਰ' ਦੀਆਂ ਗੱਲਾਂ ਸੁਣਾਉਂਦੀ ਤੇ  ਉਥੇ ਇੱਕ ਵਾਰ ਜਾ ਕੇ ਆਪਣਾ ਪੁਰਾਣਾ ਪਿੰਡ ਵੇਖਣ ਦੀ ਇੱਛਾ ਜਾਹਰ ਕਰਦੀ ।ਇਹ ਸਾਂਦਲ ਬਾਰ ਦਾ ਇਲਾਕਾ ਸੀ ਜੋ ਅੱਜਕੱਲ ਪਾਕਿਸਤਾਨ ਦਾ ਮਾਨਚੈਸਟਰ (City of Textile) ਅਖਵਾਉਂਦਾ ਹੈ । ਮੇਰਾ ਨਾਨਕਾ ਪਰਿਵਾਰ ਭਾਰਤ -ਪਾਕਿ ਦੀ ਵੰਡ ਤੋਂ ਪਹਿਲਾਂ ਓਥੇ ਚੱਕ ਨੰਬਰ 52, ਤਹਿਸੀਲ ਸਮੁੰਦਰੀ , ਜ਼ਿਲ੍ਹਾ ਲਾਇਲਪੁਰ ਵਿਖੇ ਰਹਿੰਦਾ ਸੀ ਤੇ ਮੇਰੀ ਪੜਨਾਨੀ ਦਾ ਪਿੰਡ ਸੀਤਲਾ ਸੀ।

ਸਾਡੇ ਕੋਲ਼ ਮਿਲਣ ਆਈ ਪੜਨਾਨੀ ਕਈ-ਕਈ ਮਹੀਨੇ ਲਾ ਜਾਂਦੀ। ਮੇਰੇ ਡੈਡੀ ਨੇ ਕਹਿਣਾ, "ਜੁਆਕੋ... ਇਹ ਮੇਰੀ ਬੇਬੇ ਆ। ਇਹ ਥੋਡੀ ਮਾਂ ਦੀ ਮਾਂ ਦੀ ਮਾਂ ਹੈ। ਬੇਬੇ ਤੋਂ ਕੁਝ ਸਿੱਖੋ... ਬੇਬੇ ਦੀਆਂ ਗੱਲਾਂ ਧਿਆਨ ਨਾਲ਼ ਸੁਣਿਆ ਕਰੋ। ਬੇਬੇ ਦੀ ਸੇਵਾ ਕਰਿਆ ਕਰੋ।" 

ਬੇਬਾਕ ਤੇ ਫ਼ੱਕਰ ਲੇਖਕ ਸੀ ‘ਗੁਰਮੇਲ ਸਰਾ’……… ਸ਼ਰਧਾਂਜਲੀ / ਮਿੰਟੂ ਬਰਾੜ

ਆਪਣੇ ਉਸਤਾਦ ਨੂੰ ਸ਼ਰਧਾਂਜਲੀ
ਗੁਰਬਾਣੀ ਦਾ ਫੁਰਮਾਨ ਹੈ, “ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ” । ਬਹੁਤ ਸਾਰੇ ਸੱਚ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਚਾਹੁੰਦਾ ਹੋਇਆ ਵੀ ਦਿਲ ਮੰਨਣ ਤੋਂ ਇਨਕਾਰੀ ਹੁੰਦਾ ਹੈ। ਪਰ ਅਖੀਰ ਸੱਚ ਤਾਂ ਸੱਚ ਹੈ। ਅਜਿਹਾ ਹੀ ਸਮੇਂ ਦਾ ਸੱਚ ਹੈ ਕਿ ਅੱਜ ‘ਗੁਰਮੇਲ ਸਰਾ’ ਨੂੰ “ਸੀ” ਲਿਖਦਿਆਂ ਸੀਨੇ ਚੋਂ ਚੀਸ ਨਿਕਲ ਰਹੀ ਹੈ, ਪਰ ਕੀ ਕਰਾਂ ਇਹ ਤਾਂ ਵੀ ਤਾਂ ਸਮੇਂ ਦਾ ਸੱਚ ਹੈ ।

ਕਿਥੋਂ ਸ਼ੁਰੂ ਕਰਾਂ ਇਸ ਫ਼ੱਕਰ ਦੀ ਕਹਾਣੀ ਨੂੰ?  ਮੇਰੇ ਜ਼ਿਹਨ ’ਚ ਉਨ੍ਹਾਂ ਦੀ ਜ਼ਿੰਦਗੀ ਦੇ ਏਨੇ ਕੁ ਕਿੱਸੇ ਭਰੇ ਪਏ ਹਨ ਕਿ ਇਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਪਰ ਅੱਜ ਜਦੋਂ ਉਨ੍ਹਾਂ ਦੀ ਅੰਤਿਮ ਅਰਦਾਸ ਹੈ, ਮੈਂ ਉਹ ਕੁਝ ਪਲ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ, ਜੋ ਮੈਂ ਉਨ੍ਹਾਂ ਨਾਲ ਗੁਜ਼ਾਰੇ ਜਾਂ ਇਹ ਕਹਾਂ ਕਿ ਜੋ ਮੇਰੇ ਭਾਗਾਂ ਵਿਚ ਆਏ।