ਭੰਗੜੇ ਦਾ ਸ਼ੌਕੀਨ-ਕੁਲਵਰਨ ਸਿੰਘ ‘ਸਿੱਕੀ’.......... ਸ਼ਬਦ ਚਿਤਰ / ਰਾਜੂ ਹਠੂਰੀਆ

ਬੇਗਾਨੇ ਮੁਲਕ ਵਿੱਚ ਪੈਰ ਜਮਾਉਣ ਤੇ ਪੈਸੈ ਕਮਾਉਣ ਲਈ ਹਰ ਇੱਕ ਨੂੰ ਬੜਾ ਸੰਘਰਸ਼ ਕਰਨਾ ਪੈਂਦਾ ਹੈ। ਇਸ ਸੰਘਰਸ਼ ਭਰੀ ਜਿ਼ੰਦਗੀ ‘ਚ ਜੇ ਸ਼ੌਂਕ ਵੀ ਪੁਗਾਉਣੇ ਹੋਣ ਤਾਂ ਕੋਈ ਪੰਜਾਬੀਆਂ ਕੋਲੋਂ ਸਿੱਖੇ। ਭੱਜ ਦੌੜ ਦੀ ਜਿ਼ੰਦਗੀ ਵਿੱਚੋਂ ਸਮਾਂ ਕੱਢ ਕੇ ਸੱਭਿਆਚਾਰਕ ਅਤੇ ਖੇਡ ਮੇਲੇ ਲਾਉਣਾ ਇਹ ਸਭ ਪੰਜਾਬੀਆਂ ਦੇ ਹਿੱਸੇ ਹੀ ਆਉਂਦਾ ਹੈ।  ਪੰਜਾਬੀ ਆਪਣੇ ਸੁਭਾਅ ਮੁਤਾਬਿਕ ਆਪਣੇ ਧਰਮ ਵਿਰਸਾਤ, ਆਪਣੀਆਂ ਖੇਡਾਂ, ਆਪਣੇ ਲੋਕ ਨਾਚ ਗਿੱਧਾ ਭੰਗੜਾ, ਆਪਣਾ ਗੀਤ ਸੰਗੀਤ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਵੀ ਨਾਲ ਲੈ ਕੇ ਚੱਲਦੇ ਹਨ। ਵਿਦੇਸ਼ਾਂ ਵਿੱਚ ਵੀ ਇਨ੍ਹਾਂ ਨੇ ਆਪਣੇ ਹਰ ਰੰਗ ਨਾਲ ਵਿਦੇਸ਼ੀ ਲੋਕਾਂ ਨੂੰ ਰੰਗਣ ਦੀ ਬੇਮਿਸਾਲ ਕੋਸਿ਼ਸ਼ ਕੀਤੀ ਹੈ। ਕੁਝ ਇਸੇ ਹੀ ਸੋਚ ਨੂੰ ਆਪਣੇ ਅੰਗ ਸੰਗ ਲੈ ਕੇ ਚੱਲ ਰਿਹਾ ਹੈ ਪੰਜਾਬੀ ਗੱਭਰੂ ਕੁਲਵਰਨ ਸਿੰਘ। ਪਰ ਸਟੇਜਾਂ ਅਤੇ ਆਪਣੇ ਯਾਰਾਂ ਦੋਸਤਾਂ ਵਿੱਚ  ਸਿੱਕੀ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਨੌਜਵਾਨ ਪਿਛਲੇ ਕੁਝ ਸਾਲਾਂ ਤੋਂ ਇਟਲੀ ‘ਚ ਰਹਿ ਰਿਹਾ ਹੈ। ਆਪਣੇ ਭਵਿੱਖ ਨੂੰ ਸੋਹਣਾ ਬਣਾਉਣ ਲਈ ਸਖ਼ਤ ਮਿਹਨਤ ਕਰਦਾ ਹੋਇਆ  ਸਮਾਂ ਕੱਢ ਕੇ ਆਪਣੇ  ਸ਼ੌਂਕ ਨੂੰ ਵੀ ਪੂਰਾ ਕਰਦਾ ਆ ਰਿਹਾ ਹੈ। ਸਿੱਕੀ  ਭੰਗੜੇ ਦਾ ਇੱਕ ਵਧੀਆ ਕਲਾਕਾਰ ਹੈ ਅਤੇ ਉਸਦੀ ਇਹ ਕਲਾ ਸਿੱਕੀ ਦੇ ਸਿਰ ਚੜ੍ਹ ਬੋਲਦੀ ਹੈ।

ਪੰਜਾਬ ਦਾ ਸ਼ੇਰ; ਰੁਸਤੁਮ-ਇ-ਜ਼ਮਾਂ “ਗਾਮਾ”.......... ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਕੁਸ਼ਤੀ ਜਾਂ ਘੋਲ ਇੱਕ ਪੁਰਾਤਨ ਖੇਡ ਹੈ । ਇਸ ਵਿੱਚ ਕਿਸੇ ਵਿਸ਼ੇਸ਼ ਖੇਡ ਮੈਦਾਨ ਜਾਂ ਕਿਸੇ ਖੇਡ ਸਾਧਨ ਦੀ ਲੋੜ ਨਹੀਂ ਸੀ ਪਿਆ ਕਰਦੀ। ਬੱਸ ਜਾਂਘੀਆ ਜਾਂ ਲੰਗੋਟ ਹੀ ਪਹਿਨਿਆ ਹੁੰਦਾ ਸੀ। ਰਾਜੇ ਆਪਣੇ ਦਰਬਾਰਾਂ ਵਿੱਚ ਭਲਵਾਨਾਂ ਨੂੰ ਬਹੁਤ ਚਾਅ ਨਾਲ ਰੱਖਿਆ ਕਰਦੇ ਸਨ। ਇੱਕ ਸਮਾਂ ਅਜਿਹਾ ਸੀ ਜਦ ਇਸ ਖੇਤਰ ਵਿੱਚ ਚਾਰ ਨਾਂਅ ਹੀ ਬਹੁਤ ਮਕਬੂਲ ਸਨ । ਜੌਰਜ ਹੈਕਿਨ ਸਕੈਮਿਡਟ, ਸਟੈਨਸਲੋਸ਼ ਜ਼ਬਿਸਕੋ, ਪਰੈਂਕ ਗੌਟਿਚ ਤੋਂ ਇਲਾਵਾ ਚੌਥਾ ਨਾਂਅ ਪੰਜਾਬ ਦੇ ਸ਼ੇਰ ਗੁਲਾਮ ਮੁਹੰਮਦ ਉਰਫ਼ ਗਾਮਾ ਦਾ ਗਿਣਿਆ ਜਾਂਦਾ ਸੀ। ਜਿੱਥੇ ਉਹ ਨਾਮਵਰ ਭਲਵਾਨ ਸੀ, ਉਥੇ ਉਸਦੀ ਪੂਰੀ ਜ਼ਿੰਦਗੀ ਅੱਗ ਉਤੇ ਤੁਰਨ ਵਰਗੀ ਸੀ। ਉਸਦਾ ਜਨਮ ਪੰਜਾਬ ਦੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 1878 ਨੂੰ ਜੰਮੂ ਕਸ਼ਮੀਰ ਤੋਂ ਹਿਜਰਤ ਕਰਕੇ ਆਏ ਅਜ਼ੀਜ਼ ਬਖ਼ਸ਼ ਦੇ ਪਰਿਵਾਰ ਵਿੱਚ ਹੋਇਆ। ਅਸਲ ਵਿੱਚ ਇਸ ਪਰਿਵਾਰ ਦਾ ਸਬੰਧ ਦਤੀਆ ਰਿਆਸਤ ਨਾਲ ਸੀ। ਪਰ ਜੰਮੂ ਰਿਆਸਤ ਦੇ ਰਾਜਾ ਗੁਲਾਬ ਚੰਦ ਦੇ ਸਤਾਉਣ ਸਦਕਾ ਇਹ ਪਰਿਵਾਰ ਪੰਜਾਬ ਵਿੱਚ ਆ ਵਸਿਆ ਸੀ।

ਅਮਰੀਕਾ ਦੀ ਫੇਰੀ ( ਭਾਗ 2 )........... ਸਫ਼ਰਨਾਮਾ / ਯੁੱਧਵੀਰ ਸਿੰਘ

ਮੈਲਬੌਰਨ ਤੋਂ  ਸਿਡਨੀ ਦੀ ਦੂਰੀ ਤਕਰੀਬਨ 710 ਕਿ.ਮੀ. ਹੈ ਜਹਾਜ਼ ਦੀ ਰਫਤਾਰ 650 ਕਿਲੋਮੀਟਰ ਪ੍ਰਤੀ ਘੰਟਾ ਸੀ । ਸਵਾ ਘੰਟੇ ਦਾ ਸਫਰ ਹੈ ਮੈਲਬੌਰਨ ਤੋਂ  ਸਿਡਨੀ ਦਾ । ਜਿ਼ਆਦਾ ਟਾਇਮ ਤਾਂ ਜਹਾਜ਼ ਨੂੰ ਚੜਾਉਣ, ਉਤਾਰਣ ਤੇ ਏਅਰਪੋਰਟ ਦੀ ਸੁਰੰਗ ਤੇ ਲੈ ਕੇ ਜਾਣ ਵਿਚ ਲੱਗ ਜਾਂਦਾ ਹੈ, ਹਵਾ ਵਿਚ ਤਾਂ ਟਾਇਮ ਬਹੁਤ ਜਲਦੀ ਲੰਘਦਾ ਹੈ । ਲੋਕਲ ਚੱਲਣ ਵਾਲੀ ਫਲਾਈਟ ਜਿਆਦਾ ਉਚੀ ਵੀ ਨਹੀ ਉਡਦੀ । ਇਹ ਤਜ਼ਰਬਾ ਮੈਂ ਉਡਦੇ ਜਹਾਜ਼ ਦੇ ਵਿਚ ਬਾਹਰ ਦੀ  ਫੋਟੋ ਖਿੱਚ ਕੇ ਉਸ ਨੂੰ ਫੇਸਬੁੱਕ ਤੇ ਚਾੜ੍ਹ ਕੇ ਕੀਤਾ । ਮੋਬਾਇਲ ਦਾ ਸਿਗਨਲ ਵੀ ਵੱਡੇ ਪਿੰਡਾਂ ਤੋਂ  ਟੱਪਦੇ ਸਮੇਂ ਕਾਫੀ ਸਹੀ ਹੋ ਜਾਂਦਾ ਸੀ । ਅੰਤਰਾਸ਼ਟਰੀ ਫਲਾਈਟ ਵਿਚ ਖਾਣ ਪੀਣ ਖੁੱਲਾ ਮਿਲਦਾ ਹੈ । ਬੀਅਰ, ਵਿਸਕੀ, ਜੂਸ, ਕੋਲਡ ਡਰਿੰਕ ਤੇ ਹਲਕੇ ਸਨੈਕਸ ਛੋਟੀ ਫਲਾਈਟ ਵਿਚ ਵੀ ਦਿੰਦੇ ਹਨ । ਜਹਾਜ਼ ਨਿਊ ਸਾਊਥ ਵੇਲਜ਼ ਪਹੁੰਚ ਗਿਆ ਸੀ । ਸਿਡਨੀ ਸ਼ਹਿਰ ਦੂਰ ਤੋਂ ਹੀ ਦਿਖਣ ਲੱਗ ਗਿਆ ਸੀ । ਸਿਡਨੀ ਦੇ ਮਸ਼ਹੂਰ ਉਪੇਰਾ ਥੀਏਟਰ ਦੇ ਵੀ ਜਹਾਜ਼ ਦੇ ਵਿਚੋਂ ਦਰਸ਼ਨ ਕਰ ਲਏ ਸੀ । ਜਹਾਜ਼ ਦੇ ਪਾਇਲਟ ਨੇ ਸਿਡਨੀ ਦੇ ਕਿੰਗ ਸਮਿੱਥ ਏਅਰਪੋਰਟ ਤੇ ਉਤਰਨ ਦੀ ਸੂਚਨਾ ਦਿੱਤੀ । ਨਾਲ ਹੀ ਦੱਸ ਦਿੱਤਾ ਕਿ ਜਿਸ ਨੇ ਲਾਸ ਏਂਜਲਸ ਜਾਂ ਸੈਨ ਫਰਾਂਸਿਸਕੋ ਜਾਣਾ ਹੈ, ਉਹਨਾਂ ਨੇ ਸਿਡਨੀ ਏਅਰਪੋਰਟ ਤੋਂ ਅਗਲਾ ਜਹਾਜ਼ ਕਿਵੇਂ ਫੜਨਾ ਹੈ । ਜਹਾਜ਼ ਮਿੱਥੇ ਸਮੇਂ ਤੋਂ 10 ਮਿੰਟ ਪਹਿਲਾਂ ਹੀ  ਸੁਰੰਗ ਨਾਲ ਲਿਆ ਕੇ ਲਗਾ ਦਿੱਤਾ ।  ਹੈਂਡਬੈਗ ਸੰਭਾਲ ਕੇ ਸੁਰੰਗ ਦੇ ਵਿਚੋਂ ਨਿਕਲੇ ਤਾਂ ਅੱਗੇ ਏਅਰਲਾਈਨਜ ਸਟਾਫ਼ ਨੇ ਦੱਸ ਦਿੱਤਾ ਕਿ ਲਾਸ ਏੇਂਜਲਸ ਜਾਣ ਵਾਲਾ ਜਹਾਜ਼, ਨਾਲ ਦੇ ਗੇਟ ਤੇ ਹੀ ਖੜਾ ਹੈ  ਤੇ 320 ਤੇ ਸਿਡਨੀ ਤੋਂ  ਚੱਲੇਗਾ । ਮੈਂ ਸੋਚਿਆ ਕਿ ਫਲਾਈਟ ਇਕ ਘੰਟੇ ਤੱਕ ਹੈ,  ਸੋ ਦੋ ਘੁੱਟ ਕੌਫੀ ਦੇ ਮਾਰਦੇ ਹਾਂ, ਨਾਲੇ ਸਿਡਨੀ ਏਅਰਪੋਰਟ ਦੇਖਦੇ ਹਾਂ । ਫਿਰ ਫੇਸਬੁੱਕ ਤੇ ਸਿਡਨੀ ਦਾ ਸਟੇਟਸ ਕਰ ਦਿੱਤਾ ਪਰ ਇਹ ਨਹੀਂ ਦੱਸਿਆ ਕਿ ਕਿੱਥੇ ਜਾ ਰਿਹਾ ਹਾਂ । ਇੱਥੇ ਹੋਰ ਕਾਫੀ ਲੋਕ ਐਲ ਏ ਦੀ ਫਲਾਈਟ ਲਈ ਪਹੁੰਚ ਰਹੇ ਸਨ ।

ਮਹਾਂਮੂਰਖ .......... ਅਭੁੱਲ ਯਾਦਾਂ / ਤਰਸੇਮ ਬਸ਼ਰ

ਬਾਬਾ ਜੋਰਾ ਦਾਸ - ਇੱਕ ਅਜਿਹੀ ਸ਼ਖਸ਼ੀਅਤ ਜਿਸਦਾ ਪ੍ਰਭਾਵ ਉਹਨਾਂ ਦੀ ਗੈਰਹਾਜ਼ਰੀ ਵਿੱਚ ਵੀ ਪਿੰਡ ਦੇ ਮਾਹੌਲ ਵਿੱਚ ਕਬੂਲਿਆ ਜਾਂਦਾ । ਮੈਂ ਆਪਣੇ ਬਚਪਨ ਦੇ ਦਿਨਾਂ ਦੀ ਗੱਲ ਕਰ ਰਿਹਾ ਹਾਂ । ਪਿੰਡ ਦਾ ਮੰਦਰ ਇੱਕ ਤਰ੍ਹਾਂ ਦਾ ਕਮਿਊਨਟੀ ਸੈਂਟਰ ਹੁੰਦਾ ਸੀ, ਜਿੱਥੇ ਪੂਰਾ ਦਿਨ ਪਿੰਡ ਦੇ ਬਜੁਰਗ, ਨੌਜੁਆਨ ਬੈਠਦੇ, ਗੱਲਾਂ ਕਰਦੇ ਤੇ ਚਾਹ ਪਾਣੀ ਵੀ ਚਲਦਾ ਰਹਿੰਦਾ । ਸਾਡੇ ਵਰਗੇ ਸ਼ਰਾਰਤਾਂ ਕਰਦੇ ਰਹਿੰਦੇ । ਇਸੇ ਮੰਦਰ ਤੇ ਹੀ ਬਾਬਾ ਜੋਰਾ ਦਾਸ ਸਾਲ ਛਿਮਾਹੀ ਆਉਂਦੇ । ਹਰ ਵਰ੍ਹੇ ਮੰਦਰ ‘ਤੇ ਲੱਗਣ ਵਾਲੇ ਮੇਲੇ ‘ਤੇ ਤਾਂ ਉਹ ਮੁੱਖ ਮਹਿਮਾਨ ਹੀ ਹੁੰਦੇ । ਜਦੋਂ ਬਾਬਾ ਜੋਰਾ ਦਾਸ ਪਿੰਡ ਦੇ ਮੰਦਰ ਤੇ ਆਉਂਦੇ ਤੇ ਕੁਛ ਦਿਨ ਰਹਿੰਦੇ ਤਾਂ ਰੌਣਕਾਂ ਲੱਗ ਜਾਂਦੀਆਂ । ਜੋ ਦੇਰ ਰਾਤ ਤੱਕ ਚੱਲਦੀਆਂ । ਅਸੀਂ ਤਾਂ ਲਗਭੱਗ ਬੱਚੇ ਹੀ ਸਾਂ ਪਰ ਪਿੰਡ ਦੇ ਸਿਰ ਕੱਢ ਨੌਜੁਆਨ ਬਾਬਾ ਜੋਰਾ ਦਾਸ ਦੇ ਰੰਗ ਵਿੱਚ ਰੰਗੇ ਹੋਏ ਸਨ । ਨੇੜੇ ਤੇੜੇ ਦੇ ਪਿੰਡਾਂ ਦੇ ਨੌਜੁਆਨ ਵੀ ਸ਼ਾਮ ਨੂੰ ਆ ਜਾਂਦੇ ਤੇ ਫਿਰ ਵਾਜੇ ਢੋਲਕੀਆਂ ਨਾਲ ਸੰਗਤ ਸੱਜਦੀ ਤੇ ਬਾਬਾ ਜੋਰਾਦਾਸ ਦੇ ਲਿਖੇ ਭਜਨਾਂ ਦਾ ਦੌਰ ਚਲਦਾ । ਇਸਨੂੰ ਮੇਰੇ ਦਾਦਾ ਜੀ ਉਹਨਾਂ ਦਿਨਾਂ ਵਿੱਚ ਕੰਨ ਰਸ ਕਹਿ ਕੇ ਭੰਡਦੇ । ਮੇਰੇ ਤੇ ਵੀ ਉਹਨਾਂ ਦਾ ਅਸਰ ਸੀ । ਸ਼ਾਇਦ ਇਸੇ ਕਰਕੇ ਹੀ ਮੈਂ ਬਾਬਾ ਜੋਰਾ ਦਾਸ ਦੇ ਅਧਿਆਤਮਿਕ ਪ੍ਰਭਾਵ ਨੂੰ  ਨਾ ਕਬੂਲ ਸਕਿਆ ਪਰ ਪਿੰਡ ਦੇ ਮਾਹੌਲ ਵਿੱਚ ਵਸੀ ਉਹਨਾਂ ਦੀ ਸ਼ਖਸ਼ੀਅਤ ਦੀ ਖੁਸ਼ਬੋ ਤੋਂ ਕਿਵੇਂ ਅਲੱਗ ਹੋ ਸਕਦਾ ਸੀ । ਉਹਨਾਂ ਦਾ ਮੁੱਖ ਡੇਰਾ ਜਗਰਾਓ ਦੇ ਨੇੜੇ ਕਿਸੇ ਪਿੰਡ ਵਿਚ ਸੀ । ਜੇਕਰ ਉਹ ਸਾਡੇ ਪਿੰਡ ਨਾ ਆਉਂਦੇ ਤਾਂ ਸਾਡੇ ਪਿੰਡ ਦੇ ਮੁੰਡੇ ਉਥੇ ਚਲੇ ਜਾਂਦੇ । ਪਿੰਡ ਵਾਸੀਆਂ ਲਈ ਉਹ ਪਿੰਡ ਦੇ ‘ਮਹਾਤਮਾ‘ ਸਨ ।

ਨਹੀਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ - ਡਾ. ਦਰਸ਼ਨ ਸਿੰਘ ਬੈਂਸ ………… ਸ਼ਰਧਾਂਜਲੀ / ਦਰਸ਼ਨ ਸਿੰਘ ਪ੍ਰੀਤੀਮਾਨ


20 ਮਈ 2012 ਦਾ ਦਿਨ ਸੀ। ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਾਈਕਲ ਚੁੱਕਿਆ ਤੇ ਬੱਸ ਸਟੈਂਡ ਤੇ ਪਹੁੰਚ ਗਿਆ। ਸਾਈਕਲ ਦਾ ਸਟੈਂਡ ਲਾਇਆ ਤੇ ਅਖਬਾਰਾਂ ਵਾਲੇ ਤੋਂ ਐਤਵਾਰ ਹੋਣ ਕਰਕੇ ਪੰਜਾਬੀ ਦੇ ਸਾਰੇ ਹੀ ਅਖਬਾਰ ਖਰੀਦ ਲਏ। ਐਤਵਾਰ ਨੂੰ ਮੈਗਜ਼ੀਨ ਹੋਣ ਕਰਕੇ ਮੈਂ ਪੰਜਾਬੀ ਦੇ ਸਾਰੇ ਹੀ ਅਖਬਾਰ ਪੜ੍ਹਦਾ ਹਾਂ। ਮੈਂ ਅਖਬਾਰਾਂ ਵਾਲੇ ਨੂੰ ਪੈਸੇ ਦਿੱਤੇ ਤੇ ਅਖਬਾਰ ਸਾਈਕਲ ਦੀ ਟੋਕਰੀ 'ਚ ਰੱਖ ਪਿੰਡ ਨੂੰ ਸਾਈਕਲ ਤੇ ਚੜ੍ਹ ਗਿਆ।

ਘਰ ਆ ਕੇ ਵਾਰੋ ਵਾਰੀ ਅਖਬਾਰ ਵੇਖ ਰਿਹਾ ਸੀ। ਜਦ ਇੱਕ ਪੰਨੇ ਤੇ 'ਅਜੀਤ ਵੀਕਲੀ ਦੇ ਸੰਪਾਦਕ ਦਰਸ਼ਨ ਸਿੰਘ ਬੈਂਸ ਨਹੀਂ ਰਹੇ, ਪੜ੍ਹਿਆ ਤਾਂ ਮਨ ਇੱਕ ਦਮ ਉਦਾਸ ਹੋ ਗਿਆ। ਜੁੱਸੇ ਨੂੰ ਕੰਬਨੀ ਜਿਹੀ ਚੜ੍ਹ ਗਈ। ਅੱਖੀਆਂ 'ਚੋਂ ਹੰਝੂਆਂ ਦਾ ਦਰਿਆ ਹੀ ਚੱਲ ਪਿਆ। ਕਿਉਂਕਿ ਫਰਵਰੀ 2012 ਦੇ ਅਖੀਰ 'ਚ ਹੀ ਉਨ੍ਹਾਂ ਨੇ ਤਾਂ ਮੇਰੀ ਜ਼ਿੰਦਗੀ ਨੂੰ ਬਦਲਣ ਦਾ ਮੈਨੂੰ ਐਡਾ ਵੱਡਾ ਹੌਸ਼ਲਾ ਦਿੱਤਾ ਸੀ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੇਰੇ ਮੁਤਾਬਿਕ ਤਾਂ ਜਿਵੇਂ ਖੁਦਾ ਹੀ ਧਰਤੀ ਤੇ ਉਤਰ ਆਇਆ ਹੋਵੇ ਜਿਸ ਦਾ ਮੈਂ ਅੱਗੇ ਜਾ ਕੇ ਵਰਨਣ ਕੀਤਾ ਹੈ।

ਪੰਜਾਬੀ ਗ਼ਜ਼ਲ ਦਾ ਛੁਪਿਆ ਰੁਸਤਮ - ਸ਼ਮਸ਼ੇਰ ਸਿੰਘ ਸੰਧੂ.......... ਸ਼ਬਦ ਚਿਤਰ / ਸੁਲੱਖਣ ਸਰਹੱਦੀ

ਉਸ ਨੇ 65 ਸਾਲ ਦੀ ਉਮਰ ਵਿੱਚ ਗ਼ਜ਼ਲ ਲਿਖਣੀ ਸਿੱਖੀ ਤੇ ਗ਼ਜ਼ਲ ਲਿਖਣੀ ਅਰੰਭੀ ਅਤੇ 8 ਕੁ ਸਾਲ ਦੀ ਗ਼ਜ਼ਲ ਸਿਰਜਣ ਯਾਤਰਾ ਵਿੱਚ 500 ਤੋਂ ਵਾਧ ਗ਼ਜ਼ਲਾਂ ਲਿਖੀਆਂ ਹਨ।
੧- ਗਾ ਜ਼ਿੰਦਗੀ ਦੇ ਗੀਤ ਤੂੰ’ (ਗ਼ਜ਼ਲ ਸੰਗ੍ਰਹਿ) 2003 ਵਿੱਚ,
੨- ਜੋਤ ਸਾਹਸ ਦੀ ਜਗਾ’ (ਕਾਵਿ ਸੰਗ੍ਰਹਿ) 2005 ਵਿੱਚ,
੩- ਬਣ ਸ਼ੁਆ ਤੂੰ’ (ਗ਼ਜ਼ਲ ਸੰਗ੍ਰਹਿ) 2006 ਵਿੱਚ,
੪- ਰੌਸ਼ਨੀ ਦੀ ਭਾਲ’ (ਗ਼ਜ਼ਲ ਸੰਗ੍ਰਹਿ) 2007 ਵਿੱਚ,
੫- ਸੁਲਗਦੀ ਲੀਕ’ (ਗ਼ਜ਼ਲ ਸੰਗ੍ਰਹਿ) 2008 ਵਿੱਚ ਅਤੇ
੬- ਗੀਤ ਤੋਂ ਸੁਲਗਦੀ ਲੀਕ ਤਕ’ (ਗ਼ਜ਼ਲ ਸੰਗ੍ਰਹਿ) 2009 (ਲੋਕ ਗੀਤ ਪ੍ਰਕਾਸ਼ਨ)
     ਇਸ ਵਿਚ ਪਹਿਲੇ ਪੰਜਾਂ ਸੰਗ੍ਰਹਿਆਂ ਦੀਆਂ 423 ਗ਼ਜ਼ਲਾਂ ਸ਼ਾਮਲ ਹਨ।
੭- ਢਲ ਰਹੇ ਐ ਸੂਰਜਾ’ (ਗ਼ਜ਼ਲ ਸੰਗ੍ਰਹਿ) 2011 ਵਿੱਚ ਛਪਿਆ।
ਪ੍ਰੋ. ਸੰਧੂ ਜਦ ਗੌਰਮਿੰਟ ਕਾਲਜ ਲੁਧਿਆਣਾ ਤੋਂ ਐਮ. ਏ. ਕਰ ਰਿਹਾ ਸੀ ਤਦ ਉਹ ਕਾਲਜ ਮੈਗਜ਼ੀਨ ਸਤਲੁਜਦਾ 1956-57 ਵਿੱਚ ਸੰਪਾਦਕ ਸੀ ਅਤੇ ਫੇਰ ਮਾਲਵਾ ਟ੍ਰੇਨਿੰਗ ਕਾਲਜ ਲੁਧਿਆਣਾ ਵਿਖੇ ਬੀ. ਟੀ. ਕਰਦਿਆਂ ਵੀ 57-58 ਵਿੱਚ ਉਸ ਨੇ ਆਪਣੇ ਕਾਲਜ ਮੈਗਜ਼ੀਨ ਮਾਲਵਾਦੀ ਸੰਪਾਦਨਾ ਕੀਤੀ ਸੀ। ਇਹ ਉਸ ਦੇ ਸਿਦਕ, ਸਿਰੜ ਅਤੇ ਹੌਸਲੇ ਦਾ ਹੀ ਚਮਤਕਾਰ ਹੈ ਕਿ ਪੰਜਾਬ ਤੋਂ ਦੂਰ ਰਹਿੰਦਿਆਂ ਵੀ ਉਸ ਨੇ ਗ਼ਜ਼ਲ ਵਿੱਚ ਸ਼ਾਨਦਾਰ ਮੁਕਾਮ ਹਾਸਲ ਕੀਤਾ ਹੈ। ਸ਼ਮਸ਼ੇਰ ਸਿੰਘ ਸੰਧੂ ਦਾ ਨਾਂ ਹੁਣ ਪੰਜਾਬੀ ਦੇ ਉੱਘੇ ਗ਼ਜ਼ਲਕਾਰਾਂ ਦੀ ਲਿਸਟ ਵਿੱਚ ਹੈ। ਪੰਜਾਬੀ ਗ਼ਜ਼ਲ ਵਿੱਚ ਹੁਣ ਸਾਰਥਕ ਸੇਧ ਵਾਲੀ ਨਿਤ ਨਵੀਨ ਪ੍ਰਤੀਭਾ ਸ਼ਾਮਲ ਹੋ ਰਹੀ ਹੈ।

ਇਨ ਹੀ ਕੀ ਕਿਰਪਾ ਸੇਏ.......... ਸਵੈ-ਕਥਨ / ਲਾਲ ਸਿੰਘ ਦਸੂਹਾ

ਆਪਣੇ ਬਾਰੇ ਲਿਖਣਾ ਇਕ ਤਰ੍ਹਾਂ ਨਾਲ ਤਿੱਖੀ ਧਾਰ ‘ਤੇ ਤੁਰਨ ਵਰਗਾ ਲੱਗਦਾ । ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਇਉਂ ਕਰਦਿਆਂ ‘ਮੈਂ-ਮੈਂ” ਦੀ ਮੁਹਾਰਨੀ ਬਹੁਤੀ ਹੀ ਪੜ੍ਹਨੀ ਪੈਂਦੀ ਐ । ਉਂਝ ‘ ਮੈਂ “ ਪਾਤਰ ਰਾਹੀਂ ਹੋਈ ਸਮੁੱਚੀ ਅਭਿਵਿਅਕਤੀ ਬਾਰੇ ਟਾਕਰਵੀਆਂ ਰਾਵਾਂ ਹਨ । ਸਾਡੀ ਬੋਲੀ ਦੀ ਬਹੁ-ਗਿਣਤੀ ਕਹਾਣੀ, ਅਤੇ ਗ਼ਜਲ ਨੂੰ ਛੱਡ ਕੇ ਕਰੀਬ ਕਰੀਬ ਸਾਰੀ ਕਵਿਤਾ ਮੈਂ ਪਾਤਰ ਵਿੱਚ ਅੰਕਤ ਹੋਈ ਲੱਭਦੀ ਹੈ । ਸ਼ਾਇਦ ਇਸ ਲਈ ਸੁਰਜੀਤ ਪਾਤਰ ਦੇ ਕੱਦ-ਕਾਠ ਦਾ ਸ਼ਾਇਰ ਵੀ ਇਸ ਵੰਨਗੀ ਨਾਲ ਸਹਿਮਤੀ ਪ੍ਰਗਟਾਉਂਦਾ ਹੈ , ਭਾਵੇਂ ਦੱਬੀ ਸੁਰ ਵਿੱਚ ਹੀ । ਉਸ ਅਨੁਸਾਰ ‘ ਮੈਂ “ ਹਮੇਸ਼ਾਂ ਲੇਖਕ ਦੀ ਨਹੀਂ ਹੁੰਦੀ । ਕਦੀ ਇਹ ਆਪਣੇ ਦੇਸ਼ , ਕਦੇ ਧਰਮ ਦੀ , ਕਦੇ ਵਰਗ ਦੀ ਤੇ ਕਦੀ ਮਾਨਵਤਾ ਦੀ ਮੈਂ ਹੁੰਦੀ ਹੈ ।
ਇਸ ਦੇ ਵਿਪਰੀਤ ਦੂਸਰੀ ਧਿਰ ਦੀ ਧਾਰਨਾ ਹੈ ਕਿ ਮੈਂ ਸ਼ਬਦ ਦਾ ਨਿਰੰਤਰ ਦੁਹਰਾਇਆ ਜਾਣਾ ਕਿਸੇ ਵੀ ਤਰ੍ਹਾਂ ਕਲਾਤਮਕ ਵਿਅਕਤੀਤਵ ਦਾ ਚਿੰਨ੍ਹ ਨਹੀਂ । ਇਹਨ੍ਹਾਂ ਦੋਨਾਂ ਧਾਰਨਾਵਾਂ ਦੇ ਗੁਣ-ਅਵਗੁਣ ਵੀ ਹੋਣਗੇ ਤੇ ਸੀਮਾਵਾਂ –ਸਮਰੱਥਾਵਾਂ ਵੀ । ਹੱਥਲੀ ਲਿਖਤ ਇਸ ਬਹਿਸ ਦਾ ਵਿਸ਼ਾ ਨਹੀਂ । ਤਾਂ ਵੀ ਥੋੜ੍ਹੀ ਕੁ ਜਿੰਨੀ ਸ਼ੰਕਾ-ਨਵਿਰਤੀ ਲਈ ਇਹ ਜ਼ਰੂਰ ਪੁੱਛਿਆ ਜਾ ਸਕਦਾ ਹੈ ਕਿ ਕੀ ਅਧਿਆਤਮ ਦੀਆਂ ਸੁਰਾਂ-ਤਰਜ਼ਾਂ ਦੇ ਨਾਲ ਵਿਵਹਾਰਕ , ਸਮਾਜਕ, ਰਾਜਨੀਤਕ ਸੁਨੇਹਾ ਦਿੰਦਾ ਭਗਵਤ ਗੀਤਾ-ਗ੍ਰੰਥ ਅੰਦਰਲਾ ਮੈਂ ਪਾਤਰ , ਆਪਣੀ ਉਦੇਸ਼-ਪੂਰਤੀ ਵਿੱਚ ਵੱਧ ਕਾਰਗਰ ਜਾਪਦਾ ਹੈ ਜਾਂ ਗੁਰਬਾਣੀ ਰਾਹੀਂ ਕੁਦਰਤ ਦੇ ਅਦਭੁਤ ਪਾਸਾਰ ਸਮੇਤ ਮਨੁੱਖ ਦੀ ਰੂਹ-ਜਾਨ ਤਕ ਪੁੱਜਣ ਵਾਲਾ ਅਨਯ-ਪੁਰਖ ਰਾਹੀਂ ਪ੍ਰਸਾਰਤ-ਪ੍ਰਕਾਸ਼ਤ ਹੋਇਆ ਗੁਰ-ਉਪਦੇਸ਼ ?

ਢੋਲ ਦਾ ਸੁਲਤਾਨ ਮੁਹੰਮਦ ਸੁਲਤਾਨ ਢਿਲੋਂ……… ਸ਼ਬਦ ਚਿਤਰ / ਖੁਸ਼ਪ੍ਰੀਤ ਸਿੰਘ ਸੁਨਾਮ

ਸੰਗੀਤ ਮਨੁੱਖ ਦੀ ਰੂਹ ਦੀ ਖੁਰਾਕ ਹੈ। ਚੰਗਾ ਸੰਗੀਤ ਜਿੱਥੇ ਕੰਨਾਂ ਨੂੰ ਸੁਨਣ ਨੂੰ ਚੰਗਾ ਲਗਦਾ ਹੈ, ਉਥੇ ਹੀ ਸਾਡੀ ਰੂਹ ਨੂੰ ਵੀ ਤਾਜ਼ਗੀ ਬਖਸ਼ਦਾ ਹੈ। ਖਾਸ ਤੌਰ ‘ਤੇ ਜੇ ਇਹ ਸੰਗੀਤ ਲੋਕ ਸਾਜ਼ਾਂ ਤੇ ਅਧਾਰਤ ਹੋਵੇ ਤਾਂ ਹੋਰ ਵੀ ਸੋਨੇ ਤੇ  ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਪਰੰਤੂ ਅਫਸੋਸ ਕਿ ਅਜੋਕਾ ਸੰਗੀਤ ਪੱਛਮੀ ਸਾਜ਼ਾਂ ਦੇ ਪ੍ਰਭਾਵ ਹੇਠ ਸ਼ੋਰੀਲਾ ਅਤੇ ਕੰਨ ਪਾੜਵਾਂ ਹੋ ਗਿਆ ਹੈ। ਜਿਸ ਦੇ ਫਲ਼ਸਰੂਪ ਸੰਗੀਤ ਵਿਚਲਾ ਸੁਹਜ ਖਤਮ ਹੁੰਦਾ ਜਾ ਰਿਹਾ ਹੈ। ਸੰਗੀਤ ਰੂਹ ਦੀ ਖੁਰਾਕ ਨਾ ਹੋ ਕੇ ਰੂਹ ਦਾ ਜੰਜਾਲ ਬਣਦਾ ਜਾ ਰਿਹਾ ਹੈ, ਪਰੰਤੂ ਸੰਤੋਖ ਦੀ ਗੱਲ ਹੈ ਕਿ ਅਜੇ ਵੀ ਕੁਝ ਇਨਸਾਨ ਅਜਿਹੇ ਹਨ, ਜੋ ਪੁਰਾਤਨ ਲੋਕ ਸਾਜ਼ਾਂ ਦੇ ਜਨੂੰਨ ਦੀ ਹੱਦ ਤੱਕ ਸ਼ੁਦਾਈ ਹਨ। ਇਨ੍ਹਾਂ ਵਿੱਚੋ ਹੀ ਇੱਕ ਸਖਸ਼ ਹੈ ਮੁਹੰਮਦ ਸੁਲਤਾਨ ਢਿਲੋਂ। ਜਿਸਨੇ ਪ੍ਰਸਿੱਧ ਰਵਾਇਤੀ ਲੋਕ ਸਾਜ ਢੋਲ ਵਜਾਉਣ ਵਿੱਚ ਨਾ ਸਿਰਫ ਮੁਹਾਰਤ ਹਾਸਲ ਕੀਤੀ ਸਗੋਂ ਇਸਦੀ ਖੁਸ਼ਬੂ ਨੂੰ ਦੂਰ-ਦੂਰ ਤੱਕ ਖਲੇਰਿਆ ਹੈ।

ਅਮਰੀਕਾ ਦੀ ਫੇਰੀ ( ਭਾਗ 1 )........... ਸਫ਼ਰਨਾਮਾ / ਯੁੱਧਵੀਰ ਸਿੰਘ

ਇਨਸਾਨ ਦੀ ਫਿਤਰਤ ਦੇ ਵਿਚ ਕਿੰਨੇ ਰੰਗ ਹਨ ਇਹ ਕੋਈ ਵੀ ਸਹੀ ਨਹੀ ਜਾਣਦਾ, ਨਵੀਂਆਂ ਚੀਜ਼ਾਂ ਵੇਖਣ ਦੀ ਲਾਲਸਾ ਇਨਸਾਨ ਦੇ ਮਨ ਵਿਚ ਹਮੇਸ਼ਾ ਜਾਗਦੀ ਰਹਿੰਦੀ ਹੈ । ਅਕਾਲਪੁਰਖ ਨੇ ਐਸੀ ਦੁਨੀਆਂ ਸਾਜ ਦਿੱਤੀ ਕਿ ਜਿੰਨਾ ਮਰਜ਼ੀ ਦੇਖੀ ਜਾਓ, ਕਦੇ ਵੀ ਆਕਰਸ਼ਣ ਖਤਮ ਨਹੀਂ ਹੋਵੇਗਾ ਦੁਨੀਆਂ ਦੇ ਵਿਚ । ਪਰ ਦੁਨੀਆਂ ਦੇ ਰੰਗ ਵੇਖਣ ਲਈ ਤੁਹਾਨੂੰ ਆਪਣੇ ਕੰਮ ਕਾਜ ਤੋਂ ਕੁਝ ਦਿਨਾਂ ਦੀ ਛੁੱਟੀ ਲੈਣੀ ਪਵੇਗੀ ਤਾਂ ਕਿ ਇਸ ਦੁਨੀਆਂ ਦੇ ਕੁਝ ਹਿੱਸੇ ਦੇ ਪ੍ਰਤੱਖ ਦਰਸ਼ਨ ਕੀਤੇ ਜਾਣ । ਇੰਟਰਨੈੱਟ ਦੀ ਨਿਵੇਕਲੀ ਦੁਨੀਆਂ ਜਿਸ ਵਿਚ ਫੇਸਬੁੱਕ, ਸਕਾਈਪ, ਗੂਗਲ ਆਦਿ ਆਉਂਦਾ ਹੈ, ਨੇ ਦੁਨੀਆਂ ਨੂੰ ਵਾਕਿਆ ਹੀ ਬਹੁਤ ਛੋਟਾ ਕਰ ਦਿੱਤਾ ਹੈ । ਫੋਨ ਤੇ ਗੱਲ ਨਾਂ ਵੀ ਹੋਵੇ ਤਾਂ ਫੇਸਬੁੱਕ ਤੇ ਮੈਸਜ ਕਰ ਕੇ ਹਾਲ ਚਾਲ ਪੁੱਛ ਲਈਦਾ ਹੈ ਇਸ ਨਾਲ ਹਾਜ਼ਰੀ ਲੱਗ ਜਾਂਦੀ ਹੈ । ਕੁਝ ਐਸੇ ਹੀ ਵਿਚਾਰ ਮੇਰੇ ਮਨ ਵਿਚ ਕਾਫੀ ਮਹੀਨਿਆਂ ਤੋਂ ਉੱਠ ਰਹੇ ਸੀ ਕਿ ਆਸਟ੍ਰੇਲੀਆ ਤੋਂ ਬਾਹਰ ਜਾ ਕੇ ਕੁਝ ਨਵਾਂ ਵੇਖਿਆ ਜਾਵੇ । ਮੇਰੇ ਕਾਫੀ ਦੋਸਤ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਜਾ ਕੇ ਕੰਮ ਧੰਧਿਆਂ ਵਿਚ ਜ਼ੋਰ ਅਜ਼ਮਾਈ ਕਰ ਰਹੇ ਹਨ । ਇਸੇ ਤਰਾਂ ਹੀ ਦੇਹਰਾਦੂਨ ਤੋਂ  ਮੇਰਾ ਇਕ ਖਾਸ ਦੋਸਤ ਪਰਾਂਜਲ ਮਹੰਤ, ਜਿਸ ਦਾ ਕਿ ਪਿਆਰ ਜਾਂ ਧੱਕੇ ਨਾਲ ਅਸੀਂ ਨਾਮ ਡੀ.ਡੀ. (ਦੇਹਰਾਦੂਨ) ਰੱਖਿਆ, ਉਹ ਅਮਰੀਕਾ ਦੇ ਰਾਜ ਫਲੌਰਿਡਾ ਦੇ ਸ਼ਹਿਰ ਓਰਲੈਂਡੌਂ

ਜਥੇਦਾਰ ਜੈਕਾਰਾ ਸਿੰਘ ਮਾਰਗ……… ਸ਼ਬਦ ਚਿਤਰ / ਤਰਲੋਚਨ ਸਿੰਘ ਦੁਪਾਲਪੁਰ

ਜਿਹੜੇ ਵਿਅਕਤੀ ਕੱਦ.ਕਾਠ ਵਿੱਚ ਔਸਤਨ ਲੰਬਾਈ ਨਾਲ਼ੋਂ ਕੁਝ ਵਧੇਰੇ ਹੀ ਲੰਮੇਂ ਹੋਣ, ਉਨ੍ਹਾਂ ਲਈ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਦੀ ਅੱਧੀ ਸਮੱਸਿਆ ਰੱਬੋਂ ਹੀ ਹੱਲ ਹੋ ਗਈਉ ਹੁੰਦੀ ਹੈ। ਵਿਆਹ ਸ਼ਾਦੀਆਂ ਮੌਕੇ ਜਾਂ ਆਮ ਸਮਾਜਿਕ ਇਕੱਠਾਂ ਵਿੱਚ, ਬਿਨਾਂ ਕਿਸੇ ਨੂੰ ਪੁਛਿਆਂ ਦੱਸਿਆਂ, ਉਨ੍ਹਾਂ ਦੀ ਹਾਜ਼ਰੀ ਦਾ ਖੁਦ–ਬ-ਖੁਦ ਸਭ ਨੂੰ ਪਤਾ ਲੱਗ ਜਾਂਦਾ ਹੈ। ਖਾਸ ਕਰਕੇ ਅਜਿਹੇ ਸਮਾਗਮਾਂ ਵਿੱਚ ਫੋਟੋ ਖਿਚਾਉਣ ਵੇਲ਼ੇ ਲੰਮ-ਸਲੰਮਿਆਂ ਨੂੰ ਕੋਈ ਔਕੜ ਨਹੀਂ ਆਉਂਦੀ। ਉਹ ਜਿੱਥੇ ਮਰਜ਼ੀ ਖੜ੍ਹੇ ਰਹਿਣ, ਕੈਮਰੇ ਦੀ ਰੇਂਜ ਵਿੱਚ ਹੀ ਰਹਿਣਗੇ। ਅਜਿਹੇ ਰੱਬੀ ਤੋਹਫੇ ਨਾਲ਼ ਮਾਲਾ-ਮਾਲ ਸੀ ਸਾਡੇ ਇਲਾਕੇ ਦਾ ਸਿਰਕੱਢ ਅਕਾਲੀ ਜਥੇਦਾਰ ਜੈਕਾਰਾ ਸਿੰਘ, ਜੋ ਖਜੂਰ ਜਿੱਡੇ ਲੰਮੇਂ ਕੱਦ ਦਾ ਮਾਲਕ ਸੀ।

ਖੂਨੀ ਹਿਜਰਤ (ਸੰਨ '47) - ਜਦੋਂ 'ਬਾਰ 'ਚ (ਬੇਲੇ) ਲਾਸ਼ਾਂ ਬਿਛੀਆਂ........ ਅਭੁੱਲ ਯਾਦਾਂ / ਹਰਦੀਪ ਕੌਰ ਸੰਧੂ (ਡਾ.) (ਬਰਨਾਲ਼ਾ), ਸਿਡਨੀ-ਆਸਟ੍ਰੇਲੀਆ

ਅੱਜ ਵੀ ਕਦੇ ਨਾ ਕਦੇ ਮੇਰੇ ਚੇਤਿਆਂ 'ਚ ਵਸਦੀ ਮੇਰੀ ਪੜਨਾਨੀ (ਜਿਸਨੂੰ ਮੈਂ ਨਾਨੀ ਕਹਿ ਕੇ ਬੁਲਾਉਂਦੀ ਸੀ ) ਮੇਰੇ ਨਾਲ ਗੱਲਾਂ ਕਰਨ ਲੱਗਦੀ ਹੈ । ਛੋਟੇ ਹੁੰਦਿਆਂ ਨੂੰ ਓਹ ਸਾਨੂੰ 'ਬਾਰ' ਦੀਆਂ ਗੱਲਾਂ ਸੁਣਾਉਂਦੀ ਤੇ  ਉਥੇ ਇੱਕ ਵਾਰ ਜਾ ਕੇ ਆਪਣਾ ਪੁਰਾਣਾ ਪਿੰਡ ਵੇਖਣ ਦੀ ਇੱਛਾ ਜਾਹਰ ਕਰਦੀ ।ਇਹ ਸਾਂਦਲ ਬਾਰ ਦਾ ਇਲਾਕਾ ਸੀ ਜੋ ਅੱਜਕੱਲ ਪਾਕਿਸਤਾਨ ਦਾ ਮਾਨਚੈਸਟਰ (City of Textile) ਅਖਵਾਉਂਦਾ ਹੈ । ਮੇਰਾ ਨਾਨਕਾ ਪਰਿਵਾਰ ਭਾਰਤ -ਪਾਕਿ ਦੀ ਵੰਡ ਤੋਂ ਪਹਿਲਾਂ ਓਥੇ ਚੱਕ ਨੰਬਰ 52, ਤਹਿਸੀਲ ਸਮੁੰਦਰੀ , ਜ਼ਿਲ੍ਹਾ ਲਾਇਲਪੁਰ ਵਿਖੇ ਰਹਿੰਦਾ ਸੀ ਤੇ ਮੇਰੀ ਪੜਨਾਨੀ ਦਾ ਪਿੰਡ ਸੀਤਲਾ ਸੀ।

ਸਾਡੇ ਕੋਲ਼ ਮਿਲਣ ਆਈ ਪੜਨਾਨੀ ਕਈ-ਕਈ ਮਹੀਨੇ ਲਾ ਜਾਂਦੀ। ਮੇਰੇ ਡੈਡੀ ਨੇ ਕਹਿਣਾ, "ਜੁਆਕੋ... ਇਹ ਮੇਰੀ ਬੇਬੇ ਆ। ਇਹ ਥੋਡੀ ਮਾਂ ਦੀ ਮਾਂ ਦੀ ਮਾਂ ਹੈ। ਬੇਬੇ ਤੋਂ ਕੁਝ ਸਿੱਖੋ... ਬੇਬੇ ਦੀਆਂ ਗੱਲਾਂ ਧਿਆਨ ਨਾਲ਼ ਸੁਣਿਆ ਕਰੋ। ਬੇਬੇ ਦੀ ਸੇਵਾ ਕਰਿਆ ਕਰੋ।" 

ਬੇਬਾਕ ਤੇ ਫ਼ੱਕਰ ਲੇਖਕ ਸੀ ‘ਗੁਰਮੇਲ ਸਰਾ’……… ਸ਼ਰਧਾਂਜਲੀ / ਮਿੰਟੂ ਬਰਾੜ

ਆਪਣੇ ਉਸਤਾਦ ਨੂੰ ਸ਼ਰਧਾਂਜਲੀ
ਗੁਰਬਾਣੀ ਦਾ ਫੁਰਮਾਨ ਹੈ, “ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ” । ਬਹੁਤ ਸਾਰੇ ਸੱਚ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਚਾਹੁੰਦਾ ਹੋਇਆ ਵੀ ਦਿਲ ਮੰਨਣ ਤੋਂ ਇਨਕਾਰੀ ਹੁੰਦਾ ਹੈ। ਪਰ ਅਖੀਰ ਸੱਚ ਤਾਂ ਸੱਚ ਹੈ। ਅਜਿਹਾ ਹੀ ਸਮੇਂ ਦਾ ਸੱਚ ਹੈ ਕਿ ਅੱਜ ‘ਗੁਰਮੇਲ ਸਰਾ’ ਨੂੰ “ਸੀ” ਲਿਖਦਿਆਂ ਸੀਨੇ ਚੋਂ ਚੀਸ ਨਿਕਲ ਰਹੀ ਹੈ, ਪਰ ਕੀ ਕਰਾਂ ਇਹ ਤਾਂ ਵੀ ਤਾਂ ਸਮੇਂ ਦਾ ਸੱਚ ਹੈ ।

ਕਿਥੋਂ ਸ਼ੁਰੂ ਕਰਾਂ ਇਸ ਫ਼ੱਕਰ ਦੀ ਕਹਾਣੀ ਨੂੰ?  ਮੇਰੇ ਜ਼ਿਹਨ ’ਚ ਉਨ੍ਹਾਂ ਦੀ ਜ਼ਿੰਦਗੀ ਦੇ ਏਨੇ ਕੁ ਕਿੱਸੇ ਭਰੇ ਪਏ ਹਨ ਕਿ ਇਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਪਰ ਅੱਜ ਜਦੋਂ ਉਨ੍ਹਾਂ ਦੀ ਅੰਤਿਮ ਅਰਦਾਸ ਹੈ, ਮੈਂ ਉਹ ਕੁਝ ਪਲ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ, ਜੋ ਮੈਂ ਉਨ੍ਹਾਂ ਨਾਲ ਗੁਜ਼ਾਰੇ ਜਾਂ ਇਹ ਕਹਾਂ ਕਿ ਜੋ ਮੇਰੇ ਭਾਗਾਂ ਵਿਚ ਆਏ।

ਸੂਰਤ-ਸੀਰਤ, ਸੁਰ-ਸੰਗੀਤ ਦਾ ਸੁਮੇਲ : ਸੁਰੱਈਆ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

31 ਜਨਵਰੀ ਬਰਸੀ ‘ਤੇ  
ਸਿਨੇ-ਜਗਤ ਨੂੰ ਆਪਣੀ ਕਲਾ, ਸੀਰਤ-ਸੂਰਤ ਅਤੇ ਸੁਰੀਲੇ ਸੁਰ-ਸੰਗੀਤ ਨਾਲ ਮੰਤਰ-ਮੁਗਧ ਕਰਨ ਵਾਲੀ, ਦਰਸ਼ਕਾਂ ਦੇ ਦਿਲਾਂ ‘ਤੇ ਬਾਦਸ਼ਾਹਤ ਦੇ ਝੰਡੇ ਗੱਡਣ ਵਾਲੀ, ਕਲਾਸਿਕ ਬਦਾਮੀ ਅੱਖਾਂ, ਗੁਲਾਬੀ ਰੰਗ ਨਾਲ ਸਿਲਵਰ ਸਕਰੀਨ ਦੀ ਬੇ-ਤਾਜ ਸ਼ਹਿਜ਼ਾਦੀ ਅਖਵਾਉਣ ਵਾਲੀ ਸੀ ਸੁਰੱਈਆ । ਜਿਸ ਨੇ ਖ਼ਾਸ ਕਰ  1940 ਤੋਂ 1950 ਤੱਕ ਦਰਸ਼ਕਾਂ ਦੇ ਸੁਪਨਿਆਂ ਦਾ ਸਿਰਹਾਣਾ ਮੱਲੀ ਰੱਖਿਆ । ਇਸ ਸੁਪਨਪਰੀ ਦਾ ਮੁੱਢਲਾ ਅਤੇ ਪੂਰਾ ਨਾਂਅ ਸੁਰੱਈਆ ਜਮਾਲ ਸ਼ੇਖ ਸੀ । ਇਸ ਤੋਂ ਬਿਨਾਂ ਉਸ ਨੂੰ ਸੁਰੱਈਆ ਮੁਬਿਨ ਵੀ ਕਿਹਾ ਕਰਦੇ ਸਨ । ਜਦ ਉਹ ਮੁੰਬਈ ਦੀਆਂ ਸੜਕਾਂ ਤੋਂ ਲੰਘਦੀ ਤਾਂ ਉਸ ਦੀ ਇੱਕ ਝਲਕ ਪਾਉਣ ਲਈ ਸੜਕਾਂ ਤੇ ਵੱਡੇ ਵੱਡੇ ਜਾਮ ਲੱਗ ਜਾਂਦੇ । ਹਰ ਕੋਈ ਉਹਦੀ ਆਕਰਸ਼ਕ ਦਿੱਖ ਨੂੰ ਅੱਖਾਂ ਹੀ ਅੱਖਾਂ ਰਾਹੀਂ ਮਾਨਣ ਲਈ ਉਤਾਵਲਾ ਰਹਿੰਦਾ । ਉਂਝ ਵੀ ਕਿਹੜਾ ਉਹ ਬਸਰੇ ਦੀ ਹੂਰ ਤੋਂ ਘੱਟ ਸੀ । ਸੁਰੱਈਆ ਬਾਰੇ ਵਿਸ਼ੇਸ਼ ਗੱਲ ਇਹ ਵੀ ਹੈ ਕਿ ਉਸ ਨੇ ਸੰਗੀਤ ਜਾਂ ਐਕਟਿੰਗ ਦੀ ਬਕਾਇਦਾ ਕੋਈ ਸਿਖਿਆ ਨਹੀਂ ਸੀ ਲਈ । ਅਜਿਹੀ ਕਿਸੇ ਜਮਾਤ ਵਿੱਚ ਦਾਖ਼ਲਾ ਵੀ ਨਹੀਂ ਸੀ ਲਿਆ ।

ਧੁੱਪ ਸੇਕਣ ਆਏ ਮਹਿਮਾਨ……… ਜਨਮੇਜਾ ਸਿੰਘ ਜੌਹਲ

ਜੇ ਦਿਨ ਨਿੱਖਰੇ ਹੋਣ ਤਾਂ ਪੰਜਾਬ ਜਿਹੀ ਸਰਦੀਆਂ ਦੀ ਧੁੱਪ, ਦੁਨੀਆ ਦੇ ਕਿਸੇ ਕੋਨੇ ਵਿਚ ਨਹੀਂ ਮਿਲਦੀ। ਵਿਦੇਸ਼ਾਂ ਵਿਚ ਵਸਦੇ ਪੰਜਾਬੀ ਇਸੇ ਲਈ ਸਰਦੀਆਂ ਵਿਚ ਹੁੰਮ ਹੁਮਾ ਕਿ ਪੰਜਾਬ ਵੱਲ ਵਹੀਰ ਘੱਤਦੇ ਹਨ। ਇਸ ਸੁਹਾਵਣੇ ਮੌਸਮ ਨੂੰ ਭਲਾ ਪਰਦੇਸੀ ਪੰਛੀ ਕਿਵੇਂ ਛੱਡ ਸਕਦੇ ਹਨ। ਸਰਦੀਆਂ ਵਿਚ ਪੰਜਾਬ ਦੇ ਪਾਣੀਆਂ ਦੇ ਸਮੂਹਾਂ ਦੁਆਲੇ ਇਹ ਆਪਣੀਆਂ ਠਾਹਰਾਂ ਬਣਾਉਂਦੇ ਹਨ। ਇਹ ਖੂਬਸੂਰਤ ਪੰਛੀ, ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲੋਂ ਵੱਧ ਪਸੰਦ ਕਰਦੇ ਹਨ। ਜੇਕਰ ਕਿਸੇ ਝਿੜੀ ਦੇ ਵਿਚ ਜਾਂ ਕਿਸੇ ਨਾਲੇ ਦੇ ਨਾਲ ਨਾਲ ਤੁਰ ਕੇ ਕੁਝ ਸਮਾਂ ਲਾ ਸਕੋ ਤਾਂ, ਕੁਦਰਤ ਦੀਆਂ ਇਹਨਾਂ ਕਿਰਤਾਂ ਦਾ ਅਨੰਦ ਮਾਣ ਸਕਦੇ ਹੋ। ਮੈਂ ਭਾਵੇਂ ਇਹਨਾਂ ਸਭ ਦੇ ਨਾਮ ਨਹੀਂ ਜਾਣਦਾ ਹਾਂ, ਪਰ ਪੰਜਾਬ ਵਿਚ ਪਾਏ ਜਾਣ ਵਾਲੇ ਲਗਭਗ 54 ਪੰਛੀਆਂ ਦੇ ਪੰਜਾਬੀ ਨਾਮ ਇਹ ਹਨ, ਮੋਰ, ਬਗਲਾ, ਡੋਈ, ਟੀਲ, ਢੀਂਗ, ਮੁਰਗਾਬੀ, ਚੂਹਾਮਾਰ, ਤੋਤਾ, ਘੁੱਗੀ, ਪਪੀਹਾ, ਕੋਇਲ, ਉੱਲੂ, ਚੰਡੋਲ, ਲਟੋਰਾ, ਕਾਂ, ਚਿੜੀ, ਬਿਜੜਾ, ਤੂਤੀ, ਬੋਲੀ, ਡੁਬਕਣੀ, ਨੜੀ, ਸੁਰਖਾਬ, ਚਿੱਟਾ ਬੁੱਜਾ, ਦਰਜਣ ਚਿੜੀ, ਦੱਈਆ, ਇੱਲ, ਗਿਰਝ, ਲਗੜ, ਬਾਜ਼, ਤਿੱਤਰ, ਬਟੇਰਾ,  ਜੰਗਲੀ ਮੁਰਗਾ, ਟਟੀਰੀ, ਮਰਵਾ, ਚਹਾ, ਡਮਰਾ, ਤਹੇਰੀ, ਕਬੂਤਰ ਗੋਲਾ, ਨੇਰਨੀ, ਕਿਲਕਿਰ, ਕਠਫੋੜਾ, ਅਬਾਬੀਲ, ਤਿਲੀਅਰ, ਗੁਟਾਰ, ਸੇਰ੍ਹੜੀ, ਬੁਲਬੁਲ, ਗਾਲ੍ਹੜੀ, ਚਰਚਰੀ, ਕਸਤੂਰੀ, ਮਮੋਲਾ, ਧਿਆਲ, ਮੁਨੀਆ ਤੇ ਨਾਚਾ।

ਸੰਘਰਸ਼ ਜਾਰੀ ਹੈ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ

ਸੱਚ ਕਹਿਣ ਤੋਂ ਮੈਂ ਕਦੇ ਵੀ ਨਹੀਂ ਝਿਜਕਿਆ, ਭਾਵੇਂ ਕਿਹੋ ਜਿਹੀ ਵੀ ਗੱਲ ਕਿਉਂ ਨਾ ਹੋਵੇ ਪਰ ਇਸ ਵਾਰ ਆਪ ਬੀਤੀ ਜੱਗ ਬੀਤੀ ਲਿਖਣ ਤੋਂ ਝਿਜਕਦਾ ਆ ਰਿਹਾ ਸੀ। ਇਹ ਆਪ ਬੀਤੀ ਮੇਰੀ ਸਮੱਸਿਆਵਾਂ ਨਾਲ ਹੀ ਸਬੰਧਤ ਹੈ, ਜਿਹੜੀ ਮੈਂ ਆਪਣੇ ਪਿਆਰੇ ਪਾਠਕਾਂ ਦੇ ਸਾਹਮਣੇ ਨਹੀਂ ਕਰਨਾ ਚਾਹੁੰਦਾ ਸਾਂ। ਹਕੀਕਤ ਨੰਗੀ ਕਰਨ ਤੋਂ ਸ਼ਰਮ ਜਿਹੀ ਮਹਿਸੂਸ ਕਰਦਾ ਸਾਂ, ਪਰ ਮੈਂ ਤਾਂ ਆਪ ਹੀ ਮੁੱਢ ਤੋਂ ਕਹਿੰਦਾ ਆ ਰਿਹਾ ਹਾਂ ਕਿ ਲੇਖਕ ਹੁੰਦਾ ਹੀ ਉਹ ਹੈ ਜੋ ਸੱਚ ਕਹਿ ਸਕਦਾ ਹੋਵੇ? ਫੇਰ ਸੋਚਦੈਂ, ਮੈਨੂੰ ਹਕੀਕਤ ਲਿਖਣੀ ਚਾਹੀਦੀ ਹੈ? ਮੈਂ ਕੋਈ ਚੋਰੀ ਤਾਂ ਨਹੀਂ ਕਰਦਾ? ਠੱਗੀ ਤਾਂ ਨਹੀਂ ਮਾਰਦਾ? ਮੈਂ ਤਾਂ ਮਿਹਨਤ ਕਰਦਾ ਹਾਂ। ਮਿਹਨਤ ਦਾ ਤਾਂ ਕੋਈ ਡਰ ਨਹੀਂ ਹੁੰਦਾ।
ਪਿਛਲੇ ਮਹੀਨਿਆਂ 'ਚ ਮੇਰੀ ਦੁੱਖਾਂ ਭਰੀ ਜ਼ਿੰਦਗੀ ਦੀ ਹਕੀਕਤ 'ਪ੍ਰੈਸ' ਨੇ ਚੁੱਕ ਲਈ, ਜਦ ਮੈਂ ਆਤਮ ਹੱਤਿਆ ਕਰਨ ਦੇ ਕਿਨਾਰੇ ਪਹੁੰਚ ਚੁੱਕਿਆ ਸਾਂ। ਪੱਤਰਕਾਰ ਲਵਲੀ ਗੋਇਲ ਨੇ ਕਿਹਾ, "ਅੰਦਰ ਵੜ ਕੇ ਮਰ ਜਾਣ ਨਾਲੋਂ ਕੋਠੇ 'ਤੇ ਚੜ੍ਹ ਕੇ ਰੋਣਾ-ਪਿੱਟਣਾ ਸੌ ਗੁਣਾ ਚੰਗਾ ਹੈ। ਤੂੰ ਸ਼ਰਮ ਨਾ ਮੰਨ, ਹਕੀਕਤ ਨੰਗੀ ਹੋਣ ਤੋਂ। ਸਰਕਾਰਾਂ ਕਦੇ ਆਪਣੇ ਸਰਮਾਏ ਨੂੰ ਰੁਲਣ ਨਹੀਂ ਦਿੰਦੀਆਂ, ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਵੇਗਾ। 'ਮੈਂ ਹਾਂ 'ਚ ਹਾਂ ਮਿਲਾ ਦਿੱਤੀ। ਲਵਲੀ ਗੋਇਲ, ਰਜੀਵ ਗੋਇਲ, ਤਰਸ਼ੇਮ ਸ਼ਰਮਾ ਤੇ ਦਰਸ਼ਨ ਜਿੰਦਲ ਪੱਤਰਕਾਰਾਂ ਨੇ ਮੇਰੇ ਆਰਟੀਕਲ ਪੇਪਰਾਂ 'ਚ ਲਾ ਦਿੱਤੇ। 'ਮਾਲਵਾ ਪੰਜਾਬੀ ਸਾਹਿਤ ਸਭਾ ਇਲਾਕਾ ਰਾਮਪੁਰਾ ਫੂਲ ਬਠਿੰਡਾ' ਨੇ ਖ਼ਬਰਾਂ ਲਾ ਦਿੱਤੀਆਂ। ਆਰਟੀਕਲ ਤੇ ਖ਼ਬਰਾਂ ਪੜ੍ਹ ਕੇ ਪੰਜਾਬ ਦੇ ਕੋਨੇ-ਕੋਨੇ 'ਚੋਂ ਸਾਹਿਤ ਸਭਾਵਾਂ, ਕਲੱਬਾਂ ਤੇ ਜਥੇਬੰਦੀਆਂ ਵੱਲੋਂ ਖ਼ਬਰਾਂ ਪੇਪਰਾਂ 'ਚ ਲੱਗਣ ਲੱਗ ਪਈਆਂ। ਸੁੱਤੀ ਸਰਕਾਰ ਨੂੰ ਜਗਾਉਣ ਲਈ ਆਵਾਜ਼ ਬੁਲੰਦ ਹੋ ਗਈ। ਖ਼ਬਰਾਂ ਪੜ੍ਹ ਕੇ ਨਾਲ ਦੀ ਨਾਲ ਅਲਫਾ ਜ਼ੀ ਨਿਊਜ ਤੇ ਪੰਜਾਬ ਟੂਡੇ ਚੈਨਲਾਂ ਨੇ ਮੂਵੀਆਂ ਬਣਾ ਕੇ ਦਿਖਾ ਦਿੱਤੀਆਂ ਅਤੇ ਦੂਰਦਰਸ਼ਨ 'ਤੇ ਪੰਜਾਬ ਪਲੱਸ ਨੇ ਵੀ ਫਿਲਮ ਬਣਾ ਕੇ ਦੂਰਦਰਸ਼ਨ 'ਤੇ ਦਿਖਾ ਦਿੱਤੀ, ਪਰ ਸਰਕਾਰ ਨੇ ਸਭ ਕੁਝ ਨੂੰ ਅੱਖੋਂ ਪਰੋਖੇ ਕਰ ਦਿੱਤਾ।

ਹਰਿਆਣਾ ਸੂਬੇ ਵਿਚ ਪੰਜਾਬੀ ਜੁਬਾਨ ਦਾ ਸਰਤਾਜ ਸੀ, ਡਾ: ਅਮਰਜੀਤ ਸਿੰਘ ਕਾਂਗ.......... ਸ਼ਰਧਾਂਜਲੀ / ਹਰਪ੍ਰੀਤ ਸਿੰਘ

ਸੂਬੇ ਵਿਚ ਜੇਕਰ ਪੰਜਾਬੀ ਜੁਬਾਨ ਦੇ ਪ੍ਰਸਾਰ/ਪ੍ਰਚਾਰ ਦੀ ਗੱਲ ਕਰੀਏ, ਤਾਂ ਸਭ ਤੋਂ ਵੱਧ ਹਰਮਨ ਪਿਆਰਾ ਨਾਂਅ ਆਉਂਦਾ ਹੈ, ਪੰਜਾਬੀ ਭਾਸ਼ਾ ਦੇ ਹਰਿਆਣਾ ਪ੍ਰਾਂਤ ਦੇ ਬਾਬਾ ਬੋਹੜ ਮਹਿਰੂਮ ਡਾ: ਅਮਰਜੀਤ ਸਿੰਘ ਕਾਂਗ ਦਾ, ਜਿਹੜੇ ਕਿ ਸਾਨੂੰ ਬੀਤੇ ਸਾਲ ਭਾਵੇਂ ਸਰੀਰਕ ਰੂਪ ਵਿਚ ਵਿਛੋੜਾ ਦੇ ਗਏ ਹਨ, ਪਰ ਉਨ੍ਹਾਂ ਤੋਂ ਸਿੱਖਿਆ ਲੈ ਚੁਕੇ ਵਿਦਿਆਰਥੀ ਸੱਜਣ, ਮਿੱਤਰ, ਸਾਹਿਤਕ ਪ੍ਰੇਮੀ ਅਤੇ ਪਾਠਕਾਂ ਦੇ ਜਿਹਨ ਵਿਚ ਅੱਜ ਵੀ ਉਹ ਹਸਮੁੱਖ ਚਿਹਰਾ ਰਹਿੰਦਾ ਹੈ। ਪੰਜਾਬੀ ਸਾਹਿਤਕ ਦੇ ਖੇਤਰ ਵਿਚ ਡਾ: ਕਾਂਗ ਨੂੰ ਇਕ ਚੰਗੇ ਆਲੋਚਕ ਵੱਜੋਂ ਜਾਣਿਆ ਜਾਂਦਾ ਸੀ, ਪਰ ਅਸਲ ਵਿਚ ਉਹ ਇਕ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਸਨ। ਪੰਜਾਬੀ ਜੁਬਾਨ ਲਈ ਹਰ ਵਕਤ ਤਿਆਰ ਬਰ ਤਿਆਰ ਡਾ: ਅਮਰਜੀਤ ਸਿੰਘ ਕਾਂਗ ਦਾ ਜਨਮ ਸੰਨ 1952 ਵਿਚ ਗਿ: ਗੁਰਚਰਨ ਸਿੰਘ ਜੀ ਦੇ ਘਰ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਮੁਢਲੀ ਪੜ੍ਹਾਈ ਤੋਂ ਬਾਅਦ ਡਾ: ਕਾਂਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਐਮ।ਏ। ਪੰਜਾਬੀ ਵਿਸ਼ੇ ਦੇ ਪਹਿਲੇ ਬੈਚ ਦੇ ਵਿਦਿਆਰਥੀ ਰਹੇ ਅਤੇ ਗੋਲਡ ਮੈਡਲ ਹਾਸਿਲ ਕੀਤਾ। ਸੰਨ 1979 ਵਿਚ ਡਾ: ਅਮਰਜੀਤ ਸਿੰਘ ਕਾਂਗ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਵਿਚ ਬਤੌਰ ਪੰਜਾਬੀ ਅਧਿਆਪਕ ਦੀ ਸੇਵਾਵਾਂ ਨਿਭਾਈਆਂ ਅਤੇ ਆਪਣੇ ਹੱਥੀਂ ਪੰਜਾਬੀ ਵਿਭਾਗ ਦੀ ਸਥਾਪਨਾ ਕੀਤੀ ਅਤੇ ਬਾਅਦ ਵਿਚ ਪੰਜਾਬੀ ਵਿਭਾਗ ਦੇ ਮੁਖੀ ਰਹਿਣ ਦਾ ਮਾਣ ਹਾਸਿਲ ਹੋਇਆ।

ਸੰਸਾਰ ਪ੍ਰਸਿੱਧ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ……… ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

7 ਜਨਵਰੀ ਨੂੰ ਬਰਸੀ ‘ਤੇ ਵਿਸ਼ੇਸ਼
 
ਭਾਰਤੀ ਹਾਕੀ ਦਾ ਥੰਮ੍ਹ ਅਖਵਾਉਣ ਵਾਲੇ ਸੁਰਜੀਤ ਸਿੰਘ ਦਾ ਜਨਮ 10 ਅਕਤੂਬਰ 1951 ਨੂੰ ਪਿੰਡ ਦਾਖ਼ਲਾ (ਗੁਰਦਾਸਪੁਰ) ਵਿਚ ਸ। ਮੱਘਰ ਸਿੰਘ ਦੇ ਘਰ ਹੋਇਆ। ਖ਼ਾਲਸਾ ਸਕੂਲ ਬਟਾਲਾ ਤੋਂ ਮੁੱਢਲੀ ਵਿੱਦਿਆ ਹਾਸਲ ਕਰਨ ਮਗਰੋਂ ਸਪੋਰਟਸ ਕਾਲਜ ਜਲੰਧਰ ‘ਚ ਦਾਖ਼ਲਾ ਲਿਆ।

ਉਸ ਨੇ ਹਾਕੀ ਦੇ ਖ਼ੇਤਰ ਵਿੱਚ 1967 ਨੂੰ ਸਕੂਲੀ ਖੇਡਾਂ ਤੋਂ ਪ੍ਰਵੇਸ਼ ਕੀਤਾ । ਇਸ ਤੋਂ ਕਰੀਬ ਇੱਕ ਸਾਲ ਬਾਅਦ 1968 ਵਿੱਚ ਪੰਜਾਬ ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਕਈ ਅਹਿਮ ਮੈਚ ਖੇਡੇ। ਇਹਨਾਂ ਮੈਚਾਂ ਦੀ ਕਾਰਗੁਜ਼ਾਰੀ ਸਦਕਾ ਹੀ ਯੂਨੀਵਰਸਿਟੀ ਦੀ ਸਾਂਝੀ ਟੀਮ ਦੇ ਮੈਂਬਰ ਬਣੇ, ਆਸਟ੍ਰੇਲੀਆ ਦਾ ਦੌਰਾ ਵੀ ਕੀਤਾ। ਖਿਡਾਰੀ ਹੋਣ ਦੇ ਨਾਤੇ ਹੀ ਰੇਲਵੇ ਵਿਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਿਲੀ।

ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

ਗਾਇਕੀ ਅਤੇ ਐਕਟਿੰਗ ਖ਼ੇਤਰ ਵਿੱਚ ਦੁਨੀਆਂ ਤੋਂ ਲੋਹਾ ਮੰਨਵਾਉਣ ਵਾਲੀ, ਸੁਹਣੀ-ਸੁਰੀਲੀ, ਸੁਰ ਸੰਗੀਤ ਦਾ ਸੁਮੇਲ, ਦੱਖਣੀ ਏਸ਼ੀਆ ਦੀ ਨਾਮਵਰ ਸਖ਼ਸ਼ੀਅਤ ਨੂਰਜਹਾਂ ਦਾ ਮੁੱਢਲਾ ਨਾਂਅ ਅੱਲਾ ਵਸਾਈ ਸੀ । ਅੱਲਾ ਵਸਾਈ ਦਾ ਜਨਮ ਕਸੂਰ ਸ਼ਹਿਰ ਦੇ ਇੱਕ ਭੀੜ ਭੜੱਕੇ ਵਾਲੇ, ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਨਾ ਚੰਗੀ ਦਿਖ ਵਾਲੇ, ਭੀੜੇ ਜਿਹੇ ਮੁਹੱਲੇ ਵਿੱਚ 21 ਸਤੰਬਰ 1926 ਨੂੰ ਇੱਕ ਪੰਜਾਬੀ ਸੰਗੀਤਕ ਘਰਾਣੇ ਵਿੱਚ ਫ਼ਤਿਹ ਬੀਬੀ ਅਤੇ ਮਦਦ ਅਲੀ ਦੇ ਘਰ ਹੋਇਆ। ਅੱਲਾ ਵਸਾਈ ਦੇ ਇਸ ਤੋਂ ਬਿਨਾਂ 10 ਹੋਰ ਭੈਣ-ਭਰਾ ਵੀ ਸਨ।

2012 ਦਾ ਹੈਰਤਅੰਗੇਜ਼ ਦਿਮਾਗੀ ਕੈਲੰਡਰ........ਰਣਜੀਤ ਸਿੰਘ ਪ੍ਰੀਤ

ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦੇ ਨਾਲ ਹੀ ਹਰੇਕ ਸਾਲ ਦੀ ਜ਼ਰੂਰਤ ਮੁਤਾਬਕ ਨਵੇਂ ਸਾਲ ਦੇ ਕੈਲੰਡਰ ਦੀ ਲੋੜ ਵੀ ਪੈਣੀ ਹੈ। ਇਸ ਸਾਲ ਵਿੱਚ 12 ਮਹੀਨੇ 53 ਐਤਵਾਰ ਅਤੇ 366 ਦਿਨ ਹਨ । ਜਿਵੇ ਕਿ ਆਪਾਂ ਜਾਣਦੇ ਹੀ ਹਾਂ ਕਿ ਹਰ ਮਹੀਨੇ ਦੀਆਂ ਤਰੀਕਾਂ ਦੇ ਦਿਨ ਵੱਖੋ-ਵੱਖਰੇ ਹੁੰਦੇ ਹਨ, ਜਿਨ੍ਹਾਂ ਬਾਰੇ ਜਾਨਣ ਲਈ ਸਾਨੂੰ ਕੈਲੰਡਰ ਦੀ ਜ਼ਰੂਰਤ ਪੈਂਦੀ ਹੈ। ਪਰ ਅੱਜ ਇਥੇ ਜਿਸ ਕੈਲੰਡਰ ਦੀ ਗੱਲ ਕਰ ਰਹੇ ਹਾਂ, ਇਹ ਬਹੁਤ ਹੀ ਦਿਲਚਸਪ ਅਤੇ ਅਨੋਖਾ ਕੈਲੰਡਰ ਹੈ। ਇਸ ਦੀ ਵਰਤੋਂ ਕਰਨ ਦਾ ਵੀ ਆਪਣਾ ਹੀ ਇਕ ਤਰੀਕਾ ਹੈ। ਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਮਹੀਨਿਆਂ ਅਤੇ ਦਿਨਾਂ ਦੇ ਕੋਡਾਂ ਦੀ ਗਿਣਤੀ ਯਾਦ ਰੱਖਣ ਦੀ ਲੋੜ ਪਵੇਗੀ । ਇਨ੍ਹਾਂ ਨੂੰ ਰਤਾ ਧਿਆਨ ਨਾਲ ਵੇਖਣ-ਪਰਖ਼ਣ  ਅਤੇ ਯਾਦ ਰੱਖਣ ਦੀ ਖ਼ਾਸ ਲੋੜ ਹੈ । ਅਸੀਂ ਜਿਉਂ ਹੀ ਇਹ ਯਾਦ ਕਰ ਲਏ, ਤਾਂ ਸਾਡਾ ਜੇਬੀ ਕੈਲੰਡਰ ਵੀ ਤਿਆਰ ਹੈ। ਜੇਬੀ ਕੈਲੰਡਰ ਇਸ ਲਈ ਕਿਹਾ ਹੈ ਕਿ ਇਹ ਕੋਡ ਜੇ ਲੋੜ ਲੱਗੇ ਤਾਂ ਲਿਖ ਕੇ ਵੀ ਜੇਬ ਵਿੱਚ ਰੱਖੇ ਜਾ ਸਕਦੇ ਹਨ ।

ਭਾਰਤ ਲਈ ਅਗਨੀ ਪ੍ਰੀਖਿਆ ਆਸਟ੍ਰੇਲੀਆ ਦੌਰਾ......... ਰਣਜੀਤ ਸਿੰਘ ਪ੍ਰੀਤ

ਨਵੇਂ ਵਰ੍ਹੇ ਦੀ ਸ਼ਰੂਆਤ ਵੀ ਕ੍ਰਿਕਟ ਮੈਚ ਨਾਲ

ਕੁਝ ਹੀ ਘੰਟੇ ਬਾਅਦ ਸਮੇਂ ਦਾ ਬੂਹਾ ਲੰਘ ਕੇ ਆਂਗਣ ਪ੍ਰਵੇਸ਼ ਕਰਨ ਵਾਲੇ ਵਰ੍ਹੇ ਦੀ ਸ਼ੁਰੂਆਤ ਵੀ ਇਤਿਹਾਸ ਦੀ ਬੁਕਲ਼ ‘ਚ ਸਾਉਣ ਵਾਲੇ 2011 ਵਾਂਗ ਕ੍ਰਿਕਟ ਟੈਸਟ ਮੈਚ ਨਾਲ ਹੋ ਰਹੀ ਹੈ । ਸਾਲ 2011 ਦੀ ਸ਼ੁਰੂਆਤ, ਪਹਿਲਾ ਟੈਸਟ ਮੈਚ ਪਹਿਲਾ ਟਾਸ ਜਿੱਤਦਿਆਂ ਦੱਖਣੀ ਅਫ਼ਰੀਕਾ ਵਿਰੁੱਧ 2 ਤੋਂ 6 ਜਨਵਰੀ ਤੱਕ ਬਰਾਬਰੀ ’ਤੇ ਖੇਡਦਿਆਂ ਅਤੇ ਟੈਸਟ ਲੜੀ 1-1 ਨਾਲ ਬਰਾਬਰ ਕਰਨ ਮਗਰੋਂ, 9 ਜਨਵਰੀ ਨੂੰ ਸਾਲ ਦੀ ਪਹਿਲੀ ਜਿੱਤ ਦੱਖਣੀ ਅਫ਼ਰੀਕਾ ਵਿਰੁੱਧ ਹੀ ਟੀ-20 ਮੈਚ ਵਿੱਚ 21 ਦੌੜਾਂ ਨਾਲ ਭਾਰਤ ਦੇ ਹਿੱਸੇ ਰਹਿਣ ਨਾਲ ਹੋਈ ਸੀ । ਬੀਤੇ ਵਰ੍ਹੇ ਅਤੇ ਇਸ ਵਰ੍ਹੇ ਵਿੱਚ ਅੰਤਰ ਇਹ ਹੈ ਕਿ ਪਿਛਲੀ ਵਾਰ ਇਹ ਭਾਰਤ ਵਿੱਚ ਅਤੇ ਇਸ ਵਾਰ ਆਸਟ੍ਰੇਲੀਆ ਵਿੱਚ ਸ਼ੁਰੂ ਹੋ ਰਿਹਾ ਹੈ । ਪਿਛਲੀ ਵਾਰ ਦੱਖਣੀ ਅਫ਼ਰੀਕਾ ਨਾਲ ਮੁਕਾਬਲਾ ਸੀ, ਇਸ ਵਾਰ ਧੁਨੰਤਰ ਟੀਮ ਆਸਟ੍ਰੇਲੀਆ ਨਾਲ ਹੈ । ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ 10ਵੇਂ ਟੂਰ ਲਈ ਆਸਟ੍ਰੇਲੀਆ ਪਹੁੰਚੀ ਭਾਰਤੀ ਟੀਮ ਨੇ ਕੈਨਬਰਾ ਵਿੱਚ ਖੇਡੇ ਅਭਿਆਸੀ ਮੈਚਾਂ ਨਾਲ ਅਤੇ 26 ਤੋਂ 30 ਦਸੰਬਰ ਤੱਕ ਪਹਿਲਾ ਟੈਸਟ ਮੈਚ ਖੇਡਣ ਨਾਲ ਆਪਣਾ ਟੂਰ  ਸ਼ੁਰੂ ਕਰਿਆ ਹੈ । ਸਾਲ ਦੀ ਸ਼ੁਰੂਆਤ 3 ਤੋਂ 7 ਜਨਵਰੀ ਤੱਕ ਹੋਣ ਵਾਲੇ ਦੂਜੇ ਟੈਸਟ ਮੈਚ ਨਾਲ ਹੋਣੀ ਹੈ ।

ਸਦਾ ਲਈ ਰੁਖ਼ਸਤ ਹੋ ਗਈ ਗਾਇਕਾ : ਪੁਸ਼ਪਾ ਹੰਸ……… ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

ਪਦਮਸ਼੍ਰੀ, ਪੰਜਾਬੀ ਭੂਸ਼ਣ ਤੇ ਕਲਪਨਾ ਚਾਵਲਾ ਐਕਸੀਲੈਂਸੀ ਐਵਾਰਡ ਨਾਲ ਸਨਮਾਨਿਤ ਪੰਜਾਬੀ ਲੋਕ ਗੀਤ ਗਾਇਕਾ ਪੁਸ਼ਪਾ ਹੰਸ ਦਾ ਜਨਮ 30 ਨਵੰਬਰ 1917 ਨੂੰ  ਫਾਜ਼ਿਲਕਾ (ਪੰਜਾਬ) ਵਿਖੇ ਮਾਤਾ ਜਨਕ ਰਾਣੀ ਕਪੂਰ ਅਤੇ ਪਿਤਾ ਰਤਨ ਲਾਲ ਕਪੂਰ ਦੇ ਘਰ ਹੋਇਆ । ਰਤਨ ਲਾਲ ਕਪੂਰ ਜੀ ਪੇਸ਼ੇ ਵਜੋਂ ਵਕੀਲ ਸਨ। ਉਹਨਾਂ ਪੁਸ਼ਪਾ ਹੰਸ ਨੂੰ ਮੁੱਢਲੀ ਪੜ੍ਹਾਈ ਫ਼ਾਜਿਲਕਾ ਤੋਂ ਦਿਵਾਉਣ ਉਪਰੰਤ, ਲਾਹੌਰ ਯੂਨੀਵਰਸਿਟੀ ਤੋਂ ਸੰਗੀਤ ਦੀ ਬੈਚਲਰ ਡਿਗਰੀ ਕਰਵਾਈ ਅਤੇ ਫਿਰ ਕਰੀਬ 10 ਸਾਲ ਉਹ ਨਾਮੀ ਭਾਰਤੀ ਸੰਗੀਤ ਘਰਾਣੇ ਪਟਵਰਧਨ ਤੋਂ ਲਾਹੌਰ ਵਿਖੇ ਸ਼ਾਸ਼ਤਰੀ ਸੰਗੀਤ ਦੀ ਸਿਖਿਆ ਹਾਸਲ ਕਰਦੀ ਰਹੀ। ਇਸ ਪੰਜਾਬੀ ਗਾਇਕਾ ਨੇ ਆਪਣਾ ਗਾਇਕੀ ਕੈਰੀਅਰ ਲਾਹੌਰ ਰੇਡੀਓ ਸਟੇਸ਼ਨ ਤੋਂ ਸ਼ੁਰੂ ਕੀਤਾ । ਪੁਸ਼ਪਾ ਹੰਸ ਨੇ ਸ਼ਿਵ ਕੁਮਾਰ ਬਟਾਲਵੀ ਦੇ ਬ੍ਰਿਹੋਂ ਪਰੋਤੇ ਗੀਤਾਂ ਨੂੰ ਕੇ ਪੰਨਾ ਲਾਲ ਦੇ ਸੰਗੀਤ ਤਹਿਤ ਫ਼ਿਲਿਪਸ ਕੰਪਨੀ ਰਾਹੀਂ ਪਹਿਲੀ ਐਲਬਮ “ਸ਼ਿਵ ਬਟਾਲਵੀ ਦੇ ਗੀਤ” ਟਾਈਟਲ ਨਾਲ ਖ਼ੂਬਸੂਰਤ ਆਵਾਜ਼ ਦਾ ਲਿਬਾਸ ਦਿੱਤਾ । ਸਰਕਾਰੀ ਤੌਰ ‘ਤੇ ਬਣੀਆਂ ਡਾਕੂਮੈਂਟਰੀ ਲਈ ਵੀ ਉਸਦੀ ਚੋਣ ਕੀਤੀ ਗਈ ਅਤੇ ਉਸ ਨੇ ਵਧੀਆ ਨਿਭਾਅ ਕਰਦਿਆਂ ਮਧੁਰ ਆਵਾਜ਼ ਦਾ ਜਾਦੂ ਬਿਖੇਰਿਆ । ਉਹ ਹਰ ਮਹਿਫ਼ਲ ਅਤੇ ਵਿਆਹਾਂ ਮੌਕੇ ਮੂਹਰੇ ਹੁੰਦੀ, ਲੋਕ ਉਸਦੀ ਆਵਾਜ਼ ਸੁਣਨ ਨੂੰ ਤਰਸਦੇ ਰਹਿੰਦੇ ।

ਇਹ ਦਿਨ ਵੀ ਆਉਣਾ ਸੀ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ

ਹਰ ਸਾਲ ਦੀ ਤਰ੍ਹਾਂ ਐਤਕੀ ਵੀ ਨਗਰ ਕੀਰਤਨ ਕੱਢਿਆ ਗਿਆ। ਥਾਂ-ਥਾਂ ਠੰਡੇ-ਮਿੱਠੇ ਪਾਣੀ ਦੀਆਂ ਛਬੀਲਾਂ ਲਾਈ ਗਈਆਂ। ਲੋਕਾਂ ਨੇ ਆਪਣੇ-ਆਪਣੇ ਬਾਰਾਂ ਅੱਗੇ ਸਫਾਈ ਕੀਤੇ ਤੇ ਪਾਣੀ ਛਿੜਕਿਆ। ਨਗਰ ਕੀਰਤਨ ਹਰ ਪੜਾਅ 'ਤੇ ਖੜ੍ਹਦਾ ਅੱਗੇ ਵੱਧਦਾ। ਢਾਡੀ ਜੱਥੇ ਆਪਣੀਆਂ-ਆਪਣੀਆਂ ਵਾਰਾਂ ਪੇਸ਼ ਕਰਦੇ। ਲੋਕੀਂ ਢਾਡੀ ਜੱਥਿਆਂ ਨੂੰ ਰੁਪਈਏ ਦਿੰਦੇ। ਗੁਰੂ ਘਰ ਦੇ ਫੰਡ ਵਿੱਚ ਸ਼ਰਧਾ ਮੁਤਾਬਕ ਰੁਪਏ ਦਿੰਦੇ। 'ਸ਼੍ਰੀ ਗੁਰੂ ਗ੍ਰੰਥ ਸਾਹਿਬ' ਨੂੰ ਮੱਥਾ ਟੇਕਦੇ। ਮਾਈਆਂ ਪ੍ਰਾਂਤਾਂ, ਬਾਲਟੀਆਂ ਕਣਕ ਦੀਆਂ ਪਾਉਂਦੀਆਂ।

ਹਰ ਸਾਲ ਢਾਡੀ ਜੱਥੇ ਪਿਛਲੇ ਪੜਾਅ 'ਤੇ ਆਪਣੀਆਂ-ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਮੇਰੇ ਘਰ, ਮੇਰੀ ਬੈਠਕ ਵਿੱਚ ਆ ਕੇ ਬਹਿੰਦੇ। ਮੇਰੇ ਘਰ ਚਾਹ-ਪਾਣੀ ਪੀਂਦੇ ਤੇ ਸਾਹਿਤ ਦੀਆਂ ਗੱਲਾਂ ਕਰਦੇ। ਨਗਰ ਕੀਰਤਨ ਪਿਛਲੇ ਪੜਾਅ ਤੋਂ ਰਵਾਨਾ ਹੁੰਦਾ ਅਗਲੇ ਪੜਾਅ 'ਤੇ ਜਾ ਕੇ ਖੜ੍ਹਦਾ ਤੇ ਢਾਡੀ ਜੱਥੇ ਮੇਰੇ ਘਰੋਂ ਉੱਠ ਕੇ ਅਗਲੇ ਪੜਾਅ 'ਤੇ ਰੌਣਕਾਂ ਲਾਉਂਦੇ।

ਗਰੀਬੀ ਦੀ ਮਾਰ ਝੱਲ ਰਿਹਾ ਸਾਹਿਤਕਾਰ ਦਰਸ਼ਨ ਸਿੰਘ ਪ੍ਰੀਤੀਮਾਨ.......... ਰਣਜੀਤ ਸਿੰਘ ਸਿੱਧੂ


ਐਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇ,
ਚਾਰ ਕੁ ਬੰਦੇ ਰੱਖ ਲਈ ਅਰਥੀ ਨੂੰ ਮੋਢਾ ਦੇਣ ਲਈ,

ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਸਿੰਘ ਪਾਤਰ ਦੀਆਂ ਇਹ ਸੱਤਰਾਂ ਪੰਜਾਬੀ ਲੇਖਣੀ ਵਿੱਚ ਹਰ ਰੋਜ਼ ਨਵੇਂ ਦਿੱਸਹਦੇ ਕਾਇਮ ਕਰਨ ਵਾਲੇ ਦਰਸ਼ਨ ਸਿੰਘ ਪ੍ਰੀਤੀਮਾਨ ਉਪਰ ਖੂਬ ਢੁੱਕਦੀਆਂ ਹਨ। ਮੇਰਾ ਪ੍ਰੀਤੀਮਾਨ ਨਾਲ ਵਾਹ ਪਿਛਲੇ ਚਾਰ ਕੁ ਸਾਲਾਂ ਦਾ ਹੈ। ਮੈਂ ਉਸ ਨੁੰ ਲੇਖਣੀ ਵਿੱਚ ਅਤੇ ਵਧੀਆ ਰਾਹ ਦਸੇਰਾ ਅਤੇ ਆਪਣਾ ਵੱਡਾ ਵੀਰ ਵੀ ਮੰਨਦਾ ਹਾਂ ਕਿ ਮੈਂ ਜਦੋਂ ਵੀ ਉਸਨੂੰ ਮਿਲਦਾ ਹਾਂ ਉਹ ਚੜ੍ਹਦੀਆਂ ਕਲਾ ਵਿੱਚ ਰਹਿੰਦਾ ਹੈ। ਦਰਦਾਂ ਨਾਲ ਉਸਦਾ ਜਨਮਾਂ-ਜਨਮਾਂ ਦਾ ਸਾਥ ਹੈ। ਪਰ ਉਸਨੇ ਕਦੇ ਕਿਸੇ ਉੱਪਰ ਗਿਲਾ ਸ਼ਿਕਵਾ ਨਹੀਂ ਕੀਤਾ। ਜਿਸ ਨੇ ਤਨ, ਮਨ, ਧਨ ਅਤੇ ਸਭ ਕੁਝ ਸਮਾਜ ਦੇ ਲੇਖੇ ਲਗਾ ਛੱਡਿਆ। ਪਿਛਲੇ ਪੈਂਤੀ ਸਾਲਾਂ ਤੋਂ ਸਮਾਜ ਤੇ ਮਾਂ ਬੋਲੀ ਪੰਜਾਬੀ ਦੀ ਤਨੋਂ-ਮਨੋਂ ਸੇਵਾ ਕਰਦਾ ਆ ਰਿਹਾ ਹੈ। ਜਿਸ ਦੀਆਂ ਪ੍ਰਾਪਤੀਆਂ ਵੇਖਦੇ ਹਰ ਇੱਕ ਪਾਠਕ ਹੈਰਾਨ ਰਹਿ ਜਾਂਦਾ ਹੈ । ਜਿਸ ਦਾ ਸਮਾਜ ਪ੍ਰਤੀ ਪੰਜ ਤਰ੍ਹਾਂ ਦਾ ਯੋਗਦਾਨ ਹੈ। ਸਾਹਿਤ ਵਿੱਚ ਯੋਗਦਾਨ, ਸਮਾਜ ਸੇਵਾ, ਖੂਨਦਾਨ, ਨੇਤਰਦਾਨ ਅਤੇ ਮਰਨ ਉਪਰੰਤ ਸਰੀਰਦਾਨ, ਉਹ ਕਿਸੇ ਦੀ ਜਾਣ-ਪਛਾਣ ਦਾ ਮੁਖਾਜ ਨਹੀ, ਉਹ ਹੈ ਪੰਜਾਬੀ ਮਾਂ ਬੋਲੀ ਦਾ ਹੀਰਾ ਪ੍ਰਸਿੱਧ ਸਾਹਿਤਕਾਰ ਦਰਸ਼ਨ ਸਿੰਘ ਪ੍ਰੀਤੀਮਾਨ।

ਜਾਂਦੀ ਵਾਰੀ ਫਤਹਿ ਮੰਨਜ਼ੂਰ ਕਰਨੀਂ .......... ਸ਼ਰਧਾਂਜਲੀ / ਤਰਲੋਚਨ ਸਿੰਘ ਦੁਪਾਲਪੁਰ

ਪੰਜਾਬੀ ਰੰਗਮੰਚ ਅਤੇ ਗਾਇਕੀ ਦਾ ਅੰਤਰਰਾਸ਼ਟ੍ਰੀ ਵਿਸ਼ਲੇਸ਼ਕ ਐਸ.ਅਸ਼ੋਕ ਭੌਰਾ ਤੇ ਮੈਂ ਕੱਲ੍ਹ ਸ਼ਾਮੀ ਪੰਜ ਕੁ ਵਜੇ ਫੋਨ ਤੇ ਗੱਲਾਂ ਕਰਦੇ ਕਿਸੇ ਖਾਸ ਨੁਕਤੇ ਉੱਤੇ ਖੂਬ ਹੱਸੇ। ਉੱਚੀ ਉੱਚੀ ਹੱਸਦਿਆਂ ਹੋਇਆਂ ਹੀ ਅਸੀਂ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਗੱਲਾਂ ਬਾਤਾਂ ਦਾ ਸਿਲਸਿਲਾ ਬੰਦ ਕੀਤਾ। ਲੇਕਿਨ ਅੱਧੀ ਰਾਤ ਸਾਢੇ ਬਾਰਾਂ ਵਜੇ ਮੇਰੇ ਫੋਨ ਦੀ ਰਿੰਗ ਵੱਜੀ ਤਾਂ ਸਕਰੀਨ ਉੱਪਰ ਅਸੋਕ ਭੌਰਾਦੇਖ ਕੇ ਮੇਰਾ ਮੱਥਾ ਠਣਕਿਆ !---ਇਹ ਤਾਂ ਕਦੇ ਐਸ ਵੇਲ਼ੇ ਫੋਨ ਨਹੀਂ ਕਰਦਾ ਹੁੰਦਾ-ਅੱਜ ਕੀ ਗੱਲ ਹੋਈ ਹੋਵੇਗੀ ?’ ਚਿੰਤਾ ਗ੍ਰਸੀ ਉਤਸੁਕਤਾ ਨਾਲ਼ ਫੋਨ ਦਾ ਹਰਾ ਬਟਨ ਦੱਬਿਆ---ਹੈਲੋਦੀ ਥਾਂ ਮੇਰੇ ਮੂੰਹੋਂ ਨਿੱਕਲਿਆ-ਭੌਰਾ ਭਰਾ ਜੀ ਸੁੱਖ ਤਾਂ ਹੈ ?”

ਤੁਰ ਗਏ ਦੀ ਉਦਾਸੀ ਏ.......... ਸ਼ਰਧਾਂਜਲੀ / ਸਿ਼ਵਚਰਨ ਜੱਗੀ ਕੁੱਸਾ

ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

29 ਨਵੰਬਰ ਦਿਨ ਮੰਗਲਵਾਰ ਨੂੰ 'ਫ਼ੇਸਬੁੱਕ' 'ਤੇ ਇੱਕ 'ਦੰਦ-ਕਥਾ' ਛਿੜੀ ਸੀ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ। ਭਮੱਤਰੇ ਅਤੇ ਪ੍ਰੇਸ਼ਾਨ ਜਿਹੇ ਹੋਏ ਨੂੰ ਹੋਰ ਤਾਂ ਮੈਨੂੰ ਕੁਝ ਸੁੱਝਿਆ ਨਾ, ਮੈਂ ਤੁਰੰਤ ਬਾਈ ਦੇਵ ਥਰੀਕੇ ਨੂੰ ਫ਼ੋਨ ਮਿਲ਼ਾ ਲਿਆ। ਉਸ ਅੱਕੇ ਹੋਏ ਨੇ 'ਫ਼ੇਸਬੁੱਕੀਆਂ' ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਲੋਕ ਕਿਸੇ ਦੀ ਸੁੱਖ ਨਹੀਂ ਮੰਗਦੇ, ਫ਼ੇਸਬੁੱਕ 'ਤੇ ਅਫ਼ਵਾਹਾਂ ਉਡਾ ਰਹੇ ਨੇ! 29 ਨਵੰਬਰ ਨੂੰ ਮਾਣਕ ਠੀਕ-ਠਾਕ ਸੀ। ਨਮੂਨੀਆਂ ਹੋਣ ਕਾਰਨ ਉਹ ਹਸਪਤਾਲ਼ ਜ਼ਰੂਰ ਦਾਖ਼ਲ ਸੀ। ਪਰ ਬਾਈ ਦੇਵ ਥਰੀਕੇ ਦੇ ਦੱਸਣ ਅਨੁਸਾਰ ਠੀਕ ਸੀ। …ਤੇ ਫ਼ਿਰ 30 ਨਵੰਬਰ ਨੂੰ ਫ਼ਿਰ ਉਹੀ ਚਰਚਾ ਛਿੜੀ ਹੋਈ ਸੀ, "ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ!" ਅੱਜ ਕੋਈ ਬਹੁਤਾ ਮਹਿਸੂਸ ਜਿਹਾ ਨਾ ਹੋਇਆ ਕਿ ਇਹ ਵੀ ਕੱਲ੍ਹ ਵਾਂਗ ਕਿਸੇ 'ਵਿਹਲੇ' ਨੇ 'ਟਸ਼ਣ' ਕਰਦੇ ਨੇ 'ਸ਼ੋਸ਼ਾ' ਛੱਡ ਦਿੱਤਾ ਅਤੇ ਟਾਈਮ ਪਾਸ ਕਰ ਲਿਆ। ਪਰ ਜਦੋਂ ਮੈਂ ਆਸਟਰੇਲੀਆ ਵਸਦੇ ਮੇਰੇ ਨਿੱਕੇ ਵੀਰ ਮਿੰਟੂ ਬਰਾੜ ਅਤੇ ਹਰਮਿੰਦਰ ਕੰਗ ਹੋਰਾਂ ਵੱਲੋਂ ਲਿਖਿਆ ਪੜ੍ਹਿਆ ਤਾਂ ਮੇਰੇ ਲੂੰ-ਕੰਡੇ ਖੜ੍ਹੇ ਹੋ ਗਏ। ਹਰਮਿੰਦਰ ਕੰਗ ਨੂੰ ਪੁੱਛਿਆ ਕਿ ਕੀ ਇਹ ਗੱਲ ਸਹੀ ਹੈ? ਤਾਂ ਉਸ ਨੇ ਸਹੀ ਦੀ ਪੁਸ਼ਟੀ ਕਰ ਦਿੱਤੀ। 'ਮਰਨਾਂ ਸੱਚ ਅਤੇ ਜਿਉਣਾਂ ਝੂਠ' ਵਾਲ਼ੀ ਕਹਾਵਤ ਸੱਚ ਮੰਨਣੀ ਪਈ। ਪਰ ਫ਼ਿਰ ਵੀ ਦਿਲ ਨਾ ਟਿਕਿਆ ਅਤੇ ਦੇਵ ਥਰੀਕੇ ਨੂੰ ਪੰਜਾਬ ਫ਼ੋਨ ਮਿਲ਼ਾ ਲਿਆ ਅਤੇ ਸੱਚੀ ਗੱਲ ਦੀ ਪੁਸ਼ਟੀ ਕਰ ਕੇ ਬੇਵੱਸ ਹੋ ਕੇ ਬੈਠ ਗਿਆ। ਕਿਉਂਕਿ ਮੌਤ ਨੂੰ ਕੋਈ ਜਿੱਤ ਨਹੀਂ ਸਕਿਆ।

ਲੋਕ ਗਥਾਵਾਂ ਦੇ ਅੰਬਰ ਦਾ ਸੂਰਜ ਸਪੁਰਦ-ਇ-ਖ਼ਾਕ.......... ਰਣਜੀਤ ਸਿੰਘ ਪ੍ਰੀਤ

ਲੰਮਾ ਸਮਾਂ ਆਪਣੀ ਸੁਰੀਲੀ, ਬੁਲੰਦ ਅਤੇ ਵਿਲੱਖਣ ਅੰਦਾਜ਼ ਦੀ ਗਰਜਵੀਂ ਆਵਾਜ਼ ਨਾਲ ਪੰਜਾਬ ਦੀ ਫ਼ਿਜ਼ਾ ਵਿੱਚ ਰਸ ਘੋਲਣ ਵਾਲੇ, 50 ਸਾਲਾਂ ਤੱਕ ਲੋਕ ਗਥਾਵਾਂ ਅਤੇ ਉਸਾਰੂ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਲਤੀਫ਼ ਮੁਹੰਮਦ, ਜਿਸ ਨੂੰ ਲੱਧਾ ਵੀ ਕਿਹਾ ਕਰਦੇ ਸਨ ਅਤੇ ਬਾਅਦ ਵਿੱਚ ਕੁਲਦੀਪ ਮਾਣਕ ਅਖਵਾਉਣ ਵਾਲੇ ਸਿਰਮੌਰ ਗਾਇਕ, ਜੋ 30 ਨਵੰਬਰ ਨੂੰ ਡੀ. ਐਮ. ਸੀ. ਹਸਪਤਾਲ ਵਿੱਚ ਦਿਨੇ ਡੇਢ ਵਜੇ ਇਸ ਫ਼ਾਨੀ ਜਗਤ ਤੋਂ ਕੂਚ ਕਰ ਗਏ ਸਨ, ਉਹਨਾਂ ਨੂੰ 2 ਦਸੰਬਰ ਦੀ ਦੁਪਹਿਰੇ, ਜੱਦੀ ਪਿੰਡ ਜਲਾਲ ਵਿਖੇ ਸਪੁਰਦ-ਇ-ਖ਼ਾਕ ਕਰ ਦਿੱਤਾ ਗਿਆ । ਇਸ ਸਮੇਂ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋਏ ਬਿਨਾਂ ਨਾ ਰਹਿ ਸਕੀਆਂ। ਮਾਣਕ ਦਾ ਇਹ ਗੀਤ “ ਜਦ ਮੈਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ, ਉਦੋਂ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ” ਲਗਾਤਾਰ ਚੱਲਦਾ ਰਿਹਾ। ਜਿਸ ਨਾਲ ਮਾਹੌਲ ਹੋਰ ਵੀ ਗ਼ਮਗੀਨ ਬਣਿਆ ਰਿਹਾ। ਬਾਹਰੋਂ ਆਉਣ ਵਾਲੇ ਉਹਦੇ ਚਹੇਤੇ ਜੋ ਗੱਡੀਆਂ ‘ਤੇ ਆਏ ਸਨ, ਉਹਨਾਂ ਨੇ ਆਪਣੀਆਂ ਗੱਡੀਆਂ ਦੇ ਪਿੱਛੇ ਮਾਣਕ ਦੀ ਫੋਟੋ ਦੇ ਨਾਲ ਹੀ ਇਹ ਗੀਤ ਵੀ ਲਿਖਿਆ ਹੋਇਆ ਸੀ।

ਗਾਇਕੀ ਦੇ ਇੱਕ ਯੁੱਗ ਦਾ ਹੋਇਆ ਦੁਖਦ ਅੰਤ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਅਰਸੇ ਤੋਂ ਬਿਮਾਰ ਚੱਲ ਰਹੇ ਸਨ । ਦੁਪਹਿਰ ਡੇਢ ਵਜੇ ਉਹਨਾਂ ਆਖ਼ਰੀ ਸਾਹ ਲਿਆ । ਕੁਲਦੀਪ ਮਾਣਕ ਦੇ ਨਾਲ ਹੀ ਪੰਜਾਬੀ ਗਾਇਕੀ ਦਾ ਮਾਣਮੱਤਾ ਯੁੱਗ ਹੋਇਆ ਸਮਾਪਤ । ਜਿਓਂ ਹੀ ਇਹ ਦੁਖਦਾਈ ਖ਼ਬਰ ਭਗਤਾ ਅਤੇ 8 ਜਲਾਲਾਂ ਇਲਾਕੇ ਦੇ ਲੋਕਾਂ ਤੱਕ ਪਹੁੰਚੀ ਤਾਂ ਸੋਗ ਦੀ ਲਹਿਰ ਫ਼ੈਲ ਗਈ, ਲੋਕ ਉਦਾਸ ਹੋ ਇੱਕ ਦੂਜੇ ਨਾਲ ਆਪਣੇ ਮਹਿਬੂਬ ਗਾਇਕ ਮਾਣਕ ਦੀਆਂ ਗੱਲਾਂ ਕਰਨ ਲੱਗੇ । 62 ਵਰ੍ਹਿਆਂ ਦਾ ਕੁਲਦੀਪ ਮਾਣਕ ਆਪਣੇ ਪਿੱਛੇ ਪਤਨੀ ਸਰਬਜੀਤ, ਗਾਇਕ ਪੁੱਤਰ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਨੂੰ ਆਪਣੇ ਲੱਖਾਂ ਚਹੇਤਿਆਂ ਸਮੇਤ ਹੰਝੂ ਵਹਾਉਣ ਲਈ ਛੱਡ ਗਿਆ ।

ਅਨਮੋਲ ਦਾ ਜਨਮ ਦਿਨ ਬਾਲ ਦਿਵਸ ਵਜੋਂ ਮਨਾਇਆ……… ਮਲਕੀਅਤ "ਸੁਹਲ"

 
ਸ੍ਰ ਜੁਝਾਰ ਸਿੰਘ ਜਰਮਨੀ ਦੀ ਹੋਣਹਾਰ ਬੇਟੀ ਦਾ ਦਸਵਾਂ ਜਨਮ ਦਿਨ ਬਾਲ ਦਿਵਸ ਵਜੋਂ ਮਨਾਇਆ। ਬੱਚਿਆਂ ਨੂੰ ਬਾਲ ਦਿਵਸ ਤੇ ਇਟਲੀ ਤੋਂ ਆਏ ਪ੍ਰਸਿੱਧ ਸਾਹਿਤਕਾਰ ਸ੍ਰ ਰਵੇਲ ਸਿੰਘ ਜੀ ਨੇ ਬਾਲ ਦਿਵਸ ਤੇ ਵਿਸਥਾਰ ਨਾਲ ਚਾਨਣਾ ਪਾਇਆ। ਅਨਮੋਲ ਦੇ ਦਾਦਾ ਡਾ: ਮਲਕੀਅਤ ਸਿੰਘ "ਸੁਹਲ" ਨੇ ਜਨਮ ਦਿਨ ਦੀ ਕਵਿਤਾ ਵੀ ਸੁਣਾਈ। ਸਾਰੇ ਬੱਚਿਆਂ ਨੇ ਬੜੇ ਪਿਆਰ ਨਾਲ ਕੇਕ ਕੱਟ ਕੇ ਤਾੜੀਆਂ ਨਾਲ ਬਾਲ ਦਿਵਸ ਦੀ ਖ਼ੁਸ਼ੀ ਮਨਾਈ ਤੇ ਕੇਕ ਦਾ ਆਨੰਦ ਵੀ ਮਾਣਿਆ। 
 

ਧੀ ਰਾਣੀ ਲਈ ਕੁਝ ਅਸੀਸਾਂ, ਕੁਝ ਸਲਾਹਾਂ..........ਮਿੰਟੂ ਖੁਰਮੀ ਹਿੰਮਤਪੁਰਾ


ਅੱਜ ਮੈਂ ਬਹੁਤ ਖੁ਼ਸ਼ ਹਾਂ । ਪ੍ਰਮਾਤਮਾ ਕਰੇ ਮੇਰੇ ਵਾਂਗ ਹਰ ਬੰਦਾ ਖੁਸ਼ ਹੋਵੇ । ਤੁਸੀਂ ਸੋਚਦੇ ਹੋਵੋਗੇ ਕਿ ਕੀ ਪਤਾ ਇਸ ਬੰਦੇ ਦੀ ਲਾਟਰੀ ਨਿੱਕਲ ਆਈ ਹੋਵੇ ਇਹ ਤਾਂ ਖੁਸ਼ ਹੋਵੇ । ਨਹੀਂ ਭਰਾਵੋ ! ਮੇਰੀੇ ਕੋਈ ਲਾਟਰੀ ਨਹੀ ਨਿਕਲੀ ਅਤੇ ਨਾ ਹੀ ਮੈਂ ਕਿਸੇ ਵਪਾਰੀ ਵਰਗ ਵਿੱਚੋਂ ਹਾਂ। ਪਰ ਫਿਰ ਵੀ ਮੈਂ ਬਹੁਤ ਖੁਸ਼ ਹਾਂ ਅਤੇ ਮੇਰੀ ਖੁਸ਼ੀ ਦਾ ਕਾਰਨ ਹੈ, ਮੇਰੇ ਸਾਹਮਣੇ ਪਿਆ ਮੇਰੀ ਛੋਟੀ ਜਿਹੀ ਧੀ ਰਾਣੀ ਦਾ ਇੱਕ ਸਨਮਾਨ ਚਿੰਨ੍ਹ, ਜੋ ਅਜੇ ਮਸਾਂ ਕੱਚੀ ਪਹਿਲੀ ਵਿੱਚ ਪੜ੍ਹਦੀ ਹੈ। ਹੁਣ ਤੁਸੀਂ ਫਿਰ ਮੱਥੇ ਤੇ ਹੱਥ ਮਾਰੋਗੇ ਕਿ ਇਹ ਕਿੰਨ੍ਹੀ ਕੁ ਵੱਡੀ ਗੱਲ ਹੈ ? ਪਰ ਮੈਂ ਬਹੁਤ ਖੁਸ਼ ਹਾਂ। ਇਹ ਖੁਸੀ਼ ਕਿਸੇ ਭਾਗਾਂ ਵਾਲੇ ਨੂੰ ਹੀ ਨਸ਼ੀਬ ਹੁੰਦੀ ਹੈ। ਉਹਨਾਂ ਨੂੰ ਕੀ ਸਾਰ ਹੈ ਇਸ ਖੁਸੀ ਦੀ, ਜੋ ਧੀਆਂ ਨੂੰ ਜ਼ਨਮ ਤੋਂ ਪਹਿਲਾਂ ਹੀ ਮਾਰ ਕੇ ਮੁਕਾ ਦਿੰਦੇ ਹਨ । ਉਹ ਪਲ ਮੈ ਕਿੰਝ ਬਿਆਨ ਕਰਾਂ, ਜਦੋਂ ਸਕੂਲ ਦੇ ਫੰਕਸ਼ਨ ਵਿੱਚ ਇਹ ਸਨਮਾਨ ਮੇਰੀ ਧੀ ਨੇ ਪ੍ਰਾਪਤ ਕੀਤਾ ਤੇ ਭੱਜ ਕੇ ਮੇਰੀ ਝੋਲੀ ਵਿੱਚ ਪਾ ਦਿੱਤਾ । ਉਹ ਪਲ ਮੇਰੇ ਲਈ ਕਿੰਨਾਂ ਯਾਦਗਾਰੀ ਸੀ। ਇਹ ਸਿਰਫ਼ ਮੈ ਹੀ ਜਾਣਦਾ ਹਾਂ। ਉਦੋਂ ਮੇਰੇ ਦਿਲ ਵਿਚੋਂ ਇਹ ਅਸੀਸਾਂ ਨਿਕਲਦੀਆਂ ਸਨ ਕਿ ਧੀਏ ! ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਤੇ ਤੂੰ ਇਸੇ ਤਰਾਂ ਮੰਜਿ਼ਲ ਦਰ ਮੰਜਿ਼ਲ ਅੱਗੇ ਹੀ ਅੱਗੇ ਵਧਦੀ ਰਹੇਂ । ਤੈਨੂੰ ਜਿੱਥੇ ਵੀ ਮੇਰੀ ਲੋੜ਼ ਪਵੇਗੀ, ਮੈਂ ਤੇਰਾ ਸਾਥ ਦੇਵਾਗਾ। ਧੀਏ ! ਤੂੰ ਪੂਰੇ ਹੌਸਲੇ ਨਾਲ ਅੱਗੇ ਵਧ । ਮੈਂ ਤੇਰੇ ਲਈ ਉਹ ਟਾਹਣੀ ਬਣਾਂਗਾ, ਜੋ ਆਪਣੇ ਫੁੱਲਾਂ ਦੀ ਰਾਖੀ ਲਈ ਹਵਾ ਦਾ ਮੁਕਾਬਲਾ ਕਰਦੀ ਹੋਈ ਲਿਫ਼-ਲਿਫ਼ ਦੂਹਰੀ ਹੋ ਜਾਂਦੀ ਹੈ। 

ਇੱਕ ਬੇਨਤੀ ਸਮੂਹ ਪੰਜਾਬੀਆਂ ਦੇ ਨਾਂ.........ਗੁਰਮੇਲ ਸਿੰਘ ਸੰਤ

"ਸਪਨੇ ਮੇਂ ਮਿਲਤੀ ਹੈ, ਓ ਕੁੜੀ ਮੇਰੀ ਸਪਨੇ ਮੇਂ ਮਿਲਤੀ ਹੈ" ਅੱਜ ਤੋਂ 12 -13 ਵਰ੍ਹੇ ਪਹਿਲਾਂ ਜਦੋਂ ਇਹ ਗੀਤ ਸੁਣਿਆ ਸੀ ਤਾਂ ਬਾਲੀਵੁੱਡ ਦੇ ਗੀਤਕਾਰਾਂ ਦੀ ਅਕਲ ਤੇ ਹਾਸਾ ਵੀ ਆਇਆ ਸੀ ਤੇ ਪੰਜਾਬੀ ਬੋਲੀ ਦੀ ਹਾਲਤ ਤੇ ਤਰਸ ਵੀ । ਭਾਵੇਂ ਇਹ ਗੀਤ ਇੱਕ ਪੰਜਾਬੀ ਭਾਵ ਗੁਲਜ਼ਾਰ ਸਾਹਿਬ ਨੇ ਲਿਖਿਆ ਸੀ ਪਰ ਉਹ ਕਿਉਂਕਿ ਬਹੁਤ ਸਮੇਂ ਤੋਂ ਪੰਜਾਬ ਤੋਂ ਦੂਰ ਰਹਿ ਰਹੇ ਹਨ ਅਤੇ ਜ਼ਿਆਦਾਤਰ ਹਿੰਦੀ ਜਾਂ ਉਰਦੂ ਵਿੱਚ ਲਿਖਦੇ/ਵਿਚਰਦੇ ਹਨ ਇਸ ਕਰਕੇ ਉਹਨਾਂ ਦੀ ਇਹ ਗਲਤੀ ਬਹੁਤੀ ਰੜਕੀ ਨਹੀਂ ਸੀ; ਪਰ ਬਹੁਤ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਇਸ ਗੱਲ ਦਾ ਗਿਲਾ ਜ਼ਰੂਰ ਸੀ । ਅਸਲ ਵਿੱਚ ਹਰੇਕ ਬੋਲੀ ਦਾ ਆਪਣਾ ਮੁਹਾਵਰਾ ਹੁੰਦਾ ਹੈ ਤੇ ਤਰਜਮਾ ਜਾਂ ਅਨੁਵਾਦ ਕਰਦੇ ਸਮੇਂ ਸ਼ਬਦ ਤੋਂ ਸ਼ਬਦ ਉਲੱਥਾ ਨਹੀਂ ਕੀਤਾ ਜਾਂਦਾ ਬਲਕਿ ਪੂਰੇ ਵਾਕ ਦਾ ਅਰਥ ਸਮਝ ਕੇ ਦੂਜੀ ਬੋਲੀ ਦੇ ਮੁਹਾਵਰੇ ਵਿੱਚ ਢਾਲ ਕੇ ਤਰਜਮਾ ਕੀਤਾ ਜਾਂਦਾ ਹੈ । ਉਕਤ ਗੀਤ ਦੇ ਬੋਲਾਂ ਦੀ ਜੇ ਗੱਲ ਕਰੀਏ ਤਾਂ ਇੱਥੇ ਕੁੜੀ ਸ਼ਬਦ ਦੀ ਵਰਤੋਂ ਪ੍ਰੇਮਿਕਾ ਜਾਂ ਮਾਸ਼ੂਕਾ ਲਈ ਕੀਤੀ ਗਈ ਹੈ, ਪ੍ਰੰਤੂ ਅਸੀਂ ਜਾਣਦੇ ਹਾਂ ਕਿ ਪੰਜਾਬੀ ਵਿੱਚ ਮੇਰੀ ਕੁੜੀ ਦਾ ਅਰਥ ਮੇਰੀ ਪ੍ਰੇਮਿਕਾ ਨਹੀਂ ਹੁੰਦਾ ਬਲਕਿ ਮੇਰੀ ਧੀ ਹੁੰਦਾ ਹੈ, ਜਦੋਂ ਕਿ ਅੰਗ੍ਰੇਜ਼ੀ ਵਿੱਚ ਮੇਰੀ ਬੇਟੀ ਲਿਖਣਾ ਹੋਵੇ ਤਾਂ 'My daughter' ਜਾਂ 'My kid' ਲਿਖਿਆ ਜਾਵੇਗਾ ਅਤੇ 'My girl' ਮੇਰੀ ਪ੍ਰੇਮਿਕਾ ਦੇ ਲਈ ਵਰਤਿਆ ਜਾਂਦਾ ਹੈ । 

ਇੱਕ ਲੇਖਕ ਦੀ ਉਦਾਸ ਚਿੱਠੀ..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ



ਮਾਂ ਬੋਲੀ ਪੰਜਾਬੀ ਵਿੱਚ ਲਿਖਣ ਵਾਲੇ ਇੱਕ ਲੇਖਕ ਵੱਲੋਂ ਪੀਲੇ ਕਾਗਜ਼ਾਂ ਉੱਤੇ ਕਾਲੇ ਅੱਖਰਾਂ ਤੇ ਵਿਲਕਦੇ ਸ਼ਬਦਾਂ ਵਿੱਚ ਲਿਪਟੀ ਚਿੱਠੀ ਪੜ੍ਹ ਕੇ ਦਿਲ ਉਦਾਸ ਹੋਇਆ ਹੈ। ਇਹ ਚਿੱਠੀ ਰਾਮਪੁਰਾ ਫੂਲ ਤੋਂ ਪੰਜਾਬੀ ਲੇਖਕ ਦਰਸ਼ਨ ਸਿੰਘ ‘ਪ੍ਰੀਤੀਮਾਨ’ ਨੇ ਲਿਖੀ ਹੈ। ਦਿਲ ਪਸੀਜ ਗਿਆ  ਹੈ, ਜਦ ਪੜ੍ਹਿਆ ਕਿ ਇਹ ਚਿੱਠੀ  ਉਸਨੇ ਆਪਣੇ ਜਾਨੋ ਵੱਧ ਪਿਆਰੇ ਤੇ ਨਿੱਕੇ ਜਿਹੇ, ਇਕਲੌਤੇ ਅੱਠ ਸਾਲਾ ਪੁੱਤਰ ਚੀਨੂੰ ਦੀ ਕਸਮ ਖਾ ਕੇ ਲਿਖੀ ਹੈ। ਪ੍ਰੀਤੀਮਾਨ ਦੇ ਲਿਖੇ ਗੀਤ ਕੁਲਦੀਪ ਮਾਣਕ ਸਮੇਤ ਲੱਗਭਗ ਇਕ ਦਰਜਨ ਕਲਾਕਾਰ ਗਾ ਚੁੱਕੇ ਹਨ। ਪ੍ਰੀਤੀਮਾਨ ਨੇ ਹੁਣ ਤੀਕ  ਕਹਾਣੀਆਂ ਦੀਆਂ ਕਿਤਾਬਾਂ ਲਿਖੀਆਂ, ਨਾਵਲ ਵੀ ਲਿਖੇ, ਕੁਝ ਕਿਤਾਬਾਂ ਦੇ ਨਾਂ ਇਹ ਹਨ, “ਫਸਟ ਅਪ੍ਰੈਲ”, “ਇਹ ਅੱਗ ਕਦੋਂ ਬੁਝੇਗੀ”, “ਝਬੂਲੀਆਂ ਵਾਲੇ ਕਾਂਟੇ”, “ਸਾਕਾ ਗੁਰਦੁਵਾਰਾ ਸਹਿਬ ਦੀ ਲਹਿਰ”, “ਹੱਕ ਮੰਗਦਿਆਂ ਨੂੰ ਗੋਲੀ”(ਗੀਤ ਸੰਗ੍ਰਹਿ), “ਜਾਗੋ ਭੈਣੋ-ਜਾਗੋ ਵੀਰੋ” ਹੁਣ ਤੀਕ ਉਹ 45 ਗੁਰੂਆਂ, ਪੀਰਾਂ, ਸਾਹਿਤਕਾਰਾਂ, ਵਿਗਿਆਨੀਆਂ ਤੇ ਸੂਰਮਿਆਂ ਦੇ  ਕਾਵਿ-ਰੇਖਾ ਚਿਤਰ ਲਿਖ ਚੁੱਕਾ ਹੈ। ਇੱਕ ਹਜ਼ਾਰ ਦੇ ਲਗਭਗ ਉਸਦੇ ਲੇਖ ਤੇ ਕਹਾਣੀਆਂ ਪੇਪਰਾਂ ਵਿੱਚ ਛਪ ਚੁੱਕੇ ਹਨ। ਕਈ ਖਰੜੇ ਛਪਣ ਖੁਣੋਂ ਪਏ ਹੋਏ ਹਨ। ਪ੍ਰੀਤੀਮਾਨ ਇਕੱਲਾ ਕਲਮਕਾਰ ਹੀ ਨਹੀਂ, ਸਗੋਂ ਉਹ ਇੱਕ ਸਮਾਜ ਸੇਵਕ ਵੀ ਹੈ। ਉਸਨੇ ਦੋ ਬੰਦੇ ਸੜਕ ਹਾਦਸੇ ਵਿੱਚੋਂ ਬਚਾਏ। ਇੱਕ ਹੋਟਲ ਨੂੰ ਲੱਗੀ ਅੱਗ ਬੁਝਾਈ ਤੇ ਅਣਗਿਣਤ ਜਾਨਾਂ ਬਚਾਈਆਂ। ਇੱਕ ਲੱਖ ਰੁਪਏ ਦੇ ਗਰੀਬਾਂ ਦੇ ਸੂਰ ਮਰਨੋਂ ਬਚਾਏ। ਸਮਾਜ ਸੇਵਾ ਦਾਨ, ਵਿੱਦਿਆ ਦਾਨ, ਸਾਹਿਤ ਦਾਨ, ਖੂਨਦਾਨ ਦੇਣ ਤੋਂ ਇਲਾਵਾ  ਨੇਤਰਦਾਨ ਕਰਨ ਤੇ ਮਰਨ ਉਪਰੰਤ ਆਪਣਾ ਸਰੀਰ ਦਾਨ ਵੀ ਉਹ ਲਿਖ ਕੇ ਦੇ ਚੁੱਕਾ ਹੋਇਆ ਹੈ। ਦੋ ਵਾਰ ਨੈਸ਼ਨਲ ਤੀਕ ਕਬੱਡੀ ਵੀ ਖੇਡ੍ਹਿਆ ਸੀ। ਪਰ ਜਿ਼ੰਦਗੀ ਦੇ ਧੱਕੇ ਤੇ ਭੁੱਖ-ਦੁੱਖ ਤੇ ਗਰੀਬੀ ਉਸਨੂੰ ਔਝੜ ਰਾਹਾਂ ‘ਤੇ ਲੈ ਗਈ।


ਪ੍ਰਗਤੀਵਾਦੀ ਲੇਖਣੀ ਹੀ ਸਮਾਜ ਅੰਦਰ ਲਿਤਾੜੇ ਤੇ ਤਿ੍ਸਕਾਰੇ ਲੋਕਾਂ ਦੀ ਬਾਂਹ ਫੜਦੀ ਹੈ.......... ਲਾਲ ਸਿੰਘ ਦਸੂਹਾ


ਡਾ ਭੁਪਿੰਦਰ ਕੌਰ ਕਪਰੂਥਲਾ ਨਾਲ ਕਹਾਣੀਕਾਰ ਲਾਲ ਸਿੰਘ ਦੀ ਕਹਾਣੀ ਕਲਾ ਅਤੇ ਸ਼ੈਲੀ ਬਾਰੇ ਹੋਈ ਬਹਿਸ

ਡਾ਼ ਭੁਪਿੰਦਰ ਕੌਰ : ਤੁਸੀ ਕਹਾਣੀ ਲਿਖਣ ਦਾ ਆਰੰਭ ਕਿਨਾਂ ਮੰਤਵਾਂ ਨਾਲ ਕੀਤਾ ?

ਲਾਲ ਸਿੰਘ     : ਸਾਹਿਤ ਚੂੰ ਕਿ ਇੱਕ ਸਮਾਜਿਕ ਵਸਤੂ ਹੈ ਤੇ ਸਮਾਜ ਦਾ ਇਤਿਹਾਸਿਕ ਬਦਲਾਅ ਰਾਜਨੀਤਰ ਪ੍ਰਤੀਪੇਖ ਨਾਲ ਪਿੱਠ ਜੁੜਦਾਂ ਹੈ । ਇਸ ਲਈ ਸਾਹਿਤ ਦੀ ਭੂਮਿਕਾ ਬਦਲਦੇ ਪਰਿਪੇਖ ਨਾਲ ਬਦਲਦੀ ਹੈ । ਰਜਵਾੜਾ ਸ਼ਾਹੀ ਯੁੱਗ ਤੱਕ ਸਾਹਿਤ ਕੇਵਲ ਮਨੋਰੰਜਨ ਦਾ ਹੀ ਇੱਕ ਵਸੀਲਾ ਰਿਹਾ । ਸਾਮੰਤਵਾਦੀ ਵਰਤਾਰੇ ਦੇ ਦੋਹਰੇ-ਤੀਹਰੇ ਦਬਾਅ ਨੇ ਸਾਹਿਤ ਤੋਂ ਹੋਰ ਵਡੇਰੀ ਭੂਮਿਕਾ ਦੀ ਮੰਗ ਕੀਤੀ । ਇਸ ਮੰਗ ਦੀ ਪੂਰਤੀ ਵਜੋਂ ਸਾਹਿਤ ਨੇ ਮਨੋਰੰਜਨ ਦੇ ਨਾਲ ਨਾਲ ਪਾਠਕ ਦਾ ਮਨੋਵਿਵੇਚਨ ਵੀ ਕਰਨਾ ਸੀ ਅਤੇ ਕੀਤਾ ਵੀ । ਸਮਾਜਿਕ ਵਿਕਾਸ ਦੇ

ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਵਲੋਂ ਵਿਵੇਕ ਸ਼ੌਕ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ.......... ਸੁਮਿਤ ਟੰਡਨ

ਐਡੀਲੇਡ : ਫ਼ਿਲਮ ਜਗਤ ਦੇ ਮੰਨੇ ਪ੍ਰਮੰਨੇ ਕਲਾਕਾਰ ਵਿਵੇਕ ਸ਼ੌਕ ਦੇ ਸਦੀਵੀ ਵਿਛੋੜੇ ਨੇ ਉਸਦੇ ਪ੍ਰਸ਼ੰਸਕਾਂ ਨੂੰ ਉਦਾਸੀ ਦੀ ਲਹਿਰ ਵਿੱਚ ਡਬੋ ਦਿੱਤਾ ਹੈ। 21 ਜੂਨ 1963 ਨੂੰ ਪੈਦਾ ਹੋਇਆ ਵਿਵੇਕ ਇੱਕ ਵਧੀਆ ਐਦਾਕਾਰ ਹੀ ਨਹੀਂ ਸਗੋਂ ਇੱਕ ਕਹਾਣੀਕਾਰ, ਕਮੇਡੀਅਨ ਅਤੇ ਇੱਕ ਪ੍ਰਭਾਵਸ਼ਾਲੀ ਗਾਇਕ ਵੀ ਸੀ। ਵਿਵੇਕ ਸਿਰਫ਼ ਹਿੰਦੀ ਸਿਨਮੇ ਦਾ ਅਦਾਕਾਰ ਹੀ ਨਹੀਂ ਸੀ ਸਗੋਂ ਉਸਨੇ ਆਪਣੀ ਮੂਲ਼ ਅਦਾਕਾਰੀ ਪੰਜਾਬੀ ਰੰਗਮੰਚ ਤੋਂ ਸ਼ੁਰੂ ਕੀਤੀ ਸੀ। ਦਿੱਲੀ ਦੂਰਦਰਸ਼ਨ ਵਲੋਂ ਪ੍ਰਸਾਰਿਤ ਕੀਤੇ ਜਾਂਦੇ ਹਾਸਰਸ ਕਲਾਕਾਰ ਜਸਪਾਲ ਭੱਟੀ ਦੇ ਸ਼ੋਅ “ਉਲਟਾ- ਪੁਲਟਾ  ਅਤੇ ਫ਼ਲਾਪ ਸ਼ੋਆਂ  ਤੋਂ ਜੋ ਵਿਲੱਖਣ ਮੁਕਾਮ ਵਿਵੇਕ ਨੇ ਹਾਸਿਲ ਕੀਤਾ ਉਹ ਉਸਦੇ ਆਦਕਾਰੀ ਦੇ ਬੁੱਤ ਨੂੰ ਸਦਾ ਉੱਚਾ ਚੁੱਕਦਾ ਹੈ। ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਵਿਵੇਕ ਦੇ ਅਚਾਨਕ ਵਿਛੋੜੇ ਨੇ ਫ਼ਿਲਮ ਇੰਡਸਟਰੀ ਨੂੰ ਨਾ ਪੂਰਨ ਵਾਲਾ ਘਾਟਾ ਪਾ ਦਿੱਤਾ ਹੈ। ਲਗਭਗ 46 ਦੇ ਕਰੀਬ ਫ਼ਿਲਮਾਂ ‘ਚ ਵੱਖ-ਵੱਖ ਕਿਰਦਾਰ ਨਿਭਾ ਚੁੱਕੇ ਵਿਵੇਕ ਦੀਆਂ ਯਾਦਗ਼ਾਰ ਫ਼ਿਲਮਾਂ ਜਿਵੇਂ ਗਦਰ, ਹੀਰੋਜ਼, ਏਤਰਾਜ਼, ਦਿੱਲੀ ਹਾਈਟਜ਼, 36 ਚਾਇਨਾ