
ਯਸ਼ ਚੋਪੜਾ ਨੂੰ ਅਫ਼ਸੋਸ ਹੈ ਕਿ ਉਹ ਮਦਨ ਮੋਹਨ ਨਾਲ ਕੰਮ ਨਹੀਂ ਕਰ ਸਕੇ । ਆਪਣੀ ਇਸੇ ਬੇਕਰਾਰੀ ਨੂੰ ਮਿਟਾਉਣ ਲਈ ਉਹਨਾਂ ਨੇ ਵੀਰ ਜ਼ਾਰਾ ਫਿਲਮ ਵਿੱਚ ਮਦਨ ਮੋਹਨ ਦੀਆਂ ਬਣਾਈਆਂ ਧੁਨਾਂ ਨੂੰ ਇਸਤੇਮਾਲ ਕੀਤਾ ਤੇ ਕੋਸਿ਼ਸ਼ ‘ਚ ਹਨ ਕਿ ਕੁਝ ਹੋਰ ਧੁਨਾਂ ਜੋ ਹਾਲੇ ਤੱਕ ਦੁਨੀਆਂ ਤੱਕ ਨਹੀਂ ਪਹੁੰਚੀਆਂ ਹਨ, ਨੂੰ ਵੀ ਆਪਣੀਆਂ ਫਿਲਮਾਂ ਰਾਹੀਂ ਦੁਨੀਆਂ ਦੇ ਸਨਮੁੱਖ ਰੱਖ ਸਕਣ । ਮਦਨ ਮੋਹਨ ਸਨ ਹੀ ਇੱਕ ਅਜਿਹੀ ਸਖਸ਼ੀਅਤ ਜਿੰਨ੍ਹਾਂ ਨੂੰ ਯਾਦ ਕਰਦਿਆਂ ਹੀ ਇੱਕ ਸੁਰੀਲੇ ਦੌਰ ਦੀ ਯਾਦ ਆ ਜਾਂਦੀ ਹੈ । ਜੋ ਅੱਜ ਵੀ ਭਾਰਤੀ ਪਰਿਵਾਰਾਂ ਵਿੱਚ ਆਪਣਾ ਮੁਕਾਮ ਰੱਖਦਾ ਹੈ । ਸੁਰੀਲੇ ਦੌਰ ਦੇ ਮਹਾਨ ਸੰਗੀਤਕਾਰਾਂ ਨੂੰ ੳਂੁਗਲਾਂ ਦੇ ਪੋਟਿਆਂ ‘ਤੇ ਗਿਣਿਆ ਜਾਵੇ ਤਾਂ ਵੀ ਮਦਨ ਮੋਹਨ ਨੂੰ ਅੱਖੋਂ ਪਰੋਖਾ ਕੀਤਾ ਜਾਣਾ ਅਸੰਭਵ ਹੈ । ਇਸ ਸੁਰੀਲੇ ਦੌਰ ਦੇ ਮਹਾਂਨਾਇਕ ਮਦਨ ਮੋਹਨ ਦੀਆਂ ਜੇਲਰ, ਦੇਖ ਕਬੀਰਾ ਰੋਇਆ, ਆਪ ਕੀ ਪਰਛਾਈਆਂ, ਮੇਰਾ ਸਾਇਆ, ਗ਼ਜ਼ਲ, ਹਕੀਕਤ, ਅਦਾਲਤ, ਅਨਪੜ੍ਹ, ਹੰਸਤੇ ਜ਼ਖ਼ਮ, ਹੀਰ ਰਾਂਝਾ, ਮੌਸਮ, ਲੈਲਾ ਮਜਨੂੰ ਤੇ ਹੋਰ ਦਰਜਨਾਂ ਅਜਿਹੀਆਂ ਫਿਲਮਾਂ ਹਨ, ਜਿੰਨਾਂ ਦਾ ਸੰਗੀਤ ਸਦਾਬਹਾਰ ਹੈ ਤੇ ਗੀਤ ਅੱਜ ਵੀ ਦਿਲ ਤੇ ਸਿੱਧਾ ਅਸਰ ਰੱਖਦੇ ਹਨ ।