
ਕਵੀਸ਼ਰੀ ਦੇ ਸ਼ਾਹ ਸਵਾਰ ਬਾਬੂ ਰਜਬ ਅਲੀ ਦਾ ਜਨਮ 10 ਅਗਸਤ 1894 ਨੂੰ ਪਿਤਾ ਵਰਿਆਹ ਰਾਜਪੂਤ ਧਮਾਲੀ ਖਾਂ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋ ਕੇ ਵਿਖੇ ਹੋਇਆ । ਬਾਬੂ ਰਜਬ ਅਲੀ ਚਾਰ ਭੈਣਾਂ ਭਾਗੀ, ਸਜਾਦੀ, ਲਾਲ ਬੀਬੀ ਅਤੇ ਰਜਾਦੀ ਤੋਂ ਛੋਟਾ ਲਾਡਲਾ ਵੀਰ ਸੀ । ਇਸ ਪਰਿਵਾਰ ਦਾ ਪਿੱਛਾ ਪਿੰਡ ਫੂਲ ਦਾ ਸੀ । ਇਹਨਾਂ ਦੇ ਚਾਚਾ ਹਾਜੀ ਰਤਨ ਖਾਂ ਜੀ ਖ਼ੁਦ ਇੱਕ ਵਧੀਆ ਕਵੀਸ਼ਰ ਸਨ । ਡੀ. ਬੀ. ਪ੍ਰਾਇਮਰੀ ਸਕੂਲ ਬੰਬੀਹਾ ਭਾਈ ਤੋਂ ਮੁਢਲੀ ਪੜ੍ਹਾਈ ਹਾਸਲ ਕੀਤੀ ਅਤੇ ਫਿਰ ਬਰਜਿੰਦਰਾ ਹਾਈ ਸਕੂਲ ਤੋਂ ਦਸਵੀਂ ਕਰਨ ਉਪਰੰਤ, ਜ਼ਿਲ੍ਹਾ ਗੁਜਰਾਤ ਦੇ ਰਸੂਲ ਕਾਲਜ ਤੋਂ ਓਵਰਸੀਅਰ (ਐੱਸ ਓ, ਸੈਕਸ਼ਨਲ ਆਫੀਸਰ) ਦਾ ਡਿਪਲੋਮਾ ਕਰਕੇ ਇਰੀਗੇਸ਼ਨ ਵਿਭਾਗ ਵਿੱਚ ਨੌਕਰੀ ਕਰਨ ਲਗੇ । ਵਿਦਿਆਰਥੀ ਜੀਵਨ ਸਮੇਂ ਉਹ ਵਧੀਆ ਅਥਲੀਟ, ਲੰਮੀ ਛਾਲ ਲਾਉਣ ਦੇ ਮਾਹਿਰ, ਕ੍ਰਿਕਟ ਅਤੇ ਫ਼ੁਟਬਾਲ ਖੇਡ ਦੇ ਵਧੀਆ ਖ਼ਿਡਾਰੀ ਸਨ । ਇਥੋਂ ਤੱਕ ਕਿ ਸਕੂਲ ਦੀ ਪੜ੍ਹਾਈ ਸਮੇਂ ਤਾਂ ਉਹ ਕ੍ਰਿਕਟ ਟੀਮ ਦੇ ਕਪਤਾਨ ਵੀ ਰਹੇ । ਡਿਪਲੋਮਾ ਕਰਨ ਸਮੇਂ ਉਹਨਾਂ ਫ਼ੁਟਬਾਲ ਖੇਡ ਦੇ ਚੰਗੇ ਖ਼ਿਡਾਰੀ ਵਜੋਂ ਜੌਹਰ ਦਿਖਾਏ ।