ਮਾਓਵਾਦੀ ਲਹਿਰ ਦੀ ਕਹਾਣੀ 'ਚੱਕਰਵਿਊ'……… ਰੀਵਿਊ / ਅਵਤਾਰ ਸਿੰਘ

'ਆਰਕਸ਼ਣ' ਤੋਂ ਬਾਅਦ ਇੱਕ ਵਾਰ ਫਿਰ ਪ੍ਰਕਾਸ਼ ਝਾਅ ਨੇ ਲੋਕਾਈ ਨਾਲ ਜੁੜਿਆ ਮੁੱਦਾ ਚੁੱਕਿਆ ਹੈ।ਆਪਣੀ ਫਿਲਮ 'ਚੱਕਰਵਿਊ' ਵਿਚ ਪ੍ਰਕਾਸ਼ ਝਾਅ ਨੇ ਦੇਸ਼ ਦੇ ਦੋ-ਢਾਈ ਸੌ ਜ਼ਿਲ੍ਹਿਆਂ ਵਿਚ ਚੱਲ ਰਹੀ ਮਾਓਵਾਦੀ ਲਹਿਰ ਦੇ ਕਾਰਨਾਂ, ਮਾਓਵਾਦੀ ਗੁਰੀਲਿਆਂ ਦੀ ਯੁੱਧਨਿਤੀ ਅਤੇ ਆਦਿਵਾਸੀ ਲੋਕਾਂ ਦੀਆਂ ਅਣਗੌਲੇ ਕੀਤੇ ਜਾ ਰਹੇ ਜਿਉਣ ਹਾਲਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।ਫਿਲਮ ਦੀ ਸ਼ੁਰੂਆਤ 'ਗੋਬਿੰਦ ਸੂਰਿਆਵੰਸ਼ੀ ਦੀ ਗ੍ਰਿਫਤਾਰੀ ਤੋਂ ਹੁੰਦੀ ਹੈ ਜਿਸ ਦਾ ਰੋਲ ਓਮ ਪੁਰੀ ਵੱਲੋਂ ਨਿਭਾਇਆ ਗਿਆ ਹੈ।''ਗੋਬਿੰਦ ਸੂਰਿਆਵੰਸ਼ੀ ਦਾ ਕਿਰਦਾਰ ਕੋਬਾੜ ਗਾਂਧੀ ਤੋਂ ਪ੍ਰਭਾਵਿਤ ਹੈ।ਜਿਸ ਦੀ ਗ੍ਰਿਫਤਾਰੀ ਬਿਲਕੁਲ ਉਸੇ ਅੰਦਾਜ਼ 'ਚ ਹੁੰਦੀ ਹੈ ਜਿਸ ਤਰ੍ਹਾਂ ਰਾਹੁਲ ਪੰਡਿਤਾ ਨੇ ਆਪਣੀ ਕਿਤਾਬ 'ਹੈਲੋ ਬਸਤਰ' ਵਿਚ ਦਿਖਾਈ ਹੈ।

ਫਿਲਮ ਬੜੀ ਤੇਜੀ ਨਾਲ ਚੱਲਦੀ ਹੈ ਅਤੇ ਬਹੁਤ ਸਾਰੀਆਂ ਘਟਨਾਵਾਂ ਨੂੰ ਤੋੜ ਮੋਰੜ ਕੇ ਪੇਸ਼ ਕੀਤਾ ਗਿਆ ਹੈ।ਨੰਦੀ ਗ੍ਰਾਮ ਨੂੰ ਨੰਦੀਘਾਟ ਕਰ ਦਿੱਤਾ ਗਿਆ ਜਿੱਥੇ ਐਸ.ਪੀ.ਆਦਿਲ ਖਾਨ ਦਾ ਤਬਾਦਲਾ ਹੁੰਦਾ ਹੈ ਜਿਸ ਨੂੰ 'ਰਾਜਨ'( ਮਨੋਜ ਵਾਜਪਾਈ)  ਨਾਮ ਦੇ ਮਾਓਵਾਦੀ ਕਮਾਂਡਰ ਨੂੰ ਫੜਨ ਲਈ ਖਾਸ ਤੌਰ 'ਤੇ ਲਿਆਂਦਾ ਜਾਂਦਾ ਹੈ।ਐਸ.ਪੀ. ਖਾਨ ਆਦਿਵਾਸੀਆਂ ਦੇ ਜ਼ਖਮਾਂ 'ਤੇ ਮਰਹਮ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ।ਲੋਕਾਂ ਨੂੰ ਸਰਕਾਰ ਦੀਆਂ ਸਫਾਈਆਂ ਦਿੰਦਾ ਹੈ ਪਰ ਦੂਜੇ ਪਾਸੇ ਮਾਓਵਾਦੀ ਕਮਾਂਡਰ ਰਾਜਨ ਆਪਣੀਆਂ ਦਲੀਲਾਂ ਦੇ ਕੇ ਸਰਕਾਰ ਦੇ ਚਿਹਰੇ ਨੂੰ ਨੰਗਾ ਕਰਨ ਦੀ ਕੋਸ਼ਿਸ਼ ਵਿਚ ਲੱਗਾ ਰਹਿੰਦਾ ਹੈ।
 
ਸਰਕਾਰ ਜਿਸ ਤਰ੍ਹਾਂ ਆਦਿਵਾਸੀਆਂ ਦਾ ਉਜਾੜਾ ਕਰ ਰਹੀ ਹੈ, ਜੰਗਲ –ਜ਼ਮੀਨ ਵਿਦੇਸ਼ੀ ਕੰਪਨੀਆਂ ਨੂੰ ਦੇ ਰਹੀ ਹੈ ਇਹ ਸਭ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।.....ਨੇਤਾਵਾਂ ਵੱਲੋਂ ਆਦਿਵਾਸੀਆਂ ਦੀ ਪ੍ਰਵਾਹ ਨਾਂ ਕਰੇ ਬਿਨ੍ਹਾਂ 'ਮਹਾਨਤਾ'(ਵੇਦਾਂਤਾ) ਵਰਗੀਆਂ ਕੰਪਨੀਆਂ ਦੇ ਹਿੱਤਾਂ ਨੂੰ ਪੂਰਿਆ ਜਾਂਦਾ ਹੈ ।ਰਣਬੀਰ ਸੈਨਾ ਵਰਗੇ ਸੰਗਠਨਾਂ ਨੂੰ ਕਿਸ ਤਰ੍ਹਾਂ ਜ਼ਮੀਨਾ ਖਾਲੀ ਕਰਾਉਣ ਲਈ ਵਰਤਿਆ ਜਾਂਦਾ ਹੈ ਇਹ ਸਭ ਵੀ ਦਿਖਾਇਆ ਗਿਆ ਹੈ ਪਰ ਬਹੁਤ ਛੋਟੇ ਰੂਪ 'ਚ ਦਿਖਾਈਆਂ ਗਈਆਂ ਬਹੁਤ ਸਾਰੀਆਂ ਚੀਜਾਂ ਸਥਾਪਿਤ ਨਹੀਂ ਹੋ ਪਾਉਂਦੀਆਂ।ਲੋਕਾਂ ਦੇ ਦਰਦ ਨੂੰ ਘੱਟ ਬਿਆਨ ਕੀਤਾ ਗਿਆ ਹੈ।ਐਸ ਪੀ ਆਦਿਲ ਦਾ ਦੋਸਤ ਕਬੀਰ(ਅਭੈ ਦਿਉਲ) ਬੜੀ ਅਸਾਨੀ ਨਾਲ ਮਾਓਵਾਦੀਆਂ ਦੇ ਦਲ 'ਚ ਸ਼ਾਮਿਲ ਹੋ ਜਾਂਦਾ ਹੈ।

ਭਾਵੇ ਕਿ ਕਬੀਰ (ਅਭੈ ਦਿਓਲ) ਰਾਜਨ ( ਮਨੋਜ ਵਾਜਪਾਈ) ਨੂੰ ਗ੍ਰਿਫਤਾਰ ਕਰਵਾਉਣ ਲਈ ਪੁਲਿਸ ਦਾ ਮੁਖਬਰ ਬਣ ਕੇ ਜਾਂਦਾ ਹੈ।ਜਿਸ ਕਾਰਨ ਮਾਓਵਾਦੀਆਂ ਦਾ ਕਾਫੀ ਨੁਕਸਾਨ ਵੀ ਹੁੰਦਾ ਹੈ ਪਰ ਆਖਰ ਵਿਚ ਉਹ ਨਕਸਲਵਾਦੀਆਂ ਦੀ ਲੋਕ ਲਹਿਰ ਦਾ ਇੱਕ ਸਿਪਾਹੀ ਬਣ ਜਾਂਦਾ ਹੈ ਅਤੇ ਲਾਲ ਰੰਗ ਵਿਚ ਰੰਗ ਜਾਂਦਾ ਹੈ।ਉਹ ਨੇੜੇ ਤੋਂ ਉਹਨਾਂ ਦੀ ਲਹਿਰ ਨੂੰ ਦੇਖਦਾ ਹੈ,ਆਦਿਵਾਸੀਆਂ ਦੀਆਂ ਦੁੱਖ ਤਕਲੀਫਾਂ ਨੂੰ ਸਮਝਦਾ ਹੈ।ਤਾਂ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹ ਸਪੂਰਨ ਗੁਰੀਲਾ ਬਣ ਜਾਂਦਾ ਹੈ। ਫਿਲਮ 'ਚ ਮਾਓਵਾਦੀ ਗੂਰੀਲਾ ਜੂਹੀ (ਅੰਜਲੀ ਪਾਟਿਲ) ਦਾ ਰੋਲ ਬੜਾ ਸ਼ਾਨਦਾਰ ਅਤੇ ਜੋਸ਼ੀਲਾ ਹੈ।'ਜੂਹੀ' ਲਹਿਰ ਦੀ ਉਹ ਸਿਪਾਹੀ ਹੈ ਜੋ ਉਹਨਾਂ ਆਦਿਵਾਸੀ ਔਰਤਾਂ ਦੀ ਪ੍ਰਤੀਨਿੱਧਤਾ ਕਰਦੀ ਹੈ ਜੋ ਪੁਲਿਸ ਅਤੇ ਫੌਜ ਦੀਆਂ ਸਤਾਈਆਂ ਹੋਈਆਂ ਨੇ।ਆਜ਼ਾਦ ਭਾਰਤ 'ਚ ਗੁਲਾਮੀ ਦੀ ਜ਼ਿੰਦਗੀ ਜੀਅ ਰਹੀਆਂ ਨੇ।ਉਹ ਸਿਸਟਮ ਦੇ ਅੱਤਿਆਚਾਰ ਦਾ ਸ਼ਿਕਾਰ ਤਾਂ ਹੁੰਦੀ ਹੈ ਪਰ ਗੋਡੇ ਨਹੀਂ ਟੇਕਦੀ ਅਤੇ ਵਿਦਹੋਰ ਕਰਦੀ ਹੋਈ ਲਹਿਰ ਵਿਚ ਕੁੱਦ ਜਾਂਦੀ ਹੈ। ਉਸ ਦੀ ਲੀਡਰਸ਼ਿਪ ਇਹ ਵੀ ਦਰਸਾਉਂਦੀ ਹੈ ਕੁੜੀਆਂ ਦੀ ਅਗਵਾਈ 'ਚ ਵੀ ਇਨਕਲਾਬ ਦੀ ਲੜਾਈ ਲੜੀ ਜਾ ਸਕਦੀ ਹੈ।ਪੁਲਿਸ ਦੀ ਐਨਕਾਊਂਟਰ ਕਰਨ ਦੀ ਚਾਹਤ ਅਤੇ ਤਸ਼ੱਦਦ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਿਰਫ ਤਮਗਿਆਂ ਲਈ ਬੇਕਸੂਰ ਲੋਕਾਂ ਦਾ ਹੀ ਨਹੀਂ ਸਗੋਂ ਪੁਲਿਸ ਦਾ ਵੀ ਕਤਲੇਆਮ ਕਰਵਾ ਦਿੱਤਾ ਜਾਂਦਾ ਹੈ।ਭਾਂਵੇਂ ਕਿ ਫਿਲਮ ਮਾਓਵਾਦੀਆਂ ਦੀ ਲੜਾਈ ਦੇ ਹੱਕ ਵਿਚ ਹੀ ਭੁੱਗਤਦੀ ਹੈ।ਪਰ ਇਹ ਸਵਾਲ ਵੀ ਉਠਾਉਂਦੀ ਹੈ ਕਿ ਜੋ ਲੋਕ ਸਿਰਫ 20 ਤੱਕ ਗਿਣਤੀ ਜਾਣਦੇ ਨੇ, 21 ਕੀ ਹੁੰਦਾ ਹੈ ਉਹਨਾਂ ਨੂੰ ਪਤਾ ਨਹੀਂ ਤਾਂ ਫਿਰ ਉਹ ਲੋਕ ਕਿਵੇਂ ਇਨਕਲਾਬ ਕਰ ਸਕਦੇ ਨੇ, ਕਿਵੇਂ ਸੱਤਾ ਪ੍ਰਵਿਰਤਨ ਕਰਨਗੇ?
 
****