ਧੀ ਰਾਣੀ ਲਈ ਕੁਝ ਅਸੀਸਾਂ, ਕੁਝ ਸਲਾਹਾਂ..........ਮਿੰਟੂ ਖੁਰਮੀ ਹਿੰਮਤਪੁਰਾ


ਅੱਜ ਮੈਂ ਬਹੁਤ ਖੁ਼ਸ਼ ਹਾਂ । ਪ੍ਰਮਾਤਮਾ ਕਰੇ ਮੇਰੇ ਵਾਂਗ ਹਰ ਬੰਦਾ ਖੁਸ਼ ਹੋਵੇ । ਤੁਸੀਂ ਸੋਚਦੇ ਹੋਵੋਗੇ ਕਿ ਕੀ ਪਤਾ ਇਸ ਬੰਦੇ ਦੀ ਲਾਟਰੀ ਨਿੱਕਲ ਆਈ ਹੋਵੇ ਇਹ ਤਾਂ ਖੁਸ਼ ਹੋਵੇ । ਨਹੀਂ ਭਰਾਵੋ ! ਮੇਰੀੇ ਕੋਈ ਲਾਟਰੀ ਨਹੀ ਨਿਕਲੀ ਅਤੇ ਨਾ ਹੀ ਮੈਂ ਕਿਸੇ ਵਪਾਰੀ ਵਰਗ ਵਿੱਚੋਂ ਹਾਂ। ਪਰ ਫਿਰ ਵੀ ਮੈਂ ਬਹੁਤ ਖੁਸ਼ ਹਾਂ ਅਤੇ ਮੇਰੀ ਖੁਸ਼ੀ ਦਾ ਕਾਰਨ ਹੈ, ਮੇਰੇ ਸਾਹਮਣੇ ਪਿਆ ਮੇਰੀ ਛੋਟੀ ਜਿਹੀ ਧੀ ਰਾਣੀ ਦਾ ਇੱਕ ਸਨਮਾਨ ਚਿੰਨ੍ਹ, ਜੋ ਅਜੇ ਮਸਾਂ ਕੱਚੀ ਪਹਿਲੀ ਵਿੱਚ ਪੜ੍ਹਦੀ ਹੈ। ਹੁਣ ਤੁਸੀਂ ਫਿਰ ਮੱਥੇ ਤੇ ਹੱਥ ਮਾਰੋਗੇ ਕਿ ਇਹ ਕਿੰਨ੍ਹੀ ਕੁ ਵੱਡੀ ਗੱਲ ਹੈ ? ਪਰ ਮੈਂ ਬਹੁਤ ਖੁਸ਼ ਹਾਂ। ਇਹ ਖੁਸੀ਼ ਕਿਸੇ ਭਾਗਾਂ ਵਾਲੇ ਨੂੰ ਹੀ ਨਸ਼ੀਬ ਹੁੰਦੀ ਹੈ। ਉਹਨਾਂ ਨੂੰ ਕੀ ਸਾਰ ਹੈ ਇਸ ਖੁਸੀ ਦੀ, ਜੋ ਧੀਆਂ ਨੂੰ ਜ਼ਨਮ ਤੋਂ ਪਹਿਲਾਂ ਹੀ ਮਾਰ ਕੇ ਮੁਕਾ ਦਿੰਦੇ ਹਨ । ਉਹ ਪਲ ਮੈ ਕਿੰਝ ਬਿਆਨ ਕਰਾਂ, ਜਦੋਂ ਸਕੂਲ ਦੇ ਫੰਕਸ਼ਨ ਵਿੱਚ ਇਹ ਸਨਮਾਨ ਮੇਰੀ ਧੀ ਨੇ ਪ੍ਰਾਪਤ ਕੀਤਾ ਤੇ ਭੱਜ ਕੇ ਮੇਰੀ ਝੋਲੀ ਵਿੱਚ ਪਾ ਦਿੱਤਾ । ਉਹ ਪਲ ਮੇਰੇ ਲਈ ਕਿੰਨਾਂ ਯਾਦਗਾਰੀ ਸੀ। ਇਹ ਸਿਰਫ਼ ਮੈ ਹੀ ਜਾਣਦਾ ਹਾਂ। ਉਦੋਂ ਮੇਰੇ ਦਿਲ ਵਿਚੋਂ ਇਹ ਅਸੀਸਾਂ ਨਿਕਲਦੀਆਂ ਸਨ ਕਿ ਧੀਏ ! ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਤੇ ਤੂੰ ਇਸੇ ਤਰਾਂ ਮੰਜਿ਼ਲ ਦਰ ਮੰਜਿ਼ਲ ਅੱਗੇ ਹੀ ਅੱਗੇ ਵਧਦੀ ਰਹੇਂ । ਤੈਨੂੰ ਜਿੱਥੇ ਵੀ ਮੇਰੀ ਲੋੜ਼ ਪਵੇਗੀ, ਮੈਂ ਤੇਰਾ ਸਾਥ ਦੇਵਾਗਾ। ਧੀਏ ! ਤੂੰ ਪੂਰੇ ਹੌਸਲੇ ਨਾਲ ਅੱਗੇ ਵਧ । ਮੈਂ ਤੇਰੇ ਲਈ ਉਹ ਟਾਹਣੀ ਬਣਾਂਗਾ, ਜੋ ਆਪਣੇ ਫੁੱਲਾਂ ਦੀ ਰਾਖੀ ਲਈ ਹਵਾ ਦਾ ਮੁਕਾਬਲਾ ਕਰਦੀ ਹੋਈ ਲਿਫ਼-ਲਿਫ਼ ਦੂਹਰੀ ਹੋ ਜਾਂਦੀ ਹੈ। 

ਮੇਰੀ ਧੀ ਰਾਣੀਏ ! ਮੈਂ ਤੇਰੀ ਇਸ ਆਸਾਂ ਦੀ ਬਗੀਚੀ ਦੀ ਰਾਖੀ ਕਰਨ ਲਈ ਜੇ ਹੋ ਸਕਿਆ ਤਾਂ ਕੰਡਿਆਂ ਦੀ ਵਾੜ ਵੀ ਬਣਾਂਗਾ । 


ਕੀ ਕਿਹਾ ਤੂੰ ਕਿ ਪਾਪਾ ਇਹ ਸਨਮਾਨ ਚਿੰਨ੍ਹ ਤਾਂ ਛੋਟਾ ਹੈ? 

ਮੇਰੀ ਬੱਚੀ ਇਹ ਤਾਂ ਤੇਰੀ ਸੁਰੂਆਤ ਹੈ। ਕਹਿੰਦੇ ਹਨ ਕਿ ਹਰ ਮੰਜਿ਼ਲ ਦੀ ਸੁਰੂਆਤ, ਰੱਖੇ ਹੋਏ ਪਹਿਲੇ ਕਦਮ ਨਾਲ ਹੁੰਦੀ ਹੈ । ਤੂੰ ਇਹ ਸਮਝ ਕਿ ਇਹ ਤਾਂ ਤੇਰੀ ਅੱਜ ਤੋਂ ਸੁਰੂਆਤ ਹੈ। ਹਾਂ ਸੱਚ ! ਇਹ ਸਨਮਾਨ ਚਿੰਨ੍ਹ ਤਾਂ ਸਿਰਫ ਤੇਰੀ ਹੌਸਲਾ ਅਫ਼ਜਾਈ ਲਈ ਹਨ । ਤੇਰੀ ਮੰਜਿ਼ਲ ਤਾਂ ਬਹੁਤ ਹੀ ਲੰਮੇਰੀ ਹੈ ਤੇ ਉਹ ਰਸਤਾ ਸਿੱਧ ਪੱਧਰਾ ਜਿਹਾ ਨਹੀਂ ਹੈ। ਬੜੀਆਂ ਦੁਸ਼ਵਾਰੀਆਂ ਹਨ, ਉਸ ਰਾਹ
ਵਿੱਚ । ਜੇਕਰ ਤੂੰ ਇਹ ਰਸਤਾ ਮੇਰਾ ਮਤਲਬ ਇਹ ਰੂੜੀਵਾਦੀ ਸਮਾਜ ਜਿੱਥੇ ਬੰਦਾ ਹੀ ਬੰਦੇ ਦਾ ਮਾਸ ਨੋਚ ਰਿਹਾ ਹੈ । ਜਿੱਥੇ ਔਰਤ ਜਾਤ ਦੀ ਪੈਰ-ਪੈਰ ਤੇ ਬੇਕਦਰੀ ਹੋ ਰਹੀ ਹੈ, ਇਸ ਸਮਾਜ ਨੂੰ ਕੁਝ ਸਮਝਾਉਣ ਦੇ ਕਾਬਲ ਹੋ ਗਈ ਤਾਂ ਮੈਂ ਸਮਝਾਂਗਾ ਕਿ ਤੇਰਾ ਇਸ ਸੰਸਾਰ ਤੇ ਆਉਣਾਂ ਸਫਲ ਹੈ। ਤੇ ਤੂੰ ਸਮਝੀਂ ਕਿ ਇਹ ਹੀ ਉਹ ਰਾਹ ਸੀ, ਜਿਸ ਨੂੰ ਮੈਂ ਪਾਰ ਕਰ ਲਿਆ ਹੈ । ਪਰ ਮੇਰੀ ਪਿਆਰੀ ਧੀ ਰਾਣੀਂ ਤੂੰ ਫਿਰ ਵੀ ਰੁਕੀ ਨਾ। ਕਿਉਂਕਿ ਕਹਿੰਦੇ ਹਨ ਕਿ ਜੇਕਰ ਪਾਣੀ ਇੱਕ ਥਾਂ ਰੁਕ ਜਾਵੇ ਤਾਂ ਉਹ ਵੀ ਗੰਦਾ ਹੋ ਜਾਂਦਾ ਹੈ ਤੇ ਨਿਰਮਲਤਾ ਸਦਾ ਵਗਦੇ ਪਾਣੀਆਂ ਵਿੱਚ ਹੁੰਦੀ ਹੈ। ਮੇਰੀਏ ਧੀਏ ! ਤੂੰ ਸਦਾ ਆਵਾਜ਼ ਬੁਲੰਦ ਕਰਨੀ ਹੈ। ਉਹਨਾਂ ਲੋਕਾਂ ਵਿਰੁੱਧ  ਜੋ ਦਾਜ ਦਹੇਜ ਖਾਤਰ ਨੂੰਹਾਂ ਨੂੰ ਮਾਰ ਮੁਕਾਉਂਦੇ ਹਨ । ਸਦਾ ਝੰਡਾ ਚੁੱਕਣਾ ਹੈ ਉਹਨਾਂ ਵਿਰੁੱਧ, ਜੋ ਇਨਸਾਨੀ ਲਿਬਾਸ ਵਿੱਚ  ਵਹਿਸ਼ੀ ਦਰਿੰਦੇ ਬਣ ਬੈਠੇ ਹਨ । ਜਿੰਨਾਂ ਨੂੰ ਦੁਨੀਆਂ ਦੂਜੇ ਰੱਬ ਮੰਨੀ ਬੈਠੀ ਹੈ। ਮੇਰਾ ਮਤਲਬ, ਉਹ ਡਾਕਟਰ ਜੋ ਕੁਝ ਕੁ ਰੁਪਈਆਂ  ਖਾਤਰ ਨੰਨੀਆਂ ਜਿੰਦਾਂ ਦਾ ਕਤਲ ਕਰ ਦਿੰਦੇ ਹਨ । ਆ ਤੈਨੂੰ ਮੈਂ ਇੱਕ ਅਜਿਹੇ ਹੀ ਗੰਦੇ ਕਿਰਦਾਰ ਦੇ ਮਾਲਕ ਇੱਕ ਉਸ ਡਾਕਟਰ ਦੀ ਕਹਾਣੀ ਸੁਣਾਵਾਂ, ਜਿਸਨੇ ਆਪਣੇ ਬੱਚਿਆਂ ਦੀ ਜਿੰਦਗੀ ਬਣਾਉਣ ਖਾਤਰ਼ ਇੱਕ ਛੋਟੇ ਜਿਹੇ ਸ਼ਹਿਰ ਪਾਤੜਾਂ ਦੇ ਖੂਹ ਨੂੰ ਕੁੜੀਆਂ ਦੇ  ਭਰੂਣਾਂ ਨਾਲ ਭਰ ਦਿੱਤਾ ਸੀ। ਇਹ ਦਰਿੰਦੇ ਜੋ ਸਾਡੇ ਸਮਾਜ ਵਿੱਚ ਹਰੇ ਹੋਏ ਉਹ ਕੰਡਿਆਲੇ ਥੋਰ੍ਹ ਹਨ, ਜਿੰਨ੍ਹਾਂ ਨੂੰ ਸਿਰਫ਼ ਤੂੰ ਹੀ ਪੁੱਟ ਸਕਦੀ ਏਂ । ਤੂੰ ਉਸ ਚੰਡੀ ਦਾ ਰੂਪ ਧਾਰਨਾ ਹੈ, ਜਿਸ ਨੂੰ ਵੇਖਕੇ ਰਾਖਸਸ਼ ਥਰ-ਥਰ ਕੰਬਦੇ ਸਨ। ਤੂੰ ਭਸਮ ਕਰਨਾ ਹੈ ਉਹਨਾਂ ਨੂੰ, ਜੋ ਔਰਤ ਜਾਤ ਪ੍ਰਤੀ ਗੁਰੂਆਂ ਪੀਰਾਂ ਦੇ ਦਰਸਾਏ ਸਨਮਾਨ ਨੂੰ ਹੀ ਲਲਕਾਰਨ ਤੁਰ ਪਏ ਹਨ। ਤੂੰ ਇਹਨਾਂ ਦਰਿੰਦਿਆਂ ਪ੍ਰਤੀ ਸਮਾਜ  ਦੀ ਅਪਣਾਈ ਹੋਈ ਬੁੱਤਾਂ ਵਰਗੀ ਖਾਮੋਸ਼ੀ ਨੂੰ ਆਪਣੀ ਸ਼ੇਰ ਵਰਗੀ ਦਹਾੜ ਨਾਲ ਤੋੜਨਾ ਹੋਵੇਗਾ ।

ਕਹਿੰਦੇ ਹਨ ਕਿ ਨਿਸ਼ਾਨਾ ਮਿੱਥਣਾ ਅਤੇ ਮੰਜਿਲ ਤੇ ਨੂੰ ਸਰ ਕਰਨਾ ਇੱਕ ਬੜਾ ਔਖਾ ਕਾਰਜ ਹੈ । ਬੇਸ਼ੱਕ ਤੁਰਨਾ ਔਖਾ ਹੈ, ਪਰ ਅਖੀਰ ਇੱਕ-ਇੱਕ ਪੈੜ ਕਾਫਲਾ ਬਣ ਜਾਂਦੀ ਹੈ। ਤੂੰ ਇਸ ਮੰਜਲ ਤੇ ਚੱਲਦੀ ਰਹੀਂ । ਅਖੀਰ ਜਿੱਤ ਤੇਰੀ ਹੀ ਹੋਵੇਗੀ। ਇਹ ਮੇਰਾ ਵਿਸ਼ਵਾਸ ਹੈ। ਅਖੀਰ ਵਿੱਚ ਮੈਂ ਤੈਨੂੰ ਦਿਲੋ ਇਹ ਅਸੀਸ ਦਿੰਦਾ ਹਾਂ ਕਿ ਇੱਕਲੀ ਤੂੰ ਹੀ ਨਹੀਂ ਤੇਰੇ ਵਰਗੀਆਂ ਹੋਰ ਵੀ ਧੀਆਂ ਉੱਠਣ । ਪ੍ਰਮਾਤਮਾ ਉਹਨਾਂ ਨੂੰ ਅਤੇ ਤੈਨੂੰ ਇੰਨ੍ਹੇ ਮਜ਼ਬੂਤ ਇਰਾਦੇ ਬਖਸ਼ੇ ਕਿ ਤੁਸੀਂ ਅਜਿਹਾ ਸਮਾਜ ਸਿਰਜੋਂ ਜਿੱਥੇ ਚਾਰੇ ਪਾਸੇ ਖੁਸ਼ੀਆਂ ਖੇੜੇ ਹੋਣ, ਜਿੱਥੇ ਕਿਸੇ ਧੀ ਰਾਣੀ ਦੇ ਅੱਖਾਂ ਵਿੱਚ ਅੱਥਰੂ ਨਾ ਹੋਣ । ਜਿੱਥੇ ਕੋਈ ਮਾਂ ਦਾਜ ਖਾਤਰ ਮਰ ਗਈ ਧੀ ਦੇ ਕੀਰਨੇ ਨਾ ਪਾਵੇ । ਮੈਂ ਤਾਂ ਰਾਹ ਦਿਖਾਉਣਾ ਸੀ । ਅੱਗੇ ਕਰਨਾ ਤੁਸੀਂ ਹੈ ਤੇ ਉਦੋਂ ਤੱਕ ਸਾਇਦ ਅਸੀਂ ਨਾ ਰਹੀਏ। ਪਰ ਤੂੰ ਤੇ ਤੇਰੀਆਂ ਇਹਨਾਂ ਭੈਣਾਂ ਨੇ ਇਹ
ਸੰਘਰਸ਼ ਜ਼ਰੂਰ ਜਿੱਤਣਾ ਹੈ । ਕਹਿੰਦੇ ਹਨ ਕਿ ਰਣ ਵਿੱਚ ਜਿੱਤ ਸਦਾ ਉਸ ਦੀ ਹੁੰਦੀ ਹੈ, ਜਿਸ ਵਿੱਚ ਜਿੱਤਣ ਦੀ ਲਗਨ ਹੁੰਦੀ ਹੈ ਤੇ  ਪਹਾੜ ਜਿੱਡਾ ਹੌਸਲਾ ਹੁੰਦਾ ਹੈ।

ਤੇਰੇ ਕੋਲੋਂ ਆਸਾਂ ਭਰੇ ਉੱਤਰ ਦੀ ਆਸ ਵਿੱਚ,
ਤੇਰਾ ਆਸ਼ਾਂਵਾਂ ਭਰਪੂਰ ਪਿਤਾ

****