ਧੀ ਰਾਣੀ ਲਈ ਕੁਝ ਅਸੀਸਾਂ, ਕੁਝ ਸਲਾਹਾਂ..........ਮਿੰਟੂ ਖੁਰਮੀ ਹਿੰਮਤਪੁਰਾ


ਅੱਜ ਮੈਂ ਬਹੁਤ ਖੁ਼ਸ਼ ਹਾਂ । ਪ੍ਰਮਾਤਮਾ ਕਰੇ ਮੇਰੇ ਵਾਂਗ ਹਰ ਬੰਦਾ ਖੁਸ਼ ਹੋਵੇ । ਤੁਸੀਂ ਸੋਚਦੇ ਹੋਵੋਗੇ ਕਿ ਕੀ ਪਤਾ ਇਸ ਬੰਦੇ ਦੀ ਲਾਟਰੀ ਨਿੱਕਲ ਆਈ ਹੋਵੇ ਇਹ ਤਾਂ ਖੁਸ਼ ਹੋਵੇ । ਨਹੀਂ ਭਰਾਵੋ ! ਮੇਰੀੇ ਕੋਈ ਲਾਟਰੀ ਨਹੀ ਨਿਕਲੀ ਅਤੇ ਨਾ ਹੀ ਮੈਂ ਕਿਸੇ ਵਪਾਰੀ ਵਰਗ ਵਿੱਚੋਂ ਹਾਂ। ਪਰ ਫਿਰ ਵੀ ਮੈਂ ਬਹੁਤ ਖੁਸ਼ ਹਾਂ ਅਤੇ ਮੇਰੀ ਖੁਸ਼ੀ ਦਾ ਕਾਰਨ ਹੈ, ਮੇਰੇ ਸਾਹਮਣੇ ਪਿਆ ਮੇਰੀ ਛੋਟੀ ਜਿਹੀ ਧੀ ਰਾਣੀ ਦਾ ਇੱਕ ਸਨਮਾਨ ਚਿੰਨ੍ਹ, ਜੋ ਅਜੇ ਮਸਾਂ ਕੱਚੀ ਪਹਿਲੀ ਵਿੱਚ ਪੜ੍ਹਦੀ ਹੈ। ਹੁਣ ਤੁਸੀਂ ਫਿਰ ਮੱਥੇ ਤੇ ਹੱਥ ਮਾਰੋਗੇ ਕਿ ਇਹ ਕਿੰਨ੍ਹੀ ਕੁ ਵੱਡੀ ਗੱਲ ਹੈ ? ਪਰ ਮੈਂ ਬਹੁਤ ਖੁਸ਼ ਹਾਂ। ਇਹ ਖੁਸੀ਼ ਕਿਸੇ ਭਾਗਾਂ ਵਾਲੇ ਨੂੰ ਹੀ ਨਸ਼ੀਬ ਹੁੰਦੀ ਹੈ। ਉਹਨਾਂ ਨੂੰ ਕੀ ਸਾਰ ਹੈ ਇਸ ਖੁਸੀ ਦੀ, ਜੋ ਧੀਆਂ ਨੂੰ ਜ਼ਨਮ ਤੋਂ ਪਹਿਲਾਂ ਹੀ ਮਾਰ ਕੇ ਮੁਕਾ ਦਿੰਦੇ ਹਨ । ਉਹ ਪਲ ਮੈ ਕਿੰਝ ਬਿਆਨ ਕਰਾਂ, ਜਦੋਂ ਸਕੂਲ ਦੇ ਫੰਕਸ਼ਨ ਵਿੱਚ ਇਹ ਸਨਮਾਨ ਮੇਰੀ ਧੀ ਨੇ ਪ੍ਰਾਪਤ ਕੀਤਾ ਤੇ ਭੱਜ ਕੇ ਮੇਰੀ ਝੋਲੀ ਵਿੱਚ ਪਾ ਦਿੱਤਾ । ਉਹ ਪਲ ਮੇਰੇ ਲਈ ਕਿੰਨਾਂ ਯਾਦਗਾਰੀ ਸੀ। ਇਹ ਸਿਰਫ਼ ਮੈ ਹੀ ਜਾਣਦਾ ਹਾਂ। ਉਦੋਂ ਮੇਰੇ ਦਿਲ ਵਿਚੋਂ ਇਹ ਅਸੀਸਾਂ ਨਿਕਲਦੀਆਂ ਸਨ ਕਿ ਧੀਏ ! ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਤੇ ਤੂੰ ਇਸੇ ਤਰਾਂ ਮੰਜਿ਼ਲ ਦਰ ਮੰਜਿ਼ਲ ਅੱਗੇ ਹੀ ਅੱਗੇ ਵਧਦੀ ਰਹੇਂ । ਤੈਨੂੰ ਜਿੱਥੇ ਵੀ ਮੇਰੀ ਲੋੜ਼ ਪਵੇਗੀ, ਮੈਂ ਤੇਰਾ ਸਾਥ ਦੇਵਾਗਾ। ਧੀਏ ! ਤੂੰ ਪੂਰੇ ਹੌਸਲੇ ਨਾਲ ਅੱਗੇ ਵਧ । ਮੈਂ ਤੇਰੇ ਲਈ ਉਹ ਟਾਹਣੀ ਬਣਾਂਗਾ, ਜੋ ਆਪਣੇ ਫੁੱਲਾਂ ਦੀ ਰਾਖੀ ਲਈ ਹਵਾ ਦਾ ਮੁਕਾਬਲਾ ਕਰਦੀ ਹੋਈ ਲਿਫ਼-ਲਿਫ਼ ਦੂਹਰੀ ਹੋ ਜਾਂਦੀ ਹੈ।